ਕਰਤਾਰਪੁਰ ਲਾਂਘੇ ਲਈ ਆਖ਼ਰੀ ਸਾਹਾਂ ਤੱਕ ਲੜਨ ਵਾਲਾ ਪੰਥਕ ਆਗੂ

17 ਨਵੰਬਰ ਤੋਂ ਪਾਕਿਸਤਾਨ ਸਥਿਤ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਮੁੜ ਖੁੱਲ੍ਹ ਗਿਆ ਹੈ। ਕੋਰੋਨਾਵਾਇਰਸ ਮਹਾਮਾਰੀ ਕਾਰਨ ਇਹ ਪਿਛਲੇ ਸਾਲ ਬੰਦ ਕਰ ਦਿੱਤਾ ਗਿਆ ਸੀ।

ਪਿਛਲੇ ਸਾਲ 9 ਨਵੰਬਰ ਨੂੰ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਨੇ ਆਪੋ -ਆਪਣੇ ਖੇਤਰਾਂ ਵਿਚ ਲਾਂਘਾ ਡਿਵੈਲਪ ਕਰਨ ਤੋਂ ਬਾਅਦ ਰਸਮੀ ਤੌਰ ਉੱਤੇ ਖੋਲ੍ਹ ਦਿੱਤਾ ਸੀ।

ਪਿਛਲੇ ਸਾਲ ਲਾਂਘਾ ਖੁਲ੍ਹਣ ਵੇਲੇ ਸੀਨੀਅਰ ਪੱਤਰਕਾਰ ਤਲਵਿੰਦਰ ਬੁੱਟਰ ਨੇ ਲਾਂਘੇ ਦੇ ਪਿਛੋਕੜ 'ਤੇ ਬੀਬੀਸੀ ਪੰਜਾਬੀ ਲਈ ਇੱਕ ਖਾਸ ਲੇਖ ਲਿਖਿਆ ਸੀ, ਜਿਸਨੂੰ ਪਾਠਕਾਂ ਦੀ ਰੁਚੀ ਲਈ ਹੂਬਹੂ ਛਾਪ ਰਹੇ ਹਾਂ।

ਭਾਰਤ ਵਿਚ ਇਹ ਗੁਰਦੁਆਰਾ ਡੇਰਾ ਬਾਬਾ ਨਾਨਕ ਸੈਕਟਰ ਦੀ ਕੌਮਾਂਤਰੀ ਸਰਹੱਦ ਤੋਂ ਸਿਰਫ਼ ਚਾਰ ਕਿਲੋਮੀਟਰ ਦੂਰ ਹੈ।

ਸਿੱਖ ਸੰਗਤਾਂ 70 ਸਾਲਾਂ ਤੋਂ ਦੋਹਾਂ ਦੇਸਾਂ ਦੀਆਂ ਸਰਕਾਰਾਂ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਿਨ੍ਹਾਂ ਵੀਜ਼ਾ ਇੱਕ 'ਸਾਂਝਾ ਲਾਂਘਾ' ਬਣਾਉਣ ਦੀ ਮੰਗ ਕਰਦੀਆਂ ਰਹੀਆਂ ਹਨ।'

ਇਹ ਵੀ ਪੜ੍ਹੋ:

22 ਫ਼ਰਵਰੀ 1999 ਨੂੰ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਿੱਲੀ-ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ਮੌਕੇ ਪਾਕਿਸਤਾਨ ਗਏ ਸਨ ਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਮੁੱਦਾ ਸਾਹਮਣੇ ਆਇਆ ਸੀ।

