You’re viewing a text-only version of this website that uses less data. View the main version of the website including all images and videos.
TikTok ਦੇ ਸਿਤਾਰੇ ਕਦੇ ਪੈਸੇ ਵੀ ਕਮਾ ਸਕਣਗੇ?
21 ਸਾਲਾਂ ਦੀ ਵਿੱਕੀ ਬੈਨਹਮ ਨੂੰ ਇੱਕ ਮਾਰਕਿਟਿੰਗ ਕੰਪਨੀ ਦਾ ਫੋਨ ਆਇਆ ਤਾਂ ਉਹ ਹੈਰਾਨ ਰਹਿ ਗਈ।
ਉਸ ਨੂੰ ਤੁਰੰਤ ਫਲਾਈਟ ਰਾਹੀਂ ਇਬਿਜ਼ਾ (ਸਪੇਨ) ਆ ਕੇ ਡੀਜੇ ਸਿਗਲਾ ਦੇ ਨਵੇਂ ਐਲਬਮ ਦੀ ਘੁੰਢ ਚੁਕਾਈ ਸਮਾਗਮ ਵਿੱਚ ਸ਼ਰੀਕ ਹੋਣ ਦਾ ਸੱਦਾ ਦਿੱਤਾ ਗਿਆ।
ਬੈਨਹਮ ਪਹਿਲਾਂ ਸਪੇਨ ਦੇ ਉਸ ਦੀਪ ਪਹੁੰਚੀ ਅਤੇ ਸਮਾਗਮ ਵਿੱਚ ਹਾਜਰੀ ਲਵਾਈ। ਉਸ ਨੂੰ ਹਾਲੇ ਵੀ ਯਕੀਨ ਨਹੀਂ ਹੁੰਦਾ ਕਿ ਅਜਿਹੀ ਕਾਲਪਨਿਕ ਲੱਗਣ ਵਾਲੀ ਗੱਲ ਉਨ੍ਹਾਂ ਨਾਲ ਵਾਪਰ ਚੁੱਕੀ ਹੈ।
ਉਹ ਦਸਦੀ ਹੈ, "ਉੱਥੇ 24 ਘੰਟਿਆਂ ਦੀ ਦੀਵਾਨਗੀ ਸੀ। ਉਸ ਵਿੱਚ ਭਰਪੂਰ ਮਸਤੀ ਸੀ।" ਬੈਨਹਮ ਨੂੰ ਪਾਰਟੀ ਵਿੱਚ ਇਸ ਲਈ ਸੱਦਿਆ ਗਿਆ ਕਿਉਂਕਿ ਟਿਕ-ਟੌਕ ਉੱਪਰ ਉਨ੍ਹਾਂ ਦੇ 13 ਲ਼ੱਖ ਫੈਨ ਹਨ।
ਇਹ ਵੀ ਪੜ੍ਹੋ:
ਟਿਕ-ਟੌਕ ਚੀਨੀ ਕੰਪਨੀ ਬਾਈਟਡਾਂਸ ਦਾ ਇੱਕ ਸਮਾਰਟ ਫੋਨ ਐਪ ਹੈ ਜਿਸ ਰਾਹੀਂ ਲੋਕ ਛੋਟੇ ਵੀਡੀਓ ਅਤੇ ਮੀਮਜ਼ ਸਾਂਝੇ ਕਰਦੇ ਹਨ।
ਬੈਨਹਮ ਨੂੰ ਸੱਦਣ ਵਾਲੀ ਕੰਪਨੀ ਨੇ ਉਨ੍ਹਾਂ ਨਾਲ ਕੋਈ ਕਰਾਰ ਨਹੀਂ ਕੀਤਾ ਅਤੇ ਨਾ ਹੀ ਸਫਰ ਖ਼ਰਚ ਤੋਂ ਵਧੇਰੇ ਕੁਝ ਭੁਗਤਾਨ ਕਰਨ ਦਾ ਵਾਅਦਾ ਕੀਤਾ।
ਉਨ੍ਹਾਂ ਉੱਪਰ ਉਸ ਪ੍ਰੋਗਰਾਮ ਦਾ ਵੀਡੀਓ ਆਪਣੀ ਟਿਕ-ਟੌਕ ਪ੍ਰੋਫਾਈਲ ਉੱਪਰ ਸ਼ੇਅਰ ਕਰਨ ਦੀ ਸ਼ਰਤ ਵੀ ਨਹੀਂ ਰੱਖੀ ਗਈ।
ਉਸ ਨੇ ਦੱਸਿਆ, "ਉਹ ਸਿਰਫ਼ ਟਿਕ-ਟੌਕ ਦੇ ਕੁਝ ਲੋਕਾਂ ਨੂੰ ਉੱਥੇ ਚਾਹੁੰਦੇ ਸਨ।"
ਬੈਨਹਮ ਨੂੰ ਮਿਲੇ ਸੱਦੇ ਤੋਂ ਸੋਸ਼ਲ ਮੀਡੀਆ ਦੇ ਸੰਸਾਰ ਵਿੱਚ ਟਿਕ-ਟੌਕ ਦੀ ਅਹਿਮੀਅਤ ਪਤਾ ਚਲਦੀ ਹੈ।
ਨੌਜਵਾਨਾਂ ਦੀ ਪਸੰਦੀਦਾ
ਐਪ ਮਾਨਿਟਰਿੰਗ ਕੰਪਨੀ ਸੈਂਸਰਟਾਵਰ ਮੁਤਾਬਕ ਫਰਵਰੀ ਵਿੱਚ ਐਪਲ ਅਤੇ ਐਂਡਰਾਇਡ ਸਮਾਰਟ ਫੋਨ ਉੱਪਰ ਟਿਕ-ਟੌਕ ਡਾਊਨਲੋਡ ਦੀ ਸੰਖਿਆ ਇੱਕ ਅਰਬ ਤੋਂ ਪਾਰ ਹੋ ਚੁੱਕੀ ਸੀ।
2018 ਵਿੱਚ ਹੀ ਇਸ ਨੂੰ 66 ਕਰੋੜ ਬਾਰ ਡਾਊਨਲੋਡ ਕੀਤਾ ਗਿਆ। ਇਸੇ ਦੌਰਾਨ ਇੰਸਟਾਗ੍ਰਾਮ 44 ਕਰੋੜ ਬਾਰ ਡਾਊਨਲੋਡ ਕੀਤਾ ਗਿਆ।
ਡਿਜੀਟਾਸ ਯੂਕੇ ਦੇ ਸਟਰੈਟਜ ਪਾਰਟਨਰ ਜੇਮਜ਼ ਵ੍ਹਾਟਲੇ ਟਿਕ-ਟੌਕ ਦੀ ਤੁਲਨਾ 'ਸਨੈਪਚੈਟ' ਅਤੇ 'ਵਾਈਨ' ਨਾਲ ਕਰਦੇ ਹਨ। ਇਹ ਦੋਵੇਂ ਐਪਲੀਕੇਸ਼ਨਾਂ ਛੋਟੇ ਕੰਟੈਂਟ ਦੀਆਂ ਮਾਹਰ ਹਨ ਅਤੇ ਨੌਜਵਾਨਾਂ ਵਿੱਚ ਪਸੰਦ ਕੀਤੀਆਂ ਜਾਂਦੀਆਂ ਹਨ।
ਵ੍ਹਾਟਲੇ ਦਸਦੇ ਹਨ, "ਇੱਥੇ ਤੁਸੀਂ ਸੱਚੀ ਮੌਲਿਕਤਾ ਨੂੰ ਵਾਇਰਲ ਹੁੰਦੇ ਦੇਖਦੇ ਹੋ।"
ਟਿਕਟੌਕ ਦੇ ਕਰੋੜਾਂ ਵਰਤਣ ਵਾਲੇ ਅੱਲੜ੍ਹ ਹਨ ਜਾਂ ਅੱਲੜ੍ਹ ਹੋਣ ਵਾਲੇ ਹਨ। ਉਨ੍ਹਾਂ ਤੱਕ ਪਹੁੰਚ ਬਣਾਉਣਾ ਮਸ਼ਹੂਰੀਆਂ ਦੇਣ ਵਾਲਿਆਂ ਦਾ ਸੁਪਨਾ ਹੁੰਦਾ ਹੈ।
ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ ਉੱਪਰ ਪ੍ਰਭਾਵਸ਼ਾਲੀ ਲੋਕਾਂ ਦੀ ਕਮਾਈ ਦੇ ਰਿਕਾਰਡ ਮੌਜੂਦ ਹਨ। ਜਿਨ੍ਹਾਂ ਦੇ ਲੱਖਾਂ ਫੌਲੋਵਰ ਹੋਣ ਉਹ ਕਿਸੇ ਸਪਾਂਸਰਡ ਪੋਸਟ ਤੋਂ ਹੀ ਚੰਗਾ ਪੈਸਾ ਕਮਾ ਸਕਦੇ ਹਨ।
ਨਵਾਂ ਪਲੇਟਫਾਰਮ
ਕੀ ਇਹ ਟਿਕ-ਟੌਕ ਦੇ ਸਿਤਾਰਿਆਂ ਉੱਪਰ ਵੀ ਲਾਗੂ ਹੁੰਦਾ?
ਟਿਕ-ਟੌਕ ਦੇ ਸਿਤਾਰੇ ਫਿਲਹਾਲ ਸਪਾਂਸਰਡ ਵੀਡੀਓ ਤੋਂ ਪੈਸੇ ਕਮਾ ਰਹੇ ਹਨ, ਜੋ ਮੁਕਾਬਲੇਦਾਰ ਯੂਟਿਊਬ ਤੋਂ ਵੱਖਰਾ ਹੈ।
ਸਪੈਨਿਸ਼ ਐਕਟਰ ਜਾਵੀ ਲੂਨਾ ਕਹਿੰਦੇ ਹਨ, "ਯੂਟਿਊਬ ਉੱਪਰ ਤੁਹਾਡੇ ਵੀਡੀਓ ਨੂੰ ਕਿੰਨੇ ਲੋਕਾਂ ਨੇ ਦੇਖਿਆ, ਇਸ ਹਿਸਾਬ ਨਾਲ ਪੈਸੇ ਮਿਲਦੇ ਹਨ ਪਰ ਟਿਕ-ਟੌਕ ਉੱਪਰ ਹਾਲੇ ਦਿਖਣ ਦੇ ਪੈਸੇ ਨਹੀਂ ਮਿਲਦੇ।"
ਟਿਕ-ਟੌਕ ਉੱਪਰ ਜਾਵੀ ਲੂਨਾ ਦੇ 40 ਲੱਖ ਫੈਨ ਹਨ। ਉਨ੍ਹਾਂ ਨੇ 2018 ਦੀਆਂ ਗਰਮੀਆਂ ਵਿੱਚ ਟਿਕ-ਟੌਕ ਉੱਪਰ ਪੋਸਟ ਕਰਨਾ ਸ਼ੁਰੂ ਕੀਤਾ ਸੀ।
ਉਹ ਮਨੁੱਖੀ ਰਿਸ਼ਤਿਆਂ ਅਤੇ ਪਿਆਰ ਬਾਰੇ ਕਮੇਡੀ ਸਕੈਚ ਬਣਾਉਂਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਫੈਨ ਬਹੁਤ ਪਸੰਦ ਕਰਦੇ ਹਨ।
ਲੂਨਾ ਇਸ ਪਲੇਟਫਾਰਮ ਨੂੰ ਇੰਸਟਾਗ੍ਰਾਮ ਵਰਗਾ ਮੰਨਦੇ ਹਨ, "ਜਦੋਂ ਤੁਹਾਡੇ ਬਹੁਤੇ ਫੌਲਵਰ ਹੋਣ ਜਾਂ ਵਿਊਜ਼ ਹੋ ਜਾਂਦੇ ਹਨ ਤਾਂ ਬ੍ਰਾਂਡ ਤੁਹਾਨੂੰ ਈਮੇਲ ਕਰਦੇ ਹਨ ਕਿ ਉਹ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਹਨ।"
ਇਹ ਵੀ ਪੜ੍ਹੋ:
ਇਹ ਜੋਸ਼ ਸ਼ੈਫ਼ਰਡ ਵਰਗੇ ਉਧਮੀਆਂ ਲਈ ਇੱਕ ਮੌਕਾ ਹੈ ਜਿਨ੍ਹਾਂ ਨੇ ਲੱਗਪਗ ਇੱਕ ਸਾਲ ਪਹਿਲਾਂ ਉਨ੍ਹਾਂ ਨੇ ਟਿਕਟੌਕ ਟੈਲੰਟ ਏਜੰਸੀ ਬਣਾਈ।
ਉਨ੍ਹਾਂ ਦੀ ਕੰਪਨੀ ਟਿਕ-ਟੌਕ ਦੇ ਸਿਤਾਰਿਆਂ ਦੀ ਨੁਮਾਂਇੰਦਗੀ ਕਰਦੀ ਹੈ, ਜਿਨਾਂ ਦੇ ਫੌਲਵਰਾਂ ਦੀ ਗਿਣਤੀ 1.5 ਕਰੋੜ ਹੈ।
ਪਿਛਲੇ 7 ਮਹੀਨਿਆਂ ਵਿੱਚ ਉਨ੍ਹਾਂ ਨੇ 35 ਅਭਿਆਨ ਚਲਾਏ ਹਨ। ਉਨ੍ਹਾਂ ਨੇ ਟਿਕ-ਟੌਕ ਸਿਤਾਰਿਆਂ ਨੂੰ ਫਾਰਮੂਲਾ ਈ ਰੇਸ ਵਰਗੇ ਈਵੈਂਟ ਵਿੱਚ ਭੇਜਣ ਲਈ 1500 ਪੌਂਡ (1937 ਡਾਲਰ) ਦਾ ਭੁਗਤਾਨ ਕੀਤਾ ਹੈ।
ਸੋਸ਼ਲ-ਮੀਡੀਆ ਦੇ ਦੂਸਰੇ ਪਲੇਟਫਾਰਮਾਂ ਉੱਪਰ ਪ੍ਰਭਾਵਸ਼ਾਲੀ ਲੋਕਾਂ ਨੂੰ ਮਿਲਣ ਵਾਲੇ ਪੈਸੇ ਦੇ ਮੁਕਾਬਲੇ ਇਹ ਬਹੁਤ ਥੋੜ੍ਹੀ ਰਕਮ ਹੈ।
ਯੂਟਿਊਬ ਉੱਪਰ ਇੰਨੇ ਹੀ ਫੌਲੋਵਰਾਂ ਵਾਲੇ ਸਿਤਾਰੇ ਨੂੰ ਅਜਿਹੇ ਪ੍ਰਮੋਸ਼ਨ ਲਈ 50 ਹਜ਼ਾਰ ਪੌਂਡ ਤੱਕ ਮਿਲ ਜਾਂਦੇ ਹਨ।
ਕਮਾਈ ਵਿੱਚ ਇਸ ਫਰਕ ਦਾ ਸਿੱਧਾ ਕਾਰਨ ਇਹ ਹੈ ਕਿ ਟਿਕਟੌਕ ਨਵਾਂ ਪਲੇਟਫਾਰਮ ਹੈ।
ਤਕਦੀਰ ਬਦਲੇਗੀ
ਯੂਟਿਊਬ ਉੱਪਰ ਮਸ਼ਹੂਰੀਆਂ ਅਤੇ ਸਪਾਂਸਰਡ ਸਮੱਗਰੀ ਤੋਂ ਪਿਛਲੇ ਕਈ ਸਾਲਾਂ ਤੋਂ ਕਮਾਈ ਹੋ ਰਹੀ ਹੈ ਪਰ ਟਿਕ-ਟੌਕ ਹਾਲੇ ਨਵਾਂ ਹੈ।
ਟਿਕ-ਟੌਕ ਸਿਤਾਰਿਆਂ ਦੀ ਕਿਸਮਤ ਬਦਲ ਸਕਦੀ ਹੈ। ਹਾਲ ਤੱਕ ਲੂਨਾ ਵਰਗੇ ਲੋਕਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਵੀਡੀਓ ਕੌਣ ਦੇਖ ਰਿਹਾ ਹੈ।
ਹੁਣ ਉਨ੍ਹਾਂ ਨੇ ਕੁਝ ਬੁਨਿਆਦੀ ਜਾਣਕਾਰੀਆਂ ਮਿਲ ਰਹੀਆਂ ਹਨ। ਜਿਵੇਂ- ਉਨ੍ਹਾਂ ਦੇ ਦਰਸ਼ਕ ਕਿੱਥੋਂ ਦੇ ਹਨ। ਉਨ੍ਹਾਂ ਦੀ ਉਮਰ ਕਿੰਨੀ ਹੈ ਅਤੇ ਉਨ੍ਹਾਂ ਦੀ ਪਹੁੰਚ ਕਿੰਨੀ ਹੈ।
ਇਸ ਨਾਲ ਬ੍ਰਾਂਡਸ ਨੂੰ ਵੀ ਉਨ੍ਹਾਂ ਨਾਲ ਕਾਰੋਬਾਰ ਕਰਨ ਵਿੱਚ ਸਹੂਲੀਅਤ ਮਿਲਦੀ ਹੈ।
ਸ਼ੈਫਰ਼ਡ ਦਾ ਕਹਿਣਾ ਹੈ ਕਿ ਪਹਿਲਾਂ ਇਸੇ ਕਾਰਨ ਬ੍ਰਾਂਡਸ ਇੱਥੇ ਨਹੀਂ ਆਉਂਦੇ ਸਨ। "ਕਿਸੇ ਦੇ ਦਸ ਲੱਖ ਫੌਲੋਵਰ ਹੋ ਸਕਦੇ ਹਨ ਪਰ ਸਾਨੂੰ ਪਤਾ ਨਹੀਂ ਹੁੰਦਾ ਸੀ ਕਿ ਕੌਣ ਹੈ ਅਤੇ ਉਸਦੀ ਉਮਰ ਕਿੰਨੀ ਹੈ। ਅੱਜ ਜੇ ਕੋਈ ਲੰਡਨ ਵਾਸੀ 25 ਸਾਲਾਂ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੇ ਤਾਂ ਸਾਨੂੰ ਉਸਦੀ ਸੂਚਨਾ ਮਿਲ ਸਕਦੀ ਹੈ।"
ਟਿਕ ਟੌਕ ਹੜਬੜੀ ਨਹੀਂ ਕਰ ਰਹੀ
ਟਿਕ-ਟੌਕ ਐਪ ਦੇ ਨਿਰਮਾਤਾ ਪਿਛਲੇ ਕੁਝ ਮਹੀਨਿਆਂ ਤੋਂ ਮਸ਼ਹੂਰੀਆਂ ਦੇਣ ਵਾਲਿਆਂ ਨਾਲ ਸੰਪਰਕ ਕਰ ਰਹੇ ਹਨ। ਉਹ ਸਪਾਂਸਰਡ ਹੈਸ਼ਟੈਗ ਚੈਲੰਜ ਅਤੇ ਬ੍ਰਾਂਡਡ ਲੈਂਸ ( ਸਨੈਪਚੈਟ ਵਾਂਗ) ਵਰਗੀਆਂ ਚੀਜ਼ਾਂ ਨੂੰ ਅੱਗੇ ਵਧਾ ਰਹੇ ਹਨ।
ਬੈਨਹਮ ਦਾ ਕਹਿਣਾ ਹੈ ਕਿ ਟਿਕ-ਟੌਕ ਜਾਣ-ਬੁੱਝ ਕੇ ਇਸ ਵਿੱਚ ਹੜਬੜੀ ਨਹੀਂ ਕਰ ਰਿਹਾ ਕਿਉਂਕਿ ਉਹ ਦੂਸਰੀਆਂ ਐਪਲੀਕੇਸ਼ਨਾਂ ਦੀਆਂ ਗਲਤੀਆਂ ਨੂੰ ਦੁਹਰਾਉਣਾ ਨਹੀਂ ਚਾਹੁੰਦੇ।
ਇਸ ਸੁਸਤੀ ਨਾਲ ਟਿਕ-ਟੌਕ ਦੇ ਉਹ ਸਿਤਾਰੇ ਕੁਝ ਉਦਾਸ ਹੋ ਸਕਦੇ ਹਨ, ਜੋ ਆਪਣੇ ਲੱਖਾਂ ਫੌਲੋਵਰਾਂ ਦੇ ਸਿਰ 'ਤੇ ਕਮਾਈ ਕਰਨਾ ਚਾਹੁੰਦੇ ਹਨ।
ਬਾਡੀ ਆਰਟ, ਮੇਕਅੱਪ ਅਤੇ ਇੰਟਰਨੈੱਟ ਉੱਪਰ ਹੋਣ ਵਾਲੀਆਂ ਸਧਾਰਣ ਗਲਤੀਆਂ ਨਾਲ ਜੁੜੀਆਂ ਪੋਸਟਾਂ ਕਰਨ ਵਾਲੇ ਬੈਨਹਮ ਕਾਰੋਬਾਰ ਦੇ ਮੌਕਿਆਂ ਦੀ ਕਮੀ ਤੋਂ ਫਿਕਰਮੰਦ ਨਹੀਂ ਹਨ।
ਉਨ੍ਹਾਂ ਨੇ ਮਿਊਜ਼ੀਕਲੀ ਐਪ ਸ਼ੁਰੂ ਕੀਤਾ ਸੀ। ਸਾਲ 2017 ਵਿੱਚ ਆਪਣੇ ਇੱਕ ਦੋਸਤ ਦੀ ਸਲਾਹ ਨਾਲ ਉਨ੍ਹਾਂ ਨੇ ਇਸ ਨੂੰ ਟਿਕ-ਟੌਕ ਵਿੱਚ ਮਿਲਾ ਦਿੱਤਾ।
ਉਹ ਕਹਿੰਦੀ ਹੈ, "ਦੋ ਸਾਲ ਪਹਿਲਾਂ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਤਾਂ ਮੈਨੂੰ ਪਤਾ ਸੀ ਕਿ ਇੱਥੇ ਬ੍ਰਾਂਡ ਡੀਲ ਵਰਗੀ ਕੋਈ ਚੀਜ਼ ਨਹੀਂ ਹੈ। ਉਹ ਹੜਬੜੀ ਨਹੀਂ ਕਰ ਰਹੇ। ਉਹ ਜੋ ਕਰ ਰਹੇ ਹਨ ਉਹ ਕਿਰਿਏਟਰਾਂ ਲਈ ਨਿਰਾਸ਼ਾਜਨਕ ਹੈ ਪਰ ਉਹ ਆਪਣੇ ਸਮੇਂ ਦੀ ਉਡੀਕ ਕਰ ਰਹੇ ਹਨ। ਇਹ ਬਹੁਤ ਅਹਿਮ ਹੈ।"
ਜਾਵੀ ਲੂਨਾ ਨੂੰ ਵੀ ਅਜਿਹਾ ਹੀ ਲਗਦਾ ਹੈ, "ਤੁਸੀਂ ਇੱਥੇ ਬਹੁਤੇ ਪੈਸੇ ਨਹੀਂ ਕਮਾਓਂਗੇ ਪਰ ਈਮਾਨਦਾਰੀ ਨਾਲ ਕਹਾਂ ਤਾਂ ਇਹ ਇੱਕ ਚੰਗਾ ਪਲੇਟਫਾਰਮ ਹੈ।"
ਰਚਨਾਤਮਿਕਤਾ ਸਫ਼ਲਤਾ ਦੀ ਕੁੰਜੀ ਹੈ
ਐਪਲੀਕੇਸ਼ਨ ਦੀ ਹਲਕੀ ਰਫ਼ਤਾਰ ਦੇ ਬਾਵਜੂਦ ਇਹ ਨਵੇਂ ਸਿਤਾਰਿਆਂ ਨੂੰ ਆਪਣੇ ਵੱਲ ਖਿੱਚਣ ਲਈ ਮਸ਼ਹੂਰੀਆਂ ਵਾਲਿਆਂ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਹਨ।
ਉਨ੍ਹਾਂ ਦੀ ਨਿਗ੍ਹਾ ਨੌਜਵਾਨਾਂ ਉੱਪਰ ਹੈ। ਯੂਟਿਊਬ ਤੋਂ ਉਲਟ ਇੱਥੇ ਦੇਖਣ ਵਾਲਿਆਂ ਨੂੰ ਆਟੋਪਲੇ ਵੀਡੀਓ ਮਿਲਦੇ ਹਨ। ਜੋ ਤੁਰੰਤ ਧਿਆਨ ਖਿੱਚਦੇ ਹਨ।
ਇਹ ਐਪਲੀਕੇਸ਼ਨ ਉਨ੍ਹਾਂ ਨੂੰ ਚੈਲੰਜ ਕਬੂਲ ਕਰਨ ਲਈ ਉਤਸ਼ਾਹਿਤ ਕਰਦੀ ਹੈ, ਤਾਂ ਕਿ ਉਨ੍ਹਾਂ ਦੇ ਸਬੰਧ ਮਜਬੂਤ ਹੋ ਸਕਣ।
ਮਿਸਾਲ ਵਜੋਂ ਉਨ੍ਹਾਂ ਨੂੰ ਖ਼ਾਸ ਗਾਣੇ ਵਾਂਗ ਨੱਚਣ ਲਈ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ:
ਵ੍ਹਾਟਲੇ ਕਹਿੰਦੇ ਹਨ," ਚੰਗੇ ਅਤੇ ਰਚਨਾਤਮਿਕ ਤਰੀਕੇ ਨਾਲ ਟਿਕਟੌਕ ਚੈਲੰਜ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਨਾਲ ਸਮੱਗਰੀ ਦੇ ਦੇਖੇ ਜਾਣ ਅਤੇ ਵਾਇਰਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।"
ਇਹ ਬ੍ਰਾਂਡਸ ਨੂੰ ਰੋਮਾਂਚਿਤ ਕਰਦਾ ਹੈ। ਬੈਨਹਮ ਨੇ ਪਿਛਲੇ ਛੇ ਮਹੀਨਿਆਂ ਵਿੱਚ ਮਹਿਸੂਸ ਕੀਤਾ ਹੈ ਕਿ ਕੰਪਨੀਆਂ ਟਿਕਟੌਕ ਉੱਪਰ ਮੌਜੂਦ ਪ੍ਰਭਾਵਸ਼ਾਲੀ ਲੋਕਾਂ ਨੂੰ ਸਪਾਂਸਰ ਕਰ ਰਹੀਆਂ ਹਨ, ਤਾਂ ਕਿ ਉਹ ਆਪਣੇ ਵੀਡੀਓ ਵਿੱਚ ਉਨ੍ਹਾਂ ਦਾ ਜ਼ਿਕਰ ਕਰਨ।
ਉਹ ਦੱਸਦੀ ਹੈ, "ਕਿਸੇ ਇੱਕ ਬ੍ਰਾਂਡ ਵੱਲੋਂ ਵੱਡੀ ਮੁਹਿੰਮ ਚਲਾਉਣ ਦੀ ਦੇਰੀ ਹੈ, ਫਿਰ ਉਹ ਕੇਸ ਸਟੱਡੀ ਬਣ ਜਾਵੇਗਾ।"
ਇਹ ਦੋਧਾਰੀ ਤਲਵਾਰ ਵੀ ਸਾਬਤ ਹੋ ਸਕਦਾ ਹੈ। ਹਾਲਾਂਕਿ ਇਸ ਤਰ੍ਹਾਂ ਦੇ ਕੰਮ ਨਾਲ ਟਿਕਟੌਕ ਦੇ ਸਿਤਾਰਿਆਂ ਦਾ ਨਾਮ ਘਰੋ-ਘਰੀਂ ਪਹੁੰਚ ਜਾਵੇਗਾ ਪਰ ਯੂਟਿਊਬ ਅਤੇ ਇੰਸਟਾਗ੍ਰਾਮ ਦੇ ਅਨੁਭਵ ਚੰਗੇ ਨਹੀਂ ਰਹੇ।
ਇਨ੍ਹਾਂ ਦੋਹਾਂ ਉੱਪਰ ਮਸ਼ਹੂਰੀਆਂ ਵਾਲੀਆਂ ਵੀਡੀਓਜ਼ ਦੀ ਭਰਮਾਰ ਹੋ ਗਈ ਹੈ, ਜਿਸ ਕਾਰਨ ਸਿਰਜਨਾਤਮਿਕ ਅਤੇ ਮੌਲਿਕਤਾ ਦਾ ਨੁਕਸਾਨ ਹੋ ਰਿਹਾ ਹੈ।
ਜਿਸ ਸਾਵਧਾਨੀ ਨਾਲ ਟਿਕ-ਟੌਕ ਮਸ਼ਹੂਰੀਆਂ ਦੀ ਸ਼ੁਰੂਆਤ ਕਰ ਰਹੀ ਹੈ, ਉਸ ਤੋਂ ਤਾਂ ਲਗਦਾ ਹੈ ਕਿ ਇਹ ਆਪਣੇ ਤੋਂ ਪਹਿਲਾਂ ਆਈਆਂ ਐਪਲੀਕੇਸ਼ਨਾਂ ਤੋਂ ਸਬਕ ਲੈ ਰਿਹਾ ਹੈ।
ਜਿਹੜੇ ਇਸ ਐਪਲੀਕੇਸ਼ਨ ਦੀ ਵਰਤੋਂ ਕਰ ਰਹੇ ਹਨ ਉਨ੍ਹਾਂ ਨੂੰ ਲਗਦਾ ਹੈ ਕਿ ਇੱਥੇ ਸਿਰਜਣਾਤਮਿਕਤਾ ਬਣੀ ਰਹੇਗੀ। ਬੈਨਹਮ ਦੀ ਰਾਇ ਵਿੱਚ, "ਟਿਕ-ਟੌਕ ਐਪਲੀਕੇਸ਼ਨ ਅੱਗੇ ਹੋਰ ਮਜਬੂਤ ਹੋਵੇਗਾ।"
ਇਹ ਵੀ ਪੜ੍ਹੋ
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