ਨੁਸਰਤ ਦੀ ਕਹਾਣੀ : ਜਿਸ ਨੂੰ ਜ਼ਿੰਦਾ ਸਾੜਨ ਕਰਕੇ 16 ਜਣਿਆਂ ਨੂੰ ਹੋਈ ਫਾਂਸੀ ਦੀ ਸਜ਼ਾ

    • ਲੇਖਕ, ਮੀਰ ਸੱਬੀਰ
    • ਰੋਲ, ਬੀਬੀਸੀ ਬੰਗਾਲੀ, ਢਾਕਾ

ਆਪਣੇ ਅਧਿਆਪਕ ’ਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਅੱਲੜ੍ਹ ਵਿਦਿਆਰਥਣ ਨੂੰ ਜਿਉਂਦੇ-ਜੀਅ ਸਾੜਨ ਦੇ ਮਾਮਲੇ ਵਿੱਚ ਬੰਗਲਦੇਸ਼ ਦੀ ਇੱਕ ਅਦਾਲਤ ਨੇ ਸਜ਼ਾ-ਏ-ਮੌਤ ਦੀ ਸਜ਼ਾ ਸੁਣਾਈ ਹੈ।

19 ਸਾਲ ਨੁਸਰਤ ਜਹਾਂ ਰਫ਼ੀ ਦੀ ਅਪ੍ਰੈਲ ਵਿੱਚ ਬੰਗਲਾਦੇਸ਼ ਤੋਂ 160 ਕਿੱਲੋਮੀਟਰ ਦੂਰ ਫੇਨੀ ਵਿੱਚ ਮੌਤ ਹੋ ਗਈ ਸੀ।

ਜਦੋਂ ਨੁਸਰਤ ਨੇ ਆਪਣੇ ਸਕੂਲ ਦੇ ਹੈੱਡ ਟੀਚਰ ਉੱਪਰ ਆਪਣੇ ਸਮੇਤ ਸਕੂਲ ਦੀਆਂ ਦੋ ਹੋਰ ਵਿਦਿਆਰਥਣਾਂ ਨਾਲ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਤਾਂ ਪੂਰਾ ਦੇਸ਼ ਹਿੱਲ ਗਿਆ ਸੀ।

ਜਦੋਂ ਨੁਸਰਤ ਨੇ ਸ਼ਿਕਾਇਤ ਦਰਜ ਕਰਵਾਈ ਤਾਂ ਇੱਕ ਭਿਆਨਕ ਘਟਨਾਕ੍ਰਮ ਸ਼ੁਰੂ ਹੋ ਗਿਆ ਅਤੇ ਉਸ ਦੇ ਕਤਲ ਤੋਂ ਬਾਅਦ ਉਸ ਲਈ ਨਿਆਂ ਲੈਣ ਲਈ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਹੋਏ।

ਇਸ ਕੇਸ ਦੀ ਤੇਜ਼ੀ ਨਾਲ ਸੁਣਵਾਈ ਪੂਰੀ ਕੀਤੀ ਗਈ ਹੈ। ਹਾਲਾਂਕਿ ਇਸ ਨਾਲ ਨੁਸਰਤ ਦੀ ਮਾਂ ਦੇ ਜ਼ਖ਼ਮਾਂ ਨੰ ਕੋਈ ਆਰਾਮ ਨਹੀਂ ਆਇਆ ਤੇ ਉਨ੍ਹਾਂ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ, ”ਉਨ੍ਹਾਂ ਨੂੰ ਜਿਸ ਦਰਦ ਵਿੱਚ ਨੁਸਰਤ ਗੁਜ਼ਰੀ ਉਹ ਭੁਲਾਇਆਂ ਨਹੀਂ ਭੁੱਲ ਰਿਹਾ।”

ਕੀ ਸੀ ਪੂਰਾ ਮਾਮਲਾ:

