You’re viewing a text-only version of this website that uses less data. View the main version of the website including all images and videos.
ਫੁੱਟਬਾਲ ਮੈਚ ਤੋਂ ਬਾਅਦ ਜਦੋਂ ਜਪਾਨੀਆਂ ਨੇ ਕੀਤਾ ਸਟੇਡੀਅਮ ਸਾਫ
- ਲੇਖਕ, ਐਨਡ੍ਰੀਆਸ ਇਲਮਰ
- ਰੋਲ, ਬੀਬੀਸੀ ਪੱਤਰਕਾਰ
ਫੀਫਾ ਵਿਸ਼ਵ ਕੱਪ ਦੇ ਮੁਕਾਬਲੇ ਤੋਂ ਬਾਅਦ ਸਟੇਡੀਅਮ ਵਿੱਚ ਗੰਦਗੀ ਅਕਸਰ ਦੇਖੀ ਜਾਂਦੀ ਹੈ ਪਰ ਜਪਾਨੀ ਇਸ ਨਜ਼ਾਰੇ ਨੂੰ ਬਦਲਣਾ ਆਪਣੇ ਸੱਭਿਆਚਾਰ ਦਾ ਹਿੱਸਾ ਮੰਨਦੇ ਹਨ।
ਮੰਗਲਵਾਰ ਰਾਤ ਨੂੰ ਜਪਾਨ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਕੋਲੰਬੀਆ ਨੂੰ 1 ਦੇ ਮੁਕਾਬਲੇ 2 ਗੋਲਾਂ ਨਾਲ ਮਾਤ ਦਿੱਤੀ। ਇਸ ਪਹਿਲੀ ਜਿੱਤ ਨੇ ਜਪਾਨੀ ਫੈਨਜ਼ ਨੂੰ ਜੋਸ਼ ਨਾਲ ਭਰ ਦਿੱਤਾ।
ਜਿੱਥੇ ਜਪਾਨੀ ਟੀਮ ਨੇ ਵਿਰੋਧੀ ਕੋਲੰਬੀਆ ਨੂੰ ਮੈਦਾਨ ਵਿੱਚੋਂ ਸਾਫ਼ ਕੀਤਾ ਉੱਥੇ ਪ੍ਰਸ਼ੰਸਕਾਂ ਨੇ ਮੈਚ ਮਗਰੋਂ ਸਟੇਡੀਅਮ ਨੂੰ ਵੀ ਉਹਨੇ ਹੀ ਜੋਸ਼ ਨਾਲ ਸਾਫ਼ ਕੀਤਾ।
ਉਹ ਆਪਣੇ ਨਾਲ ਸਟੇਡੀਅਮ ਵਿੱਚ ਕੂੜਾ ਇਕੱਠਾ ਕਰਨ ਵਾਲੇ ਬੈਗ ਲਿਆਏ ਸਨ। ਉਨ੍ਹਾਂ ਨੇ ਸਟੇਡੀਅਮ ਵਿੱਚ ਕੁਰਸੀਆਂ ਦੀਆਂ ਕਤਾਰਾਂ ਵਿੱਚੋਂ ਦੀ ਲੰਘ ਕੇ ਖਿੱਲਰੇ ਕੂੜੇ ਨੂੰ ਇਕੱਠਾ ਕੀਤਾ।
ਉਹ ਸਟੇਡੀਅਮ ਨੂੰ ਪਹਿਲਾਂ ਵਾਂਗ ਹੀ ਸਾਫ਼ ਬਣਾਉਣਾ ਚਾਹੁੰਦੇ ਸਨ ਜਿੰਨਾ ਕਿ ਉਹ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੀ।
ਜਪਾਨੀਆਂ ਵੱਲੋਂ ਇਸ ਚੰਗੀ ਆਦਤ ਦਾ ਮੁਜ਼ਾਹਰਾ ਪਹਿਲੀ ਵਾਰ ਨਹੀਂ ਹੋਇਆ ਹੈ। ਉਹ ਅਕਸਰ ਆਪਣੀਆਂ ਚੰਗੀਆਂ ਆਦਤਾਂ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਹਨ।
ਜਪਾਨ ਵਿੱਚ ਰਹਿੰਦੇ ਇੱਕ ਫੁੱਟਬਾਲ ਪੱਤਰਕਾਰ ਨੇ ਬੀਬੀਸੀ ਨੂੰ ਦੱਸਿਆ, "ਇਹ ਫੁੱਟਬਾਲ ਸੱਭਿਆਚਾਰ ਨਹੀਂ ਬਲਕਿ ਜਪਾਨੀ ਸੱਭਿਆਚਾਰ ਦਾ ਹਿੱਸਾ ਹੈ।"
ਉਹ ਜਾਪਾਨੀ ਟੀਮ ਨਾਲ ਰੂਸ ਵਿੱਚ ਹਨ ਅਤੇ ਉਨ੍ਹਾਂ ਨੂੰ ਆਪਣੇ ਹਮਵਤਨਾਂ ਦੇ ਇਸ ਵਿਹਾਰ ਬਾਰੇ ਬਿਲਕੁਲ ਵੀ ਹੈਰਾਨੀ ਨਹੀਂ ਹੋਈ।
ਉਨ੍ਹਾਂ ਕਿਹਾ, "ਤੁਸੀਂ ਅਕਸਰ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਫੁੱਟਬਾਲ ਸੱਭਿਆਚਾਰ ਦਾ ਅਕਸ ਹੈ।''
''ਜਪਾਨੀ ਸਮਾਜ ਦੀ ਖ਼ਾਸ ਗੱਲ ਇਹ ਪੱਕਾ ਕਰਨਾ ਹੈ ਕਿ ਸਭ ਕੁਝ ਸਾਫ਼ ਹੋਵੇ ਅਤੇ ਇਹ ਹਰ ਖੇਡ ਮੁਕਾਬਲਿਆਂ, ਸਣੇ ਫੁੱਟਬਾਲ ਬਾਰੇ ਵੀ ਸੱਚ ਹੈ।"
ਬਚਪਨ ਵਿੱਚ ਬਣੀ ਆਦਤ
ਜਪਾਨੀਆਂ ਨੂੰ ਸਟੇਡੀਅਮ ਦੀ ਸਫ਼ਾਈ ਕਰਦਿਆਂ ਦੇਖ ਬਾਕੀ ਵਿਦੇਸ਼ੀ ਸੈਲਾਨੀ ਹੈਰਾਨ ਹੋ ਰਹੇ ਸਨ।
ਸਕੌਟ ਅਨੁਸਾਰ, ''ਜੇ ਕੋਈ ਕੁਝ ਖਾ ਕੇ ਰੈਪਰ ਜ਼ਮੀਨ 'ਤੇ ਸੁੱਟਦਾ ਹੈ ਤਾਂ ਅਕਸਰ ਜਪਾਨੀ ਲੋਕ ਮੋਢੇ ਉੱਤੇ ਹੱਥ ਮਾਰ ਕੇ ਕਹਿੰਦੇ ਹਨ ਕਿ ਜਾਂ ਤਾਂ ਇਸ ਨੂੰ ਸਾਫ਼ ਕਰੋ ਜਾਂ ਘਰ ਲੈ ਜਾਓ ਪਰ ਤੁਸੀਂ ਇਸ ਨੂੰ ਇੱਥੇ ਨਹੀਂ ਛੱਡ ਸਕਦੇ।''
ਬਚਪਨ ਤੋਂ ਹੀ ਜਪਾਨੀਆਂ ਨੂੰ ਸਫ਼ਾਈ ਦੀ ਆਦਤ ਪਾ ਦਿੱਤੀ ਜਾਂਦੀ ਹੈ। ਓਸਾਕਾ ਯੂਨੀਵਰਸਿਟੀ ਵਿੱਚ ਸਮਾਜਿਕ ਵਿਗਿਆਨ ਦੇ ਪ੍ਰੋਫੈਸਰ ਸਕੌਟ ਨੌਰਥ ਅਨੁਸਾਰ, ''ਸਾਫ਼-ਸਫ਼ਾਈ ਦੇ ਜੋ ਨਿਯਮ ਸਕੂਲ ਵਿੱਚ ਸਿਖਾਏ ਜਾਂਦੇ ਹਨ, ਇਹ ਉਸੇ ਦਾ ਹੀ ਵਿਸਥਾਰ ਹੈ।''
ਜਪਾਨੀ ਪ੍ਰਸ਼ੰਸਕ ਆਪਣੀ ਇਸ ਆਦਤ ਦੀ ਸੋਸ਼ਲ ਮੀਡੀਆ ਉੱਪਰ ਚਰਚਾ ਤੋਂ ਮਾਣ ਮਹਿਸੂਸ ਕਰ ਰਹੇ ਹਨ।
ਪ੍ਰੋਫੈਸਰ ਨਾਰਥ ਨੇ ਦੱਸਿਆ, "ਆਪਣੀ ਸਾਫ-ਸੁਥਰੇ ਰਹਿਣ ਅਤੇ ਰੀਸਾਈਕਲ ਕਰਨ ਦੀ ਲੋੜ ਤੋਂ ਇਲਾਵਾ ਵਿਸ਼ਵ ਕੱਪ ਵਰਗੇ ਮੁਕਾਬਲਿਆਂ ਵਿੱਚ ਆਪਣੀ ਇਸ ਆਦਤ ਦਾ ਪ੍ਰਦਰਸ਼ਨ ਕਰਕੇ ਜਪਾਨੀ ਆਪਣੇ ਜੀਵਨ-ਸ਼ੈਲੀ ਦਾ ਪ੍ਰਦਰਸ਼ਨ ਕਰਦੇ ਹਨ।"
ਉਨ੍ਹਾਂ ਅੱਗੇ ਕਿਹਾ, "ਵਿਸ਼ਵ ਕੱਪ ਤੋਂ ਇਲਾਵਾ ਧਿਆਨ ਰੱਖਣ ਬਾਰੇ ਸਮਝਾਉਣ ਲਈ ਹੋਰ ਕਿਹੜਾ ਮੰਚ ਹੋ ਸਕਦਾ ਹੈ।"