ਪੁਲਵਾਮਾ ਹਮਲੇ 'ਤੇ ਪਾਕ ਦੀ ਭਾਰਤ ਨੂੰ ਨਸੀਹਤ ਤੇ ਕਰਤਾਰਪੁਰ ਲਾਂਘੇ ਦਾ ਹਵਾਲਾ

"ਪੁਲਵਾਮਾ ਹਮਲੇ ਬਾਰੇ ਭਾਰਤ ਵੱਲੋਂ ਗ਼ੈਰ-ਪ੍ਰਮਾਣਿਤ ਸੋਸ਼ਲ ਮੀਡੀਆ ਸਮੱਗਰੀ 'ਤੇ ਭਰੋਸਾ ਕੀਤਾ ਜਾ ਰਿਹਾ ਹੈ ਅਤੇ ਬਿਨਾਂ ਜਾਂਚ ਦੇ ਹੀ ਇਲਜ਼ਾਮ ਲਗਾਏ ਜਾ ਰਹੇ ਹਨ।"

ਪਾਕਿਸਤਾਨ ਨੇ ਇੱਕ ਅਧਿਕਾਰਿਤ ਬਿਆਨ ਵਿੱਚ ਪੁਲਵਾਮਾ ਹਮਲੇ ਨਾਲ ਜੁੜੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਇਹ ਸ਼ਬਦ ਕਹੇ।

14 ਫਰਵਰੀ ਨੂੰ ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਕਰੀਬ 40 ਜਵਾਨ ਮਾਰੇ ਗਏ ਸਨ।

ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਵਿੱਚ ਪਾਕਿਸਤਾਨ ਦਾ ਹੱਥ ਦੱਸਿਆ ਸੀ।

ਇਹ ਵੀ ਪੜ੍ਹੋ-

ਜੈਸ਼-ਏ-ਮੁਹੰਮਦ ਬਾਰੇ ਪਾਕਿਸਤਾਨ ਨੇ ਕੀ ਕਿਹਾ?

ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਨੇ ਬਿਨਾਂ ਕਿਸੇ ਜਾਂਚ ਦੇ ਪੁਲਵਾਮਾ ਹਮਲੇ ਬਾਰੇ ਇਲਜ਼ਾਮ ਲਗਾਏ ਹਨ।

ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਜੈਸ਼-ਏ-ਮੁਹੰਮਦ 'ਤੇ 2002 ਤੋਂ ਹੀ ਪਾਕਿਸਤਾਨ ਵਿੱਚ ਪਾਬੰਦੀ ਹੈ ਅਤੇ ਪਾਕਿਸਤਾਨ ਵੱਲੋਂ ਇਨ੍ਹਾਂ ਪਾਬੰਦੀਆਂ ਨੂੰ ਪੂਰੇ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਜੈਸ਼-ਏ-ਮੁਹੰਮਦ ਦੇ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲੈਣ ਦੇ ਕਥਿਤ ਵੀਡੀਓ ਬਾਰੇ ਕਿਹਾ, "ਭਾਰਤ ਵੱਲੋਂ ਬਿਨਾਂ ਕਿਸੇ ਜਾਂਚ ਦੇ ਗ਼ੈਰ-ਪ੍ਰਮਾਣਿਤ ਸੋਸ਼ਲ ਮੀਡੀਆ ਸਮੱਗਰੀ ਨੂੰ ਮੁੱਖ ਸਬੂਤ ਮੰਨਿਆ ਗਿਆ ਹੈ।"

"ਦੂਜੇ ਪਾਸੇ ਭਾਰਤ ਵੱਲੋਂ ਨੇਵੀ ਕਮਾਂਡਰ ਕੁਲਭੂਸ਼ਣ ਦੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੇ ਇਕਬਾਲੀਆ ਬਿਆਨ ਨੂੰ ਖਾਰਿਜ ਕੀਤਾ ਜਾ ਰਿਹਾ ਹੈ।"

ਪਾਕਿਸਤਾਨ ਦੀ ਅਦਾਲਤ ਨੇ ਕੁਲਭੂਸ਼ਣ ਜਾਧਵ ਨੂੰ ਭਾਰਤੀ ਜਸੂਸ ਮੰਨਦੇ ਹੋਏ ਪਾਕਿਸਤਾਨ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਦਾ ਦੋਸ਼ੀ ਕਰਾਰ ਦਿੱਤਾ ਸੀ ਤੇ ਫਾਂਸੀ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ-

ਕਰਤਾਰਪੁਰ ਬਾਰੇ ਕੀ ਕਿਹਾ?

ਪਾਕਿਸਤਾਨ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਨੂੰ ਆਪਣੇ ਸੁਰੱਖਿਆ ਇੰਤਜ਼ਾਮਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਸੁਰੱਖਿਆ ਇੰਤਜ਼ਾਮਾਂ ਵਿੱਚ ਖ਼ਾਮੀ ਕਰਕੇ ਹੀ ਇਹ ਅੱਤਵਾਦੀ ਘਟਨਾ ਵਾਪਰੀ ਹੈ।

ਪਾਕਿਸਤਾਨ ਵੱਲੋਂ ਕਿਹਾ ਗਿਆ ਹੈ ਕਿ ਉਹ ਦੋਵਾਂ ਦੇਸਾਂ ਦੇ ਰਿਸ਼ਤਿਆਂ ਵਿਚਾਲੇ ਸੁਧਾਰ ਚਾਹੁੰਦਾ ਹੈ ਅਤੇ ਕਰਤਾਰਪੁਰ ਕੋਰੀਡੌਰ ਦਾ ਕੰਮ ਵੀ ਇਸੇ ਦਿਸ਼ਾ ਵੱਲ ਹੀ ਇੱਕ ਕਦਮ ਹੈ।

ਇਸ ਦੇ ਨਾਲ ਪਾਕਿਸਤਾਨ ਨੇ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਨੂੰ ਹਾਲਾਤ ਤੋਂ ਮੁਨਕਰ ਹੋਣ ਤੋਂ ਬਚਣਾ ਚਾਹੀਦਾ ਹੈ ਅਤੇ ਗੱਲਬਾਤ ਸ਼ੁਰੂ ਕਰਨ ਦਾ ਰਾਹ ਅਪਣਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)