ਬੰਗਲਾਦੇਸ਼ ਦੀ ਨੁਸਰਤ ਜਹਾਂ ਰਫੀ ਨੂੰ ਉਸ ਦੇ ਸਕੂਲ ਵਿੱਚ ਅੱਗ ਲਗਾ ਦਿੱਤੀ ਗਈ ਸੀ। ਕਰੀਬ ਦੋ ਹਫ਼ਤੇ ਪਹਿਲਾਂ ਉਸ ਨੇ ਆਪਣੇ ਹੈੱਡਮਾਸਟਰ ਖ਼ਿਲਾਫ਼ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

19-ਸਾਲਾ ਨੁਸਰਤ ਢਾਕਾ ਦੇ ਇੱਕ ਛੋਟੇ ਜਿਹੇ ਕਸਬੇ, ਫੇਨੀ, ਦੀ ਰਹਿਣ ਵਾਲੀ ਸੀ। ਉਹ ਮਦਰੱਸੇ ਦੀ ਵਿਦਿਆਰਥਣ ਸੀ।

27 ਮਾਰਚ ਨੂੰ ਹੈੱਡਮਾਸਟਰ ਨੇ ਉਸ ਨੂੰ ਫ਼ੋਨ ਕੀਤਾ ਤੇ ਆਪਣੇ ਦਫ਼ਤਰ ’ਚ ਬੁਲਾਇਆ। ਹੈੱਡਮਾਸਟਰ ਨੁਸਰਤ ਨੂੰ ਗ਼ਲਤ ਤਰੀਕੇ ਨਾਲ ਛੂਹਿਆ। ਇਸ ਤੋਂ ਪਹਿਲਾਂ ਕਿ ਉਹ ਜ਼ਿਆਦਾ ਅੱਗੇ ਵਧਦਾ, ਨੁਸਰਤ ਉੱਥੋਂ ਭੱਜ ਗਈ।

ਬੰਗਲਾਦੇਸ਼ ਵਿੱਚ ਬਹੁਤ ਸਾਰੀਆਂ ਔਰਤਾਂ ਸਮਾਜ ਅਤੇ ਪਰਿਵਾਰ ਦੀ ਸ਼ਰਮ ਕਾਰਨ ਆਪਣੇ ਨਾਲ ਹੋਏ ਸ਼ੋਸ਼ਣ ਬਾਰੇ ਖੁੱਲ੍ਹ ਕੇ ਬੋਲਣ ਤੋਂ ਘਬਰਾਉਂਦੀਆਂ ਹਨ। ਪਰ ਨੁਸਰਤ ਨੇ ਆਪਣੇ ਪਰਿਵਾਰ ਦੀ ਮਦਦ ਨਾਲ ਉਸੇ ਦਿਨ ਹੀ ਸ਼ਿਕਾਇਤ ਦਰਜ ਕਰਵਾ ਦਿੱਤੀ।

ਇਹ ਵੀ ਪੜ੍ਹੋ

ਆਪਣੇ ਨਾਲ ਹੋਏ ਮਾੜੇ ਤਜ਼ਰਬੇ ਨੂੰ ਦੁਹਰਾ ਕੇ ਸਥਾਨਕ ਪੁਲਿਸ ਸਟੇਸ਼ਨ ਵਿੱਚ ਉਸ ਨੇ ਬਿਆਨ ਦਿੱਤਾ। ਇਸ ਲਈ ਉਸ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਸੀ। ਇਸ ਦੀ ਥਾਂ ਜਦੋਂ ਉਹ ਆਪਣੇ ਨਾਲ ਹੋਏ ਹਾਦਸੇ ਬਾਰੇ ਦੱਸ ਰਹੀ ਸੀ, ਪੁਲਿਸ ਅਫ਼ਸਰ ਨੇ ਆਪਣੇ ਫ਼ੋਨ 'ਤੇ ਉਸ ਦੀ ਵੀਡੀਓ ਬਣਾਈ।

