You’re viewing a text-only version of this website that uses less data. View the main version of the website including all images and videos.
ਨਵਾਜ਼ ਸਰੀਫ਼ ਨੂੰ 10 ਸਾਲ ਜੇਲ੍ਹ, ਲੰਡਨ ਵਾਲਾ ਘਰ ਹੋਵੇਗਾ ਜ਼ਬਤ
ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਅਦਾਲਤ ਨੇ ਨਵਾਜ਼ ਸਰੀਫ਼ ਨੂੰ 10 ਅਤੇ ਮਰੀਅਮ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਮਰੀਅਮ ਨਵਾਜ਼ 'ਤੇ 20 ਲੱਖ ਪੌਂਡ (ਲਗਪਗ ਪੌਣੇ ਦੋ ਕਰੋੜ ਭਾਰਤੀ ਰੁਪਏ) ਦਾ ਜੁਰਮਾਨਾ ਵੀ ਲਗਾਇਆ ਹੈ।
ਸਜ਼ਾ ਐਲਾਨਤੋਂ ਬਾਅਦ ਮਰੀਅਮ ਨਵਾਜ਼ ਚੋਣ ਲੜਨ ਦੇ ਵੀ ਅਯੋਗ ਹੋ ਗਈ ਹੈ। ਪਾਕਿਸਤਾਨ ਵਿਚ ਚੋਣਾਂ 25 ਜੁਲਾਈ ਨੂੰ ਹੋਣਗੀਆਂ। ਮਰੀਅਮ ਨਵਾਜ਼ ਲਾਹੌਰ ਏ ਐਨ-127 ਸੀਟ ਤੋਂ ਚੋਣ ਲੜ ਰਹੀ ਹੈ। ਮਰੀਅਮ ਦੇ ਪਤੀ ਕੈਪਟਨ ਸਫ਼ਦਰ ਨੂੰ ਵੀ ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ:
ਲੰਡਨ ਦਾ ਅਪਾਰਮੈਂਟ ਜ਼ਬਤ ਕਰਨ ਦੇ ਹੁਕਮ
ਅਦਾਲਤ ਨੇ ਇਵੇਨਫੀਲ਼ਡ ਅਪਾਰਮੈਂਟ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ।
ਨੈਸ਼ਨਲ ਅਕਾਉਂਟੇਬਿਲਟੀ ਬੋਰਡ ਦੇ ਸੰਚਾਲਕ ਸਰਦਾਰ ਮੁਜੱਫ਼ਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਦਾਲਤ ਨੇ ਆਪਣੇ ਫੈਸਲੇ ਵਿਚ ਕੇਂਦਰ ਸਰਕਾਰ ਨੂੰ ਕਿਹਾ ਕਿ ਇਵੇਨਫੀਲ਼ਡ ਅਪਾਰਮੈਂਟ ਜ਼ਬਤ ਕਰ ਲਏ।
ਇਵੇਨਫੀਲ਼ਡ ਅਪਾਰਮੈਂਟ ਲੰਡਨ ਵਿਚ ਨਵਾਜ਼ ਸ਼ਰੀਫ਼ ਦੀ ਜਾਇਦਾਦ ਦੱਸੀ ਜਾਂਦੀ ਹੈ। ਇਸ ਨੂੰ ਲੈ ਕੇ ਹੀ ਭ੍ਰਿਸ਼ਟਾਚਾਰ ਦਾ ਮਾਮਲਾ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਅਦਾਲਤ ਨੇ ਤਿੰਨ ਜੁਲਾਈ 2018 ਨੂੰ ਮਾਮਲੇ ਦੀ ਸੁਣਵਾਈ ਪੂਰੀ ਕਰਕੇ ਫ਼ੈਸਲਾ ਸੁਰੱਖਿਅਤ ਕਰ ਲਿਆ ਸੀ।
ਇਸਲਾਮਾਬਾਦ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਦੇ ਜੱਜ ਮਹਿਮੂਦ ਬਸ਼ੀਰ ਨੇ ਸਾਢੇ 9 ਮਹੀਨਿਆਂ ਤੱਕ ਇਸ ਕੇਸ ਦੀ ਸੁਣਵਾਈ ਕੀਤੀ।
ਆਪਣੇ ਹੀ ਰਾਜ 'ਚ ਕੈਦ ਦੀ ਸਜ਼ਾ
ਇਸ ਮਾਮਲੇ ਵਿਚ ਨਵਾਜ਼ ਸ਼ਰੀਫ ਉਨ੍ਹਾਂ ਦੀ ਧੀ ਮਰੀਅਮ ਨਵਾਜ਼, ਹਸਨ ਨਵਾਜ਼, ਹੁਸੈਨ ਨਵਾਜ਼ ਅਤੇ ਕੈਪਟਨ ਸਫਦਰ ਵੀ ਮੁਲਜ਼ਮ ਹਨ।
ਅਦਾਲਤ ਹਸਨ ਨਵਾਜ਼ ਅਤੇ ਹੁਸੈਨ ਨਵਾਜ਼ ਨੂੰ ਪਹਿਲਾਂ ਹੀ ਭਗੌੜਾ ਕਰਾਰ ਦੇ ਚੁੱਕੀ ਹੈ।
ਨਵਾਜ਼ ਸ਼ਰੀਫ਼ ਨੇ ਇਸ ਕੇਸ ਦਾ ਫੈਸਲਾ ਸੱਤ ਦਿਨਾਂ ਤੱਕ ਟਾਲਣ ਲਈ ਅਰਜ਼ੀ ਦਿੱਤੀ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਪਤਨੀ ਦੀ ਬਿਮਾਰੀ ਕਾਰਨ ਉਹ ਲੰਡਨ ਵਿਚ ਹਨ ਅਤੇ ਤੁਰੰਤ ਮੁਲਕ ਵਾਪਸ ਨਹੀ ਆ ਸਕਦੇ।
ਨਵਾਜ਼ ਸਰੀਫ਼ ਨੂੰ ਪਹਿਲਾਂ ਵੀ ਸਿਆਸੀ ਵਿਰੋਧੀਆਂ ਵੱਲੋ ਪਾਏ ਕੇਸਾਂ ਦਾ ਸਾਹਮਣਾ ਕਰਨਾ ਪਿਆ ਹੈ, ਉਹ ਦੋ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ ਪਰ ਇਹ ਪਹਿਲੀ ਵਾਰ ਹੈ ਜਦੋ ਉਨ੍ਹਾਂ ਦੀ ਪਾਰਟੀ ਦੀ ਸੱਤਾ ਦੌਰਾਨ ਅਦਾਲਤ ਨੇ ਫੈਸਲਾ ਸੁਣਾਇਆ ਹੈ।