ਭਾਰਤ ਦੀ ਪਣਡੁੱਬੀ ਨੇ ਪਾਕਿਸਤਾਨ ਦੀ ਸਮੁੰਦਰੀ ਸੀਮਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ - ਪਾਕ ਨੇਵੀ ਦਾ ਦਾਅਵਾ

ਪਾਕਿਸਤਾਨ ਨੇਵੀ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਨੇਵੀ ਦੀ ਪਣਡੁੱਬੀ ਨੇ ਪਾਕਿਸਤਾਨ ਦੀ ਜਲ ਸੀਮਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

ਪਾਕਿਸਤਾਨੀ ਨੇਵੀ ਵੱਲੋਂ ਜਾਰੀ ਬਿਆਨ ਵਿਚ ਦਾਅਵਾ ਕੀਤਾ ਗਿਆ ਕਿ ਬੀਤੀ ਰਾਤ ਜਦੋਂ ਭਾਰਤੀ ਨੇਵੀ ਦੀ ਪਣਡੁੱਬੀ ਨੇ ਪਾਕਿਸਤਾਨੀ ਸਮੁੰਦਰੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਪਤਾ ਲੱਗ ਗਿਆ।

ਬਿਆਨ ਵਿਚ ਇਹ ਵੀ ਦਾਅਵਾ ਕੀਤਾ ਗਿਆ ਕਿ ਪਾਕਿਸਤਾਨੀ ਨੇਵੀ ਨੇ ਆਪਣੇ ਹੁਨਰ ਨਾਲ ਉਸ ਨੂੰ ਸਰਹੱਦ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ।

ਬੀਬੀਸੀ ਨੇ ਇਸ ਬਾਬਤ ਭਾਰਤੀ ਨੇਵੀ ਤੋਂ ਪ੍ਰਤੀਕਰਮ ਮੰਗਿਆ ਪਰ ਖ਼ਬਰ ਲਿਖੇ ਜਾਣ ਤੱਕ ਜਵਾਬ ਨਹੀਂ ਆਇਆ ਸੀ।

ਪਾਕਿਸਤਾਨੀ ਨੇਵੀ ਵੱਲੋਂ ਵੀਡੀਓ ਜਾਰੀ ਕਰਕੇ ਭਾਰਤੀ ਨੇਵੀ ਉੱਤੇ ਸਰਹੱਦ ਲੰਘਣ ਦੀ ਕੋਸ਼ਿਸ਼ ਦਾ ਇਲਜ਼ਾਮ ਲਾਇਆ ਗਿਆ ਹੈ। ਇਸ ਵੀਡੀਓ ਵਿਚ ਘਟਨਾ ਦਾ ਸਮਾਂ ਪਕਿਸਤਾਨੀ ਸਮੇਂ ਮੁਤਬਾਕ 8:30 ਵਜੇ ਸੋਮਵਾਰ ਸ਼ਾਮ ਦਿਖ ਰਿਹਾ ਹੈ।

ਬੀਬੀਸੀ ਨੇ ਇਹ ਵੀਡੀਓ ਦੇਖਿਆ ਹੈ ਪਰ ਇਸ ਦੀ ਆਪਣੇ ਤੌਰ ਉੱਤੇ ਪੁਸ਼ਟੀ ਨਹੀਂ ਕੀਤੀ।

ਪਾਕਿਸਤਾਨੀ ਬਿਆਨ ਵਿਚ ਇਹ ਵੀ ਦਾਅਵਾ ਕੀਤਾ ਗਿਆ ਕਿ ਭਾਰਤ ਨਾਲ ਅਮਨ ਸ਼ਾਂਤੀ ਬਹਾਲ ਰੱਖਣ ਦੀ ਮੁਲਕ ਦੀ ਨੀਤੀ ਕਾਰਨ ਪਾਕਿਸਤਾਨੀ ਨੇਵੀ ਨੇ ਭਾਰਤੀ ਪਣਡੁੱਬੀ ਉੱਤੇ ਫਾਇਰ ਨਹੀਂ ਕੀਤਾ।

ਪਾਕ ਨੇਵੀ ਦੇ ਦਾਅਵੇ ਮੁਤਾਬਕ ਨਵੰਬਰ 2016 ਤੋਂ ਬਾਅਦ ਭਾਰਤੀ ਨੇਵੀ ਦੀ ਪਣਡ਼ੁੱਬੀ ਨੇ ਦੂਜੀ ਵਾਰ ਸਰਹੱਦ ਦਾ ਉਲੰਘਣ ਕੀਤਾ ਹੈ।

ਪਕਿਸਤਾਨ ਨੇਵੀ ਨੇ ਇਹ ਦਾਅਵਾ ਭਾਰਤ ਦੀ ਪਾਕਿਸਤਾਨ ਵਿਚ ਏਅਰਸਟਰਾਈਕ ਤੋਂ ਇੱਕ ਹਫ਼ਤਾ ਬਾਅਦ ਕੀਤਾ ਹੈ। ਏਅਰ ਸਟਰਾਈਕ ਕਾਰਨ ਦੋਵਾਂ ਦੇਸ਼ਾਂ ਵਿਚ ਕਾਫ਼ੀ ਤਣਾਅ ਚੱਲ ਰਿਹਾ ਹੈ।

ਇਸ ਤਣਾਅ ਦੀ ਸ਼ੁਰੂਆਤ ਪੁਲਵਾਮਾ ਵਿਚ ਭਾਰਤੀ ਅਰਧ ਸੈਨਿਕ ਬਲ ਸੀਆਰਪੀਐੱਫ਼ ਦੇ ਕਾਫ਼ਲੇ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਹੋਈ। ਇਸ ਹਮਲੇ ਵਿਚ 40 ਜਵਾਨ ਮਾਰੇ ਗਏ ਸਨ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਪਖਤੂਨਖਵਾ ਵਿਚਲੇ ਬਾਲਾਕੋਟ ਕਸਬੇ ਨੇੜੇ ਏਅਰ ਸਟਰਾਈਕ ਕਰਕੇ ਜੈਸ਼-ਏ-ਮੁਹੰਮਦ ਦਾ ਕੈਂਪ ਤਬਾਹ ਕਰਨ ਦਾ ਦਾਅਵਾ ਕੀਤਾ ਸੀ।

ਭਾਰਤ ਦੀ ਇਸ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਵੀ ਭਾਰਤੀ ਖੇਤਰ ਵਿਚ 6 ਥਾਵਾਂ ਉੱਤੇ ਬੰਬਾਰੀ ਕਰਨ ਦਾ ਦਾਅਵਾ ਕੀਤਾ ਸੀ। ਪਾਕਿਸਤਾਨ ਵੱਲੋਂ 2 ਭਾਰਤੀ ਲੜਾਕੂ ਜਹਾਜ਼ ਨਸ਼ਟ ਕਰਨ ਦਾ ਦਾਅਵਾ ਵੀ ਕੀਤਾ ਗਿਆ ਸੀ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)