ਕਰਤਾਰਪੁਰ ਲਾਂਘੇ ਵਿਚ ਵਡਾਲਾ ਦਾ ਯੋਗਦਾਨ

ਸਾਲ 2000 ਵਿਚ ਮੁੜ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਰਤਾਰਪੁਰ ਸਾਹਿਬ ਲਾਂਘਾ ਦੇਣ ਦੀ ਪੇਸ਼ਕਸ਼ ਕੀਤੀ। ਟਕਸਾਲੀ ਅਕਾਲੀ ਆਗੂ ਮਰਹੂਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ 13 ਅਪ੍ਰੈਲ 2001 'ਚ 'ਕਰਤਾਰਪੁਰ ਸਾਹਿਬ-ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ' ਦੀ ਸਥਾਪਨਾ ਕੀਤੀ ਅਤੇ ਹਰ ਮਹੀਨੇ ਦੀ ਮੱਸਿਆ ਨੂੰ ਡੇਰਾ ਬਾਬਾ ਨਾਨਕ ਤੋਂ ਸੰਗਤਾਂ ਦੇ ਵੱਡੇ ਜੱਥੇ ਦੇ ਰੂਪ 'ਚ ਕੌਮਾਂਤਰੀ ਸਰਹੱਦ 'ਤੇ (ਜਿਥੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਤਿੰਨ ਕੁ ਕਿਲੋਮੀਟਰ ਦੂਰੋਂ ਦਰਸ਼ਨ ਹੁੰਦੇ ਹਨ) ਜਾ ਕੇ ਅਰਦਾਸ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।

ਨਕੋਦਰ ਤੋਂ ਅਕਾਲੀ ਦਲ ਦੇ ਮਰਹੂਮ ਵਿਧਾਇਕ ਕੁਲਦੀਪ ਸਿੰਘ ਵਡਾਲਾ ਦੇ ਨਾਲ ਹਰ ਅਰਦਾਸ ਅਤੇ ਹਰ ਯਤਨ ਵਿਚ ਨਾਲ ਰਹਿਣ ਦਾ ਦਾਅਵਾ ਕਰਨ ਵਾਲੇ ਗੁਰਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ, "14 ਅਪ੍ਰੈਲ, 2001 ਨੂੰ ਡੇਰਾ ਬਾਬਾ ਨਾਨਕ ਵਿਚ ਇੱਕ ਇਕੱਠ ਕੀਤਾ ਗਿਆ। ਫਿਰ ਉੱਥੋਂ ਅਰਦਾਸ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ।

ਅਸੀਂ ਸਭ ਪੈਦਲ ਡੇਰਾ ਬਾਬਾ ਨਾਨਕ ਧੁੱਸੀ ਬੰਨ੍ਹ 'ਤੇ ਕੀਰਤਨ ਕਰਦੇ ਗਏ। ਉਸ ਤੋਂ ਬਾਅਦ ਹਰ ਮੱਸਿਆ 'ਤੇ ਧੁੱਸੀ ਬੰਨ੍ਹ 'ਤੇ ਅਰਦਾਸ ਕਰਨ ਜਾਂਦੇ ਰਹੇ। ਸਾਢੇ 17 ਸਾਲਾਂ ਤੱਕ ਵਡਾਲਾ ਸਾਹਿਬ ਅਰਦਾਸ ਵਿਚ ਸ਼ਾਮਿਲ ਹੁੰਦੇ ਰਹੇ।"

ਜਥੇਬੰਦੀਆਂ ਦੀਆਂ ਕੋਸ਼ਿਸ਼ਾਂ

ਅਮਰੀਕਾ ਦੇ ਕੈਲੀਫੋਰਨੀਆ ਸਥਿਤ 'ਤੇਰੀ ਸਿੱਖੀ ਸੰਸਥਾ' ਵਲੋਂ ਕਰਤਾਰਪੁਰ ਦੇ ਲਾਂਘੇ ਸਬੰਧੀ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵੀ ਰਾਬਤਾ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਇੱਕ ਅਮਨ ਵਰਕਰ ਬੀਐਸ ਗੁਰਾਇਆ ਦੀ ਸੰਸਥਾ 'ਕਰਤਾਰਪੁਰ ਸੰਗਤ ਲਾਂਘਾ' ਵੀ ਬੜੀ ਤਨਦੇਹੀ ਨਾਲ ਕਰਤਾਰਪੁਰ ਦੇ ਲਾਂਘੇ ਦੀ ਸਥਾਪਤੀ ਲਈ ਕੰਮ ਕਰਦੀ ਆਈ ਹੈ।

