You’re viewing a text-only version of this website that uses less data. View the main version of the website including all images and videos.
'ਵਿਵਾਦਤ ਜ਼ਮੀਨ ਮੁਸਲਮਾਨਾਂ ਨੂੰ ਮਿਲਦੀ ਤਾਂ...' - ਵੁਸਅਤੁੱਲਾਹ ਦਾ ਬਲਾਗ
- ਲੇਖਕ, ਵੁਸਅਤੁੱਲਾਹ ਖ਼ਾਨ
- ਰੋਲ, ਪਾਕਿਸਤਾਨ ਤੋਂ ਬੀਬੀਸੀ ਲਈ
ਰਾਮ ਮੰਦਰ ਜਾਂ ਬਾਬਰੀ ਮਸਜਿਦ ਤੁਸੀਂ ਜੋ ਵੀ ਕਹਿ ਲਓ ਉਸ ਦੇ ਫ਼ੈਸਲੇ 'ਤੇ ਹੁਣ ਤੱਕ ਟੀਵੀ ਚੈਨਲਾਂ 'ਤੇ 3000 ਘੰਟਿਆਂ ਦੀਆਂ ਟਿੱਪਣੀਆਂ ਹੋ ਚੁੱਕੀਆਂ ਹਨ।
ਸਰਕਾਰ ਸਣੇ ਸਾਰਿਆਂ ਨੂੰ ਥੋੜ੍ਹਾ ਅੰਦਾਜ਼ਾ ਸੀ ਕਿ ਕਿਸ ਤਰ੍ਹਾਂ ਦਾ ਫ਼ੈਸਲਾ ਆਉਣ ਵਾਲਾ ਹੈ। ਉਂਝ ਵੀ ਜੋ ਲੜਾਈ 164 ਸਾਲਾਂ ਵਿੱਚ ਕੋਈ ਨਾ ਤੈਅ ਕਰ ਸਕਿਆ ਉਸ ਦਾ ਕੋਰਟ ਤੋਂ ਜੋ ਵੀ ਫ਼ੈਸਲਾ ਆਉਂਦਾ ਉਹ ਠੀਕ ਹੀ ਹੋਣਾ ਸੀ।
ਪਰ ਸੋਚੋ ਕਿ ਜੇ ਪੰਜ ਜਜਾਂ ਦੀ ਬੈਂਚ ਬਾਬਰੀ ਮਸਜਿਦ ਦੀ ਜ਼ਮੀਨ ਸੁੰਨੀ ਵਕਫ਼ ਬੋਰਡ ਹਵਾਲੇ ਕਰਕੇ, ਡਿੱਗੀ ਹੋਈ ਮਸਜਿਦ ਨੂੰ ਦੁਬਾਰਾ ਬਣਾਉਣ ਲਈ ਇੱਕ ਸਰਕਾਰੀ ਟਰੱਟਸ ਬਣਾਉਣ ਅਤੇ ਨਿਰਮੋਹੀ ਅਖਾੜੇ ਅਤੇ ਰਾਮ ਲੱਲਾ ਨੂੰ ਮੰਦਰ ਲਈ ਵੱਖ ਤੋਂ ਪੰਜ ਏਕੜ ਜ਼ਮੀਨ ਅਲਾਟ ਕਰਨ ਦਾ ਫ਼ੈਸਲਾ ਦਿੰਦੀ ਤਾਂ ਕੀ ਹੁੰਦਾ?
ਕੀ ਉਦੋਂ ਵੀ ਸਾਰੇ ਇਹੀ ਕਹਿੰਦੇ ਕਿ ਇਹ ਇੱਕ ਇਤਿਹਾਸਕ ਫ਼ੈਸਲਾ ਹੈ ਜਿਸ ਦਾ ਪਾਲਣ ਹਰ ਨਾਗਰਿਕ ਅਤੇ ਸਰਕਾਰ ਲਈ ਜ਼ਰੂਰੀ ਹੈ। ਜੇ ਬਾਬਰੀ ਮਸਜਿਦ ਨਹੀਂ ਢਾਹੀ ਗਈ ਹੁੰਦੀ ਤਾਂ ਸੁਪਰੀਮ ਕੋਰਟ ਦਾ ਫ਼ੈਸਲਾ ਕੀ ਹੁੰਦਾ?