ਵੀਡੀਓ ਦੇ ਵਿੱਚ ਨੁਸਰਤ ਕਾਫ਼ੀ ਤਣਾਅ ਵਿੱਚ ਨਜ਼ਰ ਆ ਰਹੀ ਸੀ ਤੇ ਆਪਣੇ ਮੂੰਹ ਨੂੰ ਹੱਥਾਂ ਨਾਲ ਢੱਕ ਰਹੀ ਸੀ। ਪੁਲਿਸ ਮੁਲਾਜ਼ਮ ਇਹ ਕਹਿ ਰਿਹਾ ਹੈ ਕਿ ਇਹ “ਕੋਈ ਵੱਡੀ ਗੱਲ ਨਹੀਂ” ਅਤੇ ਉਸ ਨੂੰ ਕਹਿ ਰਿਹਾ ਹੈ ਕਿ ਉਹ ਆਪਣੇ ਮੂੰਹ ਤੋਂ ਹੱਥ ਹਟਾ ਲਵੇ। ਇਹ ਵੀਡੀਓ ਸਥਾਨਕ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਗਈ।

ਮੈਂ ਉਸ ਨੂੰ ਸਕੂਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ

ਨੁਸਰਤ ਛੋਟੇ ਜਿਹੇ ਕਸਬੇ ਵਿੱਚ ਰਹਿੰਦੀ ਸੀ, ਰੂੜ੍ਹੀਵਾਦੀ ਪਰਿਵਾਰ ਨਾਲ ਸੰਬੰਧਿਤ ਸੀ ਅਤੇ ਧਾਰਮਿਕ ਸਕੂਲ ਵਿੱਚ ਪੜ੍ਹਦੀ ਸੀ। ਕੁੜੀ ਹੋਣ ਕਰਕੇ ਸਰੀਰਕ ਸ਼ੋਸ਼ਣ ਬਾਰੇ ਕਰਵਾਈ ਗਈ ਰਿਪੋਰਟ ਉਸ ਲਈ ਪਰੇਸ਼ਾਨੀਆਂ ਦਾ ਸਬੱਬ ਬਣ ਸਕਦੀ ਸੀ।

ਪੀੜਤਾਂ ਉੱਤੇ ਅਕਸਰ ਆਪਣੇ ਹੀ ਭਾਈਚਾਰੇ ਵਿੱਚ ਸਵਾਲ ਚੁੱਕੇ ਜਾਂਦੇ ਹਨ ਅਤੇ ਕਈ ਮਾਮਲਿਆਂ ’ਚ ਤਾਂ ਹਮਲੇ ਵੀ ਹੁੰਦੇ ਹਨ। ਨੁਸਰਤ ਨੂੰ ਵੀ ਇਸ ਸਭ ’ਚੋਂ ਲੰਘਣਾ ਪਿਆ।

27 ਮਾਰਚ ਨੂੰ ਪੁਲਿਸ ਕੋਲ ਜਾਣ ਤੋਂ ਬਾਅਦ ਹੈੱਡਮਾਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੁਝ ਲੋਕਾਂ ਨੇ ਸੜਕ 'ਤੇ ਇਕੱਠੇ ਹੋ ਕੇ ਹੈੱਡਮਾਸਟਰ ਦੀ ਰਿਹਾਈ ਦੀ ਮੰਗ ਕੀਤੀ।

ਇਹ ਪ੍ਰਦਰਸ਼ਨ ਦੋ ਪੁਰਸ਼ ਵਿਦਿਆਰਥੀਆਂ ਅਤੇ ਕੁਝ ਸਥਾਨਕ ਸਿਆਸੀ ਲੀਡਰਾਂ ਵੱਲੋਂ ਕਰਵਾਇਆ ਗਿਆ ਸੀ। ਲੋਕ ਨੁਸਰਤ ਨੂੰ ਦੋਸ਼ ਦੇਣ ਲੱਗੇ। ਨੁਸਰਤ ਦਾ ਪਰਿਵਾਰ ਉਸ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਸੀ।

ਇਸ ਦੇ ਬਾਵਜੂਦ ਨੁਸਰਤ 6 ਅਪ੍ਰੈਲ ਨੂੰ ਪ੍ਰੀਖਿਆ ਲਈ ਸਕੂਲ ਗਈ।

ਭਰਾ ਮਹਮੁਦੁਲ ਹਸਨ ਨੋਮਾਨ ਨੇ ਦੱਸਿਆ, “ਮੈਂ ਆਪਣੀ ਭੈਣ ਨੂੰ ਸਕੂਲ ਲੈ ਕੇ ਗਿਆ ਪਰ ਮੈਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ।”