ਇਸੇ ਤਰ੍ਹਾਂ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਫ਼ਰਾਂਸ, ਕੈਨੇਡਾ ਤੇ ਹੋਰ ਮੁਲਕਾਂ ਦੇ ਸਿੱਖਾਂ ਦੇ ਨਾਲ-ਨਾਲ ਪਾਕਿਸਤਾਨੀ ਲੇਖਕ ਇਲਿਆਸ ਘੁੰਮਣ ਨੇ ਵੀ ਕਰਤਾਰਪੁਰ ਦੇ ਲਾਂਘੇ ਦੇ ਮੁੱਦੇ ਨੂੰ ਉਭਾਰਨ ਲਈ ਵੱਡਾ ਯੋਗਦਾਨ ਪਾਇਆ।

ਸਤੰਬਰ 2004 ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਗੁਰਤਾਗੱਦੀ ਦੇ 400 ਸਾਲਾ ਸ਼ਤਾਬਦੀ ਮੌਕੇ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੰਮ੍ਰਿਤਸਰ ਗਏ ਤਾਂ ਉਨ੍ਹਾਂ ਨੇ ਵੀ ਐਲਾਨ ਕੀਤਾ ਕਿ ਭਾਰਤ ਸਰਕਾਰ ਕਰਤਾਰਪੁਰ ਲਾਂਘੇ ਲਈ ਹਾਂ-ਪੱਖੀ ਦਿਸ਼ਾ 'ਚ ਕੰਮ ਕਰ ਰਹੀ ਹੈ।

ਇੱਕ ਅਕਤੂਬਰ 2010 ਨੂੰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਵੀ ਵਿਧਾਨ ਸਭਾ 'ਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੀ ਮੰਗ ਦੀ ਪ੍ਰੋੜਤਾ ਕੀਤੀ ਸੀ। ਇਸੇ ਤਰ੍ਹਾਂ ਲੰਬਾ ਸਮਾਂ ਭਾਰਤ ਅਤੇ ਪਾਕਿਸਤਾਨ ਵਾਲੇ ਪਾਸੇ ਸਿੱਖ ਜਥੇਬੰਦੀਆਂ ਦੀਆਂ ਅਪੀਲਾਂ 'ਤੇ ਕੂਟਨੀਤਕ ਬਿਆਨਬਾਜ਼ੀ ਚੱਲਦੀ ਰਹੀ।

ਜਦੋਂ ਲਾਂਘੇ ਦੀ ਪੇਸ਼ਕਸ਼ ਰੱਦ ਹੋਈ

ਮਈ 2017 'ਚ ਭਾਰਤ ਸਰਕਾਰ ਦੀ ਵਿਦੇਸ਼ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਦੇ ਤਤਕਾਲੀ ਚੇਅਰਮੈਨ ਸ਼ਸ਼ੀ ਥਰੂਰ ਦੀ ਅਗਵਾਈ 'ਚ ਕਮੇਟੀ ਮੈਂਬਰਾਂ ਨੇ ਡੇਰਾ ਬਾਬਾ ਨਾਨਕ ਪਹੁੰਚ ਕੇ ਕਰਤਾਰਪੁਰ ਦੇ ਤਜਵੀਜ਼ਤ ਲਾਂਘੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਸੀ।

ਉਨ੍ਹਾਂ ਲਾਂਘੇ ਦੀ ਤਜਵੀਜ਼ ਰੱਦ ਕਰ ਦਿੱਤੀ ਕਿ ਸਰਹੱਦਾਂ 'ਤੇ ਪਾਕਿਸਤਾਨੀ ਫ਼ੌਜ ਭਾਰਤੀ ਜਵਾਨਾਂ ਦੇ ਸਿਰ ਵੱਢ ਕੇ ਲਿਜਾ ਰਹੀ ਹੈ, ਇਸ ਕਰਕੇ ਇਹ ਲਾਘਾਂ ਨਹੀਂ ਬਣਾਇਆ ਜਾ ਸਕਦਾ।

20 ਅਗਸਤ 2018 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖ ਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਪਾਕਿਸਤਾਨ ਨਾਲ ਅਧਿਕਾਰਤ ਤੌਰ 'ਤੇ ਗੱਲਬਾਤ ਕਰਨ ਦੀ ਅਪੀਲ ਕੀਤੀ।

27 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਨੇ ਕਰਤਾਰਪੁਰ ਦੇ ਲਾਂਘੇ ਲਈ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ਇਸ ਸਬੰਧੀ ਫੌਰੀ ਤੌਰ 'ਤੇ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਤਜਵੀਜ਼ ਭੇਜੀ।

ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘੇ ਦੀ ਮੰਗ ਚੁੱਕੀ।

ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ

26 ਨਵੰਬਰ 2018 ਨੂੰ ਭਾਰਤ- ਪਾਕਿ ਕੌਮਾਂਤਰੀ ਸਰਹੱਦ 'ਤੇ ਸਥਿਤ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਦੇ ਲਾਂਘੇ ਦਾ ਨੀਂਹ ਪੱਥਰ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਰੱਖਿਆ ਅਤੇ 28 ਨਵੰਬਰ 2018 ਨੂੰ ਪਾਕਿਸਤਾਨ ਸਰਕਾਰ ਵਲੋਂ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ।

ਦੋਵੇਂ ਪਾਸੇ ਕਰਤਾਰਪੁਰ ਦੇ ਲਾਂਘੇ ਦੀ ਉਸਾਰੀ ਦੇ ਜੰਗੀ ਪੱਧਰ 'ਤੇ ਕਾਰਜ ਨੇਪਰੇ ਚੜ੍ਹਨ ਤੋਂ ਬਾਅਦ 24 ਅਕਤੂਬਰ 2019 ਨੂੰ ਦੋਵਾਂ ਦੇਸਾਂ ਵਿਚਾਲੇ ਕਰਤਾਰਪੁਰ ਦੇ ਲਾਂਘੇ ਸਬੰਧੀ ਰਸਮੀ ਲਿਖਤੀ ਸਮਝੌਤਾ ਸਹੀ ਬੱਧ ਹੋਇਆ।

ਗੁਰਦੁਆਰਾ ਕਰਤਾਰਪੁਰ ਸਾਹਿਬ ਸਿਰਫ਼ ਸਿੱਖਾਂ ਦਾ ਹੀ ਉੱਚ ਧਾਰਮਿਕ ਸਥਾਨ ਨਹੀਂ, ਬਲਕਿ ਹਿੰਦੂ, ਮੁਸਲਮਾਨਾਂ ਲਈ ਵੀ ਸਦੀਆਂ ਤੋਂ ਅਕੀਦਤ ਦਾ ਕੇਂਦਰ ਰਿਹਾ ਹੈ।

ਕਰਤਾਰਪੁਰ ਸਾਹਿਬ ਦਾ ਇਤਿਹਾਸਕ ਮਹੱਤਵ

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ 17 ਸਾਲ ਕਰਤਾਰਪੁਰ ਸਾਹਿਬ ਵਿਖੇ ਬਿਤਾਏ, ਜਿੱਥੇ ਉਨ੍ਹਾਂ ਨੇ ਹਿੰਦੂ ਅਤੇ ਮੁਸਲਮਾਨ ਭਾਈਚਾਰਿਆਂ ਨੂੰ ਬਿਨ੍ਹਾਂ ਕਿਸੇ ਵਰਨ-ਵਿਤਕਰੇ ਦੇ ਗਿਆਨ ਵੰਡਿਆ ਅਤੇ ਇਸੇ ਹੀ ਮੁਕੱਦਸ ਧਰਤੀ 'ਤੇ ਨਾਨਕ ਸਾਹਿਬ ਨੇ ਖੇਤੀ ਕਰਕੇ ਮਨੁੱਖਤਾ ਨੂੰ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਦਾ ਉਪਦੇਸ਼ ਦਿੱਤਾ।

ਭਾਈ ਕਾਨ੍ਹ ਸਿੰਘ ਨਾਭਾ ਦੀ ਰਚਨਾ 'ਮਹਾਨ ਕੋਸ਼' ਅਨੁਸਾਰ, 'ਜ਼ਿਲ੍ਹਾ ਗੁਰਦਾਸਪੁਰ, ਤਸੀਲ ਸ਼ਕਰਗੜ੍ਹ ਵਿਚ ਨਾਨਕ ਦੇਵ ਦਾ ਸੰਮਤ 1561 ਵਿਚ ਵਸਾਇਆ ਇੱਕ ਨਗਰ, ਜਿਸ ਥਾਂ ਦੇਸ- ਦੇਸ਼ਾਂਤਰਾਂ ਵਿਚ ਸਿੱਖ ਧਰਮ ਦਾ ਉਪਦੇਸ਼ ਕਰਨ ਪਿੱਛੋਂ ਜਗਤ ਗੁਰੂ ਨੇ ਸੰਮਤ 1579 ਵਿਚ ਰਿਹਾਇਸ਼ ਕੀਤੀ।'

ਇਤਿਹਾਸਕਾਰ ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ, ''ਗੁਰੂ ਸਾਹਿਬ ਇਸ ਮੁਕੱਦਸ ਧਰਤੀ 'ਤੇ 17 ਸਾਲ 5 ਮਹੀਨੇ 9 ਦਿਨ ਤੱਕ ਰਹੇ ਅਤੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਇਥੇ ਹੀ ਭਾਈ ਲਹਿਣੇ ਨੂੰ ਸ੍ਰੀ ਗੁਰੂ ਅੰਗਦ ਦੇਵ ਬਣਾ ਕੇ ਸਿੱਖਾਂ ਦੇ ਦੂਜੇ ਗੁਰੂ ਦੀ ਗੁਰਗੱਦੀ ਦਿੱਤੀ।''

ਕਰਤਾਰਪੁਰ ਜਾਣ ਦੀ ਪ੍ਰਕਿਰਿਆ

  • ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਸਭ ਤੋਂ ਪਹਿਲਾਂ ਭਾਰਤ ਸਰਕਾਰ ਦੇ ਪੋਰਟਲ https://prakashpurb550.mha.gov.in/kpr/ ਉੱਤੇ ਰਜਿਸਟਰ ਕਰਨਾ ਹੋਵੇਗਾ।
  • ਯਾਤਰਾ ਤੋਂ ਚਾਰ ਦਿਨ ਪਹਿਲਾਂ ਯਾਤਰੀਆਂ ਨੂੰ ਯਾਤਰਾ ਦੀ ਸੂਚਨਾ ਮਿਲੇਗੀ।
  • ਯਾਤਰਾ ਬਿਨਾ ਵੀਜੇ ਦੀ ਹੋਵੇਗੀ ਪਰ ਇਸ ਦੇ ਲਈ ਇਸ ਆਨ ਲਾਈਨ ਪੋਰਟਲ ਤੋਂ ਯਾਤਰਾ ਦਾ ਪਰਮਿਟ ਲੈਣਾ ਜ਼ਰੂਰੀ ਹੋਵੇਗਾ।
  • ਯਾਤਰਾ ਦੇ ਆਨਲਾਈਨ ਬਿਨੈ-ਪੱਤਰ ਜਮ੍ਹਾ ਕਰਾਉਣ ਲਈ ਮੋਬਾਈਲ ਨੰਬਰ ਜ਼ਰੂਰੀ ਹੈ। ਯਾਤਰਾ ਦੇ ਆਨਲਾਈਨ ਬਿਨੈ-ਪੱਤਰ ਜਮ੍ਹਾ ਕਰਾਉਣ ਲਈ ਈ-ਮੇਲ ਆਈ.ਡੀ ਜ਼ਰੂਰੀ ਨਹੀਂ ਹੈ।
  • ਹਾਲਾਂਕਿ ਜੇ ਆਨਲਾਈਨ ਵੇਰਵੇ ਜਮ੍ਹਾਂ ਕਰਦੇ ਸਮੇਂ ਈ-ਮੇਲ ਆਈ.ਡੀ ਮੁਹੱਈਆ ਕਰੋਗੇ ਤਾਂ ਇਲੈਕਟਰਾਨਿਕ ਟਰੈਵਲ ਆਥੋਰਾਈਜੇਸ਼ਨ (ਈਟੀਏ) ਨੂੰ ਈ-ਮੇਲ ਵਿੱਚ ਅਟੈਚਮੈਂਟ ਦੇ ਤੌਰ 'ਤੇ ਹਾਸਿਲ ਕੀਤਾ ਜਾ ਸਕਦਾ ਹੈ।
  • ਬਦਲ ਦੇ ਤੌਰ 'ਤੇ ਮੋਬਾਇਲ ਸੰਦੇਸ਼ ਵਿਚ ਦਿੱਤੇ ਲਿੰਕ ਤੋਂ ਈਟੀਏ ਡਾਊਨਲੋਡ ਕੀਤਾ ਜਾ ਸਕਦਾ ਹੈ।
  • ਭਾਰਤ ਵਲੋਂ ਇਹ ਯਾਤਰਾ ਮੁਫ਼ਤ ਹੈ ਪਰ ਪਾਕਿਸਤਨ ਵਲੋਂ ਪ੍ਰਤੀ ਯਾਤਰੀ 20 ਡਾਲਰ ਦੀ ਫ਼ੀਸ ਲਈ ਜਾਵੇਗੀ ਜੋ ਕਿ ਭਾਰਤੀ ਕਰੰਸੀ ਮੁਤਾਬਕ ਤਕਰੀਬਨ 1400 ਰੁਪਏ ਹੋਵੇਗੀ। ਇਹ ਫੀਸ ਸ਼ੁਰੂਆਤੀ ਦਿਨਾਂ ਵਿੱਚ ਨਹੀਂ ਲੱਗੇਗੀ।

ਕੀ ਲਾਂਘਾ ਵੀਜ਼ਾ ਫ੍ਰੀ ਹੈ, ਪਾਸਪੋਰਟ ਦੀ ਲੋੜ ਹੋਵੇਗੀ?

ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣਾ ਹੋਵੇ ਤਾਂ ਤੁਹਾਨੂੰ ਲਾਂਘੇ ਤੋਂ ਹੋ ਕੇ ਜਾਣਾ ਪਵੇਗਾ। ਇਹ ਲਾਂਘਾ ਵੀਜ਼ਾ ਮੁਕਤ ਹੋਵੇਗਾ।

ਪਾਕਿਸਤਾਨ ਦੇ ਪੀਐੱਮ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਕਰਤਾਰਪੁਰ ਆਉਣ ਲਈ ਪਾਸਪੋਰਟ ਦੀ ਲੋੜ ਵੀ ਨਹੀਂ ਹੋਵੇਗੀ, ਸਿਰਫ਼ ਇੱਕ ਵੈਧ ਆਈਡੀ ਚਾਹੀਦੀ ਹੋਵੇਗੀ। ਪਰ ਬਾਅਦ ਵਿੱਚ ਪਾਕਿਸਤਾਨ ਦੀ ਸਰਕਾਰ ਨੇ ਪਛਾਣ ਲਈ ਪਾਸਪੋਰਟ ਜ਼ਰੂਰੀ ਦੱਸਿਆ।

