You’re viewing a text-only version of this website that uses less data. View the main version of the website including all images and videos.
ਬੱਚਿਆਂ ਦੀ ਬਲੀ ਦੀ ਅਫ਼ਵਾਹ ਤੋਂ ਬਾਅਦ ਭੀੜ ਨੇ ਲਈਆਂ 8 ਜਾਨਾਂ
ਬੰਗਲਾਦੇਸ਼ ਪੁਲਿਸ ਮੁਤਾਬਕ ਇੰਟਰਨੈੱਟ ’ਤੇ ਬੱਚੇ ਅਗਵਾ ਕਰਨ ਦੀਆਂ ਅਫ਼ਵਾਹਾਂ ਫੈਲਣ ਮਗਰੋਂ ਭੀੜ ਨੇ 8 ਲੋਕਾਂ ਦੀ ਜਾਨ ਲੈ ਲਈ।
ਅਫ਼ਵਾਹ ਸੀ ਕਿ ਇਨ੍ਹਾਂ ਬੱਚਿਆਂ ਦੀ ਰਾਜਧਾਨੀ ਢਾਕਾ ਦੇ ਦੱਖਣੀ ਪਾਸੇ ਪਦਮਾ ਪੁਲ ਬਣਾਉਣ ਲਈ ਨਰ-ਬਲੀ ਵਿੱਚ ਵਰਤੋਂ ਕੀਤੀ ਜਾਣੀ ਸੀ। ਅਫ਼ਵਾਹ ਸੀ ਕਿ ਇਨ੍ਹਾਂ ਬੱਚਿਆਂ ਦੀ 3 ਅਰਬ ਡਾਲਰ ਦੀ ਯੋਜਨਾ ਲਈ ਬਲੀ ਦਿੱਤੀ ਜਾਣੀ ਸੀ।
ਇਸ ਮਗਰੋਂ ਆਪੂੰ-ਬਣੇ ਚੌਕੀਦਾਰਾਂ ਦੇ ਸਮੂਹਾਂ ਨੇ ਇਸ ਸ਼ੱਕ ਵਿੱਚ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਢਾਕਾ ਵਿੱਚ ਪੁਲਿਸ ਮੁਖੀ ਜਾਵੇਦ ਪਾਤਰਵੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰੇ ਗਏ ਲੋਕਾਂ ਵਿੱਚੋਂ ਕੋਈ ਵੀ ਬੱਚੇ ਚੁੱਕਣ ਵਿੱਚ ਸ਼ਾਮਲ ਨਹੀਂ ਸੀ।
ਇਹ ਵੀ ਪੜ੍ਹੋ:
ਮਾਰੇ ਗਏ ਲੋਕਾਂ ਵਿੱਚ ਦੋ ਬੱਚਿਆਂ ਦੀ ਇਕੱਲੀ ਮਾਂ ਤਸਲੀਮਾ ਬੇਗਮ ਵੀ ਸ਼ਾਮਲ ਸੀ। ਤਸਲੀਮਾ ਉੱਪਰ ਅਫ਼ਵਾਹ ਫੈਲਣ ਤੋਂ ਬਾਅਦ 30 ਤੋਂ ਵਧੇਰੇ ਲੋਕਾਂ ਨੇ ਹਮਲਾ ਕਰ ਦਿੱਤਾ। ਤਸਲੀਮਾ ਦੇ ਇੱਕ ਬੱਚੇ ਦੀ ਉਮਰ 11 ਸਾਲ ਤੇ ਇੱਕ ਦੀ ਚਾਰ ਸਾਲ ਸੀ।
ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਬੇਗਮ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਪੰਜ ਜਣਿਆਂ ਨੂੰ ਫੜਿਆ ਹੈ ਤੇ ਪੰਜ ਹੋਰ ਨੂੰ ਅਫ਼ਵਾਹਾਂ ਦੇ ਸਬੰਧ ਵਿੱਚ ਫੜਿਆ ਗਿਆ ਹੈ।
ਕੌਣ ਹਨ ਪੀੜਤ
ਪੁਲਿਸ ਦਾ ਕਹਿਣਾ ਹੈ ਕਿ ਇਸ ਸੰਬੰਧ ਵਿੱਚ ਸਭ ਤੋ ਤਾਜ਼ਾ ਘਟਨਾ ਪਿਛਲੇ ਹਫ਼ਤੇ ਦੀ ਹੈ।ਜਦੋਂ ਢਾਕੇ ਦੇ ਇੱਕ ਸਕੂਲ ਦੇ ਬਾਹਰ 42 ਸਾਲਾ ਔਰਤ ਨੂੰ ਕਤਲ ਕਰ ਦਿੱਤਾ ਗਿਆ ਸੀ।
ਇੱਕ ਚਸ਼ਮਦੀਦ ਨੇ ਸਥਾਨਕ ਬੰਗਾਲੀ ਅਖ਼ਬਾਰ ਬੀਬੀਨਿਊਜ਼.ਕਾਮ ਨੂੰ ਦੱਸਿਆ ਕਿ ਤਸਲੀਮਾ ਆਪਣੇ ਬੱਚਿਆਂ ਦੇ ਦਾਖ਼ਲੇ ਬਾਰੇ ਸਕੂਲ ਵਿੱਚ ਪਤਾ ਕਰਨ ਆਈ ਸੀ ਜਦੋਂ ਲੋਕਾਂ ਨੂੰ ਉਸ ਉੱਪਰ ਸ਼ੱਕ ਹੋ ਗਿਆ।
ਇੱਕ ਅਧਿਆਪਕ ਨੇ ਦੱਸਿਆ ਕਿ ਲੋਕਾਂ ਦੇ ਹਜੂ਼ਮ ਦੇ ਸਾਰਮਣੇ ਅਸੀਂ ਕੁਝ ਨਹੀਂ ਕਰ ਸਕੇ।
