ਆਪਰੇਸ਼ਨ ਬਲੂ ਸਟਾਰ: ਲੰਡਨ ’ਚ 1984 ਦੇ ਬਲੂਸਟਾਰ ਆਪ੍ਰੇਸ਼ਨ ਦੀ ਬਰਸੀ ਮੌਕੇ ਕੱਢੀ ਰੈਲੀ ਵਿੱਚ ਕੀ ਸੀ ਮਾਹੌਲ

    • ਲੇਖਕ, ਕਮਲਪ੍ਰੀਤ ਕੌਰ
    • ਰੋਲ, ਲੰਡਨ ਤੋਂ ਬੀਬੀਸੀ ਪੰਜਾਬੀ ਲਈ

ਲੰਡਨ ਦਾ ਟ੍ਰਫਾਲਗਰ ਸਕੁਇਅਰ 1984 ਦੇ ਬਲੂਸਟਾਰ ਆਪ੍ਰੇਸ਼ਨ ਦੀ ਬਰਸੀ ਨੂੰ ਸਮਰਪਿਤ ਕਰਕੇ ਕੀਤੀ ਯਾਦਗਾਰ ਰੈਲੀ ਕਾਰਨ ਕੇਸਰੀ ਦਸਤਾਰਾਂ ਦੇ ਚੁੰਨੀਆਂ ਨਾਲ ਰੰਗਿਆ ਨਜ਼ਰ ਆਇਆ।

ਲੰਡਨ ਵਿੱਚ ਜੂਨ 1984 ਦੇ ਬਲੂ ਸਟਾਰ ਆਪਰੇਸ਼ਨ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਐਤਵਾਰ ਨੂੰ ਇੱਕ ਯਾਦਗਾਰੀ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਹਿੱਸਾ ਲੈਣ ਲਈ ਯੂਕੇ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਸਿੱਖ ਹਾਈਡ ਪਾਰਕ ਵਿੱਚ ਪਹੁੰਚੇ।

ਇਹ ਰੈਲੀ ਹਰ ਸਾਲ ਫੈਡਰੇਸ਼ਨ ਆਫ ਸਿੱਖ ਔਰਗਨਾਈਜ਼ੇਸ਼ਨਜ਼ ਵੱਲੋਂ ਕਰਵਾਇਆ ਜਾਂਦਾ ਹੈ। ਇਸ ਰੈਲੀ ਵਿੱਚ ਹਿੱਸਾ ਲੈਣ ਪਹੁੰਚੇ ਸਿੱਖਾਂ ਨੇ ਕੇਸਰੀ ਦਸਤਾਰਾਂ ਸਜਾਈਆਂ ਹੋਈਆਂ ਸਨ ਤੇ ਔਰਤਾਂ ਨੇ ਕੇਸਰੀ ਚੁੰਨੀਆਂ ਸਿਰਾਂ 'ਤੇ ਲਈਆਂ ਹੋਈਆਂ ਸਨ।

ਇਸ ਰੈਲੀ ਵਿੱਚ ਕੇਸਰੀ ਅਤੇ ਨੀਲੇ ਰੰਗ ਦੀਆਂ ਦਸਤਾਰਾਂ ਅਤੇ ਚੁੰਨੀਆਂ ਨੇ ਲੰਡਨ ਦੇ ਉਸ ਇਲਾਕੇ ਨੂੰ ਕੁਝ ਸਮੇਂ ਲਈ ਪੰਜਾਬ ਦੀ ਰੰਗਤ ਦੇ ਦਿੱਤੀ।

ਕੁਝ ਨੌਜਵਾਨਾਂ ਨੇ ਰੈਫਰੈਂਡਮ 2020 ਦੀਆਂ ਟੀ ਸ਼ਰਟਾਂ ਪਾ ਕੇ ਵੀ ਇਸ ਰੈਲੀ ਵਿੱਚ ਸ਼ਿਰਕਤ ਕੀਤੀ। ਕੇਸਰੀ ਨਿਸ਼ਾਨ, ਖਾਲਿਸਤਾਨੀ ਝੰਡੇ ਅਤੇ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਕਈ ਬੈਨਰ ਵੀ ਲੋਕਾਂ ਦੇ ਹੱਥਾਂ ਵਿੱਚ ਦਿਖਾਈ ਦਿੱਤੇ। 'ਟਰੁੱਥ', ਜਸਟਿਸ, ਫ੍ਰੀਡਮ ਅਤੇ ਨੈਵਰ ਫੌਰਗੇਟ '84 ਦੇ ਬੈਨਰ ਵੀ ਕਈ ਥਾਵਾਂ 'ਤੇ ਨਜ਼ਰ ਆਏ।

ਇਸ ਰੈਲੀ ਲਈ ਪੁਲਿਸ ਵੱਲੋਂ ਵੀ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ। ਰੈਲੀ ਵਿੱਚ ਸ਼ਾਮਿਲ ਲੋਕਾਂ ਨੇ ਸ਼ਹਿਰ ਦੀਆਂ ਗਲੀਆਂ ਵਿੱਚੋਂ ਨਿਕਲਦਿਆਂ 'ਖਾਲਿਸਤਾਨ ਜ਼ਿੰਦਾਬਾਦ', 'ਨੇਵਰ ਫੌਰਗੇਟ 84' ਦੇ ਨਾਅਰੇ ਲਾਏ।

ਇਹ ਵੀ ਪੜ੍ਹੋ-

ਹਾਈਡ ਪਾਰਕ ਤੋਂ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਰੈਲੀ ਸਭ ਟ੍ਰਫਾਲਗਰ ਸਕੁਇਅਰ ਪਹੁੰਚੀ ਜਿੱਥੇ ਸਟੇਜ ਲਗਾਈ ਗਈ ਸੀ।

ਦੇਸ ਭਰ ਦੇ ਕਈ ਗੁਰਦੁਆਰਿਆਂ ਨੇ ਆਪਣੇ ਇਲਾਕਿਆਂ ਤੋ ਸੰਗਤਾਂ ਨੂੰ ਲਿਆਉਣ ਲਈ 100 ਤੋਂ ਵੱਧ ਕੋਚਾਂ ਦਾ ਪ੍ਰਬੰਧ ਕੀਤਾ ਸੀ।

ਸੰਗਤਾਂ ਦੀ ਸਹੂਲਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ।

‘35 ਸਾਲ ਤੋਂ ਰੈਲੀ ਵਿੱਚ ਹਿੱਸਾ ਲੈ ਰਿਹਾ ਹਾਂ’

ਇਸ ਮੌਕੇ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਭਾ, ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੇ ਕਿਹਾ, "ਸਿੱਖਾਂ ਨੂੰ 35 ਸਾਲਾਂ ਤੋ ਇਨਸਾਫ਼ ਨਹੀਂ ਮਿਲਿਆ ਹੈ। 1984 ਵਿੱਚ ਵਾਪਰੇ ਦੁਖਾਂਤ ਅਤੇ ਮਨੁੱਖਤਾ ਦੇ ਘਾਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।"

ਬਾਰਕਿੰਗ ਤੋਂ ਆਏ ਇੰਦਰ ਸਿੰਘ ਨੇ ਕਿਹਾ, "ਮੈਂ 35 ਸਾਲਾਂ ਤੋਂ ਹਰ ਸਾਲ ਰੋਸ ਪ੍ਰਗਟ ਕਰਨ ਲਈ ਆਉਂਦਾ ਹਾਂ। ਹੁਣ ਮੇਰੇ ਗੋਡੇ ਵੀ ਸਾਥ ਨਹੀ ਦਿੰਦੇ ਇਸ ਲਈ ਜ਼ਰੂਰੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਨਾਲ ਹੋਈ ਬੇਇਨਸਾਫੀ ਤੋਂ ਜਾਣੂ ਕਰਵਾਇਆ ਜਾਵੇ।"

ਰੈਲੀ ਵਿੱਚ ਪਹੁੰਚੀ ਕਮਲਜੀਤ ਕੌਰ ਨੇ ਕਿਹਾ, "ਮੈਂ ਭਾਵੇਂ 'ਅਜ਼ਾਦੀ' ਦੇ ਮੁੱਦੇ 'ਤੇ ਵੱਖਰੀ ਸੋਚ ਰੱਖਦੀ ਹਾਂ ਪਰ 1984 ਵਿੱਚ ਜੋ ਵੀ ਦਰਬਾਰ ਸਾਹਿਬ ਵਿੱਚ ਵਾਪਰਿਆ ਉਸ ਨੂੰ ਕਦੀ ਨਹੀਂ ਭੁਲਾ ਸਕਦੀ।"

"ਮੈ ਹਰ ਸਾਲ ਆਪਣੇ ਬੱਚਿਆਂ ਨਾਲ ਇਸ ਸਮਾਗਮ ਵਿੱਚ ਹਿੱਸਾ ਲੈਣ ਬਰਮਿੰਘਮ ਤੋ ਆਂਉਦੀ ਹਾਂ।"

ਹਾਈਡ ਪਾਰਕ ਵਿੱਚ ਇਕੱਠ ਨੂੰ ਵੱਖ-ਵੱਖ ਜਥੇਬੰਦੀਆਂ ਅਤੇ ਗੁਰੂਘਰ ਦੇ ਪ੍ਰਬੰਧਕਾਂ ਨੇ ਸੰਬੋਧਨ ਕੀਤਾ ਅਤੇ 1984 ਵਿੱਚ ਵਾਪਰੇ ਸਿੱਖ ਕਤਲੇਆਮ ਲਈ ਲੰਬੇ ਸਮੇ ਤੋਂ ਇਨਸਾਫ ਨਾ ਮਿਲਣ ਲਈ ਰੋਸ ਪ੍ਰਗਟ ਕੀਤਾ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)