ਪਾਕਿਸਤਾਨ 'ਚ ਹਿੰਦੂਆਂ ਖ਼ਿਲਾਫ਼ ਬੋਲਣ ਵਾਲੇ ਪੰਜਾਬ ਸੂਬੇ ਦੇ ਮੰਤਰੀ ਦੀ ਛੁੱਟੀ

ਪਾਕਿਸਤਾਨੀ ਪੰਜਾਬ ਦੇ ਸੂਚਨਾ ਤੇ ਸੱਭਿਆਚਾਰ ਮੰਤਰੀ ਫ਼ੈਯਾਜ਼ ਅਲ ਹਸਨ ਚੌਹਾਨ ਨੂੰ ਹਿੰਦੂਆਂ ਬਾਰੇ ਵਿਵਾਦਿਤ ਟਿੱਪਣੀ ਕਰਨ ਤੋਂ ਬਾਅਦ ਅਹੁਦੇ ਤੋਂ ਹਟਾ ਦਿੱਤਾ ਹੈ।

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਫ਼ੈਯਾਜ਼ ਅਲ ਹਸਨ ਚੌਹਾਨ ਨੂੰ ਇਸ ਬਿਆਨ ਤੋਂ ਬਾਅਦ ਤਲਬ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਮੁੱਖ ਮੰਤਰੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਚੌਹਾਨ ਨੇ ਹਿੰਦੂਆਂ ਨੂੰ ਗਊ ਦਾ ਮੂਤ ਪੀਣ ਵਾਲੇ ਦੱਸਿਆ ਸੀ ਤੇ ਕਿਹਾ ਸੀ ਕਿ ਭਾਰਤ ਪਾਕਿਸਤਾਨ ਦਾ ਮੁਕਾਬਲਾ ਨਹੀਂ ਕਰ ਸਕਦਾ।

ਇਸ ਬਿਆਨ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਚਾਰੇ ਪਾਸਿਓਂ ਨਿੰਦਾ ਹੋ ਰਹੀ ਸੀ।

ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ਉੱਤੇ #SackFayazChohan ਅਤੇ #Hindus ਟੌਪ ਟਰੈਂਡ ਚੱਲ ਰਿਹਾ ਸੀ।

ਉਨ੍ਹਾਂ ਦੇ ਬਿਆਨ ਤੋਂ ਬਾਅਦ ਨਾ ਸਿਰਫ਼ ਸੋਸ਼ਲ ਮੀਡੀਆ ਉੱਤੇ ਹੀ ਨਹੀਂ ਬਲਕਿ ਪੀਟੀਆਈ ਦੇ ਆਗੂਆਂ ਨੇ ਵੀ ਉਨ੍ਹਾਂ ਦੀ ਤਿੱਖੀ ਆਲੋਚਨਾ ਸ਼ੁਰੂ ਕਰ ਦਿੱਤੀ ਸੀ।

ਚੌਹਾਨ ਨੇ ਇਹ ਬਿਆਨ 24 ਫਰਬਰੀ ਨੂੰ ਲਹੌਰ ਵਿੱਚ ਇੱਕ ਸਮਾਗਮ ਦੌਰਾਨ ਦਿੱਤਾ ਸੀ। ਇਸ ਬਿਆਨ ਦਾ ਵੀਡੀਓ ਕਲਿੱਪ ਸੋਮਵਾਰ ਨੂੰ ਵਾਇਰਲ ਹੋਇਆ।

ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਿਆਸੀ ਸਲਾਹਕਾਰ ਨਈਮੁਲ ਹਕ ਨੇ ਇੱਕ ਟਵੀਟ ਕਰਕੇ ਕਿਹਾ ਸੀ ਕਿ ਪੀਟੀਆਈ ਇਸ ਤਰ੍ਹਾਂ ਦੀ ਬਕਵਾਸ ਨੂੰ ਬਰਦਾਸ਼ਤ ਨਹੀਂ ਕਰੇਗੀ, ਭਾਵੇਂ ਕਿ ਅਜਿਹੀ ਗੱਲ ਸਰਕਾਰ ਵਿੱਚ ਸ਼ਾਮਲ ਕੋਈ ਸੀਨੀਅਰ ਵਿਅਕਤੀ ਹੀ ਕਹੇ।

ਉਨ੍ਹਾਂ ਇੱਕ ਟਵੀਟ ਵਿੱਚ ਕਿਹਾ ਸੀ, "ਹਿੰਦੂ ਭਾਈਚਾਰੇ ਖ਼ਿਲਾਫ਼ ਪੰਜਾਬ ਦੇ ਸੂਚਨਾ ਮੰਤਰੀ ਫੈਯਾਜ਼ ਚੌਹਾਨ ਦੇ ਅਪਮਾਨਜਨਕ ਬਿਆਨ ਉੱਤੇ ਸਖ਼ਤ ਕਾਰਵਾਈ ਹੋਈ ਚਾਹੀਦੀ ਹੈ। ਮੁੱਖ ਮੰਤਰੀ ਤੋਂ ਸਲਾਹ ਲੈਣ ਤੋਂ ਬਾਅਦ ਉਨ੍ਹਾਂ ਉੱਤੇ ਕਾਰਵਾਈ ਕੀਤੀ ਜਾਵੇਗੀ।"

ਪਾਕਸਤਾਨੀ ਪੰਜਾਬ ਦੇ ਮੁੱਖ ਮੰਤਰੀ ਦੇ ਬੁਲਾਰੇ ਦਾ ਬਿਆਨ

ਪਾਕਸਤਾਨੀ ਪੰਜਾਬ ਦੇ ਮੁੱਖ ਮੰਤਰੀ ਦੇ ਬੁਲਾਰੇ ਡਾ਼ ਸ਼ਾਹਬਾਜ਼ ਗਿੱਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ "ਫ਼ੈਯਾਜ਼ ਅਲ ਹਸਨ ਦਾ ਬਿਆਨ ਅਫ਼ਸੋਸਨਾਕ ਸੀ ਤੇ ਪੰਜਾਬ ਸਰਕਾਰ ਉਸ ਨੂੰ ਕਿਸੇ ਵੀ ਸੂਰਤ ਵਿੱਚ ਪੁਸ਼ਟੀ ਨਹੀਂ ਕਰਦੀ।"

"ਪੰਜਾਬ ਸਰਕਾਰ ਆਪਣੇ-ਆਪ ਨੂੰ ਇਸ ਤੋਂ ਵੱਖ ਕਰਦੀ ਹੈ। ਮੁੱਖ ਮੰਤਰੀ ਇਸ ਬਿਆਨ ਤੋਂ ਨਿੱਜੀ ਰੂਪ ਵਿੱਚ ਦੁਖੀ ਹਨ ਕਿ ਅਜਿਹਾ ਬਿਆਨ ਉਨ੍ਹਾਂ ਦੇ ਕਿਸੇ ਮੰਤਰੀ ਨੇ ਦਿੱਤਾ।"

ਉਨ੍ਹਾਂ ਕਿਹਾ ਕਿ "ਕੋਈ ਹਿੰਦੂ, ਈਸਾਈ ਵੀ ਉਨ੍ਹਾਂ ਹੀ ਪਾਕਿਸਤਾਨੀ ਹੈ ਜਿਨਾਂ ਕਿ ਮੈਂ ਜਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਬਰਾਬਰ ਦੇ ਹੱਕ ਰੱਖਦੇ ਹਨ।"

"ਇਸ ਕਾਰਨ ਹਿੰਦੂਆਂ ਦੇ ਦਿਲਾਂ ਨੂੰ ਪਹੁੰਚੀ ਠੇਸ ਲਈ ਮੁੱਖ ਮੰਤਰੀ ਨੇ ਮਾਫ਼ੀ ਮੰਗੀ ਹੈ।"

"ਮੁੱਖ ਮੰਤਰੀ ਨੇ ਫ਼ੈਯਾਜ਼ ਅਲ ਹਸਨ ਚੌਹਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਕੋਲ ਆਪਣੀ ਨਾਰਾਜ਼ਗੀ ਜਾਹਰ ਕੀਤੀ ਤੇ ਕਿਹਾ ਕਿ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਸਰਕਾਰ ਵੱਲੋਂ ਕਿਸੇ ਵੀ ਅਜਿਹੇ ਵਿਹਾਰ ਦੀ ਇਜਾਜ਼ਤ ਨਹੀਂ ਦੇ ਸਕਦੀ ਜਿਸ ਨਾਲ ਕਿਸੇ ਵੀ ਦਿਲ ਦੁਖਾਇਆ ਜਾ ਸਕੇ।"

"ਇਸ ਕਾਰਨ ਜਿਨ੍ਹਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਅਸੀਂ ਉਨ੍ਹਾਂ ਤੋਂ ਮਾਫ਼ੀ ਚਾਹੁੰਦੇ ਹਾਂ।"

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)