You’re viewing a text-only version of this website that uses less data. View the main version of the website including all images and videos.
ਅਰੁੰਧਤੀ ਰਾਏ ਨੂੰ ਲੰਡਨ ਤੋਂ ਬਰਨਾਲਾ ਕੌਣ ਲੈ ਆਇਆ
- ਲੇਖਕ, ਦਲਜੀਤ ਅਮੀ
- ਰੋਲ, ਬੀਬੀਸੀ ਪੱਤਰਕਾਰ
"ਇਹ ਮੁਲਕ 1947 ਤੋਂ ਹਿੰਦੂ ਰਾਸ਼ਟਰ ਹੈ ਪਰ ਜੇ ਭਾਜਪਾ 2019 ਦੀਆਂ ਚੋਣਾਂ ਜਿੱਤ ਕੇ ਦੁਬਾਰਾ ਸਰਕਾਰ ਬਣਾਉਂਦੀ ਹੈ ਤਾਂ ਮੁਲਕ ਰਸਮੀ ਤੌਰ ਉੱਤੇ ਹਿੰਦੂਤਵੀ ਬਣ ਜਾਵੇਗਾ। ਕਸ਼ਮੀਰ ਵਿੱਚ ਫੌਜ ਪੁਲਿਸ ਬਣ ਗਈ ਹੈ ਅਤੇ ਬਸਤਰ ਵਿੱਚ ਪੁਲਿਸ ਫੌਜ ਬਣ ਗਈ ਹੈ।"
ਅਰੁੰਧਤੀ ਰਾਏ ਦੀ ਸਮੁੱਚੀ ਤਕਰੀਰ ਇਸ ਫਿਕਰੇ ਨੂੰ ਖੋਲ੍ਹਣ ਦੀ ਮਸ਼ਕ ਬਣ ਗਈ। ਅਰੁੰਧਤੀ ਰਾਏ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਮੁਲਕ ਗ਼ੈਰ-ਰਸਮੀ ਹਿੰਦੂਵਾਦੀ ਰਾਜ ਤੋਂ ਰਸਮੀ ਤੌਰ ਉੱਤੇ ਹਿੰਦੂਵਾਦੀ ਨਿਜ਼ਾਮ ਬਣਦਾ ਜਾ ਰਿਹਾ ਹੈ।
ਅਰੁੰਧਤੀ ਰਾਏ ਆਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਸੱਦੇ ਉੱਤੇ ਪਿਛਲੇ ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕਾਰਕੁਨਾਂ ਅਤੇ ਕਥਿਤ ਜਮਹੂਰੀ ਹਕੂਕ ਦੇ ਘਾਣ ਖ਼ਿਲਾਫ਼ ਕਨਵੈਨਸਨ ਵਿੱਚ ਮੁੱਖ ਬੁਲਾਰੇ ਵਜੋਂ ਬੋਲਣ ਪਿਛਲੇ ਹਫ਼ਤੇ ਬਰਨਾਲਾ ਪਹੁੰਚੇ ਸੀ।
ਆਪਰੇਸ਼ਨ ਗਰੀਨ ਹੰਟ ਭਾਰਤ ਸਰਕਾਰ ਵੱਲੋਂ ਨਕਸਲੀਆਂ ਖ਼ਿਲਾਫ਼ ਚਲਾਏ ਗਏ ਅਭਿਆਨ ਨੂੰ ਕਿਹਾ ਜਾਂਦਾ ਹੈ।
ਬਰਨਾਲਾ ਦੇ ਮਹਾਂਸ਼ਕਤੀ ਕਲਾ ਮੰਦਿਰ ਵਿੱਚ ਕਰਵਾਈ ਇਸ ਕਨਵੈਨਸ਼ਨ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਬੁੱਧੀਜੀਵੀ ਤਬਕੇ ਦੇ ਲੋਕ ਸ਼ਾਮਿਲ ਸਨ।
ਹਾਲ ਦੀਆਂ ਤਸਵੀਰਾਂ ਤੇ ਨਾਅਰਿਆਂ ਦਾ ਰਿਸ਼ਤਾ
ਕਨਵੈਨਸ਼ਨ ਹਾਲ ਦੀਆਂ ਕੰਧਾਂ ਉੱਤੇ ਰਾਮਾਇਣ ਦੇ ਦ੍ਰਿਸ਼ਾਂ ਵਾਲੇ ਵੱਡੇ ਚਿੱਤਰ ਲੱਗੇ ਹੋਏ ਸਨ।
ਦਸ ਏਅਰਕੰਡੀਸ਼ਨਾਂ ਅਤੇ ਪੈਂਤੀ ਪੱਖਿਆਂ ਦੇ ਬਾਵਜੂਦ ਹੁੰਮਸ ਵਾਲੇ ਮਾਹੌਲ ਵਿੱਚ ਹਾਲ ਭਰਿਆ ਹੋਇਆ ਸੀ।
ਰਮਾਇਣ ਦੇ ਦ੍ਰਿਸ਼ਾਂ ਦੇ ਹੇਠਾਂ ਦੁਧੀਆ ਕਾਗ਼ਜ਼ਾਂ ਉੱਤੇ ਨਾਅਰੇ ਲਿਖੇ ਸਨ ਜੋ ਕਸ਼ਮੀਰੀ ਪੱਤਰਕਾਰ ਸ਼ੁਜਾਤ ਬੁਖ਼ਾਰੀ, ਤਾਮਿਲਨਾਡੂ ਦੇ ਤੂਤੀਕੁਡੀ ਅਤੇ ਭੀਮਾ ਕੋਰੇਗਾਓਂ ਦੀ ਹਿੰਸਾ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਕਾਰਕੁਨਾਂ ਨੂੰ ਕਿਸੇ ਅਦ੍ਰਿਸ਼ ਜਿਹੀ ਲੜੀ ਵਿੱਚ ਬੰਨ੍ਹਦੇ ਸਨ।
ਜਦੋਂ ਤੇਲਗੂ ਕਵੀ ਅਤੇ ਮਨੁੱਖੀ ਹਕੂਕ ਕਾਰਕੁਨ ਵਰਵਰਾ ਰਾਓ ਬੋਲ ਰਹੇ ਸਨ ਤਾਂ ਮੌਜੂਦਾ ਹਾਲਾਤ ਦੀ 'ਰਾਮਾਇਣ' ਦੇ ਦ੍ਰਿਸ਼ ਕੰਧਾਂ ਉੱਤੇ ਲੱਗੇ ਚਿੱਤਰਾਂ ਦੀ ਨਵੀਂ ਵਿਆਖਿਆ ਕਰਦੇ ਜਾਪਦੇ ਸਨ।
ਕਾਗ਼ਜ਼ਾਂ ਉੱਤੇ ਲਿਖੇ ਨਾਅਰਿਆਂ ਦੀਆਂ ਕੜੀਆਂ ਉਜਾਗਰ ਹੋ ਰਹੀਆਂ ਸਨ।
ਹਨੂਮਾਨ ਦੇ ਮੋਢਿਆਂ ਉੱਤੇ ਬੈਠੇ ਰਾਮ ਅਤੇ ਲਕਸ਼ਮਣ ਜਾਂ ਸੰਜੀਵਨੀ ਬੂਟੀ ਲਿਆਉਣ ਦਾ ਦ੍ਰਿਸ਼ ਵਰਵਰਾ ਰਾਓ ਦੀ ਤਕਰੀਰ ਮੌਕੇ ਵੱਡੀਆਂ ਕੰਪਨੀਆਂ, ਕੁਦਰਤੀ ਸਾਧਨਾਂ ਨਾਲ ਜੁੜੀ ਆਦਿਵਾਸੀ ਤਬਕੇ ਦੀ ਜ਼ਿੰਦਗੀ ਅਤੇ ਵਿਕਾਸ ਦੀ ਨਵੀਂ ਮਨਸੂਬਾਬੰਦੀ ਵਿੱਚੋਂ ਉਪਜਦੇ ਸੁਆਲਾਂ ਰਾਹੀਂ ਨਵੀਂ 'ਰਾਮਾਇਣ' ਪੇਸ਼ ਕਰਦਾ ਸੀ।
'ਸਰਕਾਰ ਭਾਜਪਾ ਦੀ ਨਹੀਂ, ਰਾਸ਼ਟਰੀ ਸਵੈਮ ਸੇਵਕ ਸੰਘ ਦੀ'
ਅਰੁੰਧਤੀ ਨੇ ਆਪਣੀ ਤਕਰੀਰ ਇਸ ਧਾਰਨਾ ਨਾਲ ਸ਼ੁਰੂ ਕੀਤੀ ਕਿ ਮੌਜੂਦਾ ਸਰਕਾਰ ਭਾਜਪਾ ਦੀ ਨਹੀਂ ਸਗੋਂ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਹੈ।
ਉਨ੍ਹਾਂ ਨੇ ਹਿੰਦੂਤਵ ਦੀ ਵਿਆਖਿਆ ਕਰਦਿਆਂ ਦਾਅਵਾ ਕੀਤਾ ਕਿ ਇਹ ਉੱਚੀ ਜਾਤ ਦੇ ਹਿੰਦੂਆਂ ਨੂੰ ਪਹਿਲੇ ਦਰਜੇ ਦੇ ਅਤੇ ਬਾਕੀਆਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਮੰਨਣ ਵਾਲੀ ਸੋਚ ਹੈ।
ਉਨ੍ਹਾਂ ਜ਼ੋਰ ਦਿੱਤਾ ਕਿ ਮੌਜੂਦਾ ਦੌਰ ਨੂੰ ਸਮਝਣ ਲਈ ਇਤਿਹਾਸ ਨੂੰ ਠੀਕ ਤਰ੍ਹਾਂ ਸਮਝਣਾ ਹੋਵੇਗਾ ਇਸ ਤੋਂ ਬਾਅਦ ਹੀ ਆਉਣ ਵਾਲੇ ਵਕਤ ਨੂੰ ਸਮਝਿਆ ਜਾ ਸਕੇਗਾ।
'ਕਾਂਗਰਸ ਦੇ ਰਾਜ ਵਿੱਚ ਦੋ ਜਿੰਦਰੇ ਖੋਲ੍ਹੇ ਗਏ'
ਅਰੁੰਧਤੀ ਰਾਏ ਨੇ ਮੌਜੂਦਾ ਦੌਰ ਦੇ ਰੁਝਾਨ ਦੀ ਸ਼ੁਰੂਆਤ ਵਜੋਂ 1990ਵਿਆਂ ਦੀ ਨਿਸ਼ਾਨਦੇਹੀ ਕੀਤੀ ਜਦੋਂ ਦੋ ਜਿੰਦੇ ਖੋਲ੍ਹੇ ਗਏ, ਇੱਕ ਅਰਥਚਾਰੇ ਦੇ ਬਾਜ਼ਾਰ ਲਈ ਜਿੰਦਰਾ ਖੋਲ੍ਹਿਆ ਗਿਆ ਅਤੇ ਦੂਜਾ ਬਾਬਰੀ ਮਸਜਿਦ ਦਾ ਜਿੰਦਰਾ ਤੋੜਿਆ ਗਿਆ।
ਉਨ੍ਹਾਂ ਨੇ ਇਨ੍ਹਾਂ ਦੋਵਾਂ ਜਿੰਦਰਿਆਂ ਨੂੰ ਦੋ ਤਰ੍ਹਾਂ ਦੇ ਮੂਲਵਾਦ ਨਾਲ ਜੋੜ ਕੇ ਪੇਸ਼ ਕੀਤਾ।
ਉਨ੍ਹਾਂ ਕਿਹਾ, "ਇੱਕ ਬਾਜ਼ਾਰ ਦਾ ਮੂਲਵਾਦ ਹੈ ਅਤੇ ਦੂਜਾ ਹਿੰਦੂਤਵ ਦਾ ਮੂਲਵਾਦ ਹੈ। ਇਹ ਦੋਵਾਂ ਕਿਸਮ ਦੇ ਮੂਲਵਾਦ ਨੇ ਆਪਣਾ ਹੀ ਦੋ ਤਰ੍ਹਾਂ ਦਾ ਮਸਨੂਈ (ਬਨਾਵਟੀ) ਅਤਿਵਾਦ ਘੜ ਲਿਆ। ਇੱਕ ਇਸਲਾਮੀ ਅਤਿਵਾਦ ਅਤੇ ਦੂਜਾ ਵਿਕਾਸ ਵਿਰੋਧੀ ਅਤਿਵਾਦ ਜਿਸ ਨੂੰ ਮਾਓਵਾਦੀ ਕਰਾਰ ਦਿੱਤਾ।"
ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਨਵਾਂ ਨਿਜ਼ਾਮ ਬਣ ਗਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਸਾਫ਼ ਕੀਤਾ ਕਿ ਇਸ ਰੁਝਾਨ ਨਾਲ ਜਮਹੂਰੀਅਤ ਦੇ ਸਾਰੇ ਅਦਾਰਿਆਂ ਦਾ ਖ਼ਾਸਾ ਬਦਲ ਰਿਹਾ ਹੈ ਜਿਨ੍ਹਾਂ ਵਿੱਚ ਅਦਾਲਤ, ਫੌਜ ਅਤੇ ਮੀਡੀਆ, ਸਿਹਤ ਅਤੇ ਸਿੱਖਿਆ ਦੀ ਵਿਗੜਦੀ ਹਾਲਤ ਸ਼ਾਮਿਲ ਹੈ।
ਕਸ਼ਮੀਰ 'ਤੇ ਸੰਯੁਕਤ ਰਾਸ਼ਟਰ ਦਾ ਹਵਾਲਾ
ਅਰੁੰਧਤੀ ਨੇ ਆਪਣੀ ਦਲੀਲ ਦੀ ਵਿਆਖਿਆ ਲਈ ਸੰਯੁਕਤ ਰਾਸ਼ਟਰ ਦੀ ਕਸ਼ਮੀਰ ਵਿੱਚ ਮਨੁੱਖੀ ਹਕੂਕ ਦੇ ਘਾਣ ਬਾਬਤ ਛਾਪੀ ਰਪਟ ਦਾ ਜ਼ਿਕਰ ਕੀਤਾ।
ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਇਸ ਰਪਟ ਨੂੰ ਰੱਦ ਕਰਨ ਲਈ ਦਲੀਲ ਦਿੰਦੀ ਹੈ ਕਿ ਕਮੇਟੀ ਨੇ ਕਸ਼ਮੀਰ ਦਾ ਦੌਰਾ ਨਹੀਂ ਕੀਤਾ ਪਰ ਆਪ ਹੀ ਸਰਕਾਰ ਨੇ ਇਸ ਦੌਰੇ ਦੀ ਇਜਾਜ਼ਤ ਨਹੀਂ ਦਿੱਤੀ।
ਉਨ੍ਹਾਂ ਪੁੱਛਿਆ, "ਜੇ ਲੁਕਾਉਣ ਲਈ ਕੁਝ ਨਹੀਂ ਹੈ ਤਾਂ ਪੜਤਾਲ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।"
ਕਾਰਕੁਨਾਂ ਦੀ ਗ੍ਰਿਫ਼ਤਾਰੀ ਦਾ ਕਿਸ ਵੱਲ ਇਸ਼ਾਰਾ?
ਛੇ ਜੂਨ ਨੂੰ ਰੋਨਾ ਵਿਲਸਨ, ਸੁਰਿੰਦਰ ਗਡਲਿੰਗ, ਸ਼ੋਮਾ ਸੇਨ, ਮਹੇਸ਼ ਰਾਉਤ ਅਤੇ ਸੁਧੀਰ ਧਾਵਲੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਨ੍ਹਾਂ ਖ਼ਿਲਾਫ਼ ਭੀਮਾ ਕੋਰੇਗਾਓਂ ਦੀ ਹਿੰਸਾ ਭੜਕਾਉਣ, ਮਾਓਵਾਦੀਆਂ ਦੀ ਹਮਾਇਤ ਕਰਨ ਅਤੇ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਸਾਜ਼ਿਸ਼ ਕਰਨ ਦੇ ਇਲਜ਼ਾਮ ਲਗਾਏ ਗਏ ਹਨ।
ਅਰੁੰਧਤੀ ਰਾਏ ਨੇ ਇਨ੍ਹਾਂ ਦੀ ਗ੍ਰਿਫ਼ਤਾਰੀ ਦੇ ਪਿੱਛੇ ਸਰਗਰਮ ਰੁਝਾਨ ਬਾਰੇ ਬੋਲਦਿਆਂ ਕਿਹਾ ਕਿ ਇਨ੍ਹਾਂ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਨੂੰ ਸ਼ੁਰੂਆਤ ਮੰਨਿਆ ਜਾਵੇ ਤਾਂ ਇਸ ਰੁਝਾਨ ਦੇ ਹੋਰ ਤਿੱਖਾ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਦਲਿਤ, ਮੁਸਲਮਾਨ ਅਤੇ ਆਦਿਵਾਸੀ ਤਾਂ ਅਤਿਵਾਦੀ ਕਰਾਰ ਦਿੱਤੇ ਗਏ ਹਨ, ਸਾਡੇ ਵਰਗੇ ਸ਼ਹਿਰੀ ਮਾਓਵਾਦੀ ਬਣ ਗਏ ਹਨ ਤਾਂ ਬਚਿਆ ਕੌਣ ਹੈ?
ਉਹ ਪਿਛਲੇ ਦਿਨਾਂ ਵਿੱਚ 'ਮਨੀਸਟਰੀ ਆਫ਼ ਔਟਮੋਸਟ ਹੈਪੀਨੈੱਸ' ਨਾਵਲ ਦੇ ਸਿਲਸਿਲੇ ਵਿੱਚ ਪੂਰੀ ਦੁਨੀਆਂ ਦਾ ਚੱਕਰ ਲਗਾ ਕੇ ਆਏ ਹਨ।
5 ਜੂਨ ਨੂੰ ਉਹ ਲੰਡਨ ਵਿੱਚ 'ਸੀਬਾਲਡ ਲੈਕਚਰ 2018' (The Sebald Lecture 2018) ਦੇ ਕੇ ਆਏ ਹਨ।
ਅਠਤਾਲੀ ਬੋਲੀਆਂ ਵਿੱਚ ਛਪ ਚੁੱਕਿਆ ਹੈ ਅਤੇ ਛੇ ਹੋਰ ਬੋਲੀਆਂ ਵਿੱਚ ਇਸ ਦਾ ਤਰਜਮਾ ਹੋ ਰਿਹਾ ਹੈ।
ਬਰਨਾਲਾ ਕਿਵੇਂ ਬਣਿਆ ਪੜਾਅ?
ਜਦੋਂ ਬੀਬੀਸੀ ਪੰਜਾਬੀ ਨੇ ਅਰੁੰਧਤੀ ਰਾਏ ਨੂੰ ਪੁੱਛਿਆ ਕਿ ਉਨ੍ਹਾਂ ਦੇ ਦੁਨੀਆਂ ਦੇ ਦੌਰੇ ਵਿੱਚ ਬਰਨਾਲਾ ਕਿਵੇਂ ਪੜਾਅ ਬਣ ਜਾਂਦਾ ਹੈ ਤਾਂ ਉਨ੍ਹਾਂ ਦਾ ਜੁਆਬ ਸੀ, "ਮੇਰੇ ਲੇਖ ਅਤੇ ਨਾਵਲ ਇਸ ਮੁੱਦੇ ਤੋਂ ਵੱਖਰੇ ਨਹੀਂ ਹਨ। ਸਾਡੇ ਮੁਲਕ ਅਤੇ ਸਮਾਜ ਵਿੱਚ ਇੱਕ ਪਾਸੇ ਵੱਡੇ-ਵੱਡੇ ਕਾਂਡ ਕਿਸੇ ਜਾਂਚ ਦਾ ਸਬੱਬ ਨਹੀਂ ਬਣਦੇ ਪਰ ਦੂਜੇ ਪਾਸੇ ਹਰ ਤਰ੍ਹਾਂ ਦੀ ਸਿਆਸੀ ਜਾਂ ਰੋਹ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।''
"ਹਰ ਤਰ੍ਹਾਂ ਦੀ ਸਿਆਸੀ ਲਾਮਬੰਦੀ ਦੀ ਗੁੰਜਾਇਸ਼ ਨੂੰ ਖ਼ਤਮ ਕਰਨ ਲਈ ਇਹ ਸਭ ਹੋ ਰਿਹਾ ਹੈ। ਇਨ੍ਹਾਂ ਹਾਲਾਤ ਵਿੱਚ ਨਾਬਰੀ ਦਾ ਹਰ ਪਿੱੜ ਅਤੇ ਹਰ ਆਵਾਜ਼ ਮਾਅਨੇ ਰੱਖਦੀ ਹੈ ਅਤੇ ਬਰਨਾਲਾ ਮੇਰਾ ਆਪਣੇ-ਆਪ ਪੜਾਅ ਬਣ ਜਾਂਦਾ ਹੈ।"
'ਹਰੇ ਘਾਹ ਦਾ ਜੰਗਲ'
ਅਰੁੰਧਤੀ ਦੇ ਸਾਹਮਣੇ ਜੁੜੇ ਲੋਕਾਂ ਵਿੱਚ ਬਹੁਤ ਸਾਰੇ ਲੋਕਾਂ ਦੇ ਹਰੀਆਂ ਪੱਗਾਂ ਬੰਨ੍ਹੀਆਂ ਹੋਈਆਂ ਹਨ। ਕਈਆਂ ਕੋਲ ਹਰੇ ਝੰਡੇ ਹਨ।
ਮਾਨਸਾ ਤੋਂ ਬਿਆਸੀ ਸਾਲ ਦਾ ਬਲਦੇਵ ਸਿੰਘ, ਬਠਿੰਡਾ ਤੋਂ ਸੱਤਰ ਸਾਲਾ ਸ਼ਿੰਗਾਰਾ ਸਿੰਘ, ਮੋਹਾਲੀ ਤੋਂ ਬਹੱਤਰ ਸਾਲਾ ਯਸ਼ਪਾਲ, ਪਟਿਆਲਾ ਦਾ ਬਲਰਾਜ ਜੋਸ਼ੀ ਅਤੇ ਭਗਤਾ ਭਾਈ ਕਾ ਤੋਂ ਹਰਜਿੰਦਰ ਕੌਰ ਬਿੰਦੂ ਅਜਿਹਾ ਇਕੱਠ ਬਣਦੇ ਹਨ ਜੋ ਅਰੁੰਧਤੀ ਰਾਏ ਨੂੰ ਮਹਾਂਨਗਰਾਂ ਵਿੱਚ ਸੁਣਨ ਆਉਂਦੇ ਬੁੱਧੀਜੀਵੀ ਤਬਕੇ ਤੋਂ ਵੱਖਰਾ ਹੈ।
ਵੱਖਰੀ-ਵੱਖਰੀ ਹਰੀ ਭਾਅ ਮਾਰਦੀਆਂ ਪੱਗਾਂ ਪਾਸ਼ ਦੀ ਕਵਿਤਾ ਵਿਚਲਾ 'ਹਰੇ ਘਾਹ ਦਾ ਜੰਗਲ' ਜਾਪਦੀਆਂ ਹਨ।
ਸ਼ਾਇਦ ਅਰੁੰਧਤੀ ਦੇ ਸਫ਼ਰ ਵਿੱਚ ਬਰਨਾਲਾ ਵੀ ਇਸੇ ਲਈ ਪੜਾਅ ਬਣਿਆ ਹੈ, "ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ ਘਾਹ ਦਾ ਜੰਗਲ ਹੈ।"