ਅਣਚਾਹੇ ਨਵਜੰਮੇ ਬੱਚੇ ਛੱਡਣ ਲਈ ਸਰਕਾਰ ਨੇ ਇੱਥੇ ਲਾਏ ਬੇਬੀ ਬਾਕਸ

ਅਮਰੀਕੀ ਸੂਬੇ ਇੰਡਿਆਨਾ ਦੇ ਫਾਇਰ ਸਟੇਸ਼ਨ ਦੇ ਬਾਹਰ ਇੱਕ ਖਿੜਕੀ ਲਾਈ ਗਈ ਹੈ। ਇਸ ਵਿੱਚ ਇੰਨੀ ਕੁ ਜਗ੍ਹਾ ਹੈ ਕਿ ਇੱਕ ਦਰਮਿਆਨੇ ਆਕਾਰ ਦਾ ਪਾਰਸਲ ਰੱਖਿਆ ਜਾ ਸਕੇ।

ਦਿਲਚਸਪ ਗੱਲ ਇਹ ਹੈ ਕਿ ਇਹ ਕੋਈ ਪਾਰਸਲ ਰੱਖਣ ਲਈ ਨਹੀਂ ਲਾਇਆ ਗਿਆ ਸਗੋਂ ਇਹ ਨਵਜੰਮੇ ਬੱਚੇ ਰੱਖਣ ਲਈ ਲਾਇਆ ਗਿਆ ਹੈ।

ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਲਾਇਆ ਗਿਆ ਇਹ ਸੱਤਵਾਂ ਬਕਸਾ ਹੈ। ਇਸ ਦਾ ਉਦੇਸ਼ ਉਨ੍ਹਾਂ ਮਾਵਾਂ ਦੀ ਮਦਦ ਕਰਨਾ ਹੈ ਜੋ ਇਹ ਬੱਚੇ ਨਹੀਂ ਰੱਖ ਸਕਦੀਆਂ। ਉਹ ਮਾਵਾਂ ਆਪਣੇ ਅਣਚਾਹੇ ਬੱਚੇ ਇੱਥੇ ਛੱਡ ਕੇ ਜਾ ਸਕਦੀਆਂ ਹਨ।

ਇਹ ਬਕਸੇ ਇੰਨੇ ਸਾਧਾਰਣ ਨਹੀਂ ਹਨ ਜਿੰਨੇ ਲਗਦੇ ਹਨ। ਇਨ੍ਹਾਂ ਵਿੱਚ ਸਹੀ ਤਾਪਮਾਨ ਬਰਕਰਾਰ ਰੱਖਣ ਲਈ ਸੈਂਸਰ ਲੱਗੇ ਹਨ। ਜਿਵੇਂ ਹੀ ਬੱਚਾ ਇਸ ਵਿੱਚ ਰੱਖਿਆ ਜਾਂਦਾ ਹੈ ਤਾਂ ਇੱਕ ਅਲਾਰਮ ਨਾਲ ਐਮਰਜੈਂਸੀ ਸੇਵਾ ਵਾਲਿਆਂ ਨੂੰ ਇਸ ਦਾ ਪਤਾ ਚੱਲ ਜਾਂਦਾ ਹੈ। ਜਿਸ ਮਗਰੋਂ ਉਹ ਪੰਜ ਤੋਂ ਵੀ ਘੱਟ ਮਿੰਟਾਂ ਵਿੱਚ ਬੱਚਾ ਉੱਥੋਂ ਚੁੱਕ ਕੇ ਲੈ ਜਾਂਦੇ ਹਨ।

ਇਹ ਵੀ ਪੜ੍ਹੋ:

ਇਨ੍ਹਾਂ ਬਕਸਿਆਂ ਨੂੰ 'ਸੇਫ ਹੈਵਨ ਬੇਬੀ ਬਾਕਸਜ਼' ਕਿਹਾ ਜਾਂਦਾ ਹੈ। ਇਸ ਸੰਸਥਾ ਨਾਲ ਕੰਮ ਕਰ ਰਹੀ ਪ੍ਰਿਸਲਾ ਪਰੁਇਟ ਨੇ ਦੱਸਿਆ ਕਿ ਇਹ ਆਖ਼ਰੀ ਰਾਹ ਹੈ। ਇਸ ਸੰਸਥਾ ਨੇ ਹੀ ਅਮਰੀਕਾ ਵਿੱਚ ਇਨ੍ਹਾਂ ਬਕਸਿਆਂ ਦੀ ਸ਼ੁਰੂਆਤ ਲਈ ਮੁਹਿੰਮ ਚਲਾਈ ਸੀ।

