You’re viewing a text-only version of this website that uses less data. View the main version of the website including all images and videos.
ਵਰਲਡ ਕੱਪ 2019: ਭਾਰਤ ਤੇ ਅਫ਼ਗਾਨਿਸਤਾਨ ਮੈਚ 'ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਤੋਂ ਲੈ ਕੇ ਧੋਨੀ ਤੱਕ ਕਿਉਂ ਹੋਏ ਫੇਲ੍ਹ
- ਲੇਖਕ, ਵਾਤਸਲਿਆ ਰਾਇ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਦਾ ਸਕੋਰ 50 ਓਵਰਾਂ ਵਿੱਚ 224 ਰਨ।
ਪਾਰੀ ਦਾ ਰਨ ਰੇਟ 4.48
ਇਹ ਹੈ ਅਫ਼ਗਾਨਿਸਤਾਨ ਖ਼ਿਲਾਫ਼ ਵਰਲਡ ਕੱਪ ਦੇ ਸਾਊਥਹੈਂਪਟਨ ਵਿੱਚ ਖੇਡੇ ਗਏ ਮੈਚ 'ਚ ਭਾਰਤੀ ਟੀਮ ਦਾ ਪ੍ਰਦਰਸ਼ਨ। ਅੰਕੜਿਆਂ ਦੀ ਗੱਲ ਕਰੀਏ ਤਾਂ ਸਾਲ 2010 ਤੋਂ ਬਾਅਦ 50 ਓਵਰਾਂ ਦੇ ਮੈਚ ਵਿੱਚ ਭਾਰਤ ਦਾ ਇਹ ਪਹਿਲੀ ਪਾਰੀ 'ਚ ਸਭ ਤੋਂ ਘੱਟ ਸਕੋਰ ਹੈ।
ਇਹ ਪ੍ਰਦਰਸ਼ਨ ਉਸ ਦੌਰ ਵਿੱਚ ਆਇਆ ਹੈ ਜਦੋਂ ਭਾਰਤ ਨੇ ਹੁਣ ਤੱਕ ਵਰਲਡ ਕੱਪ ਵਿੱਚ ਕੋਈ ਮੈਚ ਨਹੀਂ ਗਵਾਇਆ ਅਤੇ ਅਫ਼ਗਾਨਿਸਤਾਨ ਦੀ ਟੀਮ ਹੁਣ ਤੱਕ ਕੋਈ ਮੈਚ ਨਹੀਂ ਜਿੱਤ ਸਕੀ।
ਭਾਰਤੀ ਬੱਲੇਬਾਜ਼ਾਂ ਨੇ ਆਸਟਰੇਲੀਆ ਸਾਹਮਣੇ 352 ਅਤੇ ਪਾਕਿਸਤਾਨ ਦੇ ਖ਼ਿਲਾਫ਼ 336 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਦੱਖਣੀ ਅਫ਼ਰੀਕਾ ਦੇ ਗੇਂਦਬਾਜ਼ਾਂ ਦਾ ਵੀ ਮਜ਼ਬੂਤੀ ਨਾਲ ਸਾਹਮਣਾ ਕੀਤਾ ਸੀ।
