ਅਮਰੀਕਾ ਨਾਲ ਉਲਝ ਰਹੇ ਈਰਾਨ ਦੀ ਬ੍ਰਿਟੇਨ ਨੂੰ ਵੀ ਚਿਤਾਵਨੀ

ਈਰਾਨ ਦੇ ਅਧਿਕਾਰੀਆਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਬ੍ਰਿਟੇਨ ਨੇ ਈਰਾਨੀ ਸਮੁੰਦਰੀ ਬੇੜੇ ਨੂੰ ਨਾ ਛੱਡਿਆ ਤਾਂ ਉਹ ਬਰਤਾਨਵੀ ਤੇਲ ਟੈਂਕਰ ਨੂੰ ਕਬਜ਼ੇ ਵਿਚ ਲੈ ਲੈਣਗੇ।

ਬ੍ਰਿਟੇਨ ਰੌਇਲ ਮਰੀਨ ਦੇ ਅਧਿਕਾਰੀਆਂ ਨੇ ਜਿਬਰਾਲਟਰ ਵਿਚ ਵੀਰਵਾਰ ਨੂੰ ਸੁਪਰ ਟੈਂਕਰ ਗਰੀਸ-1 ਨੂੰ ਕਬਜ਼ੇ ਵਿਚ ਲੈ ਲਿਆ ਸੀ। ਇਸ ਬੇੜੇ ਬਾਰੇ ਸ਼ੱਕ ਕੀਤਾ ਜਾ ਰਿਹਾ ਸੀ ਕਿ ਇਹ ਈਰਾਨ ਤੋਂ ਸੀਰੀਆ ਵੱਲ ਤੇਲ ਲੈ ਕੇ ਜਾ ਰਿਹਾ ਸੀ।

ਇਸ ਨੂੰ ਯੂਰਪੀਅਨ ਯੂਨੀਅਨ ਦੀਆਂ ਪਾਬੰਦੀਆਂ ਦੀ ਉਲੰਘਣਾ ਦਾ ਦੋਸ਼ੀ ਮੰਨਦਿਆਂ ਕਬਜ਼ੇ ਵਿਚ ਲਿਆ ਗਿਆ।

ਈਰਾਨ ਨੇ ਤਹਿਰਾਨ ਵਿਚ ਬ੍ਰਿਟੇਨ ਦੇ ਰਾਜਦੂਤ ਨੂੰ ਤਲਬ ਕਰਕੇ ਆਪਣਾ ਰੋਸ ਪ੍ਰਗਟਾਇਆ ਅਤੇ ਇਸ ਬਰਤਾਨਵੀ ਕਦਮ ਨੂੰ 'ਡਕੈਤੀ ਵਾਂਗ' ਕਰਾਰ ਦਿੱਤਾ।

ਇਹ ਵੀ ਪੜ੍ਹੋ :

ਈਰਾਨ ਦੇ ਆਗੂ ਅਇਆਤਉੱਲਾ ਖੋਮੀਨੀ ਦੇ ਸਲਾਹਕਾਰ ਮੋਹਸਨ ਰੇਜ਼ੇਈ ਨੇ ਟਵੀਟ ਕਰਕੇ ਕਿਹਾ ਕਿ ਇਸ 'ਧੌਸ ਦਾ ਬਿਨਾਂ ਝਿਜਕ ਜਵਾਬ ਦੇਵਾਂਗੇ'।

ਰੇਜ਼ੇਈ ਨੇ ਲਿਖਿਆ , "ਜੇਕਰ ਬ੍ਰਿਟੇਨ ਨੇ ਈਰਾਨੀ ਤੇਲ ਟੈਂਕਰ ਨਹੀਂ ਛੱਡਿਆ ਤਾਂ ਇਹ ਪ੍ਰਸਾਸ਼ਨ ਦੀ ਡਿਊਟੀ ਹੈ ਕਿ ਉਹ ਬ੍ਰਿਟੇਨ ਦੇ ਟੈਂਕਰ ਨੂੰ ਕਬਜ਼ੇ ਵਿਚ ਲੈ ਲਵੇ। "

ਬੀਬੀਸੀ ਨੂੰ ਦੱਸਿਆ ਗਿਆ ਕਿ 30 ਮਰੀਨ ਅਤੇ 40 ਕਮਾਂਡੋਜ਼ ਨੇ ਯੂਕੇ ਤੋਂ ਜਿਬਰਾਲਟਰ ਜਾ ਕੇ ਕਰੂਡ ਆਇਲ ਦੇ ਭਰੇ ਈਰਾਨੀ ਬੇੜੇ ਨੂੰ ਕਬਜ਼ੇ ਵਿਚ ਲੈ ਲਿਆ। ਇਹ ਕਾਰਗੋ ਬੇੜਾ ਹੈ, ਜਿਸ ਨੂੰ ਗਰੀਸ-1 ਕਿਹਾ ਜਾਂਦਾ ਹੈ।

