ਮੋਦੀ-ਇਮਰਾਨ, ਵਿਰਾਟ-ਸਰਫ਼ਰਾਜ਼ ਜਦੋਂ ਹੋਣਗੇ ਆਹਮੋ-ਸਾਹਮਣੇ : ਵੁਸਤੁੱਲਾਹ ਦਾ ਬਲਾਗ਼

    • ਲੇਖਕ, ਵੁਸਤੁੱਲਾਹ ਖ਼ਾਨ
    • ਰੋਲ, ਪਾਕਿਸਤਾਨ ਤੋਂ ਬੀਬੀਸੀ ਲਈ

ਪਾਕਿਸਤਾਨ ਲਈ ਅੱਜ ਤੋਂ ਸ਼ੁਰੂ ਹੋਣ ਵਾਲਾ ਹਫ਼ਤਾ ਬਹੁਤ ਤੂਫ਼ਾਨੀ ਹੈ। ਅੱਜ ਮੰਗਲਵਾਰ ਨੂੰ ਪਾਕਿਸਤਾਨ ਅਗਲੇਰੇ ਮਾਲੀ ਸਾਲ ਦਾ ਬਜਟ ਪੇਸ਼ ਕਰਨ ਵਾਲਾ ਹੈ।

ਸਾਰਿਆਂ ਦਾ ਇੱਥੇ ਲਹੂ ਸੁੱਕ ਰਿਹਾ ਹੈ, ਇਹ ਸੋਚ-ਸੋਚ ਕੇ, ਕਿ ਕੌਮਾਂਤਰੀ ਮੁਦਰਾ ਕੋਸ਼ ਤੋਂ ਅਗਲੇ ਤਿੰਨ ਸਾਲਾਂ ਲਈ ਵਿਆਜ਼ 'ਤੇ 6 ਅਰਬ ਡਾਲਰ ਮਿਲਣ ਤੋਂ ਪਹਿਲਾਂ ਦੇਸ ਦੇ ਅਰਥਚਾਰੇ 'ਚ ਆਰਥਿਕ ਸੰਤੁਲਨ ਲੈ ਕੇ ਆਉਣ ਦੇ ਨਾਮ 'ਤੇ ਕਿਹੜੇ-ਕਿਹੜੇ ਟੈਕਸ ਜਨਤਾ 'ਤੇ ਲੱਦੇ ਜਾਣਗੇ।

ਫੌਜ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਸ ਨੂੰ ਨਵੇਂ ਬਜਟ 'ਚੋਂ ਕੋਈ ਨਵਾਂ ਪੈਸਾ ਨਹੀਂ ਚਾਹੀਦਾ, ਜਿੰਨਾਂ ਪੈਸਾ ਮਿਲ ਰਿਹਾ ਹੈ, ਉਨ੍ਹਾਂ ਅਗਲੇ ਸਾਲ ਲਈ ਵੀ ਕਾਫੀ ਹੋਵੇਗਾ, ਯਾਨਿ ਇੱਕ ਹਜ਼ਾਰ ਕਰੋੜ ਰੁਪਏ।

ਪਰ ਜਦੋਂ ਫ਼ੌਜ ਨੇ ਕਮਰ ਕੱਸ ਹੀ ਲਈ ਹੈ ਤਾਂ ਵਪਾਰੀ, ਉਦਯੋਗਪਤੀ, ਪੂੰਜੀਪਤੀ ਅਤੇ ਕਰੋੜਾਂ ਲੋਕਾਂ ਦੀ ਕੀ ਮਜਾਲ ਕਿ ਨਵੇਂ ਟੈਕਸਾਂ 'ਤੇ ਚੂੰ ਵੀ ਕੱਢ ਸਕਣ।

ਇਸ ਲਈ ਆਗਾਮੀ ਬਜਟ ਦੇ ਇੰਤਜ਼ਾਰ 'ਚ ਅਸੀਂ ਸਾਰੇ ਸਾਹ ਰੋਕੇ, ਸੀਟ ਬੈਲਟ ਬੰਨ੍ਹੀ ਬੈਠੇ ਹਾਂ ਕਿਉਂਕਿ ਅਰਥਚਾਰੇ ਦੇ ਮੌਸਮ ਦੀ ਖ਼ਰਾਬੀ ਕਾਰਨ ਆਰਥਿਕ ਉਡਾਣ ਘੱਟੋ-ਘੱਟ ਅਗਲੇ ਦੋ ਸਾਲ ਲਈ ਬਹੁਤ ਹੀ ਝਟਕੇਦਾਰ ਹੋਣ ਵਾਲੀ ਹੈ, ਦੋ ਸਕੇ ਤਾਂ ਸਾਡੇ ਲਈ ਦੁਆ ਕਰੋ।

ਮੰਗਲਵਾਰ ਤੋਂ ਬਾਅਦ ਆਉਣਗੇ ਵੀਰਵਾਰ ਅਤੇ ਸ਼ੁੱਕਰਵਾਰ, ਜਦੋਂ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ 'ਚ ਸ਼ੰਘਾਈ ਕੋਆਪਰੇਸ਼ਨ ਆਰਗਨਾਈਜੇਸ਼ਨ ਦੀ ਸ਼ਿਖ਼ਰ ਬੈਠਕ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਹਿੱਸਾ ਲੈਣਗੇ।

ਅਜੇ ਤੱਕ ਤਾਂ ਇਹੀ ਕਿਹਾ ਜਾ ਰਿਹਾ ਹੈ ਕਿ ਮੋਦੀ ਜੀ ਦਾ ਜਹਾਜ਼ ਇੱਕ ਵਿਸ਼ੇਸ਼ ਆਗਿਆ ਪੱਤਰ ਦੇ ਨਾਲ ਬਿਸ਼ਕੇਕ ਆਉਂਦਿਆਂ-ਜਾਂਦਿਆਂ ਪਾਕਿਸਤਾਨ ਦੇ ਉਤੋਂ ਲੰਘੇਗਾ।

ਪਰ ਇਸ ਦਾ ਇਹ ਮਤਲਬ ਤਾਂ ਨਹੀਂ ਹੈ ਕਿ ਦੋਵੇਂ ਨਾਰਾਜ਼ ਨਹੀਂ ਹਨ। ਦੋਵੇਂ ਇੱਕ ਹੀ ਹਾਲ 'ਚ ਬੈਠਣਗੇ ਅਤੇ ਗਰੁੱਪ ਫੋਟੋ 'ਚ ਵੀ ਹੋਣਗੇ ਪਰ ਇੱਕ-ਦੂਜੇ ਨਾਲ ਨਹੀਂ ਮਿਲਣਗੇ।

ਦੋਵੇਂ ਬਾਕੀ ਸਾਰੇ ਨੇਤਾਵਾਂ ਨਾਲ ਮਿਲਣਗੇ ਪਰ ਇੱਕ-ਦੂਜੇ ਨਾਲ ਨਹੀਂ ਮਿਲਣਗੇ।

ਦੋਵੇਂ ਨੇਤਾਵਾਂ ਦਾ ਇਹ ਬਚਪਨਾ ਬਾਕੀ ਨੇਤਾ ਬੇਹੱਦ ਦਿਲਚਸਪੀ ਨਾਲ ਦੇਖ ਕੇ ਮਜ਼ਾ ਲੈਣਗੇ। ਪਰ ਅਜਿਹਾ ਤਾਂ ਪਹਿਲਾਂ ਵੀ ਹੋਇਆ ਹੈ ਕਿ ਨਹੀਂ ਮਿਲਾਂਗੇ, ਨਹੀਂ ਮਿਲਾਂਗੇ ਕਹਿੰਦਿਆਂ ਇੱਕ-ਦੂਜੇ ਦੇ ਅੱਗਿਓਂ ਲੰਘਦਿਆਂ ਹੋਇਆ ਅਚਾਨਕ ਹੱਲ ਮਿਲਾ ਲਿਆ।

ਮੀਡੀਆ ਨੇ ਗੱਲਾਂ ਕੀਤੀਆਂ, ਟਿੱਪਣੀਆਂ ਕੀਤੀਆਂ ਅਤੇ ਬਾਅਦ 'ਚ ਮਾਮਲਾ ਉੱਥੇ ਹੀ ਢੱਕ ਦਿੱਤਾ।

ਨਾ ਮਿਲਣ ਨਾ ਕੋਈ ਲਾਭ, ਨਾ ਨਾ ਮਿਲਣ ਨਾਲ ਕਿਸੇ ਦਾ ਕੋਈ ਨੁਕਸਾਨ।

ਇਸ ਤੋਂ ਬਾਅਦ ਜਾਵੇਗਾ ਐਤਵਾਰ ਜਦੋਂ ਵਿਸ਼ਵ ਕੱਪ ਕ੍ਰਿਕਟ ਦੌਰਾਨ ਭਾਰਤ ਅਤੇ ਪਾਕਿਸਤਾਨ ਨਾ ਚਾਹੁੰਦਿਆਂ ਹੋਇਆਂ ਵੀ ਮੈਦਾਨ 'ਚ ਇੱਕ-ਦੂਜੇ ਸਾਹਮਣੇ ਖੜ੍ਹੇ ਹੋਣਗੇ।

50 ਓਵਰਾਂ ਦੇ ਮੈਚ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਕਰੀਬ 150 ਕਰੋੜ ਲੋਕ ਪਾਗ਼ਲ ਹੋਣਗੇ ਅਤੇ ਜੋ ਨਾ ਜਿੱਤਿਆ, ਉਸ ਦੀ ਸ਼ਾਮਤ ਅਤੇ ਫਾਇਰ ਇਹ ਹਫ਼ਤਾ ਵੀ ਲੰਘ ਜਾਵੇਗਾ।

ਇਸ ਤੋਂ ਬਾਅਦ ਨਵੇਂ ਹਫ਼ਤੇ 'ਚ ਉਹੀ ਹੋਵੇਗਾ ਜੋ ਸਭ ਕੁਝ ਹੁੰਦਾ ਆ ਰਿਹਾ ਹੈ।

ਵਾਘਾ-ਅਟਾਰੀ ਬਾਰਡਰ ਗੇਟ 'ਤੇ ਹਵਾ ਨੂੰ ਚੀਰਦੀਆਂ ਹੋਈਆਂ ਅਤੇ ਧਰਤੀ ਨੂੰ ਹਿਲਾਉਂਦੀਆਂ ਹੋਈਆਂ ਸੈਨਿਕਾਂ ਦੀਆਂ ਅੱਡੀਆਂ ਅਤੇ ਸਾਡੀਆਂ ਗਾਲਾਂ, ਜੈ ਹਿੰਦ, ਪਾਕਿਸਤਾਨ ਜ਼ਿੰਦਾਬਾਦ ਹੁੰਦੇ ਰਹਿਣਗੇ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)