ਟੈਰੀਜ਼ਾ ਮੇਅ ਖਿਲਾਫ਼ ਬੇਭਰੋਸਗੀ ਮਤਾ ਖਾਰਿਜ, ਬ੍ਰੈਗਜ਼ਿਟ ਲਈ ਮਿਲ ਕੇ ਹੱਲ ਲੱਭਣ ਦੀ ਅਪੀਲ

ਯੂਕੇ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੇ ਖਿਲਾਫ਼ ਸੰਸਦ ਵਿੱਚ ਲਿਆਂਦਾ ਗਿਆ ਬੇਭਰੋਸਗੀ ਮਤਾ ਖਾਰਜ ਹੋ ਗਿਆ ਹੈ। ਵਿਰੋਧੀ ਧਿਰ ਲੇਬਰ ਪਾਰਟੀ ਉਨ੍ਹਾਂ ਖਿਲਾਫ਼ ਬੇਭਰੋਸਗੀ ਮਤਾ ਲੈ ਕੇ ਆਈ ਸੀ।

325 ਸੰਸਦ ਮੈਂਬਰਾਂ ਨੇ ਸਰਕਾਰ ਦਾ ਸਾਥ ਦਿੱਤਾ ਜਦੋਂਕਿ 306 ਸੰਸਦ ਮੈਂਬਰਾਂ ਨੇ ਬੇਭਰੋਸਗੀ ਮਤੇ ਦੇ ਹੱਕ ਵਿੱਚ ਵੋਟ ਪਾਈ।

ਇਸ ਤੋਂ ਬਾਅਦ ਟੈਰੀਜ਼ਾ ਮੇਅ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਨਿੱਜੀ ਹਿੱਤਾਂ ਨੂੰ ਪਾਸੇ ਕਰਕੇ ਇਕੱਠੇ ਹੋ ਕੇ ਕੰਮ ਕਰਨ ਅਤੇ ਬਰੈਗਜ਼ਿਟ ਲਈ ਰਾਹ ਲੱਭਣ।

ਪ੍ਰਧਾਨ ਮੰਤਰੀ ਨੇ ਯੂਰੋਪੀ ਯੂਨੀਅਨ ਤੋਂ ਯੂਕੇ ਦੇ ਵੱਖ ਹੋਣ ਬਾਰੇ ਯੂਰੋਪ ਦੇ ਅਧਿਕਾਰੀਆਂ ਨਾਲ ਜੋ ਸਮਝੌਤਾ ਕੀਤਾ ਸੀ, ਉਸ ਦੀ ਮਨਜ਼ੂਰੀ ਲਈ ਮੰਗਲਵਾਰ ਨੂੰ ਸੰਸਦ ਪਹੁੰਚੀ ਸੀ ਪਰ ਸਦਨ ਨੇ ਉਸ ਨੂੰ ਇਕ ਸਿਰੇ ਤੋਂ ਖਾਰਿਜ ਕਰ ਦਿੱਤਾ।

ਉਸ ਤੋਂ ਬਾਅਦ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬੇਨ ਨੇ ਕਿਹਾ ਕਿ ਟੈਰੀਜ਼ਾ ਮੇਅ ਦੀ ਸਰਕਾਰ ਨੇ ਆਪਣੀ ਭਰੋਸੇਯੋਗਤਾ ਗੁਆ ਦਿੱਤੀ ਹੈ।

ਕੋਰਬੇਨ ਨੇ ਇਹੀ ਕਹਿੰਦੇ ਹੋਏ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਬੁਧਵਾਰ ਨੂੰ ਯੂਕੇ ਸੰਸਦ ਵਿੱਚ ਛੇ ਘੰਟਿਆਂ ਤੱਕ ਬੇਭਰੋਸਗੀ ਮਤੇ 'ਤੇ ਬਹਿਸ ਹੋਈ ਜਿਸ ਤੋਂ ਬਾਅਦ ਵੋਟਿੰਗ ਹੋਈ।

ਇਹ ਵੀ ਪੜ੍ਹੋ:

ਪਰ ਟੈਰੀਜ਼ਾ ਮੇਅ ਦੀ ਆਪਣੀ ਪਾਰਟੀ ਦੇ ਬਾਗੀ ਸੰਸਦ ਮੈਂਬਰਾਂ ਅਤੇ ਡੀਯੂਪੀ ਦੇ ਸੰਸਦ ਮੈਂਬਰਾਂ ਜਿਨ੍ਹਾਂ ਨੇ ਸਿਰਫ਼ 24 ਘੰਟੇ ਪਹਿਲਾਂ ਟੈਰੀਜ਼ਾ ਮੇਅ ਦੇ ਬ੍ਰੈਗਜ਼ਿਟ ਡੀਲ ਦੇ ਵਿਰੋਧ ਵਿੱਚ ਵੋਟਿੰਗ ਕੀਤੀ ਸੀ। ਬੁੱਧਵਾਰ ਨੂੰ ਉਨ੍ਹਾਂ ਸੰਸਦ ਮੈਂਬਰਾਂ ਨੇ ਸਰਕਾਰ ਦੇ ਸਮਰਥਨ ਵਿੱਚ ਵੋਟਿੰਗ ਕੀਤੀ ਸੀ।

