ਕੁਰਦ ਕੌਣ ਹਨ ਜਿਨ੍ਹਾਂ ਨੂੰ ਲੈ ਕੇ ਅਮਰੀਕਾ ਤੇ ਤੁਰਕੀ ਇੱਕ ਦੂਜੇ ਨੂੰ ਅੱਖਾਂ ਦਿਖਾ ਰਹੇ

ਤੁਰਕ ਫੌਜਾਂ ਨਾਲ ਲੜ ਰਹੇ ਕੁਰਦ ਲੜਾਕਿਆਂ ਨੇ ਅਮਰੀਕਾ ਤੇ ਆਪਣੇ ਹੋਰ ਸਹਿਯੋਗੀਆਂ ਨੂੰ ਮਦਦ ਲਈ ਅਪੀਲ ਕੀਤੀ ਹੈ। ਕੁਰਦ ਫੌਜਾਂ ਦਾ ਕਹਿਣਾ ਹੈ ਕਿ ਮਦਦ ਕਰਨਾ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਹੈ।

ਕੁਰਦਾਂ ਨੇ ਅਮਰੀਕਾ 'ਤੇ ਉਨ੍ਹਾਂ ਨੂੰ ਮੁਸੀਬਤ ਵੇਲੇ ਇਕੱਲਾ ਛੱਡਣ ਦਾ ਇਲਜ਼ਾਮ ਲਗਾਇਆ ਹੈ। ਤੁਰਕ ਫੌਜਾਂ ਸੀਰੀਆ ਦੇ ਸਰਹੱਦੀ ਸ਼ਹਿਰ ਰਾਸ-ਅਲ-ਅਈਨ ਤੱਕ ਪਹੁੰਚ ਗਈਆਂ ਹਨ।

ਤੁਰਕੀ ਦੀ ਅਮਰੀਕਾ ਸਣੇ ਕਈ ਕੌਮਾਂਤਰੀ ਭਾਈਚਾਰਿਆਂ ਨੇ ਆਲੋਚਨਾ ਕੀਤੀ ਹੈ ਪਰ ਉਸ ਨੇ ਆਪਣੀ ਕਾਰਵਾਈ ਦਾ ਬਚਾਅ ਇਹ ਕਹਿੰਦਿਆਂ ਕੀਤਾ ਹੈ ਕਿ ਉਹ ਇਸ ਇਲਾਕੇ ਨੂੰ ਕੁਰਦ ਮਿਲਿਸ਼ਿਆ ਤੋਂ ਮੁਕਤ ਕਰਕੇ 'ਸੁਰੱਖਿਅਤ ਜ਼ੋਨ' ਬਣਾਉਣਾ ਚਾਹੁੰਦੇ ਹਨ।

ਅਮਰੀਕੀ ਫੌਜ ਵੱਲੋਂ ਇਲਾਕਾ ਛੱਡਣ ਤੋਂ ਬਾਅਦ ਬੁੱਧਵਾਰ ਨੂੰ ਤੁਰਕੀ ਉੱਤਰ ਸੀਰੀਆ ਵੱਲ ਵਧਿਆ ਸੀ।

ਇਸ ਇਲਾਕੇ ਉੱਤੇ ਕੁਰਦ ਮਿਲਿਸ਼ੀਆ ਫੌਜ, ਸੀਰੀਅਨ ਡੈਮੇਕਰੇਟਿਕ ਫੋਰਸ (ਐਸਡੀਐਫ) ਦਾ ਕਬਜ਼ਾ ਹੈ ਪਰ ਤੁਰਕੀ ਉਨ੍ਹਾਂ ਨੂੰ "ਅੱਤਵਾਦੀ" ਕਹਿੰਦੇ ਹਨ। ਕੁਰਦ ਮਿਲਸ਼ੀਆ ਤੁਰਕੀ ਦੇ ਬਾਗੀਆਂ ਦੀ ਹਮਾਇਤ ਕਰਦੇ ਹਨ।

ਇਹ ਵੀ ਪੜ੍ਹੋ-

ਇਸਲਾਮਿਕ ਸਟੇਟ (ਆਈਐਸ) ਦੇ ਖ਼ਿਲਾਫ਼ ਜੰਗ ਵਿੱਚ ਐਸੀਡੀਐਫ, ਅਮਰੀਕਾ ਦਾ ਭਾਈਵਾਲ ਸੀ ਅਤੇ ਉਹ ਕਹਿੰਦੇ ਹਨ ਕਿ ਅਮਰੀਕਾ ਵੱਲੋਂ "ਪਿੱਠ ਵਿੱਚ ਚਾਕੂ ਮਾਰਿਆ" ਗਿਆ ਹੈ।

ਰਾਸ਼ਟਰਪਤੀ ਅਰਦੋਆਨ ਦਾ ਵੀ ਕਹਿਣਾ ਹੈ ਕਿ ਉਹ ਕਰੀਬ 35 ਲੱਖ ਸੀਰੀਆਈ ਸ਼ਰਨਾਰਥੀਆਂ ਨੂੰ ਤੁਰਕੀ ਵਾਪਸ ਭੇਜਣਾ ਚਾਹੁੰਦੇ ਹਨ।

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਉੱਤਰੀ ਸੀਰੀਆ ਵਿੱਚ ਕੁਰਦ ਲੜਾਕਿਆਂ 'ਤੇ ਤੁਰਕੀ ਦੇ ਹਮਲੇ ਤੋਂ ਬਾਅਦ ਉਨ੍ਹਾਂ ਕੋਲ ਤਿੰਨ ਬਦਲ ਬਚਦੇ ਹਨ।

ਉਨ੍ਹਾਂ ਨੇ ਟਵੀਟ ਕੀਤਾ, "ਉਹ ਸੈਨਿਕ ਕਾਰਵਾਈ ਤਹਿਤ ਦਖ਼ਲ ਦੇ ਸਕਦੇ ਹਨ, ਪਾਬੰਦੀਆਂ ਲਗਾ ਸਕਦੇ ਹਨ ਪਰ ਉਹ ਤੁਰਕਾਂ ਅਤੇ ਕੁਰਦਾਂ ਵਿਚਾਲੇ ਵਿਚੋਲਗੀ ਦੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ।"

ਤੁਰਕੀ ਵਾਲੇ ਪਾਸੇ ਸਰਹੱਦ ਨਾਲ ਲਗਦੇ ਸ਼ਹਿਰ ਵੀ ਕੁਰਦਾਂ ਦੀ ਗੋਲੀਬਾਰੀ ਦੀ ਮਾਰ ਹੇਠਾਂ ਆਏ ਅਤੇ ਉਥੇ ਵੀ ਕੁਝ ਲੋਕਾਂ ਦੀ ਮੌਤ ਹੋਈ ਹੈ।

ਕੁਰਦ ਕੌਣ ਹਨ?