“ਜੇ ਮੈਨੂੰ ਉਸ ਦਿਨ ਅੰਦਰ ਜਾਣ ਤੋਂ ਨਾ ਰੋਕਿਆ ਜਾਂਦਾ ਤਾਂ ਮੇਰੀ ਭੈਣ ਨਾਲ ਅਜਿਹਾ ਕੁਝ ਨਾ ਹੁੰਦਾ।”

ਇਹ ਵੀ ਪੜ੍ਹੋ:

ਨੁਸਰਤ ਵੱਲੋਂ ਦਿੱਤੇ ਬਿਆਨ ਮੁਤਾਬਕ ਉਸ ਦੀ ਇੱਕ ਵਿਦਿਆਰਥਣ ਸਾਥਣ ਉਸ ਨੂੰ ਸਕੂਲ ਦੀ ਛੱਤ 'ਤੇ ਇਹ ਕਹਿ ਕੇ ਲੈ ਗਈ ਕਿ ਕੁਝ ਦੋਸਤ ਉਸ ਨੂੰ ਮਾਰ ਰਹੇ ਸਨ।

ਜਦੋਂ ਨੁਸਰਤ ਛੱਤ 'ਤੇ ਗਈ ਤਾਂ ਉੱਥੇ 4-5 ਲੋਕ ਬੁਰਕਾ ਪਾਈ ਖੜ੍ਹੇ ਸਨ ਜਿਹੜੇ ਉਸ ਨੂੰ ਸ਼ਿਕਾਇਤ ਵਾਪਿਸ ਲੈਣ ਲਈ ਕਹਿ ਰਹੇ ਸਨ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਨੂੰ ਅੱਗ ਲਗਾ ਦਿੱਤੀ ਗਈ।

ਪੁਲਿਸ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਮੁਖੀ ਬਨਜ ਕੁਮਾਰ ਮਜੂਮਦਾਰ ਦਾ ਕਹਿਣਾ ਹੈ ਕਿ ਨੁਸਰਤ ਨੂੰ ਮਾਰਨ ਵਾਲੇ ਚਾਹੁੰਦੇ ਸਨ ਕਿ ਇਹ ਮਾਮਲਾ ਇੱਕ ਖ਼ੁਦਕੁਸ਼ੀ ਵਾਂਗ ਲੱਗੇ। ਪਰ ਉਨ੍ਹਾਂ ਦੀ ਇਹ ਯੋਜਨਾ ਅਸਫ਼ਲ ਰਹੀ ਕਿਉਂਕਿ ਮਰਨ ਤੋਂ ਪਹਿਲਾਂ ਨੁਸਰਤ ਇਸ ਹਾਲਤ ਵਿੱਚ ਸੀ ਕਿ ਉਹ ਇਸ ਦੇ ਖ਼ਿਲਾਫ਼ ਬਿਆਨ ਦੇ ਸਕੇ।

ਮਜੂਮਦਾਰ ਨੇ ਬੀਬੀਸੀ ਨੂੰ ਦੱਸਿਆ, “ਉਨ੍ਹਾਂ ਵਿੱਚੋਂ ਇੱਕ ਕਾਤਲ ਨੇ ਨੁਸਰਤ ਦਾ ਸਿਰ ਆਪਣੇ ਹੱਥਾਂ ਨਾਲ ਹੇਠਾਂ ਵੱਲ ਨੂੰ ਕਰਕੇ ਰੱਖਿਆ ਹੋਇਆ ਸੀ, ਇਸ ਕਾਰਨ ਮਿੱਟੀ ਦਾ ਤੇਲ ਉੱਥੇ ਨਹੀਂ ਪਿਆ ਅਤੇ ਉਸ ਦਾ ਸਿਰ ਸੜਨ ਤੋਂ ਬੱਚ ਗਿਆ।”

