You’re viewing a text-only version of this website that uses less data. View the main version of the website including all images and videos.
World Cup 2019: ਇੰਗਲੈਂਡ ਦੇ ਫੈਨਜ਼ ਨੂੰ ਕੱਪ ਜਿੱਤਣ ਦਾ ਭਰੋਸਾ, ਪਰ ਜੋਸ਼ ਏਸ਼ੀਆਈ ਫੈਨਜ਼ ’ਚ
- ਲੇਖਕ, ਸ਼ਿਵਾਕੁਮਾਰ ਉਲਗਨਾਥਨ
- ਰੋਲ, ਬੀਬੀਸੀ ਪੱਤਰਕਾਰ ਲੰਡਨ ਤੋਂ
"ਯੂਕੇ ਵਿੱਚ ਪਹਿਲਾਂ ਹੋਏ ਵਿਸ਼ਵ ਕੱਪ ਤੋਂ ਇਸ ਵਾਰ ਦਾ ਵਿਸ਼ਵ ਕੱਪ ਸਭ ਤੋਂ ਰੋਮਾਂਚਕ ਹੋਵੇਗਾ ਕਿਉਂਕਿ ਮੇਜ਼ਬਾਨ ਇੰਗਲੈਂਡ ਚੰਗਾ ਪ੍ਰਦਰਸ਼ਨ ਕਰ ਰਹੀ ਹੈ।"
"ਇਸ ਵਾਰ ਅਸੀਂ ਕਿਸੇ ਨੂੰ ਵਿਸ਼ਵ ਕੱਪ ਨਹੀਂ ਦੇਵਾਂਗੇ ਸਗੋਂ ਇਸ ਵਾਰ ਵਿਸ਼ਵ ਕੱਪ ਸਾਡੇ ਕੋਲ ਰਹੇਗਾ।"
ਇਹ ਵਿਚਾਰ ਮੇਰੇ ਕੈਬ ਡਰਾਈਵਰ ਦੇ ਸਨ ਜੋ ਯੂਕੇ ਵਿੱਚ ਵਿਸ਼ਵ ਦੇ ਸ਼ੁਰੂਆਤੀ ਹਫ਼ਤੇ ਦਾ ਚੰਗਾ ਆਗਾਜ਼ ਲਗ ਰਿਹਾ ਸੀ।
ਐਤਵਾਰ ਦੀ ਦੁਪਹਿਰੇ ਲੰਡਨ ਦੀਆਂ ਸੜਕਾਂ 'ਤੇ ਭੀੜਭਾੜ ਨਹੀਂ ਸੀ ਤੇ ਸੋਮਵਾਰ ਨੂੰ ਦਫ਼ਤਰਾਂ ਨੂੰ ਜਾਂਦੀ ਆਮ ਵਰਗੀ ਭੀੜ ਨਜ਼ਰ ਆਈ।
ਇਹ ਵੀ ਪੜ੍ਹੋ:
ਵਿਸ਼ਵ ਕੱਪ ਨਾਲ ਜੁੜੇ ਖ਼ਾਸ ਬੈਨਰ ਸਿਰਫ਼ ਸਟੇਡੀਅਮ ਨੇੜੇ ਹੀ ਨਜ਼ਰ ਆਏ। ਪਰ ਏਸ਼ੀਆਈ ਮੂਲ ਦੇ ਲੋਕਾਂ ਵਿਚਾਲੇ ਕ੍ਰਿਕਟ ਅਤੇ ਪਸੰਦੀਦਾ ਕ੍ਰਿਕਟ ਸਟਾਰਾਂ ਨੂੰ ਲੈ ਕੇ ਕਾਫੀ ਚਰਚਾ ਹੈ।