ਕੁਰਦਾਂ ਦੀ 2.50 ਤੋਂ 3.50 ਕਰੋੜ ਦੀ ਆਬਾਦੀ ਤੁਰਕੀ, ਇਰਾਕ, ਸੀਰੀਆ, ਈਰਾਨ ਅਤੇ ਅਰਮੇਨੀਆ ਦੀਆਂ ਸਰਹੱਦਾਂ 'ਤੇ ਪਹਾੜੀ ਖੇਤਰਾਂ ਵਿੱਚ ਵੱਸਦੀ ਹੈ। ਉਨ੍ਹਾਂ ਦਾ ਪੱਛਮ ਏਸ਼ੀਆ ਵਿੱਚ ਚੌਥਾ ਸਭ ਤੋਂ ਵੱਡਾ ਨਸਲੀ ਗਰੁੱਪ ਹੈ ਪਰ ਉਨ੍ਹਾਂ ਨੂੰ ਕਦੇ ਕੋਈ ਸਥਾਪਿਤ ਦੇਸ ਨਹੀਂ ਮਿਲ ਸਕਿਆ ਹੈ।

ਉਹ ਕਿੱਥੋਂ ਆਏ ਹਨ ?

ਕੁਰਦ ਪੁਰਾਤਨ ਮੇਸੋਪੋਟੇਮੀਆ ਦੇ ਮੈਦਾਨੀ ਇਲਾਕਿਆਂ ਅਤੇ ਉਸ ਇਲਾਕੇ ਦੇ ਰਹਿਣ ਵਾਲੇ ਹਨ ਜੋ ਹੁਣ ਦੱਖਣ-ਪੂਰਬੀ ਤੁਰਕੀ, ਉੱਤਰ-ਪੂਰਬੀ ਸੀਰੀਆ, ਉੱਤਰੀ-ਇਰਾਕ, ਉੱਤਰ-ਪੱਛਮੀ ਈਰਾਨ ਅਤੇ ਦੱਖਣ-ਪੱਛਮੀ ਅਰਮੇਨਿਆ ਹਨ।

ਅੱਜਕੱਲ ਉਹਨਾਂ ਨੇ ਨਸਲ, ਸੱਭਿਆਚਾਰ ਅਤੇ ਭਾਸ਼ਾ ਦੁਆਰਾ ਇਕਜੁੱਟ ਹੋ ਕੇ ਇੱਕ ਵੱਖਰਾ ਭਾਈਚਾਰਾ ਬਣਾ ਲਿਆ ਹੈ। ਭਾਵੇਂ ਉਨ੍ਹਾਂ ਦੀ ਕੋਈ ਮਿਆਰੀ ਬੋਲੀ ਨਹੀਂ ਹੈ। ਉਹ ਬਹੁਤ ਸਾਰੇ ਵੱਖ-ਵੱਖ ਧਰਮਾਂ ਦਾ ਵੀ ਪਾਲਣ ਕਰਦੇ ਹਨ ਜਿਨ੍ਹਾਂ 'ਚ ਜ਼ਿਆਦਾਤਰ ਸੁੰਨੀ ਮੁਸਲਮਾਨ ਹਨ।

ਉਨ੍ਹਾਂ ਕੋਲ ਆਪਣਾ ਰਾਜ ਕਿਉਂ ਨਹੀਂ ਹੈ?

ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਬਹੁਤ ਸਾਰੇ ਕੁਰਦਾਂ ਨੇ ਆਪਣਾ ਦੇਸ ਬਣਾਉਣ ਬਾਰੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਆਮ ਤੌਰ ’ਤੇ ਇਸ ਨੂੰ "ਕੁਰਦਿਸਤਾਨ" ਕਿਹਾ ਜਾਂਦਾ ਹੈ।

ਪਹਿਲੇ ਵਿਸ਼ਵ ਯੁੱਧ ਅਤੇ ਓਟੋਮਨ ਸਮਰਾਜ ਦੀ ਹਾਰ ਤੋਂ ਬਾਅਦ, ਜੇਤੂ ਪੱਛਮੀ ਭਾਈਵਾਲਾਂ ਨੇ 1920 ਦੀ ‘ਸੇਵਰ ਸੰਧੀ’ ਵਿੱਚ ਕੁਰਦਿਸ਼ ਰਾਜ ਦੀ ਵਿਵਸਥਾ ਰੱਖੀ ਸੀ।

ਅਜਿਹੀਆਂ ਉਮੀਦਾਂ ਤਿੰਨ ਸਾਲ ਬਾਅਦ ਖ਼ਤਮ ਹੋ ਗਈਆਂ। ਹਾਲਾਂਕਿ ਆਧੁਨਿਕ ਤੁਰਕੀ ਦੀਆਂ ਸਰਹੱਦਾਂ ਤੈਅ ਕਰਨ ਵਾਲੀ ਲੋਸਨ ਦੀ ਸੰਧੀ ਨੇ ਕੁਰਦ ਰਾਜ ਲਈ ਕੋਈ ਪ੍ਰਬੰਧ ਨਹੀਂ ਕੀਤਾ ਅਤੇ ਕੁਰਦਾਂ ਨੂੰ ਆਪਣੇ-ਆਪਣੇ ਦੇਸ਼ਾਂ ਵਿੱਚ ਘੱਟ ਗਿਣਤੀ ਦਾ ਦਰਜਾ ਦੇ ਕੇ ਛੱਡ ਦਿੱਤਾ।

ਅਗਲੇ 80 ਸਾਲਾਂ ਵਿੱਚ, ਕੁਰਦਾਂ ਵੱਲੋਂ ਸੁਤੰਤਰ ਰਾਜ ਸਥਾਪਤ ਕਰਨ ਦੀ ਕਿਸੇ ਵੀ ਹਰਕਤ ਨੂੰ ਬੇਰਹਿਮੀ ਨਾਲ ਕੁਚਲਿਆ ਗਿਆ।

ਆਈ ਐੱਸ ਦੇ ਵਿਰੁੱਧ ਲੜਾਈ ਵਿੱਚ ਸਭ ਤੋਂ ਅੱਗੇ ਕੁਰਦ ਕਿਉਂ ਸਨ?

ਸਾਲ 2013 ਦੇ ਵਿਚਾਲੇ, ਜਿਹਾਦੀ ਸਮੂਹ ਇਸਲਾਮਿਕ ਸਟੇਟ (ਆਈਐਸ) ਨੇ ਉੱਤਰੀ ਸੀਰੀਆ ਵਿੱਚ ਆਪਣੇ ਕੰਟਰੋਲ ਵਾਲੇ ਖੇਤਰਾਂ ਦੀ ਹੱਦ ਨਾਲ ਲਗਦੇ ਤਿੰਨ ਕੁਰਦੀ ਐਨਕਲੇਵਜ਼ 'ਤੇ ਆਪਣਾ ਧਿਆਨ ਲਗਾਇਆ।

ਆਈਐੱਸ ਨੇ ਉਨ੍ਹਾਂ ਇਲਾਕਿਆਂ ’ਤੇ ਵਾਰ-ਵਾਰ ਹਮਲੇ ਕੀਤੇ। 2014 ਦੇ ਅੱਧ ਤੱਕ ਇਨ੍ਹਾਂ ਹਮਲਿਆਂ ਨੂੰ ਪੀਪਲਜ਼ ਪ੍ਰੋਟੈਕਸ਼ਨ ਯੂਨਿਟ (ਵਾਈਪੀਜੀ) ਵੱਲੋਂ ਰੋਕਿਆ ਗਿਆ। ਇਹ ਯੂਨਿਟ ਸੀਰੀਅਨ ਕੁਰਦਿਸ਼ ਡੈਮੋਕਰੈਟਿਕ ਯੂਨੀਅਨ ਪਾਰਟੀ ਦਾ ਹਥਿਆਰਬੰਦ ਗੁਟ ਹੈ।