ਇਹ ਵੀ ਪੜ੍ਹੋ:
ਉਂਝ ਇਹ ਫ਼ੈਸਲਾ ਉਸ ਦਿਨ ਆਇਆ ਜਿਸ ਦਿਨ ਕਰਤਾਰਪੁਰ ਲਾਂਘੇ ਦਾ ਉਦਘਾਟਨ ਹੋਇਆ।
ਇਹ ਇੱਕ ਇਤਿਹਾਸਕ ਪਲ ਸੀ ਜਿਸ ਦੀ ਸਭ ਤੋਂ ਵੱਧ ਕਵਰੇਜ ਪਾਕਿਸਤਾਨੀ ਚੈਨਲਾਂ 'ਤੇ ਹੋਈ ਜਿਸ ਤਰ੍ਹਾਂ ਅਯੁੱਧਿਆ ਫ਼ੈਸਲੇ ਦੀ ਕਵਰੇਜ ਭਾਰਤੀ ਚੈਨਲਾਂ 'ਤੇ ਹੋਈ।
ਜਿਸ ਵੇਲੇ ਕੋਰਟ ਰੂਮ ਭਰਿਆ ਹੋਇਆ ਸੀ ਉਸ ਵੇਲੇ ਕਰਤਾਰਪੁਰ ਵਿੱਚ ਵੀ ਭਾਰੀ ਭੀੜ ਸੀ।
ਹਾਲੇ ਪਾਕਿਸਤਾਨੀ ਚੈਨਲਾਂ 'ਤੇ ਇਸ ਬਾਰੇ ਹੋਰ ਗੱਲ ਹੁੰਦੀ ਜੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬਿਮਾਰੀ ਅਤੇ ਇਲਾਜ ਲਈ ਉਨ੍ਹਾਂ ਨੂੰ ਲੰਡਨ ਰਵਾਨਾ ਕਰਨ ਦੇ ਮਾਮਲੇ ਵਿੱਚ ਬੇਵਜ੍ਹਾ ਦੀਆਂ ਰੁਕਾਵਟਾਂ ਨਾ ਪੈਦਾ ਹੁੰਦੀਆਂ।
ਅਦਾਲਤ ਨੇ ਨਵਾਜ਼ ਸ਼ਰੀਫ਼ ਨੂੰ ਇਲਾਜ ਲਈ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ ਵੇਲੇ ਇਹ ਬਹੁਤ ਬਿਮਾਰ ਸ਼ਖ਼ਸ ਗ੍ਰਹਿ ਮੰਤਰਾਲੇ ਅਤੇ ਨੈਸ਼ਨਲ ਅਕਾਉਂਟੇਬਿਲਿਟੀ ਬਿਊਰੋ ਵਿਚਾਲੇ ਫੁੱਟਬਾਲ ਬਣਿਆ ਹੋਇਆ ਹੈ।
ਕਿਉਂਕਿ ਜਦੋਂ ਤੱਕ ਨਵਾਜ਼ ਸ਼ਰੀਫ਼ ਦਾ ਨਾਮ ਦੇਸ ਤੋਂ ਬਾਹਰ ਜਾਣ ਵਾਲੇ ਲੋਕਾਂ 'ਤੇ ਲੱਗੀ ਪਾਬੰਦੀ ਦੀ ਸੂਚੀ ਵਿੱਚੋਂ ਨਹੀਂ ਨਿਕਲਦਾ ਉਹ ਜਹਾਜ਼ 'ਤੇ ਸਵਾਰ ਨਹੀਂ ਹੋ ਸਕਦੇ।
ਸਰਕਾਰ ਕਹਿ ਰਹੀ ਹੈ ਕਿ ਉਸ ਨੂੰ ਲਿਸਟ 'ਚੋਂ ਨਾਮ ਕੱਢਣ ਵਿੱਚ ਕੋਈ ਮੁਸ਼ਕਿਲ ਨਹੀਂ ਹੈ ਪਰ ਇਹ ਵੀ ਨਹੀਂ ਦੱਸ ਰਿਹਾ ਕਿ ਜੇ ਉਸ ਨੂੰ ਮੁਸ਼ਕਿਲ ਨਹੀਂ ਹੈ ਤਾਂ ਮੁਸ਼ਕਿਲ ਕਿਸ ਨੂੰ ਹੈ।
ਜੋ ਕੋਈ ਵੀ ਲੱਤ ਅੜਾ ਰਿਹਾ ਹੈ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਵਾਜ਼ ਸ਼ਰੀਫ਼ ਦੀ ਜ਼ਿੰਦਗੀ ਇਸ ਵੇਲੇ ਇੱਕ ਕੱਚੇ ਧਾਗੇ 'ਤੇ ਅਟਕੀ ਹੋਈ ਹੈ।
ਜੇ ਸ਼ਾਸਨ ਨਵਾਜ਼ ਸ਼ਰੀਫ਼ ਦੇ ਰੂਪ ਵਿੱਚ ਇੱਕ ਹੋਰ ਜ਼ੁਲਫਿਕਾਰ ਅਲੀ ਭੁੱਟੋ ਪੰਜਾਬ ਨੂੰ ਤੋਹਫ਼ੇ ਵਿੱਚ ਦੇਣਾ ਚਾਹੁੰਦੇ ਹਨ ਤਾਂ ਉਹ ਵੱਖਰੀ ਗੱਲ ਹੈ।
ਦੂਜੇ ਪਾਸੇ ਮੌਲਾਨਾ ਅਜ਼ਲੁਰਰਹਿਮਾਨ ਦਾ ਰਾਜਧਾਨੀ ਇਸਲਾਮਾਬਾਦ ਵਿੱਚ ਧਰਨਾ ਦੂਜੇ ਹਫ਼ਤੇ ਵਿੱਚ ਦਾਖਿਲ ਹੋ ਗਿਆ ਹੈ।
ਇਹ ਵੀ ਪੜ੍ਹੋ:
ਜੇ ਨਵਾਜ਼ ਸ਼ਰੀਫ਼ ਨੂੰ ਕੁਝ ਹੋ ਗਿਆ ਤਾਂ ਧਰਨੇ ਵਿੱਚ ਇੱਕ ਨਵੀਂ ਜਾਨ ਪੈ ਸਕਦੀ ਹੈ ਅਤੇ ਸਰਕਾਰ ਨੂੰ ਵਾਕਈ ਜਾਨ ਦੇ ਲਾਲੇ ਪੈ ਸਕਦੇ ਹਨ।
ਜੇ ਇਹ ਗੱਲ ਵੀ ਇਸਲਾਮਾਬਾਦ ਦੇ ਮੁੰਨਾ ਭਾਈ ਐਮਬੀਬੀਐਸ ਦੇ ਪੱਲੇ ਨਹੀਂ ਪੈ ਰਹੀ ਤਾਂ ਉਨ੍ਹਾਂ ਦੀ ਅਕਲ ਨੂੰ ਵਧਾਈ ਹੋਵੇ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: