ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀਆਂ ਤਸਵੀਰਾਂ ਦਾ ਸੱਚ ਜਾਣੋ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ

ਸੋਸ਼ਲ ਮੀਡੀਆ 'ਤੇ ਆਸਟਰੇਲੀਆਈ ਬੀਅਰ ਦੇ ਇਸ਼ਤਿਹਾਰ ਦੀ ਇੱਕ ਕਾਪੀ ਸ਼ੇਅਰ ਕੀਤੀ ਜਾ ਰਹੀ ਹੈ ਜਿਸ 'ਤੇ ਹਿੰਦੂਆਂ ਦੇ ਦੇਵਤਾ ਗਣੇਸ਼ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ।

ਦੱਖਣੀ ਭਾਰਤ ਦੇ ਕਈ ਵਟਸਐੱਪ ਗਰੁੱਪ ਵਿੱਚ ਇਸ ਵਾਇਰਲ ਇਸ਼ਤਿਹਾਰ ਨੂੰ ਇਹ ਕਹਿੰਦੇ ਹੋਏ ਸ਼ੇਅਰ ਕੀਤਾ ਗਿਆ ਕਿ ਇਸ ਤਰ੍ਹਾਂ ਸ਼ਰਾਬ ਦੀ ਬੋਤਲ 'ਤੇ ਹਿੰਦੂ ਦੇਵੀ-ਦੇਵਤਾਵਾਂ ਦੀਆਂ ਤਸਵੀਰਾਂ ਦਾ ਇਸਤੇਮਾਲ ਕਰ ਕੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ।

ਕੁਝ ਟਵਿੱਟਰ ਯੂਜ਼ਰਸ ਨੇ ਇਸ ਤਸਵੀਰ ਨੂੰ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਣੇ ਕਈ ਵੱਡੇ ਆਗੂਆਂ ਤੋਂ ਅਪੀਲ ਕੀਤੀ ਹੈ ਕਿ ਉਹ ਇਸ ਦੇ ਖਿਲਾਫ਼ ਸ਼ਿਕਾਇਤ ਕਰਨ। ਇਸ ਦੇ ਨਾਲ ਹੀ ਬੋਤਲ 'ਤੇ ਲੱਗੀ ਗਣੇਸ਼ ਦੀ ਤਸਵੀਰ ਨੂੰ ਹਟਾਉਣ ਦੀ ਕੋਸ਼ਿਸ਼ ਕਰਨ।

ਬਹੁਤ ਸਾਰੇ ਲੋਕਾਂ ਨੇ ਇਸ ਇਸ਼ਤਿਹਾਰ ਦੇ ਨਾਲ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ ਵੀ ਟੈਗ ਕੀਤਾ ਹੈ ਅਤੇ ਉਨ੍ਹਾਂ ਤੋਂ ਇਸ਼ਤਿਹਾਰ ਜਾਰੀ ਕਰਨ ਵਾਲੀ ਕੰਪਨੀ ਖਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਵਾਇਰਲ ਇਸ਼ਤਿਹਾਰ ਮੁਤਾਬਿਕ ਆਸਟਰੇਲੀਆ ਦੀ ਬਰੁਕਵੇਲ ਯੂਨੀਅਨ ਨਾਂ ਦੀ ਬੀਅਰ ਕੰਪਨੀ ਜਲਦ ਹੀ ਕੋਈ ਨਵਾਂ ਡ੍ਰਿੰਕ ਲਿਆ ਰਹੀ ਹੈ।

ਇਸ ਡ੍ਰਿੰਕ ਦੀ ਬੋਤਲ 'ਤੇ ਗਣੇਸ਼ ਦੀ ਤਸਵੀਰ ਹੈ ਅਤੇ ਹਾਲੀਵੁੱਡ ਫਿਲਮ 'ਪਾਇਰੇਟਸ ਆਫ ਕੈਰੀਬੀਅਨ' ਦੀ ਤਰਜ 'ਤੇ ਉਨ੍ਹਾਂ ਦਾ ਭੇਸ ਬਦਲ ਦਿੱਤਾ ਗਿਆ ਹੈ।

ਸੋਸ਼ਲ ਮੀਡੀਆ 'ਤੇ ਕਈ ਲੋਕ ਅਜਿਹੇ ਵੀ ਹਨ ਜੋ ਇਸ ਮਸ਼ਹੂਰੀ ਨੂੰ ਮੰਨਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਦੀ ਰਾਇ ਹੈ ਕਿ ਕਿਸੇ ਨੇ ਇਸ ਮਸ਼ਹੂਰੀ ਨਾਲ ਛੇੜਖਾਨੀ ਕੀਤੀ ਹੈ।