ਆਈਐੱਸ ਜੂਨ 2014 ਵਿੱਚ ਜਿਵੇਂ ਹੀ ਉੱਤਰੀ ਇਰਾਕ ਵਿੱਚ ਅੱਗੇ ਵਧਿਆ ਤਾਂ ਦੇਸ ਵਿੱਚ ਰਹਿਣ ਵਾਲੇ ਕੁਰਦ ਵੀ ਇਸ ਸੰਘਰਸ਼ ਦਾ ਹਿੱਸਾ ਬਣ ਗਏ ਸਨ।

ਇਰਾਕੀ ਸਰਕਾਰ ਦੇ ਖੁਦਮੁਖਤਿਆਰ ਕੁਰਦਿਸਤਾਨ ਖੇਤਰ ਨੇ ਆਪਣੀਆਂ ਪੇਸ਼ਮੇਰਗਾ ਫੌਜਾਂ ਨੂੰ ਇਰਾਕੀ ਫੌਜ ਦੁਆਰਾ ਛੱਡ ਦਿੱਤੇ ਇਲਾਕਿਆਂ ਵਿੱਚ ਭੇਜਿਆ ਸੀ।

ਅਗਸਤ 2014 ਵਿੱਚ, ਜਿਹਾਦੀਆਂ ਨੇ ਅਚਾਨਕ ਹਮਲਾ ਕੀਤਾ ਅਤੇ ਪੇਸ਼ਮੇਰਗਾ ਫੌਜਾਂ ਕਈ ਇਲਾਕਿਆਂ ਵਿੱਚ ਪਿੱਛੇ ਹਟ ਗਈਆਂ ਸਨ।

ਧਾਰਮਿਕ ਘੱਟ ਗਿਣਤੀਆਂ ਵਾਲੇ ਬਹੁਤ ਸਾਰੇ ਕਸਬੇ ਆਈਐੱਸ ਦੇ ਕਬਜ਼ੇ ਵਿੱਚ ਆ ਗਏ ਜਿਨ੍ਹਾਂ ਵਿੱਚ ਸਿੰਜਰ ਵੀ ਸ਼ਾਮਿਲ ਹੈ। ਇੱਥੇ ਆਈਐੱਸ ਦੇ ਅੱਤਵਾਦੀਆਂ ਨੇ ਹਜ਼ਾਰਾਂ ਯਜੀਦੀਆਂ ਨੂੰ ਮਾਰਿਆ ਜਾਂ ਕੈਦ ਕੀਤਾ ਸੀ ।

ਇਸ ਦੇ ਜਵਾਬ ਵਿੱਚ ਅਮਰੀਕਾ ਦੀ ਅਗਵਾਈ ਵਾਲੇ ਬਹੁ-ਰਾਸ਼ਟਰੀ ਗੱਠਜੋੜ ਦੀਆਂ ਫੌਜਾਂ ਨੇ ਉੱਤਰੀ ਇਰਾਕ ਵਿੱਚ ਹਵਾਈ ਹਮਲੇ ਸ਼ੁਰੂ ਕੀਤੇ ਅਤੇ ਪੈਸ਼ਮੇਰਗਾ ਦੀ ਸਹਾਇਤਾ ਲਈ ਫੌਜੀ ਸਲਾਹਕਾਰ ਭੇਜੇ।

ਵਾਈਪੀਜੀ ਅਤੇ ਕੁਰਦਿਸਤਾਨ ਵਰਕਰਜ਼ ਪਾਰਟੀ (ਪੀ ਕੇ ਕੇ), ਜੋ ਕਿ ਤਿੰਨ ਦਹਾਕਿਆਂ ਤੋਂ ਤੁਰਕੀ ਵਿੱਚ ਕੁਰਦਾਂ ਦੀ ਖੁਦਮੁਖਤਿਆਰੀ ਲਈ ਲੜ ਰਹੀ ਹੈ ਅਤੇ ਇਰਾਕ ਵਿੱਚ ਮੋਜੂਦ ਹੈ, ਉਨ੍ਹਾਂ ਦੀ ਸਹਾਇਤਾ ਲਈ ਪਹੁੰਚੀ।

ਸਤੰਬਰ 2014 ਵਿੱਚ, ਆਈਐਸ ਨੇ ਉੱਤਰੀ ਸੀਰੀਆ ਦੇ ਕੁਰਦੀ ਕਸਬੇ ਕੋਬੇਨ ਦੇ ਆਲੇ-ਦੁਆਲੇ ਦੀ ਐਨਕਲੇਵ 'ਤੇ ਹਮਲਾ ਕੀਤਾ ਜਿਸ ਕਰਕੇ ਹਜ਼ਾਰਾਂ ਲੋਕਾਂ ਨੂੰ ਤੁਰਕੀ ਦੀ ਸਰਹੱਦ ਪਾਰ ਭੱਜਣ ਲਈ ਮਜਬੂਰ ਹੋਣਾ ਪਿਆ ਸੀ।

ਲੜਾਈ ਦੇ ਨੇੜੇ ਜਾਰੀ ਰਹਿਣ ਦੇ ਬਾਵਜੂਦ ਤੁਰਕੀ ਨੇ ਆਈਐਸ ਦੇ ਟਿਕਾਣਿਆਂ 'ਤੇ ਹਮਲਾ ਕਰਨ ਜਾਂ ਤੁਰਕੀ ਨੇ ਕੁਰਦਾਂ ਨੂੰ ਇਸ ਦਾ ਬਚਾਅ ਕਰਨ ਲਈ ਸਰਹੱਦ ਪਾਰ ਜਾਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ।

ਜਨਵਰੀ 2015 ਵਿੱਚ ਲੜਾਈ ਤੋਂ ਬਾਅਦ, ਜਿਸ ਵਿੱਚ ਘੱਟੋ-ਘੱਟ 1600 ਲੋਕਾਂ ਦੀ ਮੌਤ ਹੋ ਗਈ ਸੀ, ਕੁਰਦ ਫ਼ੌਜਾਂ ਨੇ ਕੋਬੇਨ ਦਾ ਕਬਜ਼ਾ ਵਾਪਸ ਲਿਆ।

ਇਹ ਵੀ ਪੜ੍ਹੋ-

ਕੁਰਦ ਲੜਾਕੇ ਸੀਰੀਅਨ ਡੈਮੋਕਰੇਟਿਕ ਫੋਰਸਿਜ਼ (ਐਸਡੀਐਫ) ਦੇ ਝੰਡੇ ਹੇਠਾਂ, ਕਈ ਸਥਾਨਕ ਅਰਬ ਮਿਲਸ਼ੀਆ ਦੀ ਮਦਦ ਨਾਲ ਲੜ ਰਹੇ ਸਨ। ਉਨ੍ਹਾਂ ਦੀ ਮਦਦ ਅਮਰੀਕੀ ਗਠਜੋੜ ਵੱਲੋਂ ਹਵਾਈ ਹਮਲਿਆਂ, ਹਥਿਆਰਾਂ ਤੇ ਸਲਾਹਾਂ ਦੇ ਕੇ ਵੀ ਕੀਤੀ ਜਾ ਰਹੀ ਸੀ।