ਪਰ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਕਦਮ ਨੂੰ ਕਾਨੂੰਨੀ ਦੱਸਦਿਆਂ ਇਲਜ਼ਾਮ ਲਗਾਇਆ ਕਿ ਬ੍ਰਿਟੇਨ ਅਮਰੀਕਾ ਦੀ ਚੁੱਕ ਵਿਚ ਆ ਕੇ ਅਜਿਹਾ ਕਰ ਰਿਹਾ ਹੈ।

ਯੂਕੇ ਨੇ ਇਸ ਨੂੰ ਡਕੈਤੀ ਵਾਂਗ ਦੱਸਣ ਵਾਲੇ ਬਿਆਨ ਨੂੰ 'ਬਕਵਾਸ' ਕਹਿ ਕੇ ਰੱਦ ਕੀਤਾ ਹੈ।

ਸਪੇਨ ਦੇ ਜਿਸ ਦਾ ਗਿਬਰਾਲਤਾਰ ਉੱਤੇ ਬ੍ਰਿਟੇਨ ਨਾਲ ਵਿਵਾਦ ਹੈ, ਦੇ ਕਾਰਜਕਾਰੀ ਵਿਦੇਸ਼ ਮੰਤਰੀ ਜੌਨਾਥਨ ਬੇਆਲੇ ਨੇ ਕਿਹਾ ਉਹ ਹਾਲਾਤ ਦਾ ਅਧਿਐਨ ਕਰ ਰਹੇ ਹਨ। ਪਰ ਇਹ ਸਾਫ਼ ਹੈ ਕਿ ਇਹ ਕਦਮ ਅਮਰੀਕਾ ਦੀ ਮੰਗ ਉੱਤੇ ਚੁੱਕਿਆ ਗਿਆ।

ਯੂਕੇ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਬ੍ਰਿਟੇਨ ਦਾ ਆਪਣਾ ਕੋਈ ਸਨਮਾਨ ਨਹੀਂ ਹੈ, ਉਹ ਅਮਰੀਕਾ ਦੇ ਇਸ਼ਾਰਿਆ ਉੱਤੇ ਕੰਮ ਕਰਦਾ ਹੈ।

ਇਹ ਵੀ ਪੜ੍ਹੋ :

ਈਰਾਨ-ਯੂਕੇ ਦੋਸਤਾਨਾਂ ਗਰੁੱਪ ਦੀ ਅਗਵਾਈ ਕਰਨ ਵਾਲੀ ਮੁਸਤਫ਼ਾ ਕਾਬਾਕੇਬੀਅਨ ਨੇ ਟਵੀਟ ਕਰਕੇ ਲਿਖਿਆ, "ਇਹ ਕਬਜ਼ਾ ਈਰਾਨ ਉੱਤੇ ਗੈਰ-ਕਾਨੂੰਨੀ ਤੇ ਡਕੈਤੀ ਵਾਲੀ ਕਾਰਵਾਈ ਵਰਗਾ ਹੈ।"

ਅਮਰੀਕੀ ਵਾਈਟ ਹਾਊਸ ਦੇ ਬੁਲਾਰੇ ਜੌਹਨ ਬੋਲਟਨ ਨੇ ਇਸ ਨੂੰ ਚੰਗੀ ਖ਼ਬਰ ਦੱਸਦਿਆਂ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਤਹਿਰਾਨ ਤੇ ਦਮਿਸ਼ਕ ਦੇ ਇਸ ਗੈਰ-ਕਾਨੂੰਨੀ ਟਰੇਡ ਤੋਂ ਮੁਨਾਫ਼ੇ ਨਹੀਂ ਕਮਾਉਣ ਦੇਵੇਗਾ।

ਕਬਜ਼ੇ ਵਿਚ ਲਏ ਗਏ ਸਮੁੰਦਰੀ ਬੇੜੇ ਉੱਤੇ ਇਲਜ਼ਾਮ ਹੈ ਕਿ ਉਹ ਸੀਰੀਆ ਦੇ ਪੈਟੋਰਲੀਅਮ ਮੰਤਰਾਲੇ ਦੇ ਅਦਾਰੇ ਬਨਿਆਸ ਰਿਫਾਈਨਰੀ ਲਈ ਕੱਚਾ ਤੇਲ ਲੈ ਕੇ ਰਿਹਾ ਸੀ।

ਇਹ ਘਟਨਾ ਈਰਾਨ ਤੇ ਅਮਰੀਕਾ ਵਿਚਾਲੇ ਚੱਲ ਰਹੇ ਤਣਾਅ ਨੂੰ ਹੋਰ ਵਧਾਉਣ ਦਾ ਕੰਮ ਕਰੇਗੀ ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)