ਭਾਰਤ ਅਤੇ ਅਫਗਾਨਿਸਤਾਨ ਦੀ ਰੈਂਕਿੰਗ ਅਤੇ ਰੁਤਬੇ ਵਿੱਚ ਵੀ ਜ਼ਮੀਨ ਅਤੇ ਆਸਮਾਨ ਦਾ ਅੰਤਰ ਹੈ।
ਇਹ ਵੀ ਪੜ੍ਹੋ:
ਖ਼ਿਤਾਬ ਦੇ ਮੋਹਰੀ ਦਾਅਵੇਦਾਰਾਂ ਵਿੱਚ ਗਿਣੀ ਜਾ ਰਹੀ ਭਾਰਤੀ ਟੀਮ ਵਨਡੇ ਰੈਂਕਿੰਗ ਵਿੱਚ ਦੂਜੇ ਪਾਇਦਾਨ 'ਤੇ ਹੈ ਅਤੇ ਅਫਗਾਨਿਸਤਾਨ ਦਸਵੇਂ ਨੰਬਰ 'ਤੇ ਹੈ।
ਅਫ਼ਗਾਨਿਸਤਾਨ ਦੇ ਜਿਨ੍ਹਾਂ ਗੇਂਦਬਾਜ਼ਾਂ ਨੂੰ ਭਾਰਤ ਅਤੇ ਸੂਰਮਾ ਬੱਲੇਬਾਜ਼ਾਂ ਨੇ ਸਿਰ 'ਤੇ ਚੜ੍ਹਨ ਦਾ ਮੌਕਾ ਦਿੱਤਾ, ਪਿਛਲੇ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਉਨ੍ਹਾਂ ਦੀ ਸਾਖ ਨੂੰ ਬੁਰੀ ਤਰ੍ਹਾਂ ਖੁਰਚਿਆ ਸੀ।
ਇੰਗਲੈਂਡ ਨੇ ਮੈਨਚੇਸਟਰ ਵਿੱਚ ਖੇਡੇ ਗਏ ਮੈਚ 'ਚ ਅਫ਼ਗਾਨਿਸਤਾਨ ਦੇ ਬਾਲਰਾਂ ਦੀ ਚੰਗੀ ਤਰ੍ਹਾਂ ਖ਼ਬਰ ਲਈ ਸੀ। 50 ਓਵਰਾਂ ਵਿੱਚ 6 ਵਿਕਟਾਂ 'ਤੇ 397 ਰਨ ਬਣਾ ਦਿੱਤੇ ਗਏ ਸਨ। ਪਾਰੀ ਵਿੱਚ ਕੁੱਲ 21 ਛੱਕੇ ਜੜੇ ਸਨ। ਸਟਾਰ ਸਪਿਨਰ ਰਾਸ਼ਿਦ ਖ਼ਾਨ ਦੇ ਖ਼ਿਲਾਫ਼ 9 ਓਵਰਾਂ ਵਿੱਚ 110 ਰਨ ਬਟੋਰੇ ਸਨ।
ਜ਼ਾਹਿਰ ਹੈ, ਰਾਸ਼ਿਦ ਅਤੇ ਉਨ੍ਹਾਂ ਦੇ ਸਾਥੀ ਗੇਂਦਬਾਜਾਂ ਦਾ ਹੌਸਲਾ ਟੁੱਟਿਆ ਹੋਇਆ ਸੀ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਇਹੀ ਸੋਚ ਕੇ ਲਿਆ ਹੋਵੇਗਾ।
ਫਿਰ ਭਾਰਤੀ ਬੱਲੇਬਾਜ਼ ਇਸ ਫ਼ੈਸਲੇ ਅਤੇ ਵਿਰੋਧੀ ਟੀਮ ਦੇ ਹੌਸਲੇ ਪਸਤ ਹੋਣ ਦਾ ਫਾਇਦਾ ਕਿਉਂ ਨਹੀਂ ਚੁੱਕ ਸਕੇ?
ਉਹ ਵੀ ਉਦੋਂ ਜਦੋਂ ਭਾਰਤੀ ਟੀਮ ਵਿੱਚ ਦੁਨੀਆਂ ਦੇ ਨੰਬਰ ਵਨ ਬੱਲੇਬਾਜ਼ ਕਪਤਾਨ ਵਿਰਾਟ ਕੋਹਲੀ ਹਨ। ਹਿੱਟ ਮੈਨ ਕਹੇ ਜਾਣ ਵਾਲੇ ਧੁਰੰਧਰ ਓਪਨਰ ਰੋਹਿਤ ਸ਼ਰਮਾ ਹਨ। ਦੁਨੀਆਂ ਦੇ ਬੈਸਟ ਫਿਨੀਸ਼ਰ ਕਹੇ ਜਾਂਦੇ ਮਹਿੰਦਰ ਸਿੰਘ ਧੋਨੀ ਹਨ।
ਕੇਐੱਲ ਰਾਹੁਲ, ਹਾਰਦਿਕ ਪਾਂਡਿਆ ਅਤੇ ਕੇਦਾਰ ਜਾਧਵ ਦੀ ਗਿਣਤੀ ਵੀ ਵਿਰੋਧੀ ਗੇਂਦਬਾਜ਼ਾਂ ਦੀ ਧਾਰ ਕੁੰਦ ਕਰਨ ਵਾਲੇ ਬੱਲੇਬਾਜ਼ਾਂ ਦੇ ਤੌਰ 'ਤੇ ਹੋਣ ਲੱਗੀ ਹੈ।
ਪਰ ਮੈਦਾਨ 'ਤੇ ਜੋ ਨਜ਼ਾਰਾ ਦਿਖਿਆ, ਉਸ ਤੋਂ ਸਾਫ਼ ਹੈ ਕਿ ਭਾਰਤੀ ਟੀਮ ਦੇ ਬੱਲੇਬਾਜ਼ ਰਣਨੀਤੀ ਦੇ ਮੋਰਚੇ 'ਤੇ ਮਾਤ ਖਾ ਗਏ। ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਗ਼ਲਤੀਆਂ ਕੀਤੀਆਂ।
ਇਹ ਵੀ ਪੜ੍ਹੋ:
1. ਰੱਖਿਆਤਮਕ ਰੁਖ ਕਿਉਂ?
ਕਪਤਾਨ ਨੇ ਟਾਸ ਜਿੱਤਿਆ ਅਤੇ ਬੱਲੇਬਾਜ਼ ਹੌਲੀ ਪਿੱਚ ਦੇ ਮੁਤਾਬਕ ਖ਼ੁਦ ਨੂੰ ਢਾਲਣ ਵਿੱਚ ਨਾਕਾਮ ਰਹੇ। ਉਹ ਲੋੜ ਤੋਂ ਵੱਧ ਰੱਖਿਆਤਮਕ ਹੋ ਗਏ।
ਅਫਗਾਨਿਸਤਾਨ ਖ਼ਿਲਾਫ਼ ਇੰਗਲੈਂਡ ਦੀ ਰਣਨੀਤੀ ਸਾਫ਼ ਸੀ। ਉਹ ਇਸ ਟੀਮ ਦੇ ਗੇਂਦਬਾਜ਼ਾਂ ਨੂੰ ਸਿਰ 'ਤੇ ਚੜ੍ਹਨ ਦਾ ਮੌਕਾ ਨਹੀਂ ਦੇਣਾ ਚਾਹੁੰਦੇ ਸਨ। ਇਹ ਰਣਨੀਤੀ ਕਾਮਯਾਬ ਵੀ ਹੋਈ।
ਉੱਥੇ ਹੀ, ਕਰੀਬ ਪੰਜ ਦਿਨ ਬਾਅਦ ਮੈਦਾਨ ਵਿੱਚ ਉਤਰੀ ਭਾਰਤੀ ਟੀਮ ਦੇ ਬੱਲੇਬਾਜ਼ ਸ਼ੁਰੂਆਤ ਤੋਂ ਹੀ ਅਫ਼ਗਾਨਿਸਤਾਨ ਦੇ ਗੇਂਦਬਾਜ਼ਾਂ ਖਾਸ ਕਰਕੇ ਸਪਿਨਰਾਂ ਖ਼ਿਲਾਫ਼ ਇਸ ਤਰ੍ਹਾਂ ਰੱਖਿਆਤਮਕ ਹੋ ਗਏ, ਮੰਨੋ ਉਹ ਬੱਲੇਬਾਜ਼ੀ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆ ਦੇ ਰਹੇ ਹੋਣ।
ਗੇਂਦਬਾਜ਼ੀ ਦੀ ਸ਼ੁਰੂਆਤ ਕਰਨ ਵਾਲੇ ਨੌਜਵਾਨ ਸਪਿਨਰ ਮੁਜੀਬ ਉਰ ਰਹਿਮਾਨ ਨੇ ਦੋ ਓਵਰਾਂ ਵਿੱਚ ਰੋਹਿਤ ਸ਼ਰਮਾ ਨੂੰ ਕਰੀਜ ਵਿੱਚ ਬੰਨ ਕੇ ਰੱਖਿਆ ਅਤੇ ਤੀਜੇ ਓਵਰ ਵਿੱਚ ਉਹ ਦਬਾਅ 'ਚ ਖਿੱਲਰ ਗਏ।
2. ਵਿਕਟ ਦੀ ਕੀਮਤ ਨਹੀਂ ਸਮਝੀ
ਤਸਵੀਰ ਦਾ ਰੁਖ ਬਦਲ ਵੀ ਸਕਦਾ ਸੀ। ਕਪਤਾਨ ਕੋਹਲੀ ਹਮਲਾਵਰ ਤੇਵਰਾਂ ਨਾਲ ਮੈਦਾਨ ਵਿੱਚ ਉਤਰੇ। ਪਰ ਲੋਕੇਸ਼ ਰਾਹੁਲ ਨੇ ਅਫ਼ਗਾਨਿਸਤਾਨ ਦੇ ਗੇਂਦਬਾਜ਼ਾਂ ਨੂੰ ਵਾਪਸੀ ਦਾ ਮੌਕਾ ਦੇ ਦਿੱਤਾ।
ਕਪਤਾਨ ਕੋਹਲੀ ਦੇ ਨਾਲ ਹਾਫ਼ ਸੈਂਚੂਰੀ ਸਾਂਝੇਦਾਰੀ ਤੋਂ ਬਾਅਦ ਉਨ੍ਹਾਂ ਨੇ ਮੁਹੰਮਦ ਨਬੀ ਦੀ ਗੇਂਦ 'ਤੇ ਰਿਵਰਸ ਸਵੀਪ ਕਰਨ ਦਾ ਜੋਖ਼ਿਮ ਲਿਆ ਅਤੇ ਆਪਣਾ ਵਿਕਟ ਗਿਫਟ ਕਰ ਗਏ।
ਪੈਰ ਲੱਗਣ ਤੋਂ ਬਾਅਦ ਵਿਕਟ ਵਿਜੇ ਸ਼ੰਕਰ ਨੇ ਵੀ ਦਿੱਤਾ। ਉਹ ਵੀ ਸਪਿਨਰਾਂ ਅੱਗੇ ਮੁਸ਼ਕਲ ਵਿੱਚ ਦਿਖ ਰਹੇ ਸਨ।
ਚਾਰ ਓਵਰ ਤੋਂ ਬਾਅਦ ਨਬੀ ਨੇ ਭਰੋਸੇ ਦੇ ਨਾਲ ਖੇਡ ਰਹੇ ਭਾਰਤੀ ਕਪਤਾਨ ਕੋਹਲੀ ਨੂੰ ਵੀ ਜਾਲ ਵਿੱਚ ਫਸਾ ਲਿਆ।
ਇਸ ਤੋਂ ਬਾਅਦ ਤਾਂ ਮੈਚ ਵਿੱਚ ਅਫ਼ਗਾਨਿਸਤਾਨ ਦੇ ਗੇਂਦਬਾਜ਼ਾਂ ਦਾ ਹੀ ਬੋਲਬਾਲਾ ਸੀ।
3. ਬੈਸਟ ਫਿਨੀਸ਼ਰ ਨੂੰ ਕੀ ਹੋਇਆ?
ਭਾਰਤੀ ਟੀਮ ਨੂੰ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਬਹੁਤ ਉਮੀਦ ਸੀ। 345 ਮੈਚਾਂ ਦਾ ਤਜ਼ਰਬਾ ਰੱਖਣ ਵਾਲੇ ਧੋਨੀ ਅਜਿਹੇ ਬੱਲੇਬਾਜ਼ ਮੰਨੇ ਜਾਂਦੇ ਹਨ ਜੋ ਸ਼ੁਰੂਆਤ ਦੀਆਂ ਕਮੀਆਂ ਦੀ ਆਖ਼ਰ ਵਿੱਚ ਭਰਪਾਈ ਕਰ ਸਕਦੇ ਹਨ। ਧੋਨੀ ਜਿਸ ਅੰਦਾਜ਼ ਵਿੱਚ ਪੈਰ ਲਗਾਉਣ 'ਚ ਸਮਾਂ ਲੈ ਰਹੇ ਸਨ, ਉਸ ਤੋਂ ਲੱਗਿਆ ਕਿ ਉਹ ਸਹੀ ਮੌਕੇ 'ਤੇ ਗੇਅਰ ਬਦਲਣਗੇ।
ਪਰ ਧੋਨੀ ਦਾ ਜਾਦੂ ਵੀ ਸ਼ਨੀਵਾਰ ਨੂੰ ਫਿੱਕਾ ਰਿਹਾ। ਉਹ ਅਫ਼ਗਾਨਿਸਤਾਨ ਦੇ ਸਪਿਨਰਾਂ ਦੀ ਕਾਟ ਲੱਭਣ ਵਿੱਚ ਨਾਕਾਮ ਰਹੇ। ਧੋਨੀ ਵਨਡੇ ਕਰੀਅਰ ਵਿੱਚ ਦੂਜੀ ਵਾਰ ਸਟੰਪ ਹੋਏ। ਇਹ ਦਿਖਾਉਂਦਾ ਹੈ ਕਿ ਉਹ ਅਫ਼ਗਾਨਿਸਤਾਨ ਟੀਮ ਦੇ ਗੇਂਦਬਾਜ਼ਾਂ ਅੱਗੇ ਕਿਸ ਤਰ੍ਹਾਂ ਦਬਾਅ ਵਿੱਚ ਸਨ।
4. ਪਲਾਨਿੰਗ ਕਿਉਂ ਹੋਈ ਫੇਲ
ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਇਹ ਤੀਜਾ ਵਨਡੇ ਮੈਚ ਹੈ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਬੀਤੇ ਸਾਲ 25 ਸਤੰਬਰ ਨੂੰ ਆਹਮੋ-ਸਾਹਮਣੇ ਆਈਆਂ ਸਨ। ਉਦੋਂ ਅਫਗਾਨਿਸਤਾਨ ਦੀ ਟੀਮ ਮੈਚ ਟਾਈ ਕਰਵਾਉਣ ਵਿੱਚ ਕਾਮਯਾਬ ਰਹੀ ਸੀ।
ਸਵਾਲ ਇਹ ਹੈ ਕਿ ਕੀ ਭਾਰਤੀ ਟੀਮ ਮੈਨੇਜਮੈਂਟ ਨੇ ਜਦੋਂ ਮੈਚ ਨੂੰ ਲੈ ਕੇ ਰਣਨੀਤੀ ਬਣਾਈ ਉਦੋਂ ਇਸ ਨੂੰ ਧਿਆਨ ਵਿੱਚ ਨਹੀਂ ਰੱਖਿਆ?
ਜਾਂ ਫਿਰ ਇਸ ਨਤੀਜੇ ਨੂੰ ਧਿਆਨ ਵਿੱਚ ਰੱਖ ਕੇ ਭਾਰਤੀ ਟੀਮ ਜ਼ਿਆਦਾ ਰੱਖਿਆਤਮਕ ਹੋ ਗਈ?
