You’re viewing a text-only version of this website that uses less data. View the main version of the website including all images and videos.
ਕ੍ਰਿਕਟ ਵਿਸ਼ਵ ਕੱਪ 2019- ਉਹ 5 ਮੌਕੇ ਜਦੋਂ ਵਿਸ਼ਵ ਕੱਪ 'ਚ ਭਾਰਤ-ਪਾਕ ਮੈਚ ਬਣਿਆ ਦਿਲਚਸਪ
ਭਾਰਤ ਤੇ ਪਾਕਿਸਤਾਨ ਵਿਚਾਲੇ 1996 ਵਿਸ਼ਵ ਕੱਪ ਦੇ ਕੁਆਟਰ ਫਾਈਨਲ ਦਾ ਮੁਕਾਬਲਾ ਬੈਂਗਲੌਰ ਵਿੱਚ ਚੱਲ ਰਿਹਾ ਸੀ। ਪਾਕਿਸਤਾਨ ਭਾਰਤ ਦੇ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਿਹਾ ਸੀ ਤੇ ਉਸ ਦਾ ਸਕੋਰ 109/1 ਸੀ।
ਭਾਰਤ ਦੇ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸ਼ਾਦ ਨੇ ਗੇਂਦ ਸੁੱਟੀ, ਪਾਕਿਸਤਾਨ ਦੇ ਬੱਲੇਬਾਜ਼ ਆਮਿਰ ਸੋਹੇਲ ਨੇ ਆਫ ਸਾਈਡ ਵਿੱਚ ਕਵਰਜ਼ 'ਚੋਂ ਸ਼ਾਨਦਾਰ ਚੌਕਾ ਮਾਰਿਆ।
ਸ਼ੌਟ ਮਾਰਨ ਤੋਂ ਬਾਅਦ ਵੈਂਕਟੇਸ਼ ਨੂੰ ਇਸ਼ਾਰਾ ਕੀਤਾ ਕਿ ਵੇਖੋ ਤੁਹਾਡੀ ਬੌਲ ਨੂੰ ਕਿੱਥੇ ਪਹੁੰਚਾਇਆ ਹੈ। ਦੋਹਾਂ ਵਿਚਾਲੇ ਬਹਿੱਸ ਹੋਈ। ਅਗਲੀ ਗੇਂਦ ਵੈਂਕਟੇਸ਼ ਨੇ ਸੁੱਟੀ ਤਾਂ ਉਹ ਸਿੱਧਾ ਆਮਿਰ ਸੋਹੇਲ ਦੀਆਂ ਵਿਕਟਾਂ ਵਿੱਚ ਜਾ ਕੇ ਲੱਗੀ...। ਫਿਰ ਵੈਂਕਟੇਸ਼ ਸਣੇ ਭਾਰਤ ਦੀ ਪੂਰੀ ਟੀਮ ਦਾ ਜਸ਼ਨ ਵੇਖਣ ਵਾਲਾ ਸੀ।
ਇਹ ਵੀ ਪੜ੍ਹੋ:
ਜਦੋਂ ਵੀ ਭਾਰਤ-ਪਾਕਿਸਤਾਨ ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੁੰਦੇ ਹਨ ਤਾਂ ਅਜਿਹਾ ਰੋਮਾਂਚ ਹੀ ਵੇਖਣ ਨੂੰ ਮਿਲਦਾ ਹੈ। ਹੁਣ ਤੱਕ ਭਾਰਤ-ਪਾਕਿਸਤਾਨ 6 ਵਾਰ ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੋ ਚੁੱਕੇ ਹਨ।
ਹਰ ਵਾਰ ਜਿੱਤ ਭਾਰਤ ਦੇ ਖਾਤੇ ਵਿੱਚ ਹੀ ਗਈ ਹੈ ਪਰ ਮੁਕਾਬਲਾ ਹਮੇਸ਼ਾ ਦਿਲਚਸਪ ਰਿਹਾ ਹੈ।
ਜਾਵੇਦ ਮਿਆਂਦਾਦ ਦੀਆਂ ਛਾਲਾਂ
1992 ਦੇ ਵਿਸ਼ਵ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਦਾ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਮੁਕਾਬਲਾ ਹੋਇਆ ਸੀ।
ਉਸ ਮੈਚ ਵਿੱਚ ਪਾਕਿਸਤਾਨ ਦੇ ਵੱਡੇ ਬੱਲੇਬਾਜ਼ ਜਾਵੇਦ ਮਿਆਂਦਾਦ ਭਾਰਤ ਦੇ 216 ਦੌੜਾਂ ਦੇ ਸਕੋਰ ਦਾ ਪਿੱਛਾ ਕਰਦੇ ਹੋਏ ਬੱਲੇਬਾਜ਼ੀ ਕਰ ਰਹੇ ਸਨ।
ਅਚਾਨਕ ਮਿਆਂਦਾਦ ਪਿੱਛੇ ਖੜ੍ਹੇ ਵਿਕਟ ਕੀਪਰ ਕਿਰਨ ਮੋਰੇ ਨਾਲ ਬਹਿਸ ਕਰਨ ਲੱਗੇ। ਅਸਲ ਵਿੱਚ ਮਿਆਂਦਾਦ ਨੂੰ ਕਿਰਨ ਮੋਰੇ ਦਾ ਵਿਕਟ ਪਿੱਛੇ ਬੋਲਣਾ ਪਸੰਦ ਨਹੀਂ ਆ ਰਿਹਾ ਸੀ।
ਫਿਰ ਉਨ੍ਹਾਂ ਨੇ ਅੰਪਾਇਰ ਨੂੰ ਸ਼ਿਕਾਇਤ ਕੀਤੀ ਪਰ ਕਿਰਨ ਮੋਰੇ ਨੇ ਅਜਿਹਾ ਵਿਖਾਇਆ ਕਿ ਜਿਵੇਂ ਉਨ੍ਹਾਂ ਨੂੰ ਤਾਂ ਕੁਝ ਪਤਾ ਹੀ ਨਹੀਂ।
ਫਿਰ ਇੱਕ ਗੇਂਦ 'ਤੇ ਜਾਵੇਦ ਮਿਆਂਦਾਦ ਨੇ ਆਫ ਸਾਈਡ ਵੱਲ ਸ਼ੌਟ ਮਾਰਿਆ ਤੇ ਭੱਜਣ ਲੱਗੇ ਪਰ ਵਾਪਸ ਮੁੜ ਗਏ। ਕਿਰਨ ਮੋਰੇ ਨੇ ਕਿੱਲੀਆਂ ਵਿਖੇਰ ਦਿੱਤੀਆਂ ਪਰ ਜਾਵੇਦ ਮਿਆਂਦਾਦ ਨੌਟ ਆਊਟ ਕਰਾਰ ਦਿੱਤੇ ਗਏ।
ਉਸ ਓਵਰ ਦੇ ਖ਼ਤਮ ਹੋਣ ਤੋਂ ਬਾਅਦ ਗੁੱਸੇ ਵਿੱਚ ਆਏ ਜਾਵੇਦ ਮਿਆਂਦਾਦ ਨੇ ਉੱਚੀਆਂ ਛਾਲਾਂ ਮਾਰੀਆਂ।
ਉਨ੍ਹਾਂ ਦੀ ਛਾਲ ਸਟੰਪਸ ਤੱਕ ਜਾ ਰਹੀ ਸੀ। ਭਾਵੇਂ ਉਹ ਮੈਚ ਪਾਕਿਸਤਾਨ ਹਾਰ ਗਿਆ ਪਰ ਜਾਵੇਦ ਮਿਆਂਦਾਦ ਦੀਆਂ ਛਾਲਾਂ ਉਚ ਮੈਚ ਨੂੰ ਯਾਦਗਾਰ ਬਣਾ ਗਈਆਂ।
ਸਚਿਨ ਦੇ ਜ਼ੋਰਦਾਰ ਸ਼ੌਟਸ
2003 ਦੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਭਾਰਤ ਦੇ ਸਾਹਮਣੇ 274 ਦੌੜਾਂ ਦਾ ਟੀਚਾ ਰੱਖਿਆ ਸੀ।
ਭਾਰਤ ਵੱਲੋਂ ਵੀਰੇਂਦਰ ਸਹਿਵਾਗ ਤੇ ਸਚਿਨ ਤੈਂਦੁਲਕਰ ਮੈਦਾਨ 'ਤੇ ਉਤਰੇ। ਪਹਿਲਾ ਓਵਰ ਵਸੀਮ ਅਕਰਮ ਨੇ ਸੁੱਟਿਆ।
ਉਸ ਤੋਂ ਬਾਅਦ ਉਸ ਵੇਲੇ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ ਵਿੱਚ ਸ਼ੁਮਾਰ ਸ਼ੋਇਬ ਅਖ਼ਤਰ ਓਵਰ ਕਰਨ ਆਏ। ਸ਼ੌਇਬ ਅਖ਼ਤਰ ਦੀਆਂ ਗੇਂਦਾਂ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆ ਰਹੀਆਂ ਸਨ।
ਓਵਰ ਦੀ ਚੌਥੀ ਗੇਂਦ ਦੇ ਸਾਹਮਣੇ ਸਚਿਨ ਆਏ। ਸ਼ੋਇਬ ਨੇ ਰਫਤਾਰ ਨੂੰ ਬਰਕਰਾਰ ਰੱਖਦੇ ਹੋਏ ਤੇਜ਼ੀ ਨਾਲ ਸ਼ੌਰਟ ਗੇਂਦ ਸੁੱਟੀ। ਗੇਂਦ ਆਫ ਸਟੰਪ ਤੋਂ ਬਾਹਰ ਸੀ ਤੇ ਤਕਰੀਬਨ ਸਿਰ ਦੀ ਉੱਚਾਈ ਦੇ ਬਰਾਬਰ ਸੀ।
ਸਚਿਨ ਨੇ ਸ਼ਾਨਦਾਰ ਅਪਰ ਕੱਟ ਲਗਾਇਆ ਤੇ ਗੇਂਦ ਬਾਊਂਡਰੀ ਤੋਂ ਪਾਰ ਛੱਕੇ ਵੱਲ ਗਈ। ਉਹ ਸ਼ੌਟ ਅੱਜ ਵੀ ਯਾਦ ਕੀਤਾ ਜਾਂਦਾ ਹੈ।
ਅਗਲੀ ਗੇਂਦ ਨੂੰ ਸ਼ਾਨਦਾਰ ਫਲਿੱਕ ਕਰਦਿਆਂ ਸਚਿਨ ਨੇ ਸੁਕਾਇਰ ਲੈਗ ਬਾਊਂਡਰੀ ਤੋਂ ਬਾਹਰ ਪਹੁੰਚਾਇਆ। ਓਵਰ ਦੀ ਆਖਰੀ ਗੇਂਦ 'ਤੇ ਸ਼ਾਨਦਾਰ ਸਟ੍ਰੇਟ ਡਰਾਈਵ ਜ਼ਰੀਏ ਅਖ਼ਤਰ ਦੀ ਰਫ਼ਤਾਰ ਦਾ ਫਾਇਦਾ ਚੁੱਕਿਆ ਤੇ ਗੇਂਦ ਬਾਊਂਡਰੀ ਤੋਂ ਬਾਹਰ ਗਈ।
ਉਸ ਓਵਰ ਵਿੱਚ ਸ਼ੋਇਬ ਅਖ਼ਤਰ ਨੇ 18 ਰਨ ਦਿੱਤੇ ਤੇ ਮੈਚ ਵੀ ਭਾਰਤ ਨੇ ਜਿੱਤਿਆ।
ਵੈਂਕਟੇਸ਼ ਪ੍ਰਸਾਦ ਦਾ ਫਿਰ ਚਮਕਣਾ
1999 ਦੇ ਵਿਸ਼ਵ ਕੱਪ ਵਿੱਚ ਭਾਰਤ ਇੱਕ ਕਮਜ਼ੋਰ ਟੀਮ ਨਜ਼ਰ ਆ ਰਹੀ ਸੀ ਤੇ ਪਾਕਿਸਤਾਨ ਦੀ ਟੀਮ ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸੀ।
ਜਦੋਂ ਉਸ ਟੂਰਨਮੈਂਟ ਵਿੱਚ ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ ਹੋਏ ਤਾਂ ਭਾਰਤ ਦਾ ਵਿਸ਼ਵ ਕੱਪ ਤੋਂ ਬਾਹਰ ਹੋਣਾ ਤੇ ਪਾਕਿਸਤਾਨ ਦਾ ਸੈਮੀਫਾਇਨਲ ਵਿੱਚ ਪਹੁੰਚਣਾ ਤਕਰੀਬਨ ਤੈਅ ਸੀ।
ਪਰ ਪਾਕਿਸਤਾਨ ਤੇ ਭਾਰਤ ਦੇ ਮੈਚ ਦਾ ਰੋਮਾਂਚ ਫਿਰ ਵੀ ਬਰਕਰਾਰ ਸੀ। ਉਹ ਸਾਲ ਕਾਰਗਿਲ ਦੀ ਲੜਾਈ ਦਾ ਵੀ ਸੀ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 227 ਦੌੜਾਂ ਬਣਾਈਆਂ। ਪਾਕਿਸਤਾਨ ਦੀ ਮਜ਼ਬੂਤ ਬੱਲੇਬਾਜ਼ੀ ਅੱਗੇ ਇਹ ਸਕੋਰ ਕਾਫੀ ਛੋਟਾ ਲਗ ਰਿਹਾ ਸੀ।
ਪਾਕਿਸਤਾਨ ਦੀ ਬੈਟਿੰਗ ਲਾਈਨਅਪ ਸਈਦ ਅਨਵਰ, ਸ਼ਾਹਿਦ ਅਫਰੀਦੀ, ਇਜਾਜ਼ ਅਹਿਮਦ, ਸਲੀਮ ਮਲਿਕ ਤੇ ਇੰਜ਼ਮਾਮ-ਉਲ-ਹੱਕ ਨਾਲ ਸਜੀ ਸੀ।
ਪਰ ਵੈਂਕਟੇਸ਼ ਪ੍ਰਸਾਦ ਤੇ ਜਵਾਗਲ ਸ਼੍ਰੀਨਾਥ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਪਾਕਿਸਤਾਨ ਦੀ ਪੂਰੀ ਟੀਮ ਢਹਿ ਢੇਰੀ ਹੋ ਗਈ ਸੀ।
ਵੈਂਕਟੇਸ਼ ਪ੍ਰਸਾਦ ਨੇ ਉਸ ਮੈਚ ਵਿੱਚ 5 ਵਿਕਟਾਂ ਲਈਆਂ ਸਨ ਜਦਕਿ ਜਵਾਗਲ ਸ਼੍ਰੀਨਾਥ ਨੇ ਤਿੰਨ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਆਊਟ ਕੀਤਾ ਸੀ।
ਇਹ ਵੀ ਪੜ੍ਹੋ:
ਜਦੋਂ ਇੱਕੋ ਮੈਚ ਵਿੱਚ ਸਚਿਨ ਦੇ 4 ਕੈਚ ਮਿਸ ਹੋਏ
2011 ਦਾ ਸੈਮੀ ਫਾਇਨਲ ਮੁਕਾਬਲਾ ਸੀ। ਭਾਰਤ ਪਹਿਲਾਂ ਬੱਲੇਬਾਜ਼ੀ ਕਰ ਰਿਹਾ ਸੀ। ਸਚਿਨ ਜਦੋਂ 27 ਦੌੜਾਂ ਦੇ ਸਕੋਰ 'ਤੇ ਸਨ ਤਾਂ ਉਨ੍ਹਾਂ ਦਾ ਪਹਿਲਾ ਕੈਚ ਛੁੱਟਿਆ। ਦੂਜਾ ਕੈਚ ਗੌਤਮ ਗੰਭੀਰ ਦੇ ਆਊਟ ਹੋਣ ਦੇ ਇੱਕ ਓਵਰ ਬਾਅਦ ਦੀ ਛੁੱਟਿਆ ਸੀ।
ਉਸ ਵੇਲੇ ਸਚਿਨ 45 ਦੇ ਸਕੋਰ 'ਤੇ ਸਨ। ਕੁਝ ਓਵਰ ਬਾਅਦ ਇੱਕ ਹੋਰ ਕੈਚ ਛੁੱਟਿਆ। ਜਦੋਂ ਸਚਿਨ 81 ਦੇ ਸਕੋਰ ਉੱਤੇ ਪਹੁੰਚੇ ਤਾਂ ਉਨ੍ਹਾਂ ਦਾ ਚੌਥੀ ਵਾਰ ਕੈਚ ਛੁੱਟਿਆ। ਇਸ ਤਰ੍ਹਾਂ ਸਚਿਨ ਨੂੰ ਇੱਕੋ ਮੈਚ ਵਿੱਚ ਚਾਰ ਚਾਂਸ ਮਿਲੇ ਸਨ।
ਇੱਥੇ ਮਜ਼ੇਦਾਰ ਗੱਲ ਤਾਂ ਇਹ ਕਿ ਚਾਰੋ ਕੈਚ ਇੱਕੋ ਗੇਂਦਬਾਜ਼ ਸ਼ਾਹਿਦ ਅਫਰੀਦੀ ਦੀਆਂ ਗੇਂਦਾਂ 'ਤੇ ਮਿਸ ਹੋਏ ਸਨ।
ਇਹ ਵੀਡੀਓ ਵੀ ਜ਼ਰੂਰ ਦੇਖੋ