ਇਹੀ ਕਾਰਨ ਹੈ ਕਿ ਜੋ ਯੂਰਪੀ ਲੋਕ ਯੂਕੇ ਪਹੁੰਚ ਰਹੇ ਹਨ ਉਨ੍ਹਾਂ ਵਿੱਚ ਕ੍ਰਿਕਟ ਨੂੰ ਲੈਕੇ ਕਾਫੀ ਉਤਸੁਕਤਾ ਹੈ।
ਇੰਗਲੈਂਡ ਦੇ ਫੈਨਜ਼ ਦਾ ਆਤਮ ਵਿਸ਼ਵਾਸ ਅਸਮਾਨ ਚੜ੍ਹਿਆ
ਲੰਡਨ ਦੀ ਲੋਕਲ ਟਿਊਬ (ਲੋਕਲ ਟਰੇਨ) ਵਿੱਚ ਸਫ਼ਰ ਕਰ ਰਹੇ ਇੱਕ ਬਰਤਾਨਵੀਂ ਨੇ ਪੂਰੇ ਆਤਮ ਵਿਸ਼ਵਾਸ ਨਾਲ ਕਿਹਾ, "ਇਸ ਵਾਰ ਦਾ ਵਿਸ਼ਵ ਕੱਪ ਸਾਡੇ ਲਈ ਸਭ ਤੋਂ ਬਿਹਤਰੀਨ ਹੋਵੇਗਾ। ਸਾਡੀ ਟੀਮ ਬਹੁਤ ਸ਼ਾਨਦਾਰ ਖੇਡ ਰਹੀ ਹੈ। ਸਾਡੀ ਬੈਟਿੰਗ ਸਾਰੀਆਂ ਟੀਮਾਂ 'ਤੇ ਭਾਰੀ ਪਵੇਗੀ।"
ਇੰਗਲੈਂਡ 1992 ਦੇ ਵਿਸ਼ਵ ਕੱਪ ਤੋਂ ਬਾਅਦ ਕਦੇ ਸੈਮੀ-ਫਾਈਨਲਜ਼ ਸਟੇਜ ਤੱਕ ਨਹੀਂ ਪਹੁੰਚੀ ਹੈ।
ਜਦੋਂ ਪੁੱਛਿਆ ਕਿ ਤੁਸੀਂ ਜਿੱਤ ਦਾ ਜਸ਼ਨ ਕਿਵੇਂ ਮਨਾਉਗੇ ਤਾਂ ਜਵਾਬ ਆਉਂਦਾ ਹੈ, "ਅਸੀਂ ਏਸ਼ੀਆਈ ਲੋਕਾਂ ਵਾਂਗ ਜਸ਼ਨ ਨਹੀਂ ਮਨਾਵਾਂਗੇ।"
"ਜੇ ਫੁੱਟਬਾਲ ਦਾ ਟੂਰਨਾਮੈਂਟ ਹੁੰਦਾ ਤਾਂ ਗੱਲ ਵੱਖਰੀ ਹੁੰਦੀ ਪਰ ਕ੍ਰਿਕਟ ਦੇ ਮੈਚ ਦਾ ਅਸੀਂ ਸਿਰਫ ਆਨੰਦ ਮਾਣਾਂਗੇ ਅਤੇ ਆਪਣੀ ਟੀਮ ਦੀ ਜਿੱਤ ਦੀ ਉਮੀਦ ਕਰਾਂਗੇ।"
'ਭਾਰਤ ਨੂੰ ਮੈਚ ਤਾਂ ਖੇਡਣ ਦਿਓ'
ਇੱਕ ਕੈਫੇ ਵਿੱਚ ਬੈਠੀ ਭਾਰਤੀ ਫੈਨ ਦੀਪਾਲੀ ਨੇ ਜ਼ੋਰਦਾਰ ਆਵਾਜ਼ ਵਿੱਚ ਕਿਹਾ, "ਭਾਰਤ ਨੇ ਅਜੇ ਮੈਚ ਖੇਡਣਾ ਹੈ। ਤੁਸੀਂ ਦੇਖਣਾ ਉਸ ਮੈਚ ਤੋਂ ਬਾਅਦ ਮਾਹੌਲ ਹੀ ਬਦਲ ਜਾਵੇਗਾ। ਮੈਂਚੈਸਟਰ ਵਿੱਚ ਭਾਰਤ-ਪਾਕਿਸਤਾਨ ਦਾ ਮੈਚ ਵੀ ਤਾਂ ਹੈ।"
