ਜਲ੍ਹਿਆਂਵਾਲਾ ਬਾਗ ਸਾਕਾ: ‘ਭਾਰਤੀਆਂ ਨੂੰ ਸਬਕ ਸਿਖਾਉਣ ਦੀ ਸੋਚ ਸਿਰਫ਼ ਡਾਇਰ ਦੀ ਨਹੀਂ ਸੀ’

    • ਲੇਖਕ, ਹਰਜੇਸ਼ਵਰ ਪਾਲ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

13 ਅਪ੍ਰੈਲ 1919 ਸਮੁੱਚੇ ਭਾਰਤੀਆਂ ਦੀ ਚੇਤਨਾ ਵਿੱਚ ਉੱਕਰਿਆ ਹੋਇਆ ਹੈ। ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਭਾਰਤ ਦੀ ਅਜ਼ਾਦੀ ਦੀ ਲਹਿਰ ਦਾ ਇੱਕ ਅਹਿਮ ਮੋੜ ਮੰਨਿਆ ਜਾਂਦਾ ਹੈ।

ਇਸ ਘਟਨਾ ਨੇ ਅੰਗਰੇਜ਼ੀ ਰਾਜ ਦਾ ਜਾਲਮ ਚਿਹਰਾ ਨੰਗਾ ਕੀਤਾ ਅਤੇ ‘ਅੰਗਰੇਜ਼ੀ ਰਾਜ ਦੀਆਂ ਬਰਕਤਾਂ ਦੇ ਪਾਜ’ ਦਾ ਉਘਾੜ ਕੇ ਰੱਖ ਦਿੱਤਾ।

ਬਹੁਤ ਸਾਰੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਸਾਕੇ ਤੋਂ ਬਾਅਦ ਅੰਗਰੇਜ਼ਾਂ ਦਾ ਭਾਰਤ 'ਤੇ ਰਾਜ ਕਰਨ ਦਾ ਨੈਤਿਕ ਦਾਅਵਾ ਖ਼ਤਮ ਹੋ ਗਿਆ ਸੀ।

ਇਸ ਤੋਂ ਬਾਅਦ ਅੰਗਰੇਜ਼ਾਂ ਖਿਲਾਫ਼ ਜਿਹੜਾ ਸਿਆਸੀ ਮੁਹਾਜ ਖੜ੍ਹਾ ਹੋਇਆ ਉਹ ਭਾਰਤ ਨੂੰ ਅਜ਼ਾਦੀ ਤੱਕ ਲਿਜਾ ਕੇ ਹੀ ਰੁਕਿਆ।

ਇਸ ਦੀ ਜਿਹੜੀ ਕਹਾਣੀ ਭਾਰਤ ਦੀਆਂ ਪਾਠ-ਪੁਸਤਕਾਂ ਵਿੱਚ ਪੜ੍ਹਾਈ ਜਾਂਦੀ ਹੈ ਉਸ ਤੋਂ ਸਾਰੇ ਜਾਣੂ ਹਨ। ਕਿ ਕਿਵੇਂ, ਗਾਂਧੀ ਵੱਲੋਂ ਰੌਲਟ ਐਕਟ ਖ਼ਿਲਾਫ ਸੱਦੀ ਕੁੱਲ ਹਿੰਦ ਹੜਤਾਲ ਨੂੰ ਦੇਸ ਵਿਆਪੀ ਹੁੰਗਾਰਾ ਮਿਲਿਆ ਅਤੇ ਥਾਂ-ਥਾਂ ਮੁਜ਼ਾਹਰੇ ਕੀਤੇ ਗਏ।

ਇਹ ਵੀ ਪੜ੍ਹੋ-

ਇਹ ਧਰਨੇ-ਮੁਜ਼ਾਹਰੇ ਮਾਰਚ ਮਹੀਨੇ ਦੇ ਅਖ਼ੀਰ ਤੋਂ ਸ਼ੁਰੂ ਹੋਏ ਅਤੇ ਚੜ੍ਹਦੀ ਅਪ੍ਰੈਲ ਤੱਕ ਚਲਦੇ ਰਹੇ। ਇਸੇ ਦੌਰਾਨ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦਾ ਖ਼ੂਨੀ ਸਾਕਾ ਵਾਪਰਿਆ ਸੀ।

ਹਾਲਾਂਕਿ ਇਹ ਦੇਖਣਾ ਦਿਲਚਸਪ ਹੈ ਕਿ ਆਖ਼ਰ ਕਿਵੇਂ ਪੰਜਾਬ ਖ਼ਾਸ ਕਰਕੇ ਅੰਮ੍ਰਿਤਸਰ ਇਨ੍ਹਾਂ ਮੁਜ਼ਾਹਰਿਆਂ ਦਾ ਕੇਂਦਰ ਬਣ ਗਿਆ ਸੀ।

ਪੰਜਾਬ ਵਿੱਚ ਸਭ ਤੋਂ ਉਗਰ ਪ੍ਰਦਰਸ਼ਨ ਕੀਤੇ ਗਏ ਅਤੇ ਉਨ੍ਹਾਂ ਨੂੰ ਜ਼ਬਰ ਨਾਲ ਬਰਤਾਨਵੀ ਸਰਕਾਰ ਨੇ ਇਨ੍ਹਾਂ ਨੂੰ ਕੁਚਲਿਆ ਸੀ।

ਇਸ ਸਭ ਦੌਰਾਨ ਪੰਜਾਬ ਵਿੱਚ 5 ਗੋਰਿਆਂ ਦੀਆਂ ਮੌਤਾਂ ਦੀ ਤੁਲਨਾ ਵਿੱਚ 1200 ਭਾਰਤੀਆਂ ਦੀਆਂ ਜਾਨਾਂ ਗਈਆਂ ਅਤੇ 3600 ਲੋਕ ਜਖ਼ਮੀ ਹੋਏ ਸਨ।

ਪੰਜਾਬ ਨੂੰ ਉਹ ਬਰਤਾਨਵੀ ਲੋਕ ਰਾਜ ਦਾ ਗੜ੍ਹ ਕਹਿੰਦੇ ਸਨ ਕਿਉਂਕਿ ਉਨ੍ਹਾਂ ਨੇ ਸੂਬੇ ਵਿੱਚ ਰੇਲਾਂ ਅਤੇ ਕਾਲੋਨੀਆਂ ਰਾਹੀਂ ਤਰੱਕੀ ਕੀਤੀ ਸੀ। ਬਦਲੇ ਵਿੱਚ ਪੰਜਾਬ ਨੇ ਵੀ ਭਾਰਤੀ ਫੌਜ ਨੂੰ ਆਪਣੇ ਗੱਭਰੂ ਭੇਂਟ ਕੀਤੇ ਸਨ।

ਬਰਤਾਨੀਆ ਨੇ ਹਮੇਸ਼ਾ ਭਾਰਤੀਆਂ ਦੀ ਹਰ ਲਹਿਰ ਨੂੰ ਜ਼ਬਰ ਨਾਲ ਕੁਚਲਿਆ। ਤਰੱਕੀ ਦੇ ਇਸ ਪਰਦੇ ਪਿੱਛੇ ਤਰੱਕੀ ਦਾਤਿਆਂ ਦਾ ਹੋਰ ਹੀ ਚਿਹਰਾ ਛੁਪਿਆ ਹੋਇਆ ਸੀ ਜੋ 1857 ਦੇ ਵਿਦਰੋਹ, 1870 ਦੀ ਕੂਕਾ ਲਹਿਰ ਅਤੇ ਫਿਰ 1914-15 ਦੀ ਗਦਰ ਲਹਿਰ ਨੂੰ ਕੁਚਲੇ ਜਾਣ ਵੇਲੇ ਨੰਗਾ ਹੋਇਆ।

ਫੌਜ ਵਿੱਚ ਅੰਨ੍ਹੇਵਾਹ ਭਰਤੀ, ਜੰਗ 'ਤੇ ਹੋ ਰਹੇ ਖ਼ਰਚੇ ਦੀ ਵਸੂਲੀ ਅਤੇ 1915 ਦੇ ਗਦਰ ਦੇ ਹਿੰਸਕ ਦਮਨ ਕਾਰਨ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਓਡਵਾਇਰ ਅਧੀਨ ਚੱਲ ਰਿਹਾ ਪੰਜਾਬ ਦਾ ਪ੍ਰਸਾਸ਼ਨ 1919 ਤੋਂ ਕਾਫੀ ਪਹਿਲਾਂ ਹੀ ਲੋਕਾਂ ਵਿੱਚ ਆਪਣੀ ਸਾਖ਼ ਗੁਆ ਚੁੱਕਿਆ ਸੀ।

'ਪੰਜਾਬ ਵਿੱਚ ਕਾਰੋਬਾਰ ਅਤੇ ਸਨਅਤ ਤਬਾਹ'

ਇਸ ਸਾਖ਼ ਦੇ ਖੁੱਸਣ ਦਾ ਓਡਵਾਇਰ ਵੱਲੋਂ ਭਾਰਤ ਦੇ ਪੜ੍ਹੇ-ਲਿਖੇ ਤਬਕੇ ਦੀ ਲਾਹ-ਪਾਹ ਕਰਦੇ ਭਾਸ਼ਣ ਵੀ ਇੱਕ ਕਾਰਨ ਸੀ।

ਓਡਵਾਇਰ ਦਾ ਸੰਬੰਧ ਆਇਰਲੈਂਡ ਦੇ ਇੱਕ ਜ਼ਿਮੀਂਦਾਰ ਪਰਿਵਾਰ ਨਾਲ ਸੀ। ਪ੍ਰਚਲਿਤ ਨਜ਼ਰੀਏ ਵਾਂਗ ਉਹ ਵੀ ਪੜ੍ਹੇ-ਲਿਖਿਆਂ, ਕਾਰੋਬਾਰੀਆਂ ਬਾਰੇ ਪੱਖਪਾਤੀ ਸਨ।

ਉਹ ਸ਼ਾਹੂਕਾਰਾਂ ਨੂੰ ਵੀ ਚੰਗਾ ਨਹੀਂ ਸਮਝਦੇ ਸੀ। ਓਡਵਾਇਰ ਵਿੱਚ ਬਰਤਾਨੀਆ ਖ਼ਿਲਾਫ ਉੱਠਣ ਵਾਲੀ ਕਿਸੇ ਵੀ ਆਵਾਜ਼ ਨੂੰ ਕੁਚਲਣ ਦਾ ਅਥਾਹ ਜਜ਼ਬਾ ਸੀ।

ਓਡਵਾਇਰ ਨੂੰ ਲਾਲਾ ਹਰਦਿਆਲ ਦੇ ਪੀਪਲਜ਼ ਬੈਂਕ ਆਫ਼ ਪੰਜਾਬ ਦੇ 1913 ਵਿੱਚ ਢਹਿ-ਢੇਰੀ ਹੋਣ ਲਈ ਵੀ ਜ਼ਿੰਮੇਵਾਰ ਸਮਝਿਆ ਜਾਂਦਾ ਸੀ। ਇਸ ਨਾਲ ਲਾਹੌਰ ਦੇ ਕਾਰੋਬਾਰੀਆਂ ਦਾ ਪੈਸਾ ਡੁੱਬ ਗਿਆ ਸੀ।

ਇਸ ਤੋਂ ਇਲਾਵਾ ਮਜ਼ਦੂਰੀ ਅਤੇ ਮਹਿੰਗਾਈ ਦੇ ਪਾੜੇ ਨੇ ਵੀ ਪੰਜਾਬ ਦੇ ਮਜ਼ਦੂਰ ਵਰਗ ਦੀ ਕਮਰ ਤੋੜੀ ਹੋਈ ਸੀ।

ਅੰਮ੍ਰਿਤਸਰ ਵਿੱਚ ਚੌਲਾਂ ਦੀਆਂ ਕੀਮਤਾਂ ਜੋ ਕਿ ਕਸ਼ਮੀਰੀ ਮੁਸਲਮਾਨਾਂ ਦੀ ਰੋਜ਼ਾਨਾ ਖੁਰਾਕ ਸੀ, ਬਹੁਤ ਵਧ ਗਈਆਂ ਸਨ।

ਖਿਲਾਫ਼ਤ ਲਹਿਰ ਦੇ ਪ੍ਰਭਾਵ ਸਦਕਾ ਮੱਧਵਰਗੀ ਮੁਸਲਮਾਨਾਂ ਦਾ ਬਰਤਾਨੀਆ ਵਿਰੋਧੀ ਤਬਕਾ ਵੀ ਇੱਕਜੁੱਟ ਹੋ ਰਿਹਾ ਸੀ।

ਪੰਜਾਬ ਵਿੱਚ ਕਾਰੋਬਾਰ ਅਤੇ ਸਨਅਤ ਤਬਾਹ ਹੋ ਚੁੱਕੇ ਸਨ। ਸੂਬੇ ਵਿੱਚ ਰਾਮ ਸਰਨ ਦੱਤ, ਗੋਕੁਲ ਚੰਦ ਨਾਰੰਗ, ਸੈਫੂਦੀਨ ਕਿਚਲੂ, ਜ਼ਫਰ ਅਲੀ ਵਰਗੇ ਆਗੂ ਬਰਤਾਨੀਆ ਵਿਰੋਧੀ ਵਿਚਾਰਾਂ ਦਾ ਪ੍ਰਚਾਰ ਕਰ ਰਹੇ ਸਨ।

ਇਸ ਤੋਂ ਉੱਪਰ 1918 ਵਿੱਚ ਫੈਲੀਆਂ ਬਿਮਾਰੀਆਂ ਕਾਰਨ ਵੀ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ।

ਗਾਂਧੀ ਦੇ ਸਿਆਸੀ ਜੀਵਨ ਦਾ ਮੁੱਢ

ਇਨ੍ਹਾਂ ਸਾਰੇ ਹਾਲਾਤ ਕਾਰਨ ਜਿਵੇਂ ਹੀ ਫਰਵਰੀ 1919 ਵਿੱਚ ਰੌਲਟ ਐਕਟ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਪੰਜਾਬ ਮੋਹਰੀ ਬਣ ਗਿਆ।

ਰੌਲਟ ਐਕਟ ਮਿਲਟਰੀ ਦੀਆਂ ਸ਼ਕਤੀਆਂ ਨੂੰ ਵਧਾਉਣ ਲਈ ਲਾਗੂ ਕੀਤੇ ਜਾ ਰਹੇ ਕਾਨੂੰਨਾਂ ਵਿੱਚੋਂ ਇੱਕ ਸੀ ਜਿਸ ਦੇ ਤਹਿਤ ਨਾਗਰਿਕਾਂ ਦੇ ਆਮ ਹੱਕ ਮਨਸੂਖ਼ ਕਰ ਦਿੱਤੇ ਗਏ ਸਨ।

ਇਸ ਐਕਟ ਦੇ ਵਿਰੋਧ ਨੇ ਭਾਰਤ ਵਿੱਚ ਗਾਂਧੀ ਦੇ ਸਿਆਸੀ ਜੀਵਨ ਦਾ ਮੁੱਢ ਬੰਨ੍ਹਿਆ ਅਤੇ ਉਨ੍ਹਾਂ ਨੂੰ ਕੌਮੀ ਸਟੇਜ ਉੱਤੇ ਲਿਆ ਦਿੱਤਾ ਸੀ।

ਉਨ੍ਹਾਂ ਨੇ ਸੱਤਿਆਗ੍ਰਹਿ ਸਭਾ ਨਾਮ ਦੀ ਸੰਸਥਾ ਸ਼ੁਰੂ ਕੀਤੀ ਅਤੇ ਇਸ ਦੇ ਨਾਮ ਹੇਠ ਪ੍ਰਚਾਰ ਸਮੱਗਰੀ ਛਾਪੀ ਸੀ। ਉਹ ਲੋਕਾਂ ਨੂੰ ਅੰਗਰੇਜ਼ਾਂ ਖਿਲਾਫ ਇੱਕਜੁੱਟ ਕਰਨ ਲਈ ਉਹ ਪੂਰਾ ਦੇਸ ਘੁੰਮੇ ਸੀ।

ਉਨ੍ਹਾਂ ਦੇ ਯਤਨਾਂ ਸਦਕਾ 30 ਮਾਰਚ ਨੂੰ ਦੇਸ ਵਿਆਪੀ ਹੜਤਾਲ ਤੈਅ ਹੋਈ ਜੋ ਕਿ ਬਾਅਦ ਵਿੱਚ 6 ਅਪ੍ਰੈਲ ਤੱਕ ਟਾਲ ਦਿੱਤੀ ਗਈ ਸੀ।

ਗਾਂਧੀ ਪੰਜਾਬ ਨਹੀਂ ਆ ਸਕੇ ਸਨ ਕਿਉਂਕਿ ਉਨ੍ਹਾਂ ਨੂੰ 9 ਅਪ੍ਰੈਲ ਨੂੰ ਪੰਜਾਬ ਵਿੱਚ ਦਾਖ਼ਲ ਹੋਣ ਸਮੇਂ ਹੀ ਗ੍ਰਿਫ਼ਤਾਰ ਕਰ ਕੇ ਵਾਪਸ ਭੇਜ ਦਿੱਤਾ ਗਿਆ ਸੀ। ਪੰਜਾਬ ਵਿੱਚ ਕਾਂਗਰਸ ਦਾ ਢਾਂਚਾ ਵੀ ਕਮਜ਼ੋਰ ਸੀ। ਇਸ ਦੇ ਬਾਵਜੂਦ ਪੰਜਾਬ ਵਿੱਚ ਇਸ ਲਹਿਰ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ।

ਪੰਜਾਬ ਦੇ ਅੰਮ੍ਰਿਤਸਰ ਅਤੇ ਲਾਹੌਰ ਵਰਗੇ ਸ਼ਹਿਰਾਂ ਵਿੱਚ ਰੌਲਟ ਐਕਟ ਅਤੇ ਖਿਲਾਫਤ ਤੋਂ ਇਲਾਵਾ ਪਲੇਟਫਾਰਮ ਟਿਕਟ, ਚੋਣਾਂ ਵਰਗੇ ਸਥਾਨਕ ਮਸਲਿਆਂ ਨੂੰ ਲੈ ਕੇ ਅੱਧ-ਫਰਵਰੀ ਤੋਂ ਹੀ ਸਰਕਾਰ ਵਿਰੋਧੀ ਜਨ-ਸਭਾਵਾਂ ਹੋ ਰਹੀਆਂ ਸਨ।

30 ਮਾਰਚ ਅਤੇ 6 ਅਪ੍ਰੈਲ ਨੂੰ ਦੇਸ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਹੜਤਾਲਾਂ ਹੋਈਆਂ ਸਨ। ਇਨ੍ਹਾਂ ਵਿੱਚੋਂ ਸਭ ਤੋਂ ਪ੍ਰਚੰਡ ਹੜਤਾਲਾਂ ਪੰਜਾਬ ਦੇ ਅੰਮ੍ਰਿਤਸਰ, ਲਾਹੌਰ, ਗੁੱਜਰਾਂਵਾਲਾ ਅਤੇ ਜਲੰਧਰ ਵਰਗੇ ਸ਼ਹਿਰਾਂ ਵਿੱਚ ਹੋਈਆਂ ਸਨ। ਲਾਹੌਰ ਅਤੇ ਅੰਮ੍ਰਿਤਸਰ ਦੇ ਜਲਸਿਆਂ ਵਿੱਚ 25-30 ਹਜ਼ਾਰ ਲੋਕ ਸ਼ਾਮਲ ਹੋਏ ਸਨ।

ਇਸ ਦੌਰਾਨ ਓਡਵਾਇਰ ਪ੍ਰਸ਼ਾਸਨ ਲਈ ਚਿੰਤਾ ਦਾ ਮੁੱਦਾ ਸੀ ਹਿੰਦੂ-ਮੁਸਲਿਮ ਏਕਤਾ ਜੋ ਕਿ 9 ਅਪ੍ਰੈਲ ਨੂੰ ਰਾਮ ਨੌਵੀ ਵਾਲੇ ਦਿਨ ਵਿਸ਼ਾਲ ਇਕੱਠ ਵਜੋਂ ਸੜਕਾਂ ’ਤੇ ਭੀੜ ਵਾਂਗ ਉਮੜੀ ਸੀ।

ਇਸ ਦੌਰਾਨ ਮੁਸਲਮਾਨ ਤੁਰਕੀ ਫੌਜ਼ਾਂ ਵਾਂਗ ਕੱਪੜੇ ਪਹਿਨ ਕੇ ਆਏ ਸਨ।

ਇਹ ਵੀ ਪੜ੍ਹੋ-

ਕਿਸੇ ਤਰ੍ਹਾਂ ਦੀ ਚੁਣੌਤੀ ਨੂੰ ਕੁਚਲਣ ਲਈ ਤਿਆਰ ਬੈਠੇ ਮਾਈਕਲ ਓਡਵਾਇਰ ਨੇ ਅੰਮ੍ਰਿਤਸਰ ਦੇ ਦੋ ਹਰਮਨ ਪਿਆਰੇ ਆਗੂਆਂ ਡਾ. ਸਤਿਆਪਾਲ ਅਤੇ ਸੈਫ਼ੂਦੀਨ ਕਿਚਲੂ ਨੂੰ ਅੰਮ੍ਰਿਤਸਰ ਵਿੱਚ ਨਾ ਵੜ੍ਹਨ ਦੇਣ ਦਾ ਫ਼ੈਸਲਾ ਲਿਆ ਅਤੇ ਗਾਂਧੀ ਨੂੰ ਵੀ ਪਲਵਲ ਤੋਂ ਵਾਪਸ ਭੇਜਿਆ ਗਿਆ ਕਿਉਂਕਿ ਉਹ ਵੀ 9 ਅਪ੍ਰੈਲ ਨੂੰ ਪੰਜਾਬ ਆ ਰਹੇ ਸਨ।

ਇਨ੍ਹਾਂ ਖ਼ਬਰਾਂ ਤੋਂ ਅੰਮ੍ਰਿਤਸਰਵਾਸੀ ਨਾਰਾਜ਼ ਹੋਏ ਅਤੇ 10 ਅਪ੍ਰੈਲ ਨੂੰ ਆਪਣੇ ਆਗੂਆਂ ਦੀ ਰਿਹਾਈ ਦੀ ਮੰਗ ਲੈ ਕੇ ਕਰੀਬ 50 ਹਜ਼ਾਰ ਲੋਕਾਂ ਨੇ ਸਿਵਲ ਲਾਈਨ ਵੱਲ ਰੁੱਖ਼ ਕੀਤਾ।

ਇਸ ਦੌਰਾਨ ਸਿਪਾਹੀਆਂ ਨਾਲ ਹੋਈ ਝੜਪ, ਪੱਥਰਬਾਜ਼ੀ ਅਤੇ ਗੌਲਬਾਰੀ ਦੌਰਾਨ ਕਈ ਲੋਕ ਮਾਰੇ ਗਏ।

ਗੁੱਸੇ ਨਾਲ ਭਰੀ ਭੀੜ ਵਾਪਸ ਚਲੀ ਗਈ ਅਤੇ ਬੈਂਕਾਂ, ਰੇਲਵੇ ਸਟੇਸ਼ਨ, ਚਰਚਾਂ ਅਤੇ ਟਾਊਨ ਹਾਲ ਸਣੇ ਬਰਤਾਨੀਆ ਪ੍ਰਸ਼ਾਸਨ ਦੀਆਂ ਜਾਇਦਾਦਾਂ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ।

ਬ੍ਰਿਗੇਡੀਅਰ ਰੇਜੀਨਾਲਡ ਡਾਇਰ ਨੂੰ ਆਦੇਸ਼

5 ਗੋਰਿਆਂ ਸਣੇ 3 ਬੈਂਕ ਮੁਲਾਜ਼ਮ ਅਤੇ ਇੱਕ ਰੇਲਵੇ ਗਾਰਡ ਮਾਰੇ ਗਏ। ਹਿੰਦੂ, ਸਿੱਖ ਖੱਤਰੀ ਤੇ ਕਸ਼ਮੀਰੀਆਂ ਮੁਸਲਮਾਨ ਇਸ ਅੰਦੋਲਨ 'ਚ ਸਭ ਤੋਂ ਅੱਗੇ ਸਨ।

ਇਸੇ ਦਿਨ ਹੀ ਜਲੰਧਰ ਦੇ ਬ੍ਰਿਗੇਡੀਅਰ ਰੇਜੀਨਾਲਡ ਡਾਇਰ ਨੂੰ ਅੰਮ੍ਰਿਤਸਰ ਪਹੁੰਚ ਕੇ ਹਾਲਾਤ ਨਾਲ ਨਜਿੱਠਣ ਦੇ ਆਦੇਸ਼ ਦਿੱਤੇ ਗਏ ਸੀ। ਸ਼ਹਿਰ ਵਿੱਚ ਪ੍ਰਸ਼ਾਸਨ ਪੂਰਾ ਤਰ੍ਹਾਂ ਢਹਿ-ਢੇਰੀ ਹੋ ਗਿਆ ਸੀ, ਅਜਿਹੇ 'ਚ ਡਾਇਰ ਨੇ ਸ਼ਹਿਰ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲਿਆ ਸੀ।

ਜਲ੍ਹਿਆਂਵਾਲਾ ਬਾਗ਼ 'ਚ ਕੀ ਹੋਇਆ ਸੀ ਇਹ ਸਾਰੇ ਜਾਣਦੇ ਹਨ। 13 ਅਪ੍ਰੈਲ ਕਰੀਬ ਸ਼ਾਮ ਦੇ ਸਾਢੇ ਚਾਰ ਵਜੇ ਜਨਰਲ ਡਾਇਰ ਨੇ ਬਿਨਾਂ ਚਿਤਾਵਨੀ ਦੇ ਇਕੱਠੀ ਹੋਈ ਕੋਈ 20-25 ਹਜ਼ਾਰ ਲੋਕਾਂ ਦੀ ਭੀੜ 'ਤੇ ਗੋਲੀਬਾਰੀ ਦੇ ਹੁਕਮ ਦੇ ਦਿੱਤੇ ਸਨ।

10 ਮਿੰਟਾਂ ਦੌਰਾਨ ਚੱਲੀ ਇਹ ਤਬਾਹੀ 1650 ਰਾਊਂਡ ਗੋਲੀਆਂ ਚੱਲਣ ਤੋਂ ਬਾਅਦ ਰੁਕੀ ਸੀ ਅਤੇ ਇਸ ਦੌਰਾਨ 379 ਲੋਕਾਂ ਨੂੰ ਮ੍ਰਿਤ (ਅਣਅਧਿਕਾਰਤ ਡਾਟਾ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 1000 ਦੇ ਕਰੀਬ ਸੀ) ਐਲਾਨ ਦਿੱਤਾ ਸੀ।

ਇਸ ਤੋਂ ਬਾਅਦ ਰੇਂਗਦੇ ਹੋਏ ਚੱਲਣਾ, ਜਨਤਕ ਤੌਰ 'ਤੇ ਕੌੜੇ ਮਾਰਨ ਦੀ ਸਜ਼ਾ ਦੇਣਾ ਅਤੇ ਗੁੱਜਰਾਂਵਾਲਾ 'ਚ ਹਵਾਈ ਜਹਾਜ਼ ਨਾਲ ਬੰਬਾਰੀ ਕਰਨਾ ਬਰਤਾਨਵੀ ਸਰਕਾਰ ਦੇ ਅਥਾਹ ਅੱਤਿਆਚਾਰ ਨੂੰ ਦਰਸਾਉਂਦਾ ਹੈ।

ਡਾਇਰ ਇੱਕ ਸ਼ਰਾਬ ਬਣਾਉਣ ਵਾਲੇ ਦਾ ਮੁੰਡਾ ਸੀ ਜੋ ਭਾਰਤ 'ਚ ਜੰਮਿਆ-ਪਲਿਆ ਸੀ। ਉਰਦੂ ਅਤੇ ਹਿੰਦੁਸਤਾਨੀ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਡਾਇਰ ਆਪਣੇ ਸਹਿਕਰਮੀਆਂ ਵਿੱਚ ਕਾਫੀ ਪ੍ਰਸਿੱਧ ਸਨ। ਭਾਵੇਂ ਉਨ੍ਹਾਂ ਦੇ ਸੀਨੀਅਰ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਸਨ।

ਜਾਣਬੁੱਝ ਕੇ ਵੱਧ ਭੀੜ ਵਾਲੀ ਥਾਂ 'ਤੇ ਗੋਲੀ ਚਲਾਉਣ ਦੇ ਹੁਕਮ

ਡਾਇਰ ਨੂੰ "ਰਾਸ਼ਟਰਵਾਦ" ਅਤੇ "ਸਮਰਾਜਵਾਦ" ਦੇ ਇਤਿਹਾਸ 'ਚ "ਸਾਮੂਹਿਕ ਹੱਤਿਆਰਾ" ਅਤੇ "ਅੰਮ੍ਰਿਤਸਰ ਦਾ ਕਸਾਈ" ਵਜੋਂ ਦਰਸਾਇਆ ਗਿਆ ਹੈ।

ਉਨ੍ਹਾਂ ਦੇ ਇਸ ਬੇਰਹਿਮ ਕਾਰੇ ਨੂੰ ਭਾਰਤ ਵਿਚ ਅੰਗਰੇਜ਼ਾਂ ਦੀ ਮੌਜੂਦਗੀ ਲਈ "ਅਪਵਾਦ" ਵਜੋਂ ਪੇਸ਼ ਕੀਤਾ ਗਿਆ ਹੈ।

ਹਾਲਾਂਕਿ ਬਾਅਦ 'ਚ ਹੰਟਰ ਕਮਿਸ਼ਨ ਦੀ ਜਾਂਚ ਅਤੇ ਕਾਂਗਰਸ ਵੱਲੋਂ ਕਰਵਾਈ ਗਈ ਗ਼ੈਰ-ਅਧਿਕਾਰਤ ਜਾਂਚ ਵਿੱਚ ਦੇਖਿਆ ਗਿਆ ਕਿ ਜਨਰਲ ਡਾਇਰ ਨੇ ਜੋ ਕਾਰਾ ਕੀਤਾ ਉਸ 'ਚ ਸ਼ਾਇਦ ਉਹ ਇਕੱਲਾ ਨਹੀਂ ਸੀ।

ਡਾਇਰ ਵੱਲੋਂ ਭਾਰਤੀਆਂ ਨੂੰ ਸਬਕ ਸਿਖਾਉਣ ਦੀ ਸੋਚ 'ਚ ਓਡਵਾਇਰ, ਡਿਪਟੀ ਕਮਿਸ਼ਮਰ ਇਰਵਿੰਗ, ਕਮਿਸ਼ਨਰ ਜੈਨਕਿਨਸ ਅਤੇ ਕਈ ਹੋਰ ਪੰਜਾਬ ਦੇ ਸੀਨੀਅਰ ਅੰਗਰੇਜ਼ ਅਧਿਕਾਰੀ ਸ਼ਾਮਿਲ ਸਨ।

ਡਾਇਰ ਦਾ ਹੰਟਰ ਕਮਿਸ਼ਨ ਅੱਗੇ ਸਪੱਸ਼ਟ ਬਿਆਨ ਸੀ ਕਿ ਉਸ ਨੂੰ ਖੁਸ਼ੀ ਹੁੰਦੀ ਜੇਕਰ ਉਹ ਆਪਣੇ ਨਾਲ ਲਿਆਂਦੀ ਮਸ਼ੀਨਗਨ ਦੀ ਵਰਤੋਂ ਵੀ ਕਰ ਸਕਦੇ ਜੋ ਅੰਦਰ ਜਾਣ ਵਾਲੇ ਰਾਹ ਦੇ ਤੰਗ ਹੋਣ ਕਾਰਨ ਅੰਦਰ ਨਹੀਂ ਜਾ ਸਕੀ ਸੀ।

ਉਨ੍ਹਾਂ ਨੇ ਜਾਣਬੁੱਝ ਕੇ ਵੱਧ ਭੀੜ ਵਾਲੀ ਥਾਂ 'ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ।

ਸਾਕੇ ਤੋਂ ਬਾਅਦ ਪੀੜਤਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਏ ਬਿਨਾਂ ਕਰਫਿਊ ਲਾਉਣਾ ਅਤੇ ਰੇਂਗਣ ਤੇ ਜਨਤਕ ਤੌਰ 'ਤੇ ਕੌੜੇ ਮਾਰਨ ਦੀ ਸਜ਼ਾ ਦੀ ਮਨਜ਼ੂਰੀ ਸਰ ਮਾਈਕਲ ਓਡਵਾਇਰ ਤੇ ਬਰਤਾਨੀਆਂ ਦੇ ਕਈ ਵੱਡੇ ਅਧਿਕਾਰੀਆਂ ਵੱਲੋਂ ਮਿਲੀ ਸੀ।

ਉਨ੍ਹਾਂ ਨੂੰ ਵਿਆਪਕ ਤੌਰ 'ਤੇ "ਬਰਤਾਵੀਂ ਸਮਰਾਜ ਦੇ ਰੱਖਿਅਕ" ਦੱਸਿਆ ਗਿਆ ਸੀ।

ਇਸ ਤਰ੍ਹਾਂ ਦਾ ਉੱਚ ਅਧਿਕਾਰੀਆਂ ਦੀ ਹਮਾਇਤ ਨਾਲ ਇੱਕ ਬਰਤਾਨਵੀੰ ਅਧਿਕਾਰੀ ਵੱਲੋਂ ਵਿਦਰੋਹੀਆਂ ਅਤੇ ਲੋਕਾਂ ਦੀ ਬੇਰਹਿਮੀ ਅਤੇ ਅੰਨ੍ਹੇਵਾਹ ਕਤਲ ਕਰਨ ਦਾ ਕਾਰਾ ਨਵਾਂ ਨਹੀਂ ਸੀ।

ਇਸ ਸਾਕੇ ਤੋਂ 1857 'ਚ ਅਜਨਾਲਾ ਵਿੱਚ ਕੂਪਰ , ਦਿੱਲੀ ਵਿੱਚ ਹਡਸਨ ਤੇ ਕਾਨਪੁਰ ਵਿੱਚ ਨੀਲ ਦੀ ਕਾਰਵਾਈ ਅਤੇ 1872 'ਚ ਮਲੇਰਕੋਟਲਾ ਵਿੱਚ ਕੋਵਾਂ ਦੀ ਕਾਰਵਾਈ ਦਿਮਾਗ਼ 'ਚ ਆ ਜਾਂਦੀ ਹੈ।

ਬਰਤਾਨਵੀਂ ਸਮਰਾਜ ਵਿੱਚ ਸਿਆਸੀ ਵਿਰੋਧ ਦਾ ਬੇਰਹਿਮੀ ਨਾਲ ਦਮਨ ਕਰਨਾ ਕੋਈ ਵਿਲੱਖਣ ਜਾਂ ਆਸਾਧਾਰਨ ਨਹੀਂ ਸੀ, ਉਹ ਤਾਂ ਬਰਤਾਨਵੀਂ ਸਮਰਾਜ ਢਾਂਚੇ ਵੀ ਹੀ ਮੌਜੂਦ ਸੀ।

ਮੈਨਚੈਸਟਰ 'ਚ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ 'ਤੇ ਘੁੜਸਾਵਾਰ ਸੈਨਿਕਾਂ ਦੀ ਕਾਰਵਾਈ, ਜਿਸ ਕਰਕੇ 1819 'ਚ ਪੀਟਰਲੂ ਕਤਲੇਆਮ ਹੋਇਆ, 1857 'ਚ ਨਾਗਰਿਕਾਂ ਅਤੇ ਸੈਨਿਕਾਂ ਖਿਲਾਫ਼ ਕੀਤੀ ਹਿੰਸਕ ਕਾਰਵਾਈ, 1900-02 'ਚ ਕਨਸਨਟਰੇਸ਼ਨ ਕੈਂਪਾਂ 'ਚ ਬੋਇਰਜ਼ ਦਾ ਨਾਸ਼, 1916 'ਚ ਈਸਟਰ ਬਗਾਵਤ ਨੂੰ ਦਬਾਉਣਾ ਅਤੇ 1950 ਦੇ ਦਹਾਕੇ 'ਚ ਮਾਊ-ਮਾਊ ਦੀ ਬਗ਼ਾਵਤ ਨੂੰ ਕੁਚਲਨ ਵਰਗੇ ਕਾਰੇ ਸਮਰਾਜ ਦੀ ਕਰੂਰਤਾ ਤੇ ਹਿੰਸਕ ਰਵੱਈਏ ਵੱਲ ਇਸ਼ਾਰਾ ਕਰਦੇ ਹਨ।

ਸਾਕੇ ਦੇ 100 ਸਾਲਾਂ ਬਾਅਦ ਬੇਚੈਨ ਕਰਨ ਵਾਲੀ ਸੱਚਾਈ ਹੈ ਕਿ ਭਾਰਤ ਦੀ ਨੀਂਹ ਉਸੇ ਬਸਤੀਵਾਦ ਢਾਂਚੇ 'ਤੇ ਖੜੀ ਹੈ ਜਿਸ ਨੇ ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਅਗਵਾਈ ਕੀਤੀ ਸੀ।

ਲੋਕਤੰਤਰ, ਸੰਵਿਧਾਨ ਅਤੇ ਨਾਗਰਿਕ ਆਜ਼ਾਦੀਆਂ ਦੇ ਬਾਵਜੂਦ ਰਾਜਨੀਤਿਕ ਅਸਹਿਮਤੀ ਦੇ ਖਿਲਾਫ ਦਮਨਕਾਰੀ ਰਵੱਈਏ ਨੇ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁੜ-ਮੁੜ ਆਪਣਾ ਸਿਰ ਚੁੱਕਦਾ ਹੈ।

(ਹਰਜੇਸ਼ਵਰ ਪਾਲ ਸਿੰਘ, ਚੰਡੀਗੜ੍ਹ ਦੇ ਐੱਸਜੀਜੀਐੱਸ ਕਾਲਜ 'ਚ ਇਤਿਹਾਸ ਦੇ ਅਸਿਸਟੈਂਟ ਪ੍ਰੋਫੈਸਰ ਹਨ।)

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)