ਇਸੇ ਕਾਰਨ ਉਹ ਆਈਐੱਸ ਨੂੰ ਉੱਤਰ-ਪੂਰਬੀ ਸੀਰੀਆ ਦੇ ਹਜ਼ਾਰਾਂ ਕਿਲੋਮੀਟਰ ਦੇ ਇਲਾਕੇ ’ਚੋਂ ਖਦੇੜਨ ਵਿੱਚ ਕਾਮਯਾਬ ਹੋਏ ਅਤੇ ਤੁਰਕੀ ਨਾਲ ਲਗਦੀ ਲੰਬੀ ਸਰਹੱਦ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ।

ਅਕਤੂਬਰ 2017 ਵਿੱਚ, ਐਸਡੀਐਫ ਦੇ ਲੜਾਕੂਆਂ ਨੇ ਆਈਐੱਸ ਦੀ ਐਲਾਨੀ ਰਾਜਧਾਨੀ ਰਾਕਾ 'ਤੇ ਕਬਜ਼ਾ ਕਰ ਲਿਆ ਅਤੇ ਫਿਰ ਦੱਖਣ-ਪੂਰਬ ਵੱਲ ਗੁਆਂਢੀ ਸੂਬੇ ਦੀਅਰ-ਅਲ-ਜ਼ੂਰ ਵੱਲ ਵਧੇ। ਇਹ ਸੀਰੀਆ ਵਿੱਚ ਜਿਹਾਦੀਆਂ ਦਾ ਆਖਰੀ ਵੱਡਾ ਗੜ੍ਹ ਸੀ।

ਸੀਰੀਆ ਵਿੱਚ ਆਈਐੱਸ ਦੇ ਕਬਜ਼ੇ ਵਾਲਾ ਆਖ਼ਰੀ ਪੜਾਅ ਬਾਗੌਜ਼ ਪਿੰਡ ਦੇ ਆਲੇ ਦੁਆਲੇ ਦਾ ਖੇਤਰ, ਮਾਰਚ 2019 ਵਿੱਚ ਐਸਡੀਐਫ ਦੇ ਕਬਜ਼ੇ ਆ ਗਿਆ ਸੀ।

ਐਸਡੀਐਫ ਨੇ ਆਈਐਸ "ਖਲੀਫ਼ਾ" ਦੇ ਮੁਕੰਮਲ ਖਾਤਮੇ ਦਾ ਜਸ਼ਨ ਮਨਾਇਆ ਪਰ ਚੇਤਾਵਨੀ ਵੀ ਦਿੱਤੀ ਕਿ ਜਿਹਾਦੀ ਸਲੀਪਰ ਸੈੱਲ ਵਿਸ਼ਵ ਲਈ ਵੱਡਾ ਖਤਰਾ ਰਹਿਣਗੇ।

ਐਸਡੀਐਫ ਕੋਲ ਹੁਣ ਪਿਛਲੇ ਦੋ ਸਾਲਾਂ ਦੀ ਲੜਾਈ ਦੌਰਾਨ ਫੜੇ ਗਏ ਹਜ਼ਾਰਾਂ ਸ਼ੱਕੀ ਆਈਐਸ ਅੱਤਵਾਦੀ ਸਨ। ਇਸ ਦੇ ਨਾਲ ਹੀ ਆਈਐਸ ਲੜਾਕਿਆਂ ਨਾਲ ਜੁੜੀਆਂ ਹਜ਼ਾਰਾਂ ਔਰਤਾਂ ਅਤੇ ਬੱਚਿਆਂ ਨਾਲ ਨਜਿੱਠਣਾ ਇੱਕ ਵੱਡੀ ਚੁਣੌਤੀ ਸੀ।

ਅਮਰੀਕਾ ਨੇ ਵਿਚਾਲੇ ਕਿਹਾ ਸੀ ਕਿ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ ਵਾਪਸ ਭੇਜਿਆ ਜਾਵੇ ਪਰ ਜ਼ਿਆਦਾਤਰ ਦੇਸਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।

ਹੁਣ ਕੁਰਦ ਨੂੰ ਤੁਰਕੀ ਦੁਆਰਾ ਕੀਤੇ ਫੌਜੀ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਆਪਣੀ ਸਰਹੱਦ ਦੀ ਰੱਖਿਆ ਕਰਨ ਲਈ ਉੱਤਰ-ਪੂਰਬੀ ਸੀਰੀਆ ਦੇ 32 ਕਿਲੋਮੀਟਰ (20 ਮੀਲ) ਅੰਦਰ ਤੱਕ "ਸੁਰੱਖਿਅਤ ਜ਼ੋਨ" ਸਥਾਪਤ ਕਰਨਾ ਚਾਹੁੰਦਾ ਹੈ।

ਇਸ ਦੇ ਨਾਲ ਹੀ ਤੁਰਕੀ 20 ਲੱਖ ਸੀਰੀਆਈ ਸ਼ਰਨਾਰਥੀਆਂ ਦਾ ਮੁੜ ਵਸੇਬਾ ਕਰਨਾ ਚਾਹੁੰਦਾ ਹੈ।

ਐਸਡੀਐਫ ਦਾ ਕਹਿਣਾ ਹੈ ਕਿ ਉਹ ਆਪਣੇ ਖੇਤਰ ਦੀ ਰੱਖਿਆ ਹਰ ਕੀਮਤ 'ਤੇ ਕਰੇਗੀ ਅਤੇ ਆਈਐਸ ਦੇ ਵਿਰੁੱਧ ਲੜੀ ਲੜਾਈ ਵਿੱਚ ਮਿਲੀ ਕਾਮਯਾਬੀ ਨੂੰ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ।

ਰੂਸ ਦੀ ਹਮਾਇਤ ਪ੍ਰਾਪਤ ਸੀਰੀਆ ਦੀ ਸਰਕਾਰ ਵੀ ਸਾਰੇ ਸੀਰੀਆ ਦਾ ਕਬਜ਼ਾ ਵਾਪਸ ਲੈਣ ਦਾ ਵਾਅਦਾ ਕਰ ਰਹੀ ਹੈ।

ਤੁਰਕੀ ਕੁਰਦਾਂ ਨੂੰ ਇਕ ਖ਼ਤਰੇ ਵਜੋਂ ਕਿਉਂ ਵੇਖਦਾ ਹੈ?