ਇਸੇ ਕਾਰਨ ਟੈਰੀਜ਼ਾ ਮੇਅ ਸਿਰਫ਼ 19 ਵੋਟਾਂ ਦੇ ਫਰਕ ਨਾਲ ਆਪਣੀ ਸਰਕਾਰ ਬਚਾਉਣ ਵਿੱਚ ਕਾਮਯਾਬ ਰਹੀ।

ਸੰਸਦ ਮੈਂਬਰਾਂ ਨੂੰ ਮਿਲਕੇ ਹੱਲ ਲੱਭਣ ਦੀ ਅਪੀਲ

ਬੁੱਧਵਾਰ ਦੀ ਰਾਤ ਨੂੰ ਟੈਰੀਜ਼ਾ ਮੇਅ ਨੇ ਐਸਐਨਪੀ, ਲਿਬ ਡੈੱਮ ਅਤੇ ਪਲੇਅਡ ਸਾਈਮਰੂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਪਰ ਲੈਬਰ ਪਾਰਟੀ ਦੇ ਆਗੂ ਜੈਰੇਮੀ ਕੋਰਬੇਨ ਨੂੰ ਨਹੀਂ ਮਿਲੀ।

ਬੇਭਰੋਸਗੀ ਮਤਾ ਖਾਰਿਜ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੇਅ ਨੇ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਯੂਰਪੀ ਯੂਨੀਅਨ ਛੱਡਣ ਲਈ ਹੁਏ ਰੈਫਰੈਂਡਮ ਦੇ ਨਤੀਜਿਆਂ ਦਾ ਪਾਲਣ ਕਰਨ ਅਤੇ ਇਸ ਦੇਸ ਦੀ ਜਨਤਾ ਲਈ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਮੈਂ ਕੰਮ ਕਰਦੀ ਰਹਾਂਗੀ।"

ਉਨ੍ਹਾਂ ਨੇ ਪਾਰਟੀ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨਾਲ ਮਿਲਕੇ ਬ੍ਰੈਗਜ਼ਿਟ ਲਈ ਅਗਲਾ ਰਾਹ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰਨ। ਉਨ੍ਹਾਂ ਨੇ ਕਿਹਾ, "ਸਾਨੂੰ ਅਜਿਹਾ ਹੱਲ ਲੱਭਣਾ ਚਾਹੀਦਾ ਹੈ, ਜਿਸ ਉੱਤੇ ਵਿਚਾਰ ਕੀਤਾ ਜਾ ਸਕੇ ਅਤੇ ਜਿਸ ਨੂੰ ਸਦਨ ਦਾ ਲੋੜੀਂਦਾ ਸਮਰਥਨ ਹਾਸਿਲ ਹੋਵੇ।"

ਪਰ ਵਿਰੋਧੀ ਧਿਰ ਦੇ ਆਗੂ ਜੈਰੇਮੀ ਕੋਰਬੇਨ ਨੇ ਕਿਹਾ ਕਿ ਕਿਸੇ ਵੀ ਸਕਾਰਾਤਮਕ ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਨੋ-ਡੀਲ ਬ੍ਰੈਗਜ਼ਿਟ ਦੀ ਸੰਭਾਵਨਾ ਨੂੰ ਖਾਰਜ ਕਰਨਾ ਹੋਵੇਗਾ।

ਕੋਰਬੇਨ ਦਾ ਕਹਿਣਾ ਸੀ, "ਸਰਕਾਰ ਨੂੰ ਬਿਲਕੁਲ ਸਪਸ਼ਟ ਤਰੀਕੇ ਨਾਲ ਹਮੇਸ਼ਾ ਲਈ ਯੂਰਪੀ ਯੂਨੀਅਨ ਤੋਂ ਬਿਨਾਂ ਕਿਸੇ ਸਮਝੌਤੇ ਤੋਂ ਵੱਖ ਹੋਣ ਦੀ ਹਾਲਤ ਵਿੱਚ ਹੋਣ ਵਾਲੀ ਤਬਾਹੀ ਅਤੇ ਉਸ ਦੇ ਨਤੀਜੇ ਵਿੱਚ ਫੈਲਨ ਵਾਲੀ ਅਰਾਜਕਤਾ ਦੇ ਕਿਸੇ ਵੀ ਖਦਸ਼ੇ ਤੋਂ ਦੂਰ ਕਰਨਾ ਹੋਵੇਗਾ।"

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਮੇਅ ਨੇ ਵਿਸ਼ਵਾਸ ਦਿਵਾਇਆ ਕਿ ਉਹ ਇੱਕ ਨਵੇਂ ਮਤੇ ਦੇ ਨਾਲ ਸੋਮਵਾਰ ਨੂੰ ਸਦਨ ਦੇ ਸਾਹਮਣੇ ਹੋਣਗੇ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)