ਭਾਰਤ ਨੇ ਵੀ ਕਿਹਾ ਹੈ ਕਿ ਉਸਨੇ ਦੋਹਾਂ ਮੁਲਕਾਂ ਵਿਚਾਲੇ 24 ਅਕਤੂਬਰ ਨੂੰ ਹੋਏ ਕਰਾਰ ਤਹਿਤ ਪਾਸਪੋਰਟ ਜ਼ਰੂਰੀ ਰੱਖਿਆ ਹੈ।

ਲਾਂਘੇ ਲਈ ਜਿਨ੍ਹਾਂ ਲੋਕਾਂ ਦੀ ਅਰਜ਼ੀ ਉੱਤੇ ਮੁਹਰ ਲੱਗ ਜਾਂਦੀ ਹੈ ਭਾਵ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਉਨ੍ਹਾਂ ਨੂੰ ਇੱਕ ਕਾਰਡ ਦਿੱਤਾ ਜਾਵੇਗਾ।

ਕੀ ਲਾਂਘਾ ਵੀਜ਼ਾ ਫ੍ਰੀ ਹੈ, ਪਾਸਪੋਰਟ ਦੀ ਲੋੜ ਹੋਵੇਗੀ ਅਤੇ ਫ਼ੀਸ ਕਿੰਨੀ ਹੈ?

ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣਾ ਹੋਵੇ ਤਾਂ ਤੁਹਾਨੂੰ ਲਾਂਘੇ ਤੋਂ ਹੋ ਕੇ ਜਾਣਾ ਪਵੇਗਾ।

ਇਹ ਵੀ ਪੜ੍ਹੋ:

ਇਹ ਲਾਂਘਾ ਵੀਜ਼ਾ ਮੁਕਤ ਹੋਵੇਗਾ ਹੁਣ ਕਰਤਾਰਪੁਰ ਜਾਣ ਲਈ ਪਾਸਪੋਰਟ ਦੀ ਲੋੜ ਵੀ ਨਹੀਂ ਹੋਵੇਗੀ, ਸਿਰਫ਼ ਇੱਕ ਵੈਧ ਆਈਡੀ ਚਾਹੀਦੀ ਹੋਵੇਗੀ। ਹੁਣ ਜਾਣ ਤੋਂ 10 ਦਿਨਾਂ ਪਹਿਲਾਂ ਅਪਲਾਈ ਕਰਨ ਦੀ ਲੋੜ ਨਹੀਂ ਹੈ।

ਲਾਂਘੇ ਲਈ ਜਿਨ੍ਹਾਂ ਲੋਕਾਂ ਦੀ ਅਰਜ਼ੀ ਉੱਤੇ ਮੁਹਰ ਲੱਗ ਜਾਂਦੀ ਹੈ ਭਾਵ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਉਨ੍ਹਾਂ ਨੂੰ ਇੱਕ ਕਾਰਡ ਦਿੱਤਾ ਜਾਵੇਗਾ।

ਪਾਕਿਸਤਾਨ ਸਰਕਾਰ ਨੇ ਭਾਰਤੀ ਸ਼ਰਧਾਲੂਆਂ ਲਈ 20 ਡਾਲਰ ਫੀਸ ਤੈਅ ਕੀਤੀ ਗਈ ਹੈ, ਜੋ ਕਿ ਭਾਰਤੀ ਕਰੰਸੀ ਮੁਤਾਬਕ ਤਕਰੀਬਨ 1400 ਰੁਪਏ ਬਣਦੀ ਹੈ।

ਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)