ਸਾਡੀ ਜਾਂਚ ਵਿੱਚ ਇਹ ਇਸ਼ਤਿਹਾਰ ਸਹੀ ਸਾਬਿਤ ਹੋਇਆ। ਬਰੁੱਕਵੇਲ ਯੂਨੀਅਨ ਨਾਂ ਦੀ ਆਸਟਰੇਲੀਆਈ ਬੀਅਰ ਕੰਪਨੀ ਜਲਦ ਹੀ ਇੱਕ ਡ੍ਰਿੰਕ ਲਿਆ ਰਹੀ ਹੈ ਜਿਸ ਦੀ ਬੋਤਲ 'ਤੇ ਗਣੇਸ਼ ਦੀ ਤਸਵੀਰ ਦਾ ਇਸਤੇਮਾਲ ਕੀਤਾ ਜਾਵੇਗਾ।

ਪੁਰਾਣਾ ਵਿਵਾਦ

ਆਸਟਰੇਲੀਆ ਦੇ ਨਿਊ ਸਾਊਥ ਵੇਲਸ (ਸਿਡਨੀ) ਵਿੱਚ ਸਥਿੱਤ ਇਹ ਕੰਪਨੀ ਸਾਲ 2013 ਵਿੱਚ ਵੀ ਬੀਅਰ ਦੀ ਬੋਤਲਾਂ 'ਤੇ ਗਣੇਸ਼ ਅਤੇ ਲਕਸ਼ਮੀ ਦੀ ਤਸਵੀਰ ਇਸਤੇਮਾਲ ਕਰਨ ਨੂੰ ਲੈ ਕੇ ਵਿਵਾਦਾਂ ਵਿੱਚ ਰਹਿ ਚੁੱਕੀ ਹੈ।

ਉਸ ਵੇਲੇ ਕੰਪਨੀ ਨੇ ਬੋਤਲ 'ਤੇ ਦੇਵੀ ਲਕਸ਼ਮੀ ਦੀ ਤਸਵੀਰ ਲਗਾਈ ਸੀ ਅਤੇ ਉਨ੍ਹਾਂ ਦੇ ਸਿਰ ਨੂੰ ਗਣੇਸ਼ ਦੇ ਸਿਰ ਨਾਲ ਬਦਲ ਦਿੱਤਾ ਗਿਆ ਸੀ।

ਬੋਤਲ 'ਤੇ ਗਊ ਅਤੇ 'ਮਾਤਾ ਦੇ ਸ਼ੇਰ' ਨੂੰ ਵੀ ਛਾਪਿਆ ਗਿਆ ਸੀ।

'ਦਿ ਟੈਲੀਗ੍ਰਾਫ' ਦੀ ਰਿਪੋਰਟ ਅਨੁਸਾਰ ਸਾਲ 2013 ਵਿੱਚ ਇਸ ਇਸ ਵਿਵਾਦਿਤ ਮਸ਼ਹੂਰੀ 'ਤੇ ਇੱਕ ਕਥਿਤ ਕੌਮਾਂਤਰੀ ਹਿੰਦੂ ਸੰਗਠਨ ਨੇ ਇਤਰਾਜ਼ ਦਰਜ ਕਰਵਾਇਆ ਸੀ ਅਤੇ ਕਿਹਾ ਸੀ ਕਿ ਪੈਸੇ ਕਮਾਉਣ ਲਈ ਹਿੰਦੂਆਂ ਦੀ ਧਾਰਮਿਕ ਭਾਵਨਾ ਦਾ ਮਜ਼ਾਕ ਉਡਾਉਣਾ ਇੱਕ ਮਾੜੀ ਹਰਕਤ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।

ਇਸ ਰਿਪੋਰਟ ਅਨੁਸਾਰ ਹਿੰਦੂ ਸੰਗਠਨ ਨੇ ਬਰੁੱਕਵੇਲ ਯੂਨੀਅਨ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਕੀਤੀ ਸੀ।

ਖ਼ਬਰ ਏਜੰਸੀ 'ਪੀਟੀਆਈ' ਅਨੁਸਾਰ ਆਸਟਰੇਲੀਆ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕੰਪਨੀ ਵੱਲੋਂ ਦੇਵੀ ਲਕਸ਼ਮੀ ਦਾ ਫੋਟੋ ਇਸਤੇਮਾਲ ਕੀਤੇ ਜਾਣ ਦਾ ਵਿਰੋਧ ਕੀਤਾ ਸੀ।