ਮੌਜੂਦਾ ਵਰਲਡ ਕੱਪ ਵਿੱਚ ਭਾਰਤੀ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ ਪਰ ਫਿਰ ਵੀ ਭਾਰਤੀ ਟੀਮ ਦਾ ਤਾਕਤ ਬੱਲੇਬਾਜ਼ੀ ਹੀ ਮੰਨੀ ਜਾਂਦੀ ਹੈ। ਭਾਰਤ ਦੇ ਕੋਲ ਮੈਚ ਦਾ ਰੁਖ ਬਦਲਣ ਵਾਲੇ ਧੁਰੰਧਰ ਬੱਲੇਬਾਜ਼ਾਂ ਦੀ ਕਤਾਰ ਹੈ।
ਪਰ, ਇਨ੍ਹਾਂ ਵਿੱਚੋਂ ਕਿਸੇ ਬੱਲੇਬਾਜ਼ ਨੇ ਮੈਦਾਨ 'ਤੇ ਇਹ ਨਹੀਂ ਦਿਖਾਇਆ ਕਿ ਉਹ ਹੌਲੀ ਪਿੱਚ 'ਤੇ ਅਫਗਾਨਿਸਤਾਨ ਦੇ ਸਪਿਨਰ ਦੀ ਕਾਟ ਤਲਾਸ਼ ਕੇ ਆਏ ਹਨ। ਜਦਕਿ ਭਾਰਤ ਦੇ ਜ਼ਿਆਦਾਤਰ ਬੱਲੇਬਾਜ਼ ਆਈਪੀਐੱਲ ਵਿੱਚ ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖ਼ਾਨ ਅਤੇ ਮੁਜੀਬ ਉਰ ਰਹਿਮਾਨ ਦਾ ਸਾਹਮਣਾ ਕਰਦੇ ਰਹੇ ਹਨ।
ਰਿਸ਼ਭ ਪੰਤ ਅਜਿਹੇ ਬੱਲੇਬਾਜ਼ ਮੰਨੇ ਜਾਂਦੇ ਹਨ, ਜੋ ਵਿਰੋਧੀ ਗੇਂਦਬਾਜ਼ਾਂ ਨੂੰ ਦਬਾਅ ਵਿੱਚ ਲਿਆ ਸਕਦੇ ਹਨ ਪਰ ਉਸ ਨੂੰ ਕਿਉਂ ਨਹੀਂ ਅਜ਼ਮਾਇਆ ਗਿਆ?
ਇੰਗਲੈਂਡ ਦੇ ਬੱਲੇਬਾਜ਼ਾਂ ਦੀ ਤਰ੍ਹਾਂ ਭਾਰਤ ਦੇ ਕਿਸੇ ਬੱਲੇਬਾਜ਼ ਨੇ ਅਫਗਾਨਿਸਤਾਨ ਦੇ ਗੇਂਦਬਾਜ਼ਾਂ ਦੀ ਧਾਰ ਕੁੰਦ ਕਰਨ ਦੀ ਕੋਸ਼ਿਸ਼ ਵੀ ਕਿਉਂ ਨਹੀਂ ਕੀਤੀ?
ਭਾਰਤੀ ਪਾਰੀ ਵਿੱਚ ਸਿਰਫ਼ ਇੱਕ ਹੀ ਛੱਕਾ ਲੱਗਿਆ। ਇਹ ਕੇਦਾਰ ਜਾਧਵ ਦੇ ਬੱਲੇ ਤੋਂ ਨਿਕਲਿਆ। ਜੇਕਰ ਭਾਰਤੀ ਬੱਲੇਬਾਜ਼ ਰੱਖਿਆਤਮਕ ਰੁਖ ਅਪਣਾਉਣ ਦੀ ਬਜਾਏ ਹਮਲਾਵਰ ਅੰਦਾਜ਼ ਦਿਖਾਉਂਦੇ ਤਾਂ ਕੀ ਗ਼ੈਰ-ਤਜ਼ਰਬੇਕਾਰ ਅਫ਼ਗਾਨਿਸਤਾਨ ਟੀਮ ਇਸ ਕਦਰ ਕਾਮਯਾਬ ਹੁੰਦੀ?
ਇਸਦਾ ਜਵਾਬ ਇੰਗਲੈਂਡ ਟੀਮ ਦੇ ਸਕੋਰ ਵਿੱਚ ਲੱਭਿਆ ਜਾ ਸਕਦਾ ਹੈ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: