ਫੀਫਾ ਵਰਲਡ ਕੱਪ 2018: ਮਹਿਲਾ ਰਿਪੋਰਟਰ ਦਾ ਕੈਮਰੇ 'ਤੇ ਜਿਣਸੀ ਸ਼ੋਸ਼ਣ

ਇੱਕ ਮਹਿਲਾ ਰਿਪੋਰਟਰ ਨੇ ਰੂਸ ਵਿੱਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ਦੀ ਰਿਪੋਰਟਿੰਗ ਦੌਰਾਨ ਸ਼ਰ੍ਹੇਆਮ ਜਿਣਸੀ ਸ਼ੋਸ਼ਣ ਦੀ ਕਹਾਣੀ ਬਿਆਨ ਕੀਤੀ।

ਕੋਲੰਬੀਆ ਦੀ ਪੱਤਰਕਾਰ ਜੂਲਿਯਥ ਗੋਂਜ਼ਾਲੇਜ਼ ਥੇਰਾਨ ਰੂਸ ਦੀ ਇੱਕ ਸੜਕ 'ਤੇ ਡੌਏਚੇ ਵੇਲੇ ਸਪੇਨਿਸ਼ ਲਈ ਲਾਈਵ ਰਿਪੋਰਟਿੰਗ ਕਰ ਰਹੀ ਸੀ, ਉਸ ਵੇਲੇ ਇੱਕ ਸ਼ਖਸ ਅਚਾਨਕ ਆਇਆ ਅਤੇ ਰਿਪੋਰਟਰ ਨੂੰ ਚੁੰਮ ਕੇ ਫਰਾਰ ਹੋ ਗਿਆ।

ਜੂਲਿਯਥ ਉਸ ਵੇਲੇ ਲਾਈਵ ਸੀ ਅਤੇ ਉਸ ਨੇ ਆਪਣੀ ਰਿਪੋਰਟਿੰਗ ਬਿਨਾ ਕਿਸੇ ਰੁਕਾਵਟ ਦੇ ਜਾਰੀ ਰੱਖੀ।

ਬਾਅਦ ਵਿੱਚ ਰਿਪੋਰਟਰ ਨੇ ਇੰਟਰਨੈੱਟ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ, "ਸਾਡੇ ਨਾਲ ਅਹਿਜਾ ਵਤੀਰਾ ਨਹੀਂ ਹੋਣਾ ਚਾਹੀਦਾ। ਅਸੀਂ ਵੀ ਓਨੇ ਹੀ ਪੇਸ਼ੇਵਰ ਹਾਂ ਅਤੇ ਸਨਮਾਨ ਦੇ ਹੱਕਦਾਰ ਹਾਂ."

ਰਿਪੋਰਟਰ ਦੋ ਘੰਟੇ ਤੋਂ ਉਸੇ ਥਾਂ ਤੋਂ ਲਾਈਵ ਰਿਪੋਰਟਿੰਗ ਲਈ ਖੜੀ ਸੀ। ਉਸ ਨੇ ਦੱਸਿਆ, "ਜਦੋਂ ਅਸੀਂ ਲਾਈਵ ਹੋ ਗਏ ਤਾਂ ਇਸ ਫੈਨ ਨੇ ਮੌਕੇ ਦਾ ਫਾਇਦਾ ਚੁੱਕਿਆ। ਬਾਅਦ ਵਿੱਚ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਮਿਲਿਆ।"

ਇਹ ਘਟਨਾ ਪਿਛਲੇ ਹਫ਼ਤੇ ਸਾਰਾਂਸਕ ਸ਼ਹਿਰ ਦੀ ਇੱਕ ਸੜਕ ਉੱਤੇ ਰੂਸ ਅਤੇ ਸਾਊਦੀ ਅਰਬ ਵਿਚਾਲੇ ਹੋਏ ਇੱਕ ਮੈਚ ਦੌਰਾਨ ਵਾਪਰੀ।

ਡੌਏਚੇ ਵੇਲੇ ਨੇ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦਿਆਂ ਇਸ ਨੂੰ 'ਹਮਲਾ' ਅਤੇ 'ਸ਼ਰ੍ਹੇਆਮ ਸ਼ੋਸ਼ਣ' ਦੱਸਿਆ ਹੈ।

ਹਾਲਾਂਕਿ ਕਈ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਘਟਨਾ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਕਈਆਂ ਨੇ ਕਿਹਾ ਕਿ ਇਸ ਘਟਨਾ ਨੂੰ ਫੈਨਜ਼ ਵੱਲੋਂ ਕੀਤਾ ਜਾਣ ਵਾਲਾ 'ਸਵਾਗਤ' ਜਾਂ ਸਨਮਾਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

ਡੌਏਲੇ ਵੇਲੇ ਦੀ ਐਂਕਰ ਕ੍ਰਿਸਟੀਨਾ ਕਿਊਬਸ ਨੇ ਟਵੀਟ ਕੀਤਾ, "ਇਹ ਮਜ਼ਾਕ ਦੀ ਗੱਲ ਨਹੀਂ ਹੈ, ਇਸ ਨੂੰ ਚੁੰਮਣਾ ਨਹੀਂ ਕਿਹਾ ਜਾ ਸਕਦਾ। ਇਹ ਬਿਨਾਂ ਸਹਿਮਤੀ ਦੇ ਕੀਤਾ ਗਿਆ ਹਮਲਾ ਹੈ।"

ਗੋਂਜ਼ਾਲੇਜ਼ ਮੁਤਾਬਕ, "ਹਰ ਵਾਰ ਅਜਿਹੇ ਪ੍ਰਸ਼ੰਸਕ ਹੁੰਦੇ ਹਨ ਜੋ ਤੁਹਾਡਾ ਸਵਾਗਤ ਕਰਦੇ ਹਨ, ਤੁਹਾਡੇ ਨਾਲ ਚੰਗਾ ਵਤੀਰਾ ਕਰਦੇ ਹਨ, ਪਰ ਇਸ ਸ਼ਖਸ ਨੇ ਹੱਦਾਂ ਪਾਰ ਕਰ ਦਿੱਤੀਆਂ।"

ਮਹਿਲਾ ਖੇਡ ਪੱਤਰਕਾਰਾਂ ਦੇ ਨਾਲ ਸ਼ੋਸ਼ਣ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ। ਮਾਰਚ ਵਿੱਚ 52 ਬ੍ਰਾਜ਼ੀਲੀ ਪੱਤਰਕਾਰਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਚੁੰਮੇ ਜਾਣ ਅਤੇ ਜ਼ਬਰਦਸਤੀ ਕਰਨ ਦੀਆਂ ਘਟਨਾਵਾਂ ਸਾਂਝੀਆਂ ਕੀਤੀਆਂ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)