ਪਰ ਜਦੋਂ ਨੁਸਰਤ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਦਾ 80 ਫ਼ੀਸਦ ਸਰੀਰ ਸੜ ਚੁੱਕਿਆ ਹੈ। ਡਾਕਟਰਾਂ ਨੇ ਉਸ ਨੂੰ ਢਾਕਾ ਦੇ ਮੈਡੀਕਲ ਕਾਲਜ ਹਸਪਤਾਲ ਲਈ ਰੈਫਰ ਕਰ ਦਿੱਤਾ।

ਨੁਸਰਤ ਨੂੰ ਇਹ ਡਰ ਸੀ ਕਿ ਸ਼ਾਇਦ ਉਹ ਨਾ ਬਚੇ, ਇਸ ਲਈ ਉਸ ਨੇ ਐਂਬੂਲੈਂਸ ਵਿੱਚ ਆਪਣੇ ਭਰਾ ਦੇ ਫੋਨ 'ਤੇ ਬਿਆਨ ਰਿਕਾਰਡ ਕਰ ਦਿੱਤਾ। “ਅਧਿਆਪਕ ਨੇ ਮੈਨੂੰ ਛੂਹਿਆ, ਮੈਂ ਆਪਣੇ ਆਖ਼ਰੀ ਸਾਹ ਤੱਕ ਇਸ ਜੁਰਮ ਦੇ ਖ਼ਿਲਾਫ ਲੜਾਈ ਲੜਾਂਗੀ।”

ਉਸ ਨੇ ਕੁਝ ਹਮਲਾਵਰਾਂ ਦੀ ਪਛਾਣ ਵੀ ਦੱਸੀ ਜਿਹੜੇ ਉਸ ਦੇ ਮਦਰੱਸੇ ਦੇ ਹੀ ਵਿਦਿਆਰਥੀ ਸਨ।

ਇਹ ਵੀ ਪੜ੍ਹੋ:

10 ਅਪ੍ਰੈਲ ਨੂੰ ਨੁਸਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਜ਼ਾਰਾਂ ਲੋਕ ਉਸ ਨੂੰ ਅੰਤਿਮ ਵਿਦਾਈ ਦੇਣ ਲਈ ਇਕੱਠੇ ਹੋਏ।

ਪੁਲਿਸ ਨੇ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਵਿੱਚੋਂ 7 ਜਣਿਆਂ ’ਤੇ ਕਤਲ ਦਾ ਇਲਜ਼ਾਮ ਸੀ। ਇਨ੍ਹਾਂ ਵਿੱਚੋਂ ਦੋ ਉਹ ਵਿਦਿਆਰਥੀ ਸਨ ਜਿਨ੍ਹਾਂ ਨੇ ਹੈੱਡਮਾਸਟਰ ਦੀ ਹਮਾਇਤ ਵਿੱਚ ਪ੍ਰਦਰਸ਼ਨ ਕੀਤਾ ਸੀ।

ਹੈੱਡਮਾਸਟਰ ਵੀ ਪੁਲਿਸ ਹਿਰਾਸਤ ਵਿੱਚ ਹੈ।

ਜਿਹੜੇ ਪੁਲਿਸ ਮੁਲਾਜ਼ਮ ਨੇ ਸ਼ਿਕਾਇਤ ਮੌਕੇ ਨੁਸਰਤ ਦੀ ਵੀਡੀਓ ਬਣਾਈ ਸੀ, ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਦੂਜੇ ਵਿਭਾਗ ਵਿੱਚ ਤਬਾਦਲਾ ਕਰ ਦਿੱਤਾ ਗਿਆ।

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਢਾਕਾ ਵਿੱਚ ਨੁਸਰਤ ਦੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਕਿਹਾ ਕਿ ਜਿਹੜਾ ਵੀ ਸ਼ਖ਼ਸ ਇਸ ਕਤਲ ਵਿੱਚ ਸ਼ਾਮਲ ਹੈ ਉਸ ’ਤੇ ਕਾਰਵਾਈ ਕੀਤੀ ਜਾਵੇਗੀ ਅਤੇ ਕੋਈ ਵੀ ਬਚ ਨਹੀਂ ਸਕੇਗਾ।'

ਇਹ ਵੀਡੀਓ ਵੀ ਤੁਹਾਨੂੰ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)