ਤੁਰਕੀ ਰਾਜ ਅਤੇ ਦੇਸ ਵਿੱਚ ਰਹਿੰਦੇ ਕੁਰਦ ਲੋਕ, ਜੋ ਕਿ ਆਬਾਦੀ ਦਾ 15% ਤੋਂ 20% ਹਨ, ਵਿਚਾਲੇ ਡੂੰਘੀ ਦੁਸ਼ਮਣੀ ਹੈ।

ਪੀੜ੍ਹੀ ਦਰ ਪੀੜ੍ਹੀ ਕੁਰਦਾਂ ਨਾਲ ਤੁਰਕੀ ਦੇ ਅਧਿਕਾਰੀਆਂ ਵੱਲੋਂ ਸਖ਼ਤ ਸਲੂਕ ਕੀਤਾ ਗਿਆ। 1920 ਅਤੇ 1930 ਦੇ ਦਹਾਕੇ ਵਿੱਚ ਹੋਈ ਬਗਾਵਤ ਤੋਂ ਬਾਅਦ ਬਹੁਤ ਸਾਰੇ ਕੁਰਦ ਮੁੜ ਵਸਾਏ ਗਏ ਸਨ।

ਕੁਰਦ ਲੋਕਾਂ ਦੇ ਨਾਂ ਅਤੇ ਪਹਿਰਾਵੇ 'ਤੇ ਪਾਬੰਦੀ ਲਗਾਈ ਗਈ, ਕੁਰਦ ਭਾਸ਼ਾ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ, ਅਤੇ ਇਥੋਂ ਤੱਕ ਕਿ ਕੁਰਦ ਦੀ ਨਸਲੀ ਪਛਾਣ ਦੀ ਹੋਂਦ ਨੂੰ ਵੀ ਨਕਾਰ ਦਿੱਤਾ ਗਿਆ। ਉਨ੍ਹਾਂ ਨੂੰ ਫਿਰ "ਪਹਾੜੀ ਤੁਰਕ" ਕਿਹਾ ਜਾਣ ਲਗਿਆ।

1978 ਵਿੱਚ, ਅਬਦੁੱਲਾ ਓਕਲਾਨ ਨੇ ਪੀਕੇਕੇ ਦੀ ਸਥਾਪਨਾ ਕੀਤੀ, ਜਿਸ ਨੇ ਤੁਰਕੀ ਦੇ ਅੰਦਰ ਇੱਕ ਆਜ਼ਾਦ ਮੁਲਕ ਦੀ ਮੰਗ ਕੀਤੀ।

ਛੇ ਸਾਲ ਬਾਅਦ, ਸਮੂਹ ਨੇ ਇੱਕ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ। ਉਸ ਮਗਰੋਂ ਹੁਣ ਤੱਕ 40,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਸੈਂਕੜੇ ਬੇਘਰ ਹੋਏ ਹਨ।

1990 ਦੇ ਦਹਾਕੇ ਵਿੱਚ ਪੀਕੇਕੇ ਆਪਣੀ ਆਜ਼ਾਦੀ ਦੀ ਮੰਗ ਤੋਂ ਪਿੱਛੇ ਹਟ ਗਈ। ਆਜ਼ਾਦੀ ਦੀ ਬਜਾਏ ਸੱਭਿਆਚਾਰਕ ਅਤੇ ਰਾਜਨੀਤਿਕ ਖੁਦਮੁਖਤਿਆਰੀ ਦੀ ਮੰਗ ਕਰਦੀ ਰਹੀ, ਪਰ ਲੜਦੀ ਵੀ ਰਹੀ। 2013 ਵਿੱਚ ਗੁਪਤ ਗੱਲਬਾਤ ਹੋਣ ਤੋਂ ਬਾਅਦ ਜੰਗਬੰਦੀ ਉੱਤੇ ਸਹਿਮਤੀ ਬਣ ਗਈ ਸੀ।

ਜੁਲਾਈ 2015 ਵਿੱਚ ਕੁਰਦਾਂ ਦੇ ਸ਼ਹਿਰ ਸਰੂਕ ਵਿੱਚ ਹੋਏ ਇੱਕ ਫਿਦਾਈਨ ਬੰਬ ਧਮਾਕੇ ਤੋਂ ਬਾਅਦ ਜੰਗਬੰਦੀ ਟੁੱਟ ਗਈ। ਇਸ ਧਮਾਕੇ ਵਿੱਚ 33 ਨੌਜਵਾਨ ਕਾਰਕੁਨਾਂ ਦੀ ਮੌਤ ਹੋਈ ਸੀ ਤੇ ਹਮਲੇ ਦਾ ਇਲਜ਼ਾਮ ਆਈਐੱਸ ’ਤੇ ਲਗਿਆ ਸੀ।

ਪੀਕੇਕੇ ਨੇ ਅਧਿਕਾਰੀਆਂ 'ਤੇ ਮਿਲੀਭੁਗਤ ਦਾ ਦੋਸ਼ ਲਗਾਇਆ ਅਤੇ ਤੁਰਕੀ ਦੇ ਸੈਨਿਕਾਂ ਅਤੇ ਪੁਲਿਸ 'ਤੇ ਹਮਲਾ ਕੀਤਾ।

ਤੁਰਕੀ ਦੀ ਸਰਕਾਰ ਨੇ ਬਾਅਦ ਵਿੱਚ ਪੀਕੇਕੇ ਤੇ ਆਈਐੱਸ ਖਿਲਾਫ ਇੱਕ ਜੰਗੀ ਮੁਹਿੰਮ ਸ਼ੁਰੂ ਕੀਤੀ ਜਿਸ ਨੂੰ ਉਨ੍ਹਾਂ ਨੇ "ਅੱਤਵਾਦ ਵਿਰੁੱਧ ਸਾਂਝੀ ਜੰਗ" ਕਿਹਾ।

ਉਸ ਤੋਂ ਬਾਅਦ, ਦੱਖਣ-ਪੂਰਬ ਤੁਰਕੀ ਵਿੱਚ ਹੋਈਆਂ ਝੜਪਾਂ ਵਿੱਚ ਸੈਂਕੜੇ ਨਾਗਰਿਕਾਂ ਸਮੇਤ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ।

ਤੁਰਕੀ ਨੇ ਅਗਸਤ 2016 ਤੋਂ ਹੀ ਉੱਤਰੀ ਸੀਰੀਆ ਵਿੱਚ ਫੌਜ ਦੀ ਤਾਇਨਾਤੀ ਕੀਤੀ ਹੋਈ ਹੈ। ਉਸ ਵੇਲੇ ਤੁਰਕੀ ਵੱਲੋਂ ਆਈਐੱਸ ਖਿਲਾਫ਼ ਸੀਰੀਆਈ ਲੜਾਕਿਆਂ ਲਈ ਫੌਜ ਤੇ ਟੈਂਕ ਭੇਜੇ ਗਏ ਸਨ।

ਤੁਰਕ ਫ਼ੌਜਾਂ ਨੇ ਜਾਰਬਲਸ ਦੇ ਮੁੱਖ ਸਰਹੱਦੀ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਫੌਜਾਂ ਨੇ ਵਾਈਪੀਜੀ ਦੀ ਅਗਵਾਈ ਵਾਲੀ ਐਸਡੀਐਫ ਨੂੰ ਉਹ ਇਲਾਕਾ ਕਬਜ਼ੇ ਵਿੱਚ ਲੈਣ ਤੋਂ ਰੋਕਿਆ।

2018 ਵਿੱਚ ਤੁਰਕੀ ਫੌਜਾਂ ਅਤੇ ਸੀਰੀਆ ਦੇ ਵਿਦਰੋਹੀਆਂ ਨੇ ਵਾਈਪੀਜੀ ਲੜਾਕਿਆਂ ਨੂੰ ਅਫਰੀਨ ਤੋਂ ਬਾਹਰ ਕੱਢਣ ਲਈ ਇੱਕ ਅਭਿਆਨ ਚਲਾਇਆ ਸੀ ਜਿਸ 'ਚ ਦਰਜਨਾਂ ਨਾਗਰਿਕ ਮਾਰੇ ਗਏ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਸਨ।

ਤੁਰਕੀ ਦੀ ਸਰਕਾਰ ਦਾ ਕਹਿਣਾ ਹੈ ਕਿ ਵਾਈਪੀਜੀ ਅਤੇ ਪੀਵਾਈਡੀ ਪੀਕੇਕੇ ਦਾ ਵਿਸਥਾਰ ਹੈ। ਉਨ੍ਹਾਂ ਦਾ ਹਥਿਆਰਬੰਦ ਸੰਘਰਸ਼ ਰਾਹੀਂ ਵੱਖ ਰਾਜ ਹਾਸਲ ਕਰਨ ਦਾ ਟੀਚਾ ਹੈ ਅਤੇ ਉਹ ਅੱਤਵਾਦੀ ਸੰਗਠਨ ਹਨ, ਜਿਨ੍ਹਾਂ ਨੂੰ ਖ਼ਤਮ ਕਰਨਾ ਲਾਜ਼ਮੀ ਹੈ।

ਸੀਰੀਆ ਦੇ ਕੁਰਦ ਕੀ ਚਾਹੁੰਦੇ ਹਨ?

ਕੁਰਦ ਸੀਰੀਆ ਦੀ ਆਬਾਦੀ ਦਾ 7% ਤੋਂ 10% ਵਿਚਕਾਰ ਦਾ ਹਿੱਸਾ ਹਨ। ਕੁਰਦ ਲੋਕ 2011 ਵਿੱਚ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਖਿਲਾਫ ਸ਼ੁਰੂ ਹੋਏ ਵਿਦਰੋਹ ਤੋਂ ਪਹਿਲਾਂ, ਦਮਿਸ਼ਕ ਅਤੇ ਅਲੱਪੋ ਦੇ ਸ਼ਹਿਰ ਅਤੇ ਕੋਬੇਨ, ਅਫਰੀਨ ਅਤੇ ਉੱਤਰ-ਪੂਰਬੀ ਸ਼ਹਿਰ ਕਮੀਸ਼ਲੀ ਦੇ ਆਲੇ ਦੁਆਲੇ ਦੇ ਤਿੰਨ ਖੇਤਰਾਂ ਵਿੱਚ ਰਹਿੰਦੇ ਸਨ।

ਸੀਰੀਆ ਦੇ ਕੁਰਦ ਲੰਬੇ ਸਮੇਂ ਤੋਂ ਦਬਾਏ ਗਏ ਹਨ ਅਤੇ ਮੁੱਢਲੇ ਅਧਿਕਾਰਾਂ ਤੋਂ ਸਖਣੇ ਰਹੇ ਹਨ। 1960 ਦੇ ਦਹਾਕੇ ਤੋਂ ਤਕਰੀਬਨ 3,00,000 ਲੋਕਾਂ ਨੂੰ ਨਾਗਰਿਕਤਾ ਤੋਂ ਬਿਨਾਂ ਰੱਖਿਆ ਗਿਆ ਹੈ।

ਕੁਰਦਾਂ ਦੀ ਜ਼ਮੀਨ ਜ਼ਬਤ ਕਰ ਲਈ ਗਈ ਹੈ ਅਤੇ ਇਸ ਨੂੰ ਅਰਬਾਂ ਵਿੱਚ ਵੰਡ ਦਿੱਤਾ ਗਿਆ ਹੈ ਤਾਂਕਿ ਕੁਰਦਾਂ ਦੇ ਇਲਾਕਿਆਂ ਵਿੱਚ ਜ਼ਿਆਦਾ ਅਰਬ ਵਸਾਏ ਜਾ ਸਕਣ।

ਜਦੋਂ ਵਿਦਰੋਹ ਇੱਕ ਘਰੇਲੂ ਯੁੱਧ ਵਿੱਚ ਤਬਦੀਲ ਹੋਇਆ, ਮੁੱਖ ਕੁਰਦ ਪਾਰਟੀਆਂ ਨੇ ਜਨਤਕ ਤੌਰ 'ਤੇ ਕਿਸੇ ਦਾ ਪੱਖ ਨਹੀਂ ਲਿਆ।

ਸਾਲ 2012 ਦੇ ਅੱਧ ਵਿੱਚ ਸਰਕਾਰੀ ਫੌਜਾਂ ਹੋਰ ਥਾਵਾਂ 'ਤੇ ਵਿਦਰੋਹੀਆਂ ਨਾਲ ਲੜਨ ਲਈ ਉੱਥੋਂ ਪਿੱਛੇ ਹੱਟ ਗਈਆਂ ਅਤੇ ਕੁਰਦਾਂ ਦੇ ਸਮੂਹਾਂ ਨੇ ਇਲਾਕੇ 'ਤੇ ਕਬਜ਼ਾ ਕਰ ਲਿਆ।

ਜਨਵਰੀ 2014 ਵਿੱਚ ਕੁਰਦ ਪਾਰਟੀਆਂ, ਜਿਨ੍ਹਾਂ ਵਿੱਚ ਪ੍ਰਮੁੱਖ ਡੈਮੋਕਰੇਟਿਕ ਯੂਨੀਅਨ ਪਾਰਟੀ (ਪੀਵਾਈਡੀ) ਸ਼ਾਮਲ ਹੈ, ਨੇ ਅਫਰੀਨ, ਕੋਬੇਨ ਅਤੇ ਜਜ਼ੀਰਾ ਦੀਆਂ ਤਿੰਨ "ਛਾਉਣੀਆਂ" ਵਿੱਚ "ਖੁਦਮੁਖਤਿਆਰ ਪ੍ਰਸ਼ਾਸਨ" ਦੀ ਸਥਾਪਨਾ ਦਾ ਐਲਾਨ ਕਰ ਦਿੱਤਾ।

ਮਾਰਚ, 2016 ਵਿੱਚ, ਉਨ੍ਹਾਂ ਨੇ ਇੱਕ "ਸੰਘੀ ਪ੍ਰਣਾਲੀ" ਸਥਾਪਤ ਕਰਨ ਦਾ ਐਲਾਨ ਕੀਤਾ, ਜਿਸ ਵਿੱਚ ਮੁੱਖ ਤੌਰ 'ਤੇ ਆਈਐਸ ਤੋਂ ਕਬਜ਼ੇ ਵਿੱਚ ਲਏ ਗਏ ਅਰਬ ਅਤੇ ਤੁਰਕਮੇਨ ਖੇਤਰ ਸ਼ਾਮਲ ਸਨ।

ਇਸ ਐਲਾਨ ਨੂੰ ਸੀਰੀਆ ਦੀ ਸਰਕਾਰ, ਸੀਰੀਆ ਦੇ ਵਿਰੋਧੀ ਧਿਰ, ਤੁਰਕੀ ਅਤੇ ਅਮਰੀਕਾ ਨੇ ਰੱਦ ਕਰ ਦਿੱਤਾ ਸੀ।

ਪੀਵਾਈਡੀ ਦਾ ਕਹਿਣਾ ਹੈ ਕਿ ਉਹ ਸੁਤੰਤਰਤਾ ਦੀ ਮੰਗ ਨਹੀਂ ਕਰ ਰਿਹਾ। ਪਰ ਉਹ ਜ਼ੋਰ ਦੇ ਕੇ ਕਹਿੰਦਾ ਹੈ ਕਿ ਸੀਰੀਆ ਵਿੱਚ ਟਕਰਾਅ ਨੂੰ ਖ਼ਤਮ ਕਰਨ ਲਈ ਜੋ ਵੀ ਰਾਜਨੀਤਿਕ ਸਮਝੌਤੇ ਹੋਏ ਉਸ ਵਿੱਚ ਕੁਰਦਾਂ ਦੇ ਅਧਿਕਾਰਾਂ ਅਤੇ ਖੁਦਮੁਖਤਿਆਰੀ ਦੀ ਮਾਨਤਾ ਲਈ ਕਾਨੂੰਨੀ ਗਰੰਟੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ।

ਰਾਸ਼ਟਰਪਤੀ ਅਸਦ ਨੇ ਸੀਰੀਆ ਦੇ ਖੇਤਰ ਦੇ "ਹਰ ਇੰਚ" ਨੂੰ ਵਾਪਸ ਲੈਣ ਦੀ ਸਹੁੰ ਖਾਧੀ ਹੈ, ਚਾਹੇ ਉਹ ਗੱਲਬਾਤ ਜ਼ਰੀਏ ਜਾਂ ਫੌਜੀ ਤਾਕਤ ਜ਼ਰੀਏ ਹੋਵੇ।

ਉਨ੍ਹਾਂ ਦੀ ਸਰਕਾਰ ਨੇ ਕੁਰਦਾਂ ਦੀ ਖੁਦਮੁਖਤਿਆਰੀ ਦੀ ਮੰਗ ਨੂੰ ਵੀ ਇਹ ਕਹਿ ਕੇ ਰੱਦ ਕਰ ਦਿੱਤਾ ਹੈ ਕਿ "ਸੀਰੀਆ ਵਿੱਚ ਕੋਈ ਵੀ ਸੁਤੰਤਰ ਅਦਾਰਿਆਂ ਜਾਂ ਸੰਘੀ ਢਾਂਚੇ ਬਾਰੇ ਗੱਲ ਸਵੀਕਾਰ ਨਹੀਂ ਕਰਦਾ।"

ਕੀ ਇਰਾਕ ਦੇ ਕੁਰਦਾਂ ਨੂੰ ਆਜ਼ਾਦੀ ਮਿਲੇਗੀ?

ਇਰਾਕ ਦੀ ਆਬਾਦੀ ਦਾ ਅੰਦਾਜ਼ਨ 15% ਤੋਂ 20% ਹਿੱਸਾ ਕੁਰਦ ਹਨ। ਇਤਿਹਾਸਕ ਤੌਰ 'ਤੇ ਉਨ੍ਹਾਂ ਨੇ ਗੁਆਂਢੀ ਸੂਬਿਆਂ ਵਿੱਚ ਰਹਿਣ ਵਾਲੇ ਕੁਰਦਾਂ ਨਾਲੋਂ ਵਧੇਰੇ ਕੌਮੀ ਅਧਿਕਾਰਾਂ ਦਾ ਆਨੰਦ ਲਿਆ ਹੈ, ਪਰ ਉਨ੍ਹਾਂ ਨੂੰ ਬੇਰਹਿਮੀ, ਜ਼ਬਰ ਦਾ ਸਾਹਮਣਾ ਵੀ ਕਰਨਾ ਪਿਆ ਹੈ।

1946 ਵਿੱਚ, ਮੁਸਤਫਾ ਬਰਜ਼ਾਨੀ ਨੇ ਇਰਾਕ ਵਿੱਚ ਖੁਦਮੁਖਤਿਆਰੀ ਲਈ ਲੜਨ ਲਈ ਕੁਰਦਿਸਤਾਨ ਡੈਮੋਕਰੇਟਿਕ ਪਾਰਟੀ (ਕੇਡੀਪੀ) ਬਣਾਈ। ਪਰ ਇਹ 1961 ਤੱਕ ਵੀ ਨਹੀਂ ਰਹੀ। ਇਸ ਲਈ ਉਸਨੇ ਇੱਕ ਪੂਰਾ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ।

1970ਵਿਆਂ ਦੇ ਅੰਤ ਵਿੱਚ, ਸਰਕਾਰ ਨੇ ਕੁਰਦ ਬਹੁਗਿਣਤੀ ਵਾਲੇ ਖੇਤਰਾਂ ਵਿੱਚ ਖ਼ਾਸਕਰ ਤੇਲ ਨਾਲ ਭਰੇ ਸ਼ਹਿਰ ਕਿਰਕੁਕ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਰਬੀ ਲੋਕਾਂ ਨੂੰ ਵਸਾਉਣਾ ਅਤੇ ਕੁਰਦਾਂ ਨੂੰ ਜ਼ਬਰਦਸਤੀ ਹੋਰ ਥਾਵਾਂ 'ਤੇ ਭੇਜਣਾ ਸ਼ੁਰੂ ਕਰ ਦਿੱਤਾ।

ਈਰਾਨ-ਇਰਾਕ ਯੁੱਧ ਦੌਰਾਨ 1980ਵਿਆਂ ਵਿੱਚ ਇਸ ਕੰਮ ਵਿੱਚ ਤੇਜ਼ੀ ਲਿਆਂਦੀ ਗਈ। ਇਸ ਯੁੱਧ ਵਿੱਚ ਕੁਰਦਾਂ ਨੇ ਇਸਲਾਮਿਕ ਰਿਪਬਲਿਕ ਦੀ ਹਮਾਇਤ ਕੀਤੀ ਸੀ।

1988 ਵਿੱਚ, ਸੱਦਾਮ ਹੁਸੈਨ ਨੇ ਕੁਰਦਾਂ ਨਾਲ ਬਦਲਾ ਲੈਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਹਲਬਜਾ 'ਤੇ ਰਸਾਇਣਕ ਹਮਲਾ ਸ਼ਾਮਲ ਸੀ ।

ਜਦੋਂ ਇਰਾਕ ਨੂੰ 1991 ਦੀ ਖਾੜੀ ਜੰਗ ਵਿੱਚ ਹਾਰ ਮਿਲੀ ਸੀ, ਬਰਜ਼ਨੀ ਦੇ ਪੁੱਤਰ ਮਸੌਦ ਅਤੇ ਕੁਰਦਿਸਤਾਨ ਦੀ ਵਿਰੋਧੀ ਪੈਟਰੀਔਟਿਕ ਯੂਨੀਅਨ (ਪੀਯੂਕੇ) ਦੇ ਜਲਾਲ ਤਲਬਾਣੀ ਨੇ ਕੁਰਦਾਂ ਵੱਲੋਂ ਬਗਾਵਤ ਦੀ ਅਗਵਾਈ ਕੀਤੀ ਸੀ।

ਇਸ ਦੇ ਹਿੰਸਕ ਦਮਨ ਤੋਂ ਬਾਅਦ ਨੇ ਅਮਰੀਕਾ ਅਤੇ ਇਸਦੇ ਸਹਿਯੋਗੀਆਂ ਨੇ ਉੱਤਰ ਵਿੱਚ ਨੋ ਫਲਾਈ ਜ਼ੋਨ ਲਾਗੂ ਕੀਤਾ ਜਿਸ ਨਾਲ ਕੁਰਦ ਸਵੈ-ਸ਼ਾਸਨ ਦਾ ਅਨੰਦ ਲੈ ਸਕੇ।

ਕੇਡੀਪੀ ਅਤੇ ਪੀਯੂਕੇ ਤਾਕਤ ਸਾਂਝੇ ਕਰਨ ਲਈ ਸਹਿਮਤ ਹੋਏ। ਪਰ ਤਣਾਅ ਵਧਿਆ ਅਤੇ 1994 ਵਿੱਚ ਉਨ੍ਹਾਂ ਵਿਚਕਾਰ ਚਾਰ ਸਾਲਾਂ ਲਈ ਲੜਾਈ ਸ਼ੁਰੂ ਹੋ ਗਈ।

ਦੋਵਾਂ ਪਾਰਟੀਆਂ ਨੇ 2003 ਵਿੱਚ ਅਮਰੀਕਾ ਦੀ ਅਗਵਾਈ ਵਿੱਚ ਹੋਏ ਹਮਲੇ ਦਾ ਸਹਿਯੋਗ ਦਿੱਤਾ, ਜਿਸ ਵਿੱਚ ਸੱਦਾਮ ਨੂੰ ਹਾਰ ਮਿਲੀ ਸੀ।

ਦੋ ਸਾਲ ਬਾਅਦ ਦੋਹਕ, ਇਰਬਿਲ ਅਤੇ ਸੁਲੇਮਾਨੀਆ ਪ੍ਰਾਂਤਾਂ ਦੇ ਪ੍ਰਬੰਧਨ ਲਈ ਕੁਰਦਿਸਤਾਨ ਖੇਤਰੀ ਸਰਕਾਰ (ਕੇਆਰਜੀ) ਨੂੰ ਬਣਾਇਆ ਗਿਆ ਜਿੱਥੇ ਇਨ੍ਹਾਂ ਪਾਰਟੀਆਂ ਨੇ ਰਾਜ ਕੀਤਾ।

ਮਸੌਦ ਬਰਜ਼ਾਨੀ ਨੂੰ ਇਸ ਖੇਤਰ ਦਾ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਸੀ, ਜਦਕਿ ਜਲਾਲ ਤਲਬਾਣੀ ਇਰਾਕ ਦੇ ਪਹਿਲਾ ਗ਼ੈਰ-ਅਰਬ ਰਾਜ ਦਾ ਮੁਖੀ ਬਣ ਗਿਆ।

ਸਤੰਬਰ 2017 ਵਿੱਚ, ਕੁਰਦਿਸਤਾਨ ਖੇਤਰ ਅਤੇ ਕਿਰਕੁਕ ਸਣੇ 2014 ਵਿੱਚ ਪੇਸ਼ਾਮੇਰਗਾ ਵੱਲੋਂ ਜ਼ਬਤ ਕੀਤੇ ਗਏ ਵਿਵਾਦਿਤ ਦੋਵਾਂ ਖੇਤਰਾਂ ਵਿੱਚ ਸੁਤੰਤਰਤਾ ਬਾਰੇ ਇੱਕ ਰਾਏਸ਼ੁਮਾਰੀ ਦਾ ਪ੍ਰਬੰਧ ਕੀਤਾ ਗਿਆ। ਇਸ ਦਾ ਵਿਰੋਧ ਇਰਾਕੀ ਕੇਂਦਰ ਸਰਕਾਰ ਨੇ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਇਹ ਗੈਰ-ਕਾਨੂੰਨੀ ਹੈ।

3.3 ਮਿਲੀਅਨ ਲੋਕਾਂ ਨੇ ਵੋਟ ਪਾਈ ਜਿਸ ਵਿੱਚੋਂ 90% ਤੋਂ ਵੱਧ ਨੇ ਵੱਖ ਹੋਣ ਦੀ ਹਮਾਇਤ ਕੀਤੀ।

ਕੇਆਰਜੀ ਅਧਿਕਾਰੀਆਂ ਨੇ ਕਿਹਾ ਕਿ ਨਤੀਜੇ ਨੇ ਉਨ੍ਹਾਂ ਨੂੰ ਬਗਦਾਦ ਨਾਲ ਗੱਲਬਾਤ ਸ਼ੁਰੂ ਕਰਨ ਦਾ ਫ਼ਤਵਾ ਦਿੱਤਾ ਸੀ ਪਰ ਉਦੋਂ ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਨੇ ਮੰਗ ਕੀਤੀ ਸੀ ਕਿ ਇਸ ਨੂੰ ਰੱਦ ਕਰ ਦਿੱਤਾ ਜਾਵੇ।

ਇੱਕ ਮਹੀਨੇ ਬਾਅਦ ਇਰਾਕੀ ਸਰਕਾਰ ਪੱਖੀ ਫੌਜਾਂ ਨੇ ਕੁਰਦਾਂ ਦੇ ਵਿਵਾਦਤ ਖੇਤਰ 'ਤੇ ਕਬਜ਼ਾ ਕਰ ਲਿਆ। ਕਿਰਕੁਕ ਅਤੇ ਇਸ ਦੇ ਤੇਲ ਦੇ ਮਾਲੀਏ ਦਾ ਨੁਕਸਾਨ ਕੁਰਦਾਂ ਲਈ ਇੱਕ ਵੱਡਾ ਝਟਕਾ ਸੀ।

ਆਪਣੀ ਚਾਲ ਦੀ ਅਸਫ਼ਲਤਾ ਤੋਂ ਬਾਅਦ ਬਰਜ਼ਾਨੀ ਨੇ ਕੁਰਦਿਸਤਾਨ ਖੇਤਰ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਮੁੱਖ ਪਾਰਟੀਆਂ ਦਰਮਿਆਨ ਮਤਭੇਦ ਹੋਣ ਕਾਰਨ ਇਹ ਅਹੁਦਾ ਜੂਨ 2019 ਤੱਕ ਖਾਲੀ ਰਿਹਾ। ਇਸ ਤੋਂ ਬਾਅਦ ਬਰਜ਼ਾਨੀ ਦੇ ਭਣੇਵੇਂ ਨੇਚਿਰਵਨ ਨੇ ਰਾਸ਼ਟਰਪਤੀ ਦਾ ਅਹੁਦਾ ਸਾਂਭਿਆ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)