ਫੀਫਾ ਵਿਸ਼ਵ ਕੱਪ 2018: ਰੂਸ 'ਚ 'ਬੁਰੀਆਂ' ਖ਼ਬਰਾਂ ਰੋਕਣ ਦੇ ਹੁਕਮ

ਫੀਫਾ ਵਿਸ਼ਵ ਕੱਪ 2018 ਇਸ ਵੇਲੇ ਰੂਸ ਦੀ ਸਭ ਤੋਂ ਵੱਡੀ ਖ਼ਬਰ ਹੈ ਪਰ ਖੇਡ ਖ਼ਬਰਾਂ ਤੋਂ ਇਲਾਵਾ ਰੂਸ ਵਿੱਚ ਕੀ ਵਾਪਰ ਰਿਹਾ ਹੈ? ਇਸ ਹਨ ਉਹ 6 ਖ਼ਾਸ ਖ਼ਬਰਾਂ ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਜਾਣਕਾਰੀ ਨਹੀਂ ਹੋਵੇਗੀ।

1. ਰੂਸੀਆਂ ਨੂੰ ਰਿਟਾਇਰ ਹੋਣ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ

16 ਜੂਨ ਨੂੰ ਜਿਸ ਵੇਲੇ ਰੂਸੀ ਲੋਕ ਸਾਊਦੀ ਅਰਬ ਉੱਤੇ 5-0 ਦੇ ਫ਼ਰਕ ਨਾਲ ਦਰਜ ਕੀਤੀ ਜਿੱਤ ਦਾ ਜਸ਼ਨ ਮਨਾ ਰਹੇ ਸਨ ਉਸ ਵੇਲੇ ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਨੇ ਪਾਰਲੀਮੈਂਟ ਵਿੱਚ ਸੇਵਾਮੁਕਤ ਹੋਣ ਦੀ ਉਮਰ ਵਿੱਚ ਵੱਡੇ ਬਦਲਾਅ ਕਰਨ ਦਾ ਬਿੱਲ ਪੇਸ਼ ਕੀਤਾ ਹੈ।

ਨਵੇਂ ਬਿੱਲ ਵਿੱਚ ਇਹ ਤਜਵੀਜ਼ ਕੀਤੀ ਗਈ ਹੈ ਕਿ ਰੂਸੀ ਮਰਦਾਂ ਨੂੰ ਹੁਣ 65 ਸਾਲ ਦੀ ਉਮਰ ਤੱਕ ਕੰਮ ਕਰਨਾ ਪਵੇਗਾ ਜਦਕਿ ਔਰਤਾਂ ਦੀ ਸੇਵਾਮੁਕਤ ਹੋਣ ਦੀ ਉਮਰ ਨੂੰ 55 ਤੋਂ 63 ਸਾਲ ਕਰ ਦਿੱਤੀ ਹੈ।

ਸਰਕਾਰ ਦਾ ਕਹਿਣਾ ਹੈ ਕਿ ਬਦਲਾਅ ਪੜਾਅਵਾਰ ਕੀਤੇ ਜਾਣਗੇ ਅਤੇ ਇਹ ਫੈਸਲਾ ਅਰਥਚਾਰੇ 'ਤੇ ਦਬਾਅ ਘਟਾਉਣ ਲਈ ਜ਼ਰੂਰੀ ਸੀ।

ਰੂਸ ਜਿੱਥੇ ਔਸਤਨ ਉਮਰ ਦਰ 65 ਤੋਂ ਉਪਰ ਜਾਣੀ ਮੁਸ਼ਕਲ ਹੋ ਰਹੀ ਹੈ, ਉੱਥੇ ਰੂਸੀ ਲੋਕ ਹੁਣ ਸਵਾਲ ਕਰ ਰਹੇ ਹਨ ਕਿ, ਕੀ ਉਹ ਪੈਨਸ਼ਨ ਲੈਣ ਲਈ ਜਿਊਂਦੇ ਰਹਿਣਗੇ?

2. ਟੈਕਸ ਵਿੱਚ ਵਾਧਾ

ਵਿਸ਼ਵ ਕੱਪ ਦੀ ਸ਼ੁਰੂਆਤ ਵੇਲੇ ਹੀ ਸਰਕਾਰ ਨੇ ਵੈਟ (ਵੈਲੀਊ ਐਡਿਡ ਟੈਕਸ) ਨੂੰ 20 ਫੀਸਦ ਤੱਕ ਕਰਨ ਦੀ ਤਜਵੀਜ਼ ਕੀਤੀ। ਇਸ ਵਾਧੇ ਨੂੰ ਸਰਕਾਰ ਜਨਵਰੀ 2019 ਤੋਂ ਲਾਗੂ ਕਰਨਾ ਚਾਹੁੰਦੀ ਹੈ।

ਟੈਕਸ ਵਿੱਚ ਕੀਤੇ ਇਸ ਵਾਧੇ ਨੂੰ ਮਾਲੀਆ ਵਧਾਉਣ ਲਈ ਕੀਤਾ ਜਾ ਰਿਹਾ ਹੈ ਪਰ ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਮਹਿੰਗਾਈ ਵਧ ਸਕਦੀ ਹੈ।

ਅਜੇ ਇਹ ਵੈਟ ਦੀ ਦਰ 10 ਫੀਸਦ ਹੈ ਅਤੇ ਇਹ ਵਾਧਾ ਖਾਣਾ, ਦਵਾਈਆਂ ਅਤੇ ਬੱਚਿਆਂ ਦੇ ਸਾਮਾਨ 'ਤੇ ਨਹੀਂ ਕੀਤਾ ਜਾਵੇਗਾ।

3. ਭੁੱਖ ਹੜਤਾਲ ਜਾਰੀ

ਯੂਕਰੇਨੀਅਨ ਫਿਲਮ ਡਾਇਰੈਕਟਰ ਓਲੇਗ ਸੈਂਟਸੋਵ 14 ਮਈ ਤੋਂ ਭੁੱਖ ਹੜਤਾਲ 'ਤੇ ਹਨ। ਉਹ ਰੂਸ ਵੱਲੋਂ 2014 ਵਿੱਚ ਕ੍ਰੀਮੀਆ 'ਤੇ ਕਬਜ਼ਾ ਕਰਨ ਦੀ ਵਿਰੋਧ ਕਰਦੇ ਰਹੇ ਹਨ।

ਉਨ੍ਹਾਂ 'ਤੇ ਲੈਨਿਨ ਦੀ ਯਾਦਗਾਰ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਕਰਨ ਦੇ ਇਲਜ਼ਾਮਾਂ ਹੇਠ 20 ਸਾਲ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਉਹ ਜੇਲ੍ਹ ਵਿੱਚੋਂ ਹੀ ਯੂਕਰੇਨ ਦੇ ਸਾਰੇ ਸਿਆਸੀ ਆਗੂਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ।

ਵਿਸ਼ਵ ਕੱਪ ਤੱਕ ਸਾਰੇ ਮੇਜ਼ਬਾਨ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ 'ਤੇ ਪਾਬੰਦੀ ਲਾਈ ਹੋਈ ਹੈ ਪਰ ਬੀਤੇ ਮੰਗਲਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਵਿਸ਼ਵ ਕੱਪ ਦੇ ਮਾਡਲ ਨੂੰ ਤਾਰਾਂ ਵਿੱਚ ਬੰਨ੍ਹ ਕੇ ਰੂਸ ਦੀ ਇੱਕ ਮਸ਼ਹੂਰ ਸੜਕ 'ਤੇ ਨਾਅਰੇ ਲਾਏ। ਉਨ੍ਹਾਂ ਦਾ ਮਕਸਦ ਸੈਂਟਸੋਵ ਦੀਆਂ ਮੰਗਾਂ ਵੱਲ ਧਿਆਨ ਦਿਵਾਉਣਾ ਸੀ।

ਭਾਵੇਂ ਪੁਲਿਸ ਨੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਹਟਾ ਲਿਆ ਪਰ ਉਸ ਤੋਂ ਪਹਿਲਾਂ ਕਾਫੀ ਫੁੱਟਬਾਲ ਪ੍ਰੇਮੀਆਂ ਨੇ ਉਸਨੂੰ ਵਿਸ਼ਵ ਕੱਪ ਦਾ ਆਮ ਮਾਡਲ ਸਮਝ ਕੇ ਉਸਦੇ ਨਾਲ ਸੈਲਫੀਆਂ ਖਿਚਵਾ ਲਈਆਂ ਸਨ।

4. ਰਿਹਾਅ ਕੀਤਾ ਕਾਰਕੁਨ ਮੁੜ ਕੈਦ ਵਿੱਚ

ਮੰਨੇ-ਪ੍ਰਮੰਨੇ ਇਤਿਹਾਸਕਾਰ ਤੇ ਸਮਾਜਿਕ ਕਾਰਕੁਨ ਯੂਰੀ ਦਮਿਤਰੀਦੇਵ ਨੂੰ ਬੱਚਿਆਂ ਦੀ ਪੋਰਨੋਗ੍ਰਫੀ ਦੇ ਇਲਜ਼ਾਮਾਂ ਤੋਂ ਅਪ੍ਰੈਲ ਵਿੱਚ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਉਨ੍ਹਾਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਯੂਰੀ ਦਮਿਤਰਿਵ ਉਸ ਮਨੁੱਖੀ ਹੱਕਾਂ ਦੀ ਜਥੇਬੰਦੀ ਦਾ ਮੈਂਬਰ ਹੈ ਜਿਸ ਨੇ ਤਿੰਨ ਦਹਾਕੇ ਉਨ੍ਹਾਂ ਲੋਕਾਂ ਦੀਆਂ ਕਬਰਾਂ ਨੂੰ ਲੱਭਣ ਵਿੱਚ ਲਾ ਦਿੱਤੇ ਜਿਨ੍ਹਾਂ ਨੂੰ ਸਟੈਲਿਨ ਦੇ ਰਾਜ ਵੇਲੇ ਕਤਲ ਕੀਤਾ ਗਿਆ ਸੀ।

14 ਜੂਨ ਨੂੰ ਯੂਰੀ ਦੇ ਜੱਦੀ ਇਲਾਕੇ ਕਾਰੇਲੀਆ ਦੇ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਰਿਹਾਈ ਦੇ ਫੈਸਲੇ ਨੂੰ ਬਦਲ ਦਿੱਤਾ। ਹੁਣ ਯੂਰੀ ਨਵੇਂ ਇਲਜ਼ਾਮਾਂ ਹੇਠ 20 ਸਾਲ ਦੀ ਸਜ਼ਾ ਕੱਟ ਰਹੇ ਹਨ।

5. ਬੁਰੀ ਖ਼ਬਰ 'ਤੇ ਪਾਬੰਦੀ

ਰੂਸ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਪੁਲਿਸ ਨੂੰ ਵਿਸ਼ਵ ਕੱਪ ਦੌਰਾਨ ਕਿਸੇ ਵੀ ਨਕਾਰਾਤਮਕ ਖ਼ਬਰ ਨੂੰ ਰੋਕਣ ਦੇ ਹੁਕਮ ਦਿੱਤੇ ਹਨ। ਇਸਦੇ ਨਾਲ ਹੀ ਪੁਲਿਸ ਨੂੰ ਸਿਰਫ ਕਾਮਯਾਬ ਤਫਤੀਸ਼ ਬਾਰੇ ਹੀ ਖ਼ਬਰ ਦੇਣ ਲਈ ਕਿਹਾ ਗਿਆ ਹੈ।

ਇਹ ਹੁਕਮ 25 ਜੁਲਾਈ ਤੱਕ ਲਾਗੂ ਰਹਿਣਗੇ। ਇਸਦੇ ਨਾਲ ਹੀ ਹਿਰਾਸਤ ਵਿੱਚ ਲਏ ਗਏ ਲੋਕਾਂ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਜਾਵੇਗੀ।

ਰੂਸੀ ਨਿਊਜ਼ ਵੈਬਸਾਈਟ ਮੇਡੂਜ਼ਾ ਅਨੁਸਾਰ ਮੀਡੀਆ ਵੱਲੋਂ ਪੁਲਿਸ ਰਿਪੋਰਟਾਂ ਜਾਰੀ ਕਰਨ ਦੀ ਗਿਣਤੀ ਵਿੱਚ ਅਚਾਨਕ ਗਿਰਾਵਟ ਆਈ ਹੈ।

1 ਜੂਨ 2018 ਤੋਂ 6 ਜੂਨ 2018 ਵਿਚਾਲੇ ਅਜਿਹੀ ਰਿਪੋਰਟਾਂ ਦੀ ਗਿਣਤੀ 1438 ਸੀ ਪਰ 7 ਜੂਨ ਤੋਂ 13 ਜੂਨ ਵਿਚਾਲੇ ਇਹ ਗਿਣਤੀ ਸਿਰਫ਼ 70 ਰਹਿ ਗਈ।

6. ਨਾਵਲਨੀ ਭਰਾ ਰਿਹਾਅ

ਵਿਸ਼ਵ ਕੱਪ ਦੀ ਸ਼ੁਰੂਆਤ ਦੇ ਨਾਲ ਵਿਰੋਧੀ ਧਿਰ ਲਈ ਪ੍ਰਚਾਰ ਕਰਨ ਵਾਲੇ ਏਲੈਕਸੀ ਨਾਵਲਨੀ ਨੂੰ ਰਿਹਾਅ ਕਰ ਦਿੱਤਾ ਗਿਆ। ਨਾਵਲਨੀ ਨੂੰ ਬਿਨਾਂ ਇਜਾਜ਼ਤ ਤੋਂ ਕੀਤੇ ਇੱਕ ਮੁਜ਼ਾਹਰੇ ਵਿੱਚ ਹਿੱਸਾ ਲੈਣ ਲਈ 30 ਦਿਨਾਂ ਵਿੱਚ ਜੇਲ੍ਹ ਵਿੱਚ ਰਹਿਣਾ ਪਿਆ ਹੈ।

ਉਸਦੇ ਭਰਾ ਓਲੇਗ ਨੂੰ ਬੀਤੇ ਸ਼ੁੱਕਰਵਾਰ ਨੂੰ ਸਾਢੇ ਤਿੰਨ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਛੱਡ ਦਿੱਤਾ ਗਿਆ ਹੈ। ਦੋਵੇਂ ਭਰਾਵਾਂ 'ਤੇ ਲਾਏ ਗਏ ਇਲਜ਼ਾਮ ਸਿਆਸੀ ਕਾਰਨਾਂ ਨਾਲ ਪ੍ਰੇਰਿਤ ਸਨ।

ਘਰ ਪਰਤ ਕੇ ਅਲੈਕਸੀ ਨਾਵਲੇਨੀ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਉਸ ਨਾਲ ਵਿਸ਼ਵ ਕੱਪ ਕਰਕੇ ਹੀ ਹਿਰਾਸਤ ਵੇਲੇ ਨਰਮੀ ਵਰਤੀ ਗਈ।

ਉਸਨੇ ਉਨ੍ਹਾਂ ਲੋਕਾਂ ਲਈ ਸੰਦੇਸ਼ ਲਿਖਿਆ ਜੋ ਸੋਚਦੇ ਹਨ ਕਿ ਮੌਜੂਦਾ ਦੌਰ ਵਿੱਚ ਵਰਤੀ ਜਾ ਰਹੀ ਨਰਮੀ ਅੱਗੇ ਵੀ ਜਾਰੀ ਰਹੇਗੀ।

ਉਨ੍ਹਾਂ ਕਿਹਾ, "ਵਿਸ਼ਵ ਕੱਪ ਤੋਂ ਬਾਅਦ ਇਸ ਅਹਿਸਾਸ ਹੋਵੇਗਾ ਕਿ ਪਰਨਾਲਾ ਉੱਥੋਂ ਦਾ ਉੱਥੇ ਹੀ ਹੈ।''

ਪੈਨਸ਼ਨ ਨੂੰ ਲੈ ਕੇ ਕੀਤੇ ਬਦਲਾਅ ਲਈ ਜਲਦ ਹੀ ਮੁਜ਼ਾਹਰਿਆਂ ਲਈ ਯੋਜਨਾ ਬਣਾਈ ਜਾ ਰਹੀ ਹੈ, ਤੇ ਰੂਸੀ ਦੇਖਣਗੇ ਕਿ ਨਾਵਲਨੀ ਸਹੀ ਸਾਬਿਤ ਹੁੰਦਾ ਹੈ ਜਾਂ ਗਲਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)