"ਦੇਖਣਾ ਇਹ ਮੈਚ ਪੂਰੇ ਵਿਸ਼ਵ ਕੱਪ ਦਾ ਸਭ ਤੋਂ ਸ਼ਾਨਦਾਰ ਮੈਚ ਹੋਵੇਗਾ, ਭਾਵੇਂ ਜਿੱਤੇ ਕੋਈ ਵੀ।"
ਉਸ ਦੇ ਦੋਸਤ ਕਹਿੰਦੇ ਹਨ, "ਲੰਡਨ ਦੇ ਕੁਝ ਹਿੱਸਿਆਂ ਵਿੱਚ ਭਾਰਤੀ ਮੂਲ ਦੇ ਲੋਕ ਵੱਡੀ ਗਿਣਤੀ ਵਿੱਚ ਹਨ। ਤੁਸੀਂ ਸਾਊਥ ਹਾਲ ਆਓ, ਉਹ ਤਾਂ ਮਿਨੀ ਪੰਜਾਬ ਲਗਦਾ ਹੈ।"
ਇਹ ਵੀ ਪੜ੍ਹੋ:
"ਟੂਟਿੰਗ ਵਿੱਚ ਤੁਹਾਨੂੰ ਤਮਿਲ ਲੋਕ ਵੱਡੀ ਗਿਣਤੀ ਵਿੱਚ ਮਿਲਣਗੇ। ਵੈਂਬਲੇਅ ਅਤੇ ਹੋਰ ਥਾਂਵਾਂ ਵਿੱਚ ਤੁਹਾਨੂੰ ਗੁਜਰਾਤੀ ਵੀ ਮਿਲ ਜਾਣਗੇ। ਪਰ ਕ੍ਰਿਕਟ ਉਨ੍ਹਾਂ ਨੂੰ ਜੋੜਦਾ ਹੈ, ਇਹ ਤੁਹਾਨੂੰ ਮੈਚ ਵਾਲੇ ਦਿਨ ਪਤਾ ਲਗ ਜਾਵੇਗਾ।"
ਭਾਰਤੀ ਲੋਕ ਜਿੱਥੇ ਰਹਿੰਦੇ ਹਨ ਉੱਥੇ ਤੁਹਾਨੂੰ ਕੀਚੈਨਜ਼, ਟੀ-ਸ਼ਰਟਾਂ ਕੌਫੀ ਦੇ ਮੱਗ ਮਿਲ ਜਾਣਗੇ ਜਿਨ੍ਹਾਂ ਉੱਤੇ ਭਾਰਤੀ ਖਿਡਾਰੀਆਂ ਦੇ ਨਾਂ ਛਪੇ ਹੋਣਗੇ।
ਇੰਡੀਆ ਤੇ ਪਾਕਿਸਤਾਨ, ਸਾਵਧਾਨ
ਪਰ ਜੋਸ਼ ਕੇਵਲ ਭਾਰਤੀਆਂ ਜਾਂ ਪਾਕਿਸਤਾਨੀਆਂ ਵਿੱਚ ਨਹੀਂ ਹੈ। ਬੰਗਲਾਦੇਸ਼ੀ ਤੇ ਅਫਗਾਨ ਫੈਨਜ਼ ਵੀ ਆਪਣੀ ਟੀਮ ਦੀ ਸਪੋਰਟ ਕਰਨ ਵਿੱਚ ਪਿੱਛੇ ਨਹੀਂ ਹਨ।
ਓਕਸਫੌਰਡ ਸਟ੍ਰੀਟ 'ਤੇ ਇੱਕ ਅਫਗਾਨ ਦੁਕਾਨਦਾਰ ਨੇ ਮੈਨੂੰ ਪੁੱਛਿਆ, "ਤੁਹਾਨੂੰ ਰਾਸ਼ਿਦ ਖ਼ਾਨ ਪਸੰਦ ਹੈ, ਮੈਂ ਕਿਹਾ ਕਿਉਂ ਨਹੀਂ ਉਹ ਇੱਕ ਸ਼ਾਨਦਾਰ ਗੇਂਦਬਾਜ਼ ਹੈ ਜਿਸ ਨੇ ਅਫਗਾਨਿਸਤਾਨ ਲਈ ਅਤੇ ਆਈਪੀਐੱਲ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।"
ਮੇਰੇ ਜਵਾਬ ਨੇ ਉਸ ਦੇ ਚਿਹਰੇ 'ਤੇ ਮੁਸਕਾਨ ਲਿਆ ਦਿੱਤੀ।
ਇਹ ਅਫ਼ਗਾਨ ਦੁਕਾਨਦਾਰ ਬਚਪਨ ਵਿੱਚ ਇੰਗਲੈਂਡ ਆਇਆ ਸੀ। ਉਸ ਨੇ ਅੱਗੇ ਕਿਹਾ, "ਵੇਖੋ ਯੂਰਪੀ ਲੋਕ ਕ੍ਰਿਕਟ ਨਹੀਂ ਖੇਡਦੇ ਹਨ। ਇੱਥੇ ਫੁੱਟਬਾਲ ਤੇ ਟੈਨਿਸ ਹੀ ਮਸ਼ਹੂਰ ਹੈ।”
“ਰਾਸ਼ਿਦ ਖ਼ਾਨ ਵਰਗੇ ਖਿਡਾਰੀਆਂ ਨੇ ਅਫਗਾਨਿਸਤਾਨ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਹਮੇਸ਼ਾ ਮਾੜੀਆਂ ਗੱਲਾਂ ਨੂੰ ਲੈ ਕੇ ਸੁਰਖ਼ੀਆਂ ਵਿੱਚ ਰਿਹਾ ਹੈ।"
ਅੱਗੇ ਉਸ ਨੇ ਜੋਸ਼ ਭਰੇ ਲਹਿਜ਼ੇ ਵਿੱਚ ਕਿਹਾ, "ਇੰਗਲੈਂਡ ਤੇ ਪਾਕਿਸਤਾਨ ਸਾਵਧਾਨ ਰਹਿਣ, ਅਸੀਂ ਇਸ ਵਿਸ਼ਵ ਕੱਪ ਵਿੱਚ ਉਨ੍ਹਾਂ ਖਿਲਾਫ ਮੈਚ ਵਿੱਚ ਵੱਡਾ ਉਲਟਫੇਰ ਕਰਾਂਗੇ।"
ਯੂਕੇ ਵਿੱਚ ਇਸ ਕ੍ਰਿਕਟ ਦੇ ਮਹਾਕੁੰਭ ਦਾ ਕਈ ਲੋਕਾਂ 'ਤੇ ਰੰਗ ਨਜ਼ਰ ਆ ਰਿਹਾ ਹੈ। ਏਸ਼ੀਆਈ ਲੋਕਾਂ ਦੇ ਜਸ਼ਨ ਨੇ ਅੰਗਰੇਜ਼ਾਂ ਨੂੰ ਹੈਰਾਨ ਕਰ ਦਿੱਤਾ ਹੈ ਪਰ ਅੰਗਰੇਜ਼ਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਟੀਮ ਦਾ ਪ੍ਰਦਰਸ਼ਨ ਇਸ ਵਾਰ ਸਾਰਿਆਂ ਨੂੰ ਹੈਰਾਨ ਕਰ ਦੇਵੇਗਾ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