ਸੰਸਥਾ ਦਾ ਕਹਿਣਾ ਹੈ ਕਿ ਇਸ ਨਾਲ ਨਵ-ਜਨਮੇ ਬੱਚਿਆਂ ਨੂੰ ਮਾਰੇ ਜਾਣ ਦੇ ਰੁਝਾਨ ਵਿੱਚ ਕਮੀ ਆਵੇਗੀ।

'ਸੇਫ ਹੈਵਨ ਬੇਬੀ ਬਾਕਸਜ਼' ਇੱਕ ਗੈਰ-ਮੁਨਾਫ਼ਾ ਸੰਸਥਾ ਹੈ। ਸੰਸਥਾ ਮੁਤਾਬਕ ਉਹ ਦਰਜਨ ਭਰ ਅਜਿਹੇ ਹੋਰਬਕਸੇ ਲਾਉਣ ਜਾ ਰਹੀ ਹੈ ਤੇ ਉਸ ਨੇ 100 ਬਕਸਿਆਂ ਲਈ ਫੰਡ ਇਕੱਠਾ ਕਰ ਲਿਆ ਹੈ।

"ਬੱਚਿਆਂ ਨੂੰ ਛੱਡ ਦਿੱਤਾ ਜਾਣਾ ਇੱਕ ਸਮੱਸਿਆ ਹੈ। ਔਰਤਾਂ ਪਛਾਣਿਆ ਨਹੀਂ ਜਾਣਾ ਚਾਹੁੰਦੀਆਂ, ਖ਼ਾਸ ਕਰਕੇ ਛੋਟੇ ਕਸਬਿਆਂ ਵਿੱਚ।"

ਹਾਲਾਂਕਿ ਸਾਰਿਆਂ ਨੂੰ ਇਹ ਉਪਾਅ ਪਸੰਦ ਨਹੀਂ ਹੈ। ਫਾਦਰਜ਼ ਰਾਈਟਸ ਗਰੁੱਪ ਵਾਲਿਆਂ ਦਾ ਕਹਿਣਾ ਹੈ ਇਹ ਲੋਕ ਸਿਰਫ ਇੱਕ ਮਾਪੇ ਨੂੰ ਇਹ ਫੈਸਲਾ ਕਰਨ ਦਿੰਦੇ ਹਨ। ਸੰਯੁਕਤ ਰਾਸ਼ਟਰ ਨੇ ਦੂਸਰੇ ਦੇਸਾਂ ਵਿੱਚ ਅਜਿਹੇ ਬਕਸਿਆਂ ਦਾ ਵਿਰੋਧ ਕੀਤਾ ਹੈ।

ਸੰਯੁਕਤ ਰਾਸ਼ਟਰ ਦਾ ਮਤ ਹੈ ਕਿ ਦੇਸ ਨੂੰ ਆਪਣੇ ਨਾਗਰਿਕਾਂ ਨੂੰ ਪਰਿਵਾਰ ਨਿਯੋਜਨ ਵਿੱਚ ਮਦਦ ਕਰਨੀ ਚਾਹੀਦੀ ਹੈ ਅਤੇ ਬੱਚੇ ਤਿਆਗਣ ਦੇ ਮੂਲ ਕਾਰਨਾਂ ਨੂੰ ਖ਼ਤਮ ਕਰਨ ਲਈ ਕੰਮ ਕਰਨਾ ਚਾਹੀਦਾ ਹੈ।

ਅਜਿਹੇ ਬਕਸਿਆਂ ਦਾ ਪਿਛੋਕੜ

ਹਾਲਾਂਕਿ, ਅਮਰੀਕਾ ਵਿੱਚ ਇਨ੍ਹਾਂ ਬਕਸਿਆਂ ਦੀ ਸ਼ੁਰੂਆਤ 2016 ਵਿੱਚ ਹੋਈ ਪਰ ਧਾਰਣਾ ਪੁਰਾਣੀ ਹੈ।

ਮੱਧ ਕਾਲ ਵਿੱਚ ਗਿਰਜਿਆਂ, ਹਸਪਤਾਲਾਂ ਜਾਂ ਅਨਾਥ ਆਸ਼ਰਮਾਂ ਦੇ ਬਾਹਰ ਅਜਿਹੇ ਬੰਦੋਬਸਤ ਕੀਤੇ ਜਾਂਦੇ ਸਨ।

ਪਿਛਲੇ ਦੋ ਦਹਾਕਿਆਂ ਵਿੱਚ ਇਹ ਇੱਕ ਵਾਰ ਫਿਰ ਨਜ਼ਰ ਆਉਣ ਲੱਗੇ ਹਨ ਅਤੇ ਪਾਕਿਸਤਾਨ, ਮਲੇਸ਼ੀਆ, ਜਰਮਨੀ ਅਤੇ ਸਵਿਟਜ਼ਰਲੈਂਡ ਸਮੇਤ ਕਈ ਦੇਸਾਂ ਵਿੱਚ ਦੇਖੇ ਜਾ ਸਕਦੇ ਹਨ।

ਹੋਰ ਕਿਹੜੇ ਅਮਰੀਕੀ ਸੂਬਿਆਂ ਵਿੱਚ ਇਹ ਬਕਸੇ ਹਨ?

ਇਨ੍ਹਾਂ ਬਕਸਿਆਂ ਲਈ ਸੂਬਿਆਂ ਨੂੰ ਆਪੋ-ਆਪਣੇ ਕਾਨੂੰਨ ਬਣਾਉਣੇ ਪੈਂਦੇ ਹਨ।

ਇੰਡਿਆਨਾ ਤੋਂ ਇਲਾਵਾ ਓਹਾਇਓ ਵਿੱਚ ਦੋ ਬਕਸੇ ਹਨ ਅਤੇ ਪੈਨਸਲਵੇਨੀਆ ਵਿੱਚ ਪਹਿਲਾ ਬਕਸਾ ਜਲਦੀ ਹੀ ਲੱਗਣ ਦੀ ਉਮੀਦ ਹੈ।

ਨਿਊ ਜਰਸੀ ਅਤੇ ਜੌਰਜੀਆ ਵਿੱਚ ਵੀ ਇਨ੍ਹਾਂ ਲਈ ਰਾਇ ਬਣਾਈ ਜਾ ਰਹੀ ਹੈ।

ਇਹ ਵੀ ਪੜ੍ਹੋ:

ਮਿਸ਼ੀਗਨ ਵਿੱਚ ਵੀ ਬਿਲ ਬਣ ਗਿਆ ਸੀ ਪਰ ਗਵਰਨਰ ਦੀ ਸਹਿਮਤੀ ਨਹੀਂ ਮਿਲੀ। ਗਵਰਨ ਦਾ ਵਿਚਾਰ ਸੀ ਕਿ ਸੂਬੇ ਦਾ ਮੌਜੂਦਾ ਕਾਨੂੰਨ ਹੀ ਕਾਫ਼ੀ ਹੈ, ਜਿਸ ਤਹਿਤ ਕੋਈ ਬੱਚਿਆਂ ਨੂੰ ਪਹਿਲਾਂ ਹੀ ਆਪਣੀ ਪਛਾਣ ਦੱਸੇ ਬਿਨਾਂ ਅਧਿਕਾਰੀਆਂ ਨੂੰ ਸੌਂਪ ਸਕਦਾ ਹੈ।

ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਮਾਂ ਬਾਪ ਨੂੰ ਆਪਣੇ ਬੱਚੇ ਨੂੰ ਇੱਕ ਅਧਿਕਾਰੀ ਨੂੰ ਬੱਚਾ ਸੌਂਪਣ ਨਾਲੋਂ ਇੱਕ ਆਟੋਮੈਟਿਕ ਮਸ਼ੀਨ ਵਿੱਚ ਛੱਡਣ ਦੀ ਇਜਾਜ਼ਤ ਦੇਣਾ ਠੀਕ ਨਹੀਂ ਲੱਗਦਾ।

ਨਵਾਂ ਸੇਫ ਹੈਵਨ ਕਾਨੂੰਨ ਕੀ ਹੈ?

ਅਮਰੀਕਾ ਵਿੱਚ ਬੱਚਾ ਤਿਆਗਣਾ ਗੈਰ-ਕਾਨੂੰਨੀ ਹੈ ਪਰ ਇਹ ਨਵਾਂ ਕਾਨੂੰਨ ਇਸ ਕੰਮ ਨੂੰ ਜੁਰਮ ਨਹੀਂ ਰਹਿਣ ਦਿੰਦਾ। ਖ਼ਾਸ ਕਰਕੇ ਜੇ ਬੱਚੇ ਦੇ ਜਨਮ ਦੇ ਪਹਿਲੇ ਕੁਝ ਦਿਨਾਂ ਦੇ ਅੰਦਰ ਹੀ ਜਿੰਮੇਵਾਰ ਹੱਥਾਂ ਵਿੱਚ ਸੌਂਪ ਦਿੱਤਾ ਜਾਵੇ।

ਇਹ ਕਾਨੂੰਨ ਸਭ ਤੋਂ ਪਹਿਾਲਾਂ ਟੈਕਸਸ ਸੂਬੇ ਨੇ ਬਣਾਇਆ ਤੇ ਫੇਰ 49 ਹੋਰ ਸੂਬਿਆਂ ਨੇ ਵੀ ਉਸੇ ਦੀ ਤਰਜ 'ਤੇ ਅਜਿਹੇ ਕਾਨੂੰਨ ਬਣਾਏ।

ਸਾਲ 2004 ਵਿੱਚ ਇਨ੍ਹਾਂ ਬੱਚਿਆਂ ਦਾ ਰਿਕਾਰਡ ਰੱਖਿਆ ਜਾਣ ਲੱਗਿਆ ਤੇ ਹੁਣ ਤੱਕ 131 ਬੱਚੇ ਸੂਬੇ ਦੇ ਪਰਿਵਾਰ ਤੇ ਸੁਰੱਖਿਆ ਵਿਭਾਗ ਨੂੰ ਮਿਲੇ ਹਨ।

ਇਨ੍ਹਾਂ ਬਕਸਿਆਂ ਨਾਲ ਜ਼ਿੰਦਗੀਆਂ ਬਚਦੀਆਂ ਹਨ?

ਡੈਨਮਾਰਕ ਦੇ ਨੈਸ਼ਨਲ ਵੈਲਫੇਅਰ ਰਿਸਰਚ ਸੈਂਟਰ, ਵਿਵੇ, ਯੂਰਪ ਵਿੱਚ ਇਨ੍ਹਾਂ ਬਕਸਿਆਂ ਦੀ ਉਪਯੋਗਤਾ ਦਾ ਪਤਾ ਲਾ ਰਿਹਾ ਹੈ। ਡੈਨਮਾਰਕ ਦੇ ਸਿਆਸਤਦਾਨ ਇਹ ਬਕਸੇ ਲਾਉਣ ਦੇ ਸੰਕੇਤ ਦੇ ਰਹੇ ਹਨ।

ਰਿਸਰਚ ਸੈਂਟਰ ਦੇ ਮੁੱਖ ਵਿਸ਼ਲੇਸ਼ਕ ਮੈਰੀ ਜੈਕੋਬਸੇਨ ਨੇ ਕੋਪਨਹੈਗਨ ਪੋਸਟ ਅਖ਼ਬਾਰ ਨੂੰ ਦੱਸਿਆ ਕਿ ਜਰਮਨੀ ਵਿੱਚ ਅਜਿਹੇ ਬਕਸੇ 200 ਤੋਂ ਵੱਧ ਲੱਗੇ ਹਨ ਅਤੇ ਉੱਥੇ ਬੱਚਿਆਂ ਨੂੰ ਮਾਰੇ ਜਾਣ ਦੀਆਂ ਘਟਨਵਾਂ ਵਿੱਚ ਕਮੀ ਨਹੀਂ ਆਈ।

'ਸੇਫ ਹੈਵਨ ਬੇਬੀ ਬਾਕਸਜ਼' ਕਹਿਣਾ ਹੈ ਕਿ ਇਨ੍ਹਾਂ ਬਕਸਿਆਂ ਦੀ ਵਰਤੋਂ ਦੇ ਸਬੂਤ ਹਨ। ਅਪ੍ਰੈਲ 2016 ਤੋਂ ਬਾਅਦ ਇੰਨ੍ਹਾਂ ਬਕਸਿਆਂ ਵਿੱਚ ਰੱਖੇ ਗਏ, ਜੇ ਇਹ ਬਕਸੇ ਨਾ ਹੁੰਦੇ ਤਾਂ ਇਹ ਬੱਚੇ ਨਾ ਬਚਦੇ।

ਸੰਸਥਾਂ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਸਕੂਲਾਂ-ਕਾਲਜਾਂ ਅਤੇ ਨੌਜਵਾਨ ਸਮੂਹਾਂ ਨਾਲ ਕੰਮ ਕਰ ਰਹੀ ਹੈ।

ਸੰਸਥਾ ਇੱਕ 24 ਘੰਟਿਆਂ ਦੀ ਇੱਕ ਹੈਲਪਲਾਈਨ ਵੀ ਚਲਾਉਂਦੀ ਹੈ। ਪ੍ਰਿਸਲਾ ਪਰੁਇਟ ਨੇ ਦੱਸਿਆ, "ਅਸੀਂ ਔਰਤਾਂ ਵੱਲੋਂ ਬੱਚੇ ਨੂੰ ਤਿਆਗਣ ਤੋਂ ਪਹਿਲਾਂ ਕੁਝ ਹੋਰ ਬਦਲਾਂ ਉੱਤੇ ਵੀ ਕੰਮ ਕਰਦੇ ਹਾਂ, ਬਾਲ-ਬਕਸਿਆਂ ਬਾਰੇ ਅਸੀਂ ਉਨ੍ਹਾਂ ਨਾਲ ਸਭ ਤੋਂ ਅਖ਼ੀਰ ਵਿੱਚ ਗੱਲ ਕਰਦੇ ਹਾਂ।"

ਅਮਰੀਕਾ ਵਿੱਚ ਬੱਚੇ ਤਿਆਗੇ ਜਾਣ ਦੀ ਸਮੱਸਿਆ ਕਿੰਨੀ ਕੁ ਵੱਡੀ ਹੈ?

ਸ਼ੈਰਿਲ ਮਿਅਰ ਨੇ ਦੱਸਿਆ, ਬੱਚੇ ਛੱਡਣ ਵਾਲੀਆਂ ਭਾਵੁਕ ਤੌਰ 'ਤੇ ਅਲੱਗ-ਥਲੱਗ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਅਜਿਹਾ ਨਹੀਂ ਹੁੰਦਾ ਜਿਸ 'ਤੇ ਉਹ ਭਰੋਸਾ ਕਰ ਸਕਣ। ਉਨ੍ਹਾਂ ਨੂੰ ਲਗਦਾ ਹੈ ਸ਼ਾਇਦ ਮੈਂ ਗਰਭਵਤੀ ਨਾ ਹੀ ਹੋਵਾਂ। ਕਿਤੇ ਇਹ ਮੇਰੀ ਕਲਪਨਾ ਤਾਂ ਨਹੀਂ। ਫੇਰ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਸਦਮਾ ਲੱਗਦਾ ਹੈ। ਉਨ੍ਹਾਂ ਕੋਲ ਕੋਈ ਯੋਜਨਾ ਨਹੀਂ ਹੁੰਦੀ। ਉਹ ਬਸ ਇਸ ਤੋਂ ਪਿੱਛਾ ਛੁਡਾ ਕੇ ਇੰਝ ਜਾਹਰ ਕਰਨਾ ਚਾਹੁੰਦੀਆਂ ਹਨ ਜਿਵੇਂ ਕਦੇ ਹੋਇਆ ਹੀ ਨਹੀਂ।

ਮਾਪਿਆਂ ਵੱਲੋ ਬਾਲ-ਹੱਤਿਆ, ਜਦੋਂ ਮਾਂ ਜਾਂ ਬਾਪ ਆਪਣੇ ਬੱਚੇ ਨੂੰ ਜਨਮ ਦੇ ਕੁਝ ਘੰਟਿਆਂ ਵਿੱਚ ਹੀ ਮਾਰ ਦਿੰਦਾ ਹੈ ਦੇ ਸਟੀਕ ਆਂਕੜੇ ਨਹੀਂ ਮਿਲਦੇ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)