ਵਿਵਾਦ ਨੂੰ ਵਧਦਿਆਂ ਦੇਖ ਬੀਅਰ ਕੰਪਨੀ ਨੇ ਇੱਕ ਬਿਆਨ ਜਾਰੀ ਕਰ ਕੇ ਭਾਰਤੀ ਭਾਈਚਾਰੇ ਦੇ ਲੋਕਾਂ ਤੋਂ ਮਾਫੀ ਮੰਗੀ ਸੀ।

ਡੇਲੀ ਟੈਲੀਗਰਾਫ ਨੇ ਆਪਣੀ ਰਿਪੋਰਟ ਵਿੱਚ ਕੰਪਨੀ ਦਾ ਬਿਆਨ ਛਾਪਿਆ ਸੀ ਜਿਸ ਵਿੱਚ ਲਿਖਿਆ ਸੀ, ''ਅਸੀਂ ਲੜਨ ਵਾਲੇ ਨਹੀਂ, ਪਿਆਰ ਕਰਨ ਵਾਲੇ ਲੋਕ ਹਾਂ। ਸਾਨੂੰ ਲਗਦਾ ਹੈ ਕਿ ਨਾ ਚਾਹੁੰਦੇ ਹੋਏ ਵੀ ਅਸੀਂ ਆਪਣੇ ਹਿੰਦੂ ਸਾਥੀਆਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਈ ਹੈ। ਸਾਨੂੰ ਫੀਡਬੈਕ ਮਿਲ ਰਹੇ ਹਨ।''

''ਕੁਝ ਨਵੇਂ ਡਿਜ਼ਾਈਨ ਵੀ ਲੱਭ ਰਹੇ ਹਾਂ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਛੇਤੀ ਹੀ ਬੋਤਲਾਂ ਦੀ ਨਵੀਂ ਬਰਾਂਡਿੰਗ ਅਤੇ ਨਵਾਂ ਡਿਜ਼ਾਈਨ ਤਿਆਰ ਕਰ ਲਈਏ।''

ਹਿੰਦੂ ਸੰਗਠਨਾਂ ਦੀਆਂ ਕੋਸ਼ਿਸ਼ਾਂ

ਕੁਝ ਰਿਪੋਰਟਾਂ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਬੀਅਰ ਕੰਪਨੀ ਦੀ ਵੈਬਸਾਈਟ 'ਤੇ ਗਣੇਸ਼ ਦੀ ਤਸਵੀਰ ਉੱਡਦੇ ਹੋਏ ਦਿਖਾਈ ਦਿੱਤੀ ਹੈ ਜਿਸ ਦਾ ਚਿਹਰਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਚਿਹਰੇ ਵਿੱਚ ਤਬਦੀਲ ਹੋ ਜਾਂਦਾ ਹੈ।

ਇਹ ਵੀ ਪੜ੍ਹੋ:

ਬੀਅਰ ਦੀਆਂ ਬੋਤਲਾਂ ਤੋਂ ਦੇਵੀ-ਦੇਵਤਿਆਂ ਦੀਆਂ ਤਸਵਰੀਆਂ ਹਟਾਉਣ ਲਈ ਕਈ ਆਨਲਾਈਨ ਪਟੀਸ਼ਨਾਂ ਵੀ ਦਾਇਰ ਕੀਤੀਆਂ ਜਾ ਚੁੱਕੀਆਂ ਹਨ।

ਸਾਲ 2015 ਵਿੱਚ ਵੀ ਕੁਝ ਧਾਰਮਿਕ ਸੰਗਠਨਾਂ ਨੇ ਆਸਟਰੇਲੀਆ ਵਿੱਚ ਇਸ਼ਤਿਹਾਰਾਂ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਨੂੰ 'ਬਰੁੱਕਵੇਲ ਯੂਨੀਅਨ' ਦੀ ਸ਼ਿਕਾਇਤ ਕਰਨ ਦੀ ਗੱਲ ਕੀਤੀ ਸੀ।

ਸੰਗਠਨਾਂ ਨੇ ਕਿਹਾ ਸੀ, ''ਸ਼ਿਕਾਇਤ ਕਰਨ ਦੇ ਦੋ ਸਾਲ ਬਾਅਦ ਵੀ ਬੀਅਰ ਕੰਪਨੀ ਆਪਣੀਆਂ ਬੋਤਲਾਂ 'ਤੇ ਇਤਰਾਜ਼ਯੋਗ ਲੇਬਲ ਲਗਾ