ਦੂਸਰੇ ਪੀੜਤਾਂ ਵਿੱਚ ਇੱਕ ਆਪਣੀ ਉਮਰ ਦੇ ਤੀਹਵਿਆਂ ਵਿੱਚ ਵਿਅਕਤੀ ਸੀ ਜਿਸ ਨੂੰ ਪਿਛਲੇ ਵੀਰਵਾਰ ਕੇਰਾਨੀਗੰਜ ਵਿੱਚ ਅਤੇ ਇੱਕ ਇਸੇ ਉਮਰ ਦੀ ਔਰਤ ਜਿਸ ਉੱਪਰ ਸਾਵੇਰ ਇਲਾਕੇ ਵਿੱਚ ਭੀੜ ਨੇ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ
ਅਫ਼ਵਾਹਾਂ ਕਿਵੇਂ ਫੈਲੀਆਂ
ਸਥਾਨਕ ਮੀਡੀਆ ਮੁਤਾਬਕ ਅਫ਼ਵਾਹਾਂ ਸੋਸ਼ਲ ਮੀਡੀਆ ਉੱਪਰ ਫੇਸਬੁੱਕ ਤੇ ਯੂਟਿਊਬ ਰਾਹੀਂ ਦੋ ਹਫ਼ਤੇ ਪਹਿਲਾਂ ਫੈਲਣੀਆਂ ਸ਼ੁਰੂ ਹੋਈਆਂ।
ਇੱਕ ਵੀਡੀਓ ਵਿੱਚ ਉੱਤਰੀ ਬੰਗਲਾਦੇਸ਼ ਦੇ ਨੇਟਰੋਕੋਨਾ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਇੱਕ ਬੱਚੇ ਦੇ ਵੱਢੇ ਹੋਏ ਸਿਰ ਨਾਲ ਦੇਖੇ ਜਾਣ ਦਾ ਦਾਅਵਾ ਕੀਤਾ ਗਿਆ।
ਸਥਾਨਕ ਮੀਡੀਆ ਮੁਤਾਬਕ ਫੇਸਬੁੱਕ ਤੇ ਪੋਸਟ ਫੈਲਾਈ ਗਈ ਸੀ,"ਪਦਮਾ ਪੁਲ ਦੇ ਨਿਰਮਾਣ ਲਈ ਬੱਚਿਆਂ ਦੇ ਸਿਰ ਤੇ ਖੂਨ ਇਕੱਠਾ ਕਰਨ ਲਈ ਬੱਚੇ ਚੁੱਕਣ ਵਾਲੇ ਸਰਗਰਮ ਹਨ।"
ਬੀਬੀਸੀ ਨੇ ਵੀ ਅਜਿਹੀਆਂ ਗੁਮਰਾਹਕੁੰਨ ਪੋਸਟਾਂ ਦੇਖੀਆਂ।
ਬੁੱਧਵਾਰ ਨੂੰ ਪੁਲਿਸ ਮੁਖੀ ਨੇ ਦੋਸ਼ੀਆਂ ਬਾਰੇ ਜ਼ਿਆਦਾ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਅਜਿਹੀਆਂ ਪੋਸਟਾਂ ਦਾ ਮੰਤਵ ਦੇਸ਼ ਦਾ ਮਹੌਲ ਖ਼ਰਾਬ ਕਰਨਾ ਹੈ।
ਪ੍ਰਸਾਸ਼ਨ ਕੀ ਕਰ ਰਿਹਾ ਹੈ:
ਪੁਲਿਸ ਸੋਸ਼ਲ ਮੀਡੀਆ 'ਤੇ ਜਾਗਰੂਕਤਾ ਅਭਿਆਨਾਂ ਰਾਹੀਂ ਅਫ਼ਵਾਹਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਮੁਖੀ ਮੁਤਾਬਕ, ਅਫ਼ਵਾਹਾਂਣ ਫੈਲਾਉਣ ਦੇ ਇਲਜ਼ਾਮ ਹੇਠ ਘੱਟੋ-ਘੱਟ 25 ਯੂਟਿਊੂਬ ਤੇ 60 ਫੇਸਬੁੱਕ ਖਾਤੇ ਤੇ 10 ਵੈਬਸਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਪੇਂਡੂ ਇਲਾਕਿਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਲਾਊਡ ਸਪੀਕਰਾਂ ਰਾਹੀਂ ਹੋਕਾ ਦਿੱਤਾ ਰਿਹਾ ਹੈ।
ਸਥਾਨਕ ਮੀਡੀਆ ਮੁਤਾਬਕ ਸਾਲ 2010 ਵਿੱਚ ਵੀ ਕਿਸੇ ਪੁਲ ਦੇ ਨਿਰਮਾਣ ਨੂੰ ਲੈ ਕੇ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਗਈਆਂ ਸਨ।
ਤਾਜ਼ਾ ਘਟਨਾਵਾਂ ਭਾਰਤ ਵਿੱਚ ਅਜਿਹੀਆਂ ਅਫ਼ਵਾਹਾਂ ਫੈਲਣ ਤੋਂ ਬਾਅਦ ਭੀੜ ਵੱਲੋੰ ਕੀਤੇ ਕਤਲਾਂ ਨਾਲ ਮਿਲਦੀਆਂ ਜੁਲਦੀਆਂ ਹਨ।
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