You’re viewing a text-only version of this website that uses less data. View the main version of the website including all images and videos.
ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ: SGPC ਤੇ ਪੰਜਾਬ ਸਰਕਾਰ 'ਚ ਰੇੜਕਾ ਕਿਉਂ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਾਂਝੇ ਤੌਰ 'ਤੇ ਮਨਾਉਣ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਪਿਆ ਅੜਿੱਕਾ ਅਜੇ ਵੀ ਬਰਕਰਾਰ ਹੈ।
ਪ੍ਰਕਾਸ਼ ਪੁਰਬ ਸਬੰਧੀ ਮੁੱਖ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਹੋਣਾ ਹੈ ਜਿਸ 'ਚ ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਸਖਸ਼ੀਅਤਾਂ ਤੋਂ ਇਲਾਵਾ ਭਾਰਤੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਸੁਲਤਾਨਪੁਰ ਵਿਖੇ ਹੋਣ ਵਾਲੇ ਸਮਾਗਮਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਅੜਿੱਕਾ ਸਟੇਜ ਨੂੰ ਲੈ ਕੇ ਪਿਆ ਹੋਇਆ ਹੈ।
ਇਹ ਵੀ ਪੜ੍ਹੋ:
ਅਕਾਲ ਤਖਤ ਨੇ ਵੀ ਇਸ ਮਾਮਲੇ ਵਿੱਚ ਦਖਲ ਦਿੱਤਾ। ਸਮਾਗਮ ਸਾਂਝੇ ਤੌਰ 'ਤੇ ਕਰਵਾਉਣ ਲਈ ਤਾਲਮੇਲ ਕਮੇਟੀ ਦੇ ਗਠਨ ਦਾ ਆਦੇਸ਼ ਦਿੱਤਾ ਜਿਸ ਤੋਂ ਬਾਅਦ ਇੱਕ ਤਾਲਮੇਲ ਕਮੇਟੀ ਦਾ ਗਠਨ ਹੋਇਆ।
ਇਸ ਕਮੇਟੀ ਵਿੱਚ ਪੰਜਾਬ ਸਰਕਾਰ ਵੱਲੋਂ ਦੋ ਮੰਤਰੀ - ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਐਸਜੀਪੀਸੀ ਵੱਲੋਂ ਅਕਾਲੀ ਦਲ ਤੋਂ ਸਾਬਕਾ ਮੰਤਰੀ ਜਾਗੀਰ ਕੌਰ ਅਤੇ ਤੋਤਾ ਸਿੰਘ ਸਣੇ ਇੱਕ ਸਿੱਖ ਵਿਦਵਾਨ ਸ਼ਾਮਿਲ ਹਨ।
ਤਾਲਮੇਲ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਕਈ ਮੀਟਿੰਗਾਂ ਵੀ ਹੋਈਆਂ, ਪਰ ਇਹ ਸਾਰੀਆਂ ਮੀਟਿੰਗਾਂ ਹੁਣ ਤੱਕ ਬੇ-ਸਿੱਟਾ ਰਹੀਆਂ ਹਨ।
ਆਖਰਕਾਰ ਹੁਣ ਐਸਜੀਪੀਸੀ ਵੱਲੋਂ ਸਟੇਜ ਦੇ ਨਿਰਮਾਣ ਲਈ ਟੈਂਡਰ ਜਾਰੀ ਕਰਨ ਦੀ ਗੱਲ ਕਹੀ ਜਾ ਰਹੀ ਹੈ, ਜਿਸ ਦੀ ਪੁਸ਼ਟੀ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਜਾਗੀਰ ਕੌਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕੀਤੀ।
ਅੜਿੱਕਾ ਕਿਸ ਗੱਲ ਦਾ
ਬਹੁਤਾ ਵਿਵਾਦ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਸਮਾਗਮਾਂ ਬਾਰੇ ਹੈ। ਇਸ ਸਬੰਧੀ ਸਮਾਗਮ ਗੁਰਦੁਆਰਾ ਬੇਰ ਸਾਹਿਬ ਵਿਖੇ ਹੋਣਾ ਹੈ ਪਰ ਸੰਗਤ ਦੀ ਆਮਦ ਨੂੰ ਦੇਖਦੇ ਹੋਏ ਮੰਚ ਸੁਲਤਾਨਪੁਰ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ।
ਇੱਥੋਂ ਤੱਕ ਤਾਂ ਸਭ ਠੀਕ ਹੈ, ਪਰ ਸੁਲਤਾਨਪੁਰ 'ਚ ਲੱਗਣ ਵਾਲੀ ਸਟੇਜ ਦੀ ਕਾਰਵਾਈ ਕਿਸ ਦੇ ਹੱਥ ਵਿੱਚ ਹੋਵੇਗੀ ਅਤੇ ਸਟੇਜ ਉਤੇ ਕੌਣ-ਕੌਣ ਬੈਠੇਗਾ, ਇਸ ਗੱਲ ਨੂੰ ਲੈ ਕੇ ਜ਼ਿਆਦਾ ਰੇੜਕਾ ਹੈ।
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦਿੱਤੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਜੇ ਸੁਲਤਾਨਪੁਰ ਲੋਧੀ ਆਉਂਦੇ ਹਨ ਤਾਂ ਸਾਂਝੀ ਸਟੇਜ ਉੱਤੇ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਹੋਣ ਦੇ ਨਾਤੇ ਮੁੱਖ ਮੰਤਰੀ ਸਣੇ ਕਈ ਮੰਤਰੀ ਵੀ ਆਉਣਗੇ।
ਦੂਜੇ ਪਾਸੇ SGPC ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੋਣ ਕਾਰਨ ਉਹ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਣੇ ਹੋਰਨਾ ਨੂੰ ਸਟੇਜ ਉੱਤੇ ਲੈ ਕੇ ਆਉਣਾ ਚਾਹੁੰਦੀ ਹੈ। ਇਸੇ ਗੱਲ ਨੂੰ ਲੈ ਕੇ ਰੇੜਕਾ ਬਰਕਰਾਰ ਹੈ ਜੋ ਹੱਲ ਨਹੀਂ ਹੋ ਰਿਹਾ।
ਕਿਉਂਕਿ ਸਮਾਗਮ ਧਾਰਮਿਕ ਹੈ ਇਸ ਲਈ ਸਟੇਜ ਦਾ ਪੂਰਾ ਕੰਟਰੋਲ SGPC ਆਪਣੇ ਹੱਥ ਵਿੱਚ ਰੱਖਣਾ ਚਾਹੁੰਦੀ ਹੈ।
ਇਸ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਦਲੀਲ ਹੈ ਕਿ ਜਿੰਨੀਆਂ ਵੀ ਸ਼ਤਾਬਦੀਆਂ ਹੁਣ ਤੱਕ ਮਨਾਈਆਂ ਗਈਆਂ ਹਨ ਸਟੇਜ ਦਾ ਪ੍ਰਬੰਧ ਕਮੇਟੀ ਕੋਲ ਹੀ ਹੁੰਦਾ ਹੈ।
ਇਹ ਵੀ ਪੜ੍ਹੋ:
ਇਸ ਲਈ ਇਸ ਵਾਰ ਵੀ ਅਜਿਹਾ ਹੋਵੇਗਾ। ਇਸ ਸਬੰਧੀ ਐਸਜੀਪੀਸੀ ਪ੍ਰਧਾਨ ਦਾ ਕਹਿਣਾ ਹੈ ਕਿ ਸਟੇਜ ਉੱਤੇ ਪੰਜਾਬ ਸਰਕਾਰ ਸਣੇ ਹਰ ਇੱਕ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਦੋਹਾਂ ਧਿਰਾਂ ਵਿਚਾਲੇ ਤਾਲਮੇਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ SGPC ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਲਈ ਸਰਕਾਰ ਨੂੰ ਲਾਂਭੇ ਕਰਕੇ ਖੁਦ ਅਕਾਲੀ ਨੇਤਾਵਾਂ ਨਾਲ ਸੱਦਾ ਦੇਣ ਲਈ ਰਾਸ਼ਟਰਪਤੀ ਕੋਲ ਚਲੇ ਗਏ ਸਨ।
ਇਸ ਤੋਂ ਬਾਅਦ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਖਰੇ ਤੌਰ 'ਤੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਆਏ।
ਤਾਲਮੇਲ ਕਮੇਟੀ ਮੈਂਬਰ ਜਾਗੀਰ ਕੌਰ ਦੀ ਦਲੀਲ
SGPC ਦੀ ਸਾਬਕਾ ਪ੍ਰਧਾਨ ਜਾਗੀਰ ਕੌਰ ਦਾ ਕਹਿਣਾ ਹੈ ਕਿ ਐਸਜੀਪੀਸੀ ਦਾ ਕੰਮ ਧਾਰਮਿਕ ਪ੍ਰਬੰਧ ਕਰਨਾ ਹੈ ਜਦੋਂਕਿ ਸਰਕਾਰ ਦਾ ਕੰਮ ਪ੍ਰਸ਼ਾਸਨਿਕ ਕੰਮਾਂ ਨੂੰ ਦੇਖਣਾ ਹੈ ਪਰ ਕਾਂਗਰਸ ਐਸਜੀਪੀਸੀ ਦੇ ਕੰਮਾਂ ਵਿਚ ਦਾਖਲ ਦੇਣ ਦੀ ਕੋਸ਼ਿਸ ਕਰ ਰਹੀ ਹੈ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਜਾਗੀਰ ਕੌਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਜੋ ਕੰਮ ਕਰਨੇ ਚਾਹੀਦੇ ਹਨ ਉਹ ਤਾਂ ਕਰ ਨਹੀਂ ਰਹੀ ਸਗੋਂ SGPC ਦੇ ਕੰਮਾਂ ਵਿਚ ਅੜਿੱਕਾ ਪਾ ਰਹੀ ਹੈ।
ਉਨ੍ਹਾਂ ਆਖਿਆ ਕਿ ਤਾਲਮੇਲ ਕਮੇਟੀ ਦੀਆਂ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ। ਪਹਿਲੀਆਂ ਦੋ ਮੀਟਿੰਗਾਂ ਵਿੱਚ ਸਰਕਾਰ ਦੇ ਨੁਮਾਇੰਦੇ ਗੈਰ-ਹਾਜ਼ਰ ਰਹੇ ਅਤੇ ਇੱਕ 'ਚ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਇੱਕ 'ਚ ਮੰਤਰੀ ਚਰਨਜੀਤ ਸਿੰਘ ਚੰਨੀ ਆਏ।
ਇਸ ਤੋਂ ਬਾਅਦ ਹੁਣ ਤੱਕ ਸਰਕਾਰ ਵੱਲੋਂ ਕੋਈ ਰਾਬਤਾ ਐਸਜੀਪੀਸੀ ਨਾਲ ਕਾਇਮ ਨਹੀਂ ਕੀਤਾ ਗਿਆ। ਇਸ ਕਰਕੇ ਹੁਣ ਸਟੇਜ ਦੇ ਕੰਮ ਲਈ ਐਸਜੀਪੀਸੀ ਨੇ ਆਪਣੀ ਪਹਿਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਸਰਕਾਰ ਦੀ ਦਲੀਲ
ਸਾਂਝੇ ਸਮਾਗਮ ਕਰਵਾਉਣ ਲਈ ਬਣਾਈ ਗਈ ਕਮੇਟੀ ਵਿੱਚ ਸ਼ਾਮਲ ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਬੀਸੀ ਪੰਜਾਬੀ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਜਾਗੀਰ ਕੌਰ ਹੋਰਾਂ ਦੇ ਬਿਆਨਾਂ ਤੋਂ ਉਲਟ SGPC 'ਤੇ ਸਹਿਯੋਗ ਨਾ ਕਰਨ ਦੀ ਗੱਲ ਆਖੀ ਹੈ।
ਉਨ੍ਹਾਂ ਕਿਹਾ ਕਿ ਜੇ SGPC ਆਪਣੀ ਵੱਖਰੀ ਸਟੇਜ ਲਗਾ ਰਹੀ ਹੈ ਤਾਂ ਉਹ ਉਸ ਸਟੇਜ ਉੱਤੇ ਨਹੀਂ ਜਾਣਗੇ। ਸਰਕਾਰ ਇੱਕ ਪਾਰਟੀ ਦੀ ਨਹੀਂ ਹੁੰਦੀ ਸਗੋਂ ਸਮੂਹ ਲੋਕਾਂ ਦੀ ਹੁੰਦੀ ਹੈ ਅਤੇ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਭ ਨੂੰ ਇਕੱਠੇ ਹੋ ਕੇ ਮਨਾਉਣੇ ਚਾਹੀਦੇ ਹਨ।
ਰੰਧਾਵਾ ਨੇ ਅੱਗੇ ਕਿਹਾ ਕਿ ਗੁਰਪੁਰਬ ਦੇ ਸਮਾਗਮ ਸਾਂਝੇ ਤੌਰ 'ਤੇ ਕਰਵਾਉਣ ਲਈ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਦੋ ਵਾਰ ਚਿੱਠੀ ਲਿਖੀ। ਸਮਾਗਮ ਸਰਕਾਰ ਕਰਵਾਉਣ ਲਈ ਜਦੋਂ ਤਿਆਰ ਹੈ ਤਾਂ ਐਸਜੀਪੀਸੀ ਵੱਖਰੀ ਸਟੇਜ ਕਿਉਂ ਤਿਆਰ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਲੱਗਣ ਵਾਲੀ ਸਟੇਜ ਉੱਤੇ ਹਰ ਇੱਕ ਨੂੰ ਸੱਦਣ ਲਈ ਜਦੋਂ ਤਿਆਰ ਹੈ ਤਾਂ ਫਿਰ ਵੱਖਰੀ ਸਟੇਜ ਕਿਸ ਲਈ।
ਰੰਧਾਵਾ ਨੇ ਇਹ ਵੀ ਕਿਹਾ ਕਿ SGPC ਸਿਰਫ਼ ਇੱਕ ਪਰਿਵਾਰ ਨੂੰ ਖੁਸ਼ ਕਰਨ ਲਈ ਵੱਖਰੇ ਤੌਰ ਉੱਤੇ ਸਮਾਗਮ ਕਰਨ ਲਈ ਬਜਿੱਦ ਹੈ।
ਵਿਵਾਦ ਕੋਈ ਨਵਾਂ ਨਹੀਂ
ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪੱਥਰ ਸਮੇਂ ਪਿਛਲੇ ਸਾਲ ਡੇਰਾ ਬਾਬਾ ਨਾਨਕ ਵਿਖੇ ਵੀ ਵਿਵਾਦ ਹੋਇਆ ਸੀ। ਪਹਿਲਾਂ ਵਿਵਾਦ ਸਮਾਗਮ ਨੂੰ ਲੈ ਕੇ ਹੋਇਆ ਸੀ ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਇੱਕ ਸਮਾਗਮ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਕਰਵਾਇਆ ਜਾ ਰਿਹਾ ਸੀ ਅਤੇ ਦੂਜਾ ਸਮਾਗਮ ਪੰਜਾਬ ਸਰਕਾਰ ਵੱਲੋਂ ਐਲਾਨ ਦਿੱਤਾ ਗਿਆ।
ਬਾਅਦ ਵਿੱਚ ਇੱਕ ਹੀ ਸਮਾਗਮ ਉੱਤੇ ਸਹਿਮਤੀ ਬਣ ਗਈ ਪਰ ਵਿਵਾਦ ਕੋਰੀਡੋਰ ਦੇ ਨੀਂਹ ਪੱਥਰ 'ਤੇ ਉਕਰੇ ਨਾਵਾਂ ਨੂੰ ਲੈ ਕੇ ਹੋ ਗਿਆ।
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੀਂਹ ਪੱਥਰ ਉੱਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਨੂੰ ਲੈ ਕੇ ਇਤਰਾਜ਼ ਸੀ।
ਇਸ ਤੋਂ ਬਾਅਦ ਸਮਾਗਮ ਮੌਕੇ ਲੱਗੀ ਸਟੇਜ ਉੱਤੇ ਵੀ ਉੱਪ-ਰਾਸ਼ਟਰਪਤੀ ਦੀ ਹਾਜ਼ਰੀ ਵਿਚ ਕਾਂਗਰਸ ਸਰਕਾਰ ਦੇ ਮੰਤਰੀ ਅਤੇ ਅਕਾਲੀ ਦਲ ਦੇ ਆਗੂਆਂ ਵਿਚਾਲੇ ਤਲ਼ਖੀ ਦੇਖਣ ਨੂੰ ਮਿਲੀ ਸੀ।
ਸਮਾਗਮ ਦਾ ਵੇਰਵਾ
SGPC ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ ਸੁਲਤਾਨਪੁਰ ਲੋਧੀ ਵਿਖੇ 1 ਤੋਂ 13 ਨਵੰਬਰ ਤੱਕ ਵੱਖ-ਵੱਖ ਧਾਰਮਿਕ ਸਮਾਗਮ ਹੋਣਗੇ।
ਇਨ੍ਹਾਂ ਸਮਾਗਮਾਂ 'ਚ ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਸਣੇ ਹੋਰਨਾਂ ਰਾਜਾਂ ਦੇ ਮੰਤਰੀਆਂ ਦੇ ਆਉਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ 5 ਨਵੰਬਰ ਨੂੰ ਸੰਪੂਰਨਤਾ ਅੰਤਰਰਾਸ਼ਟਰੀ ਨਗਰ ਕੀਰਤਨ, ਜੋ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਇੱਕ ਅਗਸਤ ਨੂੰ ਸ਼ੁਰੂ ਹੋਇਆ ਸੀ ਦੀ ਸਮਾਪਤੀ ਹੋਵੇਗੀ।
6 ਨਵੰਬਰ ਨੂੰ ਵਿਸ਼ਵ ਸਿੱਖ ਨੌਜਵਾਨ ਸੰਮੇਲਨ, 8 ਨਵੰਬਰ ਨੂੰ ਗਤਕੇ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ 11 ਅਤੇ 12 ਨਵੰਬਰ ਨੂੰ ਮੁੱਖ ਸਮਾਗਮ ਹੋਵੇਗਾ ਅਤੇ ਪ੍ਰੋਗਰਾਮਾਂ ਦੀ ਸਮਾਪਤੀ 13 ਨਵੰਬਰ ਨੂੰ ਹੋਵੇਗੀ।
ਇਹ ਵੀਡੀਓਜ਼ ਵੀ ਦੇਖੋ: