ਜਲ੍ਹਿਆਂਵਾਲਾ ਬਾਗ: ਬਰਤਾਨੀਆ ਦਾ ਉਹ ਪੰਜਾਬੀ ਜੋ ਨਹੀਂ ਚਾਹੁੰਦਾ ਬਰਤਾਨਵੀ ਸਰਕਾਰ ਦੀ ਮੁਆਫ਼ੀ

    • ਲੇਖਕ, ਰਾਜ ਬਿਲਖੂ
    • ਰੋਲ, ਬੀਬੀਸੀ ਪੱਤਰਕਾਰ

ਸਾਲ 1919 'ਚ ਵਾਪਰੇ ਜਲ੍ਹਿਆਂਵਾਲੇ ਬਾਗ ਦੇ ਸਾਕੇ 'ਚੋਂ ਬਚਣ ਵਾਲੇ ਲੋਕਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਕੇ ਲਈ ਬਰਤਾਨੀਆਂ ਸਰਕਾਰ ਦੀ ਮੁਆਫ਼ੀ "ਵਿਅਰਥ" ਹੋਵੇਗੀ।

38 ਸਾਲਾ ਡਾ. ਰਾਜ ਸਿੰਘ ਕੋਹਲੀ ਦਾ ਮੰਨਣਾ ਹੈ ਕਿ ਬਰਤਾਨਵੀ ਹੋਣਾ ਹੀ ਆਪਣੇ ਆਪ ਵਿੱਚ "ਬਸਤੀਵਾਦ ਦੇ ਦੋਸ਼ ਨੂੰ ਢੋਣਾ ਹੈ"।

ਰਗਬੀ ਦੇ ਵਪਾਰੀ ਨੇ ਸੈਂਕੜੇ ਨਿਹੱਥੇ ਭਾਰਤੀਆਂ ਨੂੰ ਮਾਰੇ ਜਾਣ ਬਾਰੇ ਬਰਤਾਨਵੀ ਸੰਸਦ ਵਿੱਚ ਚੁੱਕੀ ਮੁਆਫ਼ੀ ਦੀ ਮੰਗ ਬਾਰੇ ਜਵਾਬ ਦਿੱਤਾ।

ਟੇਰੀਜ਼ਾ ਮੇਅ ਨੇ ਇਸ ਨੂੰ "ਬਰਤਾਨਵੀ-ਭਾਰਤੀ ਇਤਿਹਾਸ ਦਾ ਸ਼ਰਮਨਾਕ ਕਾਰਾ ਦੱਸਿਆ"।

ਇਹ ਵੀ ਪੜ੍ਹੋ-

ਡਾ. ਕੋਹਲੀ ਦੇ ਪੁਰਖੇ ਬਲਵੰਤ ਸਿੰਘ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ 'ਚ ਕਈ ਘੰਟੇ ਲਾਸ਼ਾਂ ਦੇ ਹੇਠਾਂ ਫਸੇ ਰਹੇ ਸਨ।

ਉਨ੍ਹਾਂ ਨੇ ਬੀਬੀਸੀ ਏਸ਼ੀਅਨ ਨੈਟਵਰਕ ਨੂੰ ਦੱਸਿਆ, "ਇਸ ਵੇਲੇ ਮੁਆਫ਼ੀ ਵਿਅਰਥ ਹੈ ਅਤੇ ਥੋੜ੍ਹੀ ਨਾਜਾਇਜ਼ ਵੀ ਲੱਗੇਗੀ।"

ਡਾ. ਕੋਹਲੀ ਨੇ ਦੱਸਿਆ, "ਜਦੋਂ ਗੋਲੀਬਾਰੀ ਸ਼ੁਰੂ ਹੋਈ ਤਾਂ ਉਨ੍ਹਾਂ ਦੇ ਪੁਰਖਿਆਂ 'ਚੋਂ ਦੋ ਭੱਜਣ 'ਚ ਕਾਮਯਾਬ ਰਹੇ। ਇਸ ਬਾਰੇ ਮੈਂ ਪੱਕਾ ਨਹੀਂ ਕਹਿ ਸਕਦਾ ਕਿ ਉਨ੍ਹਾਂ ਨੇ ਕੋਈ ਕੰਧ ਟੱਪੀ ਜਾਂ ਕੋਈ ਹੋਰ ਰਾਹ ਲੱਭਿਆ।"

ਗੋਲੀਬਾਰੀ ਤੋਂ ਬਾਅਦ ਡਾ. ਰਾਜ ਦੇ ਰਿਸ਼ਤੇਦਾਰਾਂ ਨੇ ਭਾਰਤ ਛੱਡ ਦਿੱਤਾ ਸੀ।

ਉਨ੍ਹਾਂ ਨੇ ਦੱਸਿਆ, "ਮੇਰੇ ਪੜਦਾਦਾ ਬਰਮਾ ਮਿਲਟਰੀ ਪੁਲਿਸ ਦੇ ਅਸਿਸਟੈਂਟ ਡਿਪਟੀ ਕਮਿਸ਼ਨਰ ਸਨ। ਉਨ੍ਹਾਂ ਨੇ ਸਲਾਹ ਦਿੱਤੀ ਕਿ ਮੇਰੇ ਦਾਦਾ ਜੀ ਤੇ ਉਨ੍ਹਾਂ ਦੇ ਦੂਜੇ ਭਰਾਵਾਂ ਨੂੰ ਦੇਸ ਛੱਡ ਦੇਣਾ ਚਾਹੀਦਾ ਹੈ।"

"ਬਾਅਦ ਵਿੱਚ ਉਨ੍ਹਾਂ ਨੂੰ ਭਾਰਤ 'ਚੋਂ ਕੱਢ ਦਿੱਤਾ ਗਿਆ।"

1997 'ਚ ਮਹਾਰਾਣੀ ਅਤੇ 2013 'ਚ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ ਸੀ ਤੇ ਇਸ ਘਟਨਕ੍ਰਮ ਲਈ ਪਛਤਾਵਾ ਜ਼ਾਹਿਰ ਕੀਤਾ ਸੀ।

ਪਰ ਇਹ ਡਾ. ਕੋਹਲੀ ਦੀ 78 ਸਾਲਾ ਮਾਂ ਜਗਜੀਤ ਕੌਰ ਲਈ ਖ਼ਾਸ ਨਹੀਂ ਹੈ।

ਉਹ ਕਹਿੰਦੇ ਹਨ, "ਬਰਤਾਨੀਆਂ ਨੂੰ ਲਾਜ਼ਮੀ ਤੌਰ 'ਤੇ ਇਹ ਮੰਨਣਾ ਚਾਹੀਦਾ ਹੈ ਕਿ ਇਸ ਗ਼ਲਤੀ ਨੂੰ ਅੰਜਾਮ ਉਨ੍ਹਾਂ ਦੇ ਆਦਮੀਆਂ ਵੱਲੋਂ ਹੀ ਦਿੱਤਾ ਗਿਆ ਸੀ, ਜੋ ਉਨ੍ਹਾਂ ਦੇ ਕਰਮੀ ਸਨ, ਚਾਹੇ ਇਸ ਲਈ ਸਰਕਾਰ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਸੀ ਕਿ ਨਹੀਂ।"

ਇਹ ਵੀ ਪੜ੍ਹੋ-

"ਮੇਰੀ ਦਾਦੀ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਰੋਂਦੀ ਰਹੀ। ਉਸ ਨੂੰ ਕਦੇ ਆਪਣੇ ਪੁੱਤ ਨਹੀਂ ਮਿਲੇ। ਕਈ ਅਜਿਹੇ ਪਰਿਵਾਰ ਹਨ ਜੋ ਤਬਾਹ ਹੋ ਗਏ, ਜਿਨ੍ਹਾਂ ਦੇ ਇਕੋ ਜੀਅ ਕਮਾਉਣ ਵਾਲੇ ਸਨ ਉਹ ਮਾਰੇ ਗਏ।"

ਡਾ. ਰਾਜ ਕਹਿੰਦੇ ਹਨ, "ਬਰਤਾਨਵੀ ਸਿੱਖ ਹੋਣ ਦਾ ਮਤਲਬ ਹੈ ਕਿ ਤੁਸੀਂ ਬਸਤੀਵਾਦ ਦੇ ਦੋਸ਼ ਦੇ ਨੇੜੇ ਹੀ ਕਿਤੇ ਹੋ।"

"ਮੈਨੂੰ ਪਤਾ ਹੈ ਕਿ ਇਹ ਅਜੀਬ ਹੈ ਪਰ ਬਰਤਾਨਵੀ ਹੋਣ ਬਾਰੇ ਮੇਰੀਆਂ ਭਾਵਨਾਵਾਂ ਬਹੁਤ ਹੱਦ ਤੱਕ ਇਸ ਗੱਲ 'ਤੇ ਕੇਂਦਰਿਤ ਹਨ ਕਿ ਬਰਤਾਨੀਆ ਕੀ ਸੀ, ਬਰਤਾਨੀਆ ਨੇ ਕੀ ਸਿੱਖਿਆ ਅਤੇ ਹੁਣ ਬਰਤਾਨੀਆ ਕੀ ਹੈ।"

ਇਹ ਵੀ ਪੜ੍ਹੋ-

(ਇਹ ਲੇਖ ਮੂਲ ਤੌਰ ਉੱਤੇ ਅਪ੍ਰੈਲ 2019 ਨੂੰ ਛਪਿਆ ਸੀ)

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)