ਸਾਵਧਾਨ, ਤੁਹਾਡੀ ਹਰ ਹਰਕਤ 'ਤੇ ਹੈ ਕੰਪਨੀਆਂ ਦੀ ਨਜ਼ਰ

    • ਲੇਖਕ, ਟੌਮ ਕਾਲਵਰ ਅਤੇ ਜੋ ਮਿਲਰ
    • ਰੋਲ, ਬੀਬੀਸੀ ਰਿਸਰਚ ਟੀਮ

'ਫ਼ੋਨ ਨੂੰ ਟਰੈਕ ਕਰਨਾ, ਫ਼ੋਨ ਦੇ ਮੈਸੇਜ ਚੈੱਕ ਕਰਨਾ ਅਤੇ ਫ਼ੋਨ ਦੇ ਯੂਜ਼ਰ ਦੀ ਜਾਣਕਾਰੀ ਥਰਡ ਪਾਰਟੀ ਕੰਪਨੀਆਂ ਨੂੰ ਦੇਣਾ।'

ਜਦੋਂ ਤੁਸੀਂ ਕਿਸੇ ਨਵੇਂ ਐਪ ਜਾਂ ਵੈੱਬਸਾਈਟ ਨੂੰ ਵਰਤਣਾ ਸ਼ੁਰੂ ਕਰਦੇ ਹੋ, ਤਾਂ ਆਮ ਤੌਰ 'ਤੇ ਇਹ ਤਿੰਨ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਤੁਸੀਂ ਕਿਸੇ ਵੀ ਐਪ ਬਣਾਉਣ ਵਾਲੀ ਕੰਪਨੀ ਨੂੰ ਜਾਣੇ ਜਾਂ ਅਣਜਾਣੇ ਵਿੱਚ ਦਿੰਦੇ ਹੋ।

ਪਰ ਕੀ ਇਹ ਇੱਥੇ ਤੱਕ ਹੀ ਸੀਮਤ ਹੈ? ਅਤੇ ਇਸਤੇਮਾਲ ਦੀ ਜਿਹੜੀ ਸ਼ਰਤ ਕੰਪਨੀ ਨੇ ਸ਼ੁਰੂਆਤ ਵਿੱਚ ਪੜ੍ਹਨ ਲਈ ਦਿੱਤੀ ਹੁੰਦੀ ਹੈ, ਕੀ ਉਸਦੀ ਸ਼ਬਦਾਵਲੀ ਸਮਝਣਾ ਸੌਖਾ ਹੁੰਦਾ ਹੈ।

ਇਹ ਵੀ ਪੜ੍ਹੋ:

ਬੀਬੀਸੀ ਦੀ ਰਿਸਰਚ ਟੀਮ ਨੂੰ 15 ਬੇਹੱਦ ਪਸੰਦੀਦਾ ਐਪਸ ਅਤੇ ਵੈੱਬਸਾਈਟਾਂ ਦੀ ਪ੍ਰਾਇਵੇਸੀ ਪਾਲਿਸੀ ਪੜ੍ਹਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਐਪ ਬਣਾਉਣ ਵਾਲੀਆਂ ਕੰਪਨੀਆਂ ਦੀ ਪ੍ਰਾਇਵੇਸੀ ਦੀਆਂ ਨੀਤੀਆਂ ਅਤੇ ਵਰਤੋਂ ਕਰਨ ਦੀਆਂ ਸ਼ਰਤਾਂ ਯੂਜ਼ਰਜ਼ ਨੂੰ ਦਿੰਦੀਆਂ ਹਨ, ਉਨ੍ਹਾਂ ਨੂੰ ਸਮਝਣ ਲਈ ਘੱਟੋ-ਘੱਟ ਯੂਨੀਵਰਸਟੀ ਪੱਧਰ ਦੀ ਸਿੱਖਿਆ ਹੋਣਾ ਲਾਜ਼ਮੀ ਹੈ।

ਅਕਸਰ ਅਜਿਹੇ ਦਸਤਾਵੇਜ਼ ਤਿਆਰ ਕਰਦੇ ਸਮੇਂ ਕੰਪਨੀਆਂ ਬਹੁਤ ਗੁੰਝਲਦਾਰ ਸ਼ਬਦਾਂ ਦੀ ਵਰਤੋਂ ਕਰਦੀਆਂ ਹਨ।

ਪਰ ਇਨ੍ਹਾਂ ਦਸਤਾਵੇਜ਼ਾਂ ਨੂੰ ਤਸੱਲੀ ਨਾਲ ਪੜ੍ਹਿਆ ਜਾਵੇ ਤਾਂ ਕੁਝ ਹੈਰਾਨੀਜਨਕ ਚੀਜ਼ਾਂ ਨਾਲ ਸਾਹਮਣਾ ਹੁੰਦਾ ਹੈ।

ਲੋਕੇਸ਼ਨ ਟਰੈਕਿੰਗ

ਤੁਹਾਡੇ ਮੋਬਾਈਲ ਦੀ ਲੋਕੇਸ਼ਨ ਕੀ ਹੈ, ਇਹ ਹਮੇਸ਼ਾ ਟਰੈਕ ਕੀਤਾ ਜਾਂਦਾ ਹੈ। ਭਾਵੇਂ ਤੁਸੀਂ ਇਸਦੀ ਇਜਾਜ਼ਤ ਦੇਵੋ ਜਾਂ ਨਾ। ਕਈ ਐਪ ਯੂਜ਼ਰਜ਼ ਤੋਂ ਲਿਖਤ ਇਜਾਜ਼ਤ ਮੰਗਦੇ ਹਨ ਕਿ ਉਨ੍ਹਾਂ ਦੇ ਮੋਬਾਈਲ ਨੂੰ ਟਰੈਕ ਕੀਤਾ ਜਾ ਸਕਦਾ ਹੈ? ਪਰ ਯੂਜ਼ਰ ਨਾਂਹ ਵੀ ਕਰੇ, ਤਾਂ ਵੀ ਕੰਪਨੀਆਂ ਨੂੰ ਪਤਾ ਹੁੰਦਾ ਹੈ ਕਿ ਤੁਹਾਡੇ ਮੋਬਾਈਲ ਦੀ ਲੋਕੇਸ਼ਨ ਕੀ ਹੈ। ਫੇਸਬੁੱਕ ਅਤੇ ਟਵਿੱਟਰ ਵਰਗੇ ਨਾਮੀ ਐਪ ਵੀ ਇੰਟਰਨੈੱਟ ਪ੍ਰੋਟੋਕੋਲ ਅਡ੍ਰੈੱਸ ਦੀ ਮਦਦ ਨਾਲ ਅਜਿਹਾ ਕਰਦੇ ਹਨ।

ਸਹਿਯੋਗੀ ਕੰਪਨੀਆਂ ਨੂੰ ਡਾਟਾ ਦੇਣਾ

ਕਈ ਐਪ ਅਜਿਹੇ ਹਨ ਜਿਹੜੇ ਤੁਹਾਡੇ ਤੋਂ ਇਕੱਠੀ ਕੀਤੀ ਜਾਣਕਾਰੀ ਨੂੰ ਆਪਣੇ ਕੰਪੀਟੀਟਰ ਅਤੇ ਸਹਿਯੋਗੀ ਕੰਪਨੀਆਂ ਨੂੰ ਵੇਚਦੇ ਹਨ। ਇਨ੍ਹਾਂ ਐਪ ਨਿਰਮਾਤਾ ਕੰਪਨੀਆਂ ਦਾ ਤਰਕ ਹੁੰਦਾ ਹੈ ਕਿ ਉਹ ਬਿਹਤਰ ਉਪਭੋਗਤਾ ਸੇਵਾ ਅਤੇ 'ਸਹੀ ਲੋਕਾਂ ਤੱਕ' ਆਪਣੇ ਤਰਕ ਪਹੁੰਚਾਉਣ ਲਈ ਅਜਿਹਾ ਕਰਦੇ ਹਨ।

ਜਿਵੇਂ ਕਿ ਟਿੰਡਰ ਵਰਗੀਆਂ ਡੇਟਿੰਗ ਐਪ ਜਿਹੜੇ ਆਪਣੇ ਯੂਜ਼ਰਜ਼ ਤੋਂ ਜਾਣਕਾਰੀ ਲੈਂਦੇ ਹਨ ਉਹ ਓਕੇ-ਕਿਊਪਿਡ, ਪਲੈਂਟੀ ਆਫ਼ ਫਿਸ਼ ਅਤੇ ਮੈਚ ਡਾਟ ਕਾਮ ਵਰਗੀਆਂ ਹੋਰ ਡੇਟਿੰਗ ਐਪਸ ਨਾਲ ਸ਼ੇਅਰ ਕਰਦੇ ਹਨ।

ਥਰਡ ਪਾਰਟੀ ਦੀ ਬੰਦਿਸ਼

ਐਮੇਜ਼ੌਨ ਲਿਖਦਾ ਹੈ ਕਿ ਉਹ ਤੁਹਾਡਾ ਡਾਟਾ ਥਰਡ ਪਾਰਟੀ ਐਪਸ ਨਾਲ ਸ਼ੇਅਰ ਕਰ ਸਕਦਾ ਹੈ। ਐਮੇਜ਼ੌਨ ਨੇ ਇਹ ਸਪੱਸ਼ਟ ਲਿਖਿਆ ਹੈ ਕਿ ਯੂਜ਼ਰ ਸਾਵਧਾਨੀ ਨਾਲ ਉਨ੍ਹਾਂ ਦੀ ਪ੍ਰਾਇਵੇਸੀ ਨੀਤੀਆਂ ਨੂੰ ਪੜ੍ਹੇ। ਫ਼ੋਨ ਨਿਰਮਾਤਾ ਕੰਪਨੀ ਐਪਲ ਵੀ ਅਜਿਹਾ ਹੀ ਕਰਦਾ ਹੈ।

ਹਾਲ ਹੀ ਵਿੱਚ ਲਾਗੂ ਹੋਈ ਯੂਰੋਪੀਅਨ ਯੂਨੀਅਨ ਦੀ ਜੈਨੇਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਵਿੱਚ ਵੀ ਇਹ ਨਹੀਂ ਕਿਹਾ ਗਿਆ ਹੈ ਕਿ ਕੰਪਨੀਆਂ ਆਪਣੀ ਥਰਡ ਪਾਰਟੀ ਲਿਸਟ ਜਾਰੀ ਕਰਨ। ਕਾਨੂੰਨ ਦੇ ਕਈ ਜਾਣਕਾਰ ਮੰਨਦੇ ਹਨ ਕਿ ਕੰਪਨੀਆਂ ਦਾ ਇਸ ਤਰ੍ਹਾਂ ਥਰਡ ਪਾਰਟੀ ਨੂੰ ਡਾਟਾ ਦੇਣਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

ਉੱਥੇ ਹੀ ਦੂਜੇ ਪਾਸੇ ਵਿਕੀਪੀਡੀਆ ਆਪਣੇ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਮਾਰਕਟਿੰਗ ਲਈ ਕਦੇ ਕਿਸੇ ਥਰਡ ਪਾਰਟੀ ਕੰਪਨੀ ਨੂੰ ਨਹੀਂ ਦਿੰਦਾ।

ਟਿੰਡਰ ਦੀ ਡਾਟਾ ਸ਼ੇਅਰਿੰਗ

ਕਈ ਵਾਰ 'ਡਾਟਾ ਸ਼ੇਅਰ' ਕਰਨ ਦਾ ਮਤਲਬ ਕਿਸੇ ਦੂਜੇ ਯੂਜ਼ਰ ਦਾ ਨਾਮ, ਉਮਰ ਅਤੇ ਉਸਦੀ ਲੋਕੇਸ਼ਨ ਸੇਅਰ ਕਰਨ ਤੱਕ ਹੀ ਸੀਮਤ ਨਹੀਂ ਹੁੰਦਾ। ਜਿਵੇਂ, ਡੇਟਿੰਗ ਐਪ ਟਿੰਡਰ ਇਹ ਸਾਫ਼ ਤੌਰ 'ਤੇ ਕਹਿੰਦਾ ਹੈ ਕਿ ਉਹ ਕਈ ਛੋਟੀਆਂ ਜਾਣਕਾਰੀਆਂ ਵੀ ਇਕੱਠਾ ਕਰਦਾ ਹੈ।

ਜਿਵੇਂ ਯੂਜ਼ਰ ਨੇ ਫ਼ੋਨ ਕਿਸ ਐਂਗਲ 'ਤੇ ਫੜਿਆ ਅਤੇ ਐਪ ਵਰਤਣ ਵੇਲੇ ਫੋਨ ਦੀ ਮੂਵਮੈਂਟ ਕਿੰਨੀ ਸੀ। ਕੰਪਨੀ ਕੋਲ ਇਸਦਾ ਕੋਈ ਜਵਾਬ ਨਹੀਂ ਹੈ ਕਿ ਇਹ ਡਾਟਾ ਕਿਸ ਕੰਮ ਆਉਂਦਾ ਹੈ।

ਫੇਸਬੁੱਕ ਸਰਚ

ਫੇਸਬੁੱਕ 'ਤੇ ਤੁਸੀਂ ਕੀ-ਕੀ ਸਰਚ ਕੀਤਾ, ਉਸ ਨੂੰ ਡਿਲੀਟ ਕਰਨ ਦਾ ਬਦਲ ਫੇਸਬੁੱਕ ਆਪਣੇ ਯੂਜ਼ਰਜ਼ ਨੂੰ ਦਿੰਦਾ ਹੈ। ਪਰ ਡਿਲੀਟ ਕਰਨ ਦੇ ਬਾਵਜੂਦ ਫੇਸਬੁੱਕ ਆਪਣੇ ਕੋਲ ਛੇ ਮਹੀਨੇ ਤੱਕ ਇਹ ਰਿਕਾਰਡ ਸੰਭਾਲ ਕੇ ਰਖਦਾ ਹੈ ਕਿ ਯੂਜ਼ਰ ਨੇ ਬੀਤੇ ਦਿਨਾਂ 'ਚ ਕੀ-ਕੀ ਸਰਚ ਕੀਤਾ।

ਆਫ਼ਲਾਈਨ ਟਰੈਕਿੰਗ

ਜੇਕਰ ਤੁਹਾਡੇ ਫ਼ੋਨ ਵਿੱਚ ਫੇਸਬੁੱਕ ਐਪ ਹੈ ਅਤੇ ਤੁਸੀਂ ਉਸ ਵਿੱਚ ਲਾਗਇਨ ਨਹੀਂ ਕੀਤਾ ਹੋਇਆ ਜਾਂ ਅਕਾਊਂਟ ਹੀ ਨਹੀਂ ਬਣਾਇਆ, ਤਾਂ ਵੀ ਫੇਸਬੁੱਕ ਤੁਹਾਡਾ ਫ਼ੋਨ ਟਰੈਕ ਕਰ ਸਕਦਾ ਹੈ। ਫੇਸਬੁੱਕ ਦੀ ਡਾਟਾ ਪਾਲਿਸੀ ਮੁਤਾਬਕ, ਕੰਪਨੀ ਯੂਜ਼ਰ ਦੀਆਂ ਗਤੀਵਿਧੀਆਂ 'ਤੇ ਫੇਸਬੁੱਕ ਬਿਜ਼ਨਸ ਟੂਲ ਦੀ ਮਦਦ ਨਾਲ ਨਜ਼ਰ ਰੱਖਦਾ ਹੈ।

ਭਾਵੇਂ ਹੀ ਉਹ ਫੇਸਬੁੱਕ ਦੀ ਵਰਤੋਂ ਨਾ ਕਰ ਰਿਹਾ ਹੋਵੇ। ਕੰਪਨੀ ਮੁਤਾਬਕ ਉਹ ਜਾਣਕਾਰੀਆਂ ਕੁਝ ਅਜਿਹੀਆਂ ਹੁੰਦੀਆਂ ਹਨ, ਜਿਵੇਂ ਯੂਜ਼ਰ ਦੇ ਕੋਲ ਕਿਹੜਾ ਫ਼ੋਨ ਹੈ, ਉਸ ਨੇ ਕਿਹੜੀ ਵੈੱਬਸਾਈਟ ਦੇਖੀ, ਕੀ ਖਰੀਦਿਆ ਅਤੇ ਕਿਹੜੀਆਂ ਮਸ਼ਹੂਰੀਆਂ ਦੇਖੀਆਂ।

ਪ੍ਰਾਈਵੇਟ ਮੈਸੇਜ

ਜੇਕਰ ਤੁਹਾਨੂੰ ਲਗਦਾ ਹੈ ਕਿ ਪ੍ਰਾਈਵੇਟ ਮੈਸੇਜ ਸਿਰਫ਼ ਤੁਹਾਡੇ ਹਨ, ਤਾਂ ਇਸ ਬਾਰੇ ਮੁੜ ਸੋਚੋ। ਆਪਣੀ ਪ੍ਰਾਇਵੇਸੀ ਪਾਲਿਸੀ ਮੁਤਾਬਕ, ਲਿੰਕਡਿਨ ਕਥਿਤ ਤੌਰ 'ਤੇ ਆਟੋਮੈਟਿਕ ਤਕਨੀਕ ਦੀ ਮਦਦ ਨਾਲ ਯੂਜ਼ਰ ਦੇ ਨਿੱਜੀ ਮੈਸੇਜ ਪੜ੍ਹ ਸਕਦਾ ਹੈ। ਟਵਿੱਟਰ ਤੁਹਾਡੇ ਸੰਦੇਸ਼ਾਂ ਦਾ ਇੱਕ ਡਾਟਾ ਬੇਸ ਆਪਣੇ ਕੋਲ ਰਖਦਾ ਹੈ।

ਕੰਪਨੀਆਂ ਦਾ ਦਾਅਵਾ ਹੈ ਕਿ ਉਹ ਇਸਦੀ ਮਦਦ ਨਾਲ ਇਹ ਕੋਸ਼ਿਸ਼ ਕਰਦੇ ਹਨ ਕਿ ਯੂਜ਼ਰ ਨੇ ਕਦੋਂ ਅਤੇ ਕਿਸ ਨਾਲ ਗੱਲ ਕੀਤੀ। ਪਰ ਇਹ ਕਿਹਾ ਗਿਆ ਹੈ ਕਿ ਉਹ ਪ੍ਰਾਈਵੇਟ ਮੈਸੇਜ ਦਾ ਕੰਟੈਂਟ ਨਹੀਂ ਪੜ੍ਹਦੇ।

ਬਦਲਾਅ, ਵਾਰ-ਵਾਰ

ਐਪਲ ਦਾ ਕਹਿਣਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਯੂਜ਼ਰਜ਼ ਨੂੰ ਐਪਲ ਦੀ ਪ੍ਰਾਇਵੇਸੀ ਪਾਲਿਸੀ ਆਪਣੇ ਗਾਰਡੀਅਨਜ਼ ਨਾਲ ਬੈਠ ਕੇ ਪੜ੍ਹਨੀ ਚਾਹੀਦੀ ਹੈ ਅਤੇ ਉਸਦੀਆਂ ਬਾਰੀਕੀਆਂ ਨੂੰ ਸਮਝਣਾ ਚਾਹੀਦਾ ਹੈ।

ਬੀਬੀਸੀ ਦੀ ਰਿਸਰਚ ਟੀਮ ਨੇ ਇਹ ਪਤਾ ਲਗਾਇਆ ਹੈ ਕਿ ਇੱਕ ਬਾਲਗ ਜੇਕਰ ਇੱਕ ਵਾਰ ਬੈਠ ਕੇ ਐਪਲ ਦੀ ਪੂਰੀ ਪ੍ਰਾਇਵੇਸੀ ਪਾਲਿਸੀ ਪੜ੍ਹਦਾ ਹੈ ਤਾਂ ਉਸ ਨੂੰ ਔਸਤਨ 40 ਮਿੰਟ ਲਗਦੇ ਹਨ। ਕੀ ਕਿਸੇ ਨੌਜਵਾਨ ਮੋਬਾਈਲ ਯੂਜ਼ਰ ਨੂੰ 'ਪ੍ਰਾਇਵੇਸੀ ਪਾਲਿਸੀ' ਪੜ੍ਹਨ ਲਈ ਐਨੇ ਸਮੇਂ ਤੱਕ ਰੋਕਿਆ ਜਾ ਸਕਦਾ ਹੈ?

ਇਹ ਵੀ ਪੜ੍ਹੋ:

ਉਂਝ ਸਮੱਸਿਆਵਾਂ ਹੋਰ ਵੀ ਹਨ। ਐਮੇਜ਼ੌਨ ਕਹਿੰਦਾ ਹੈ ਕਿ ਯੂਜ਼ਰਜ਼ ਨੂੰ ਉਨ੍ਹਾਂ ਦੀ ਪਾਲਿਸੀ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦਾ ਬਿਜ਼ਨਸ ਬਦਲਦਾ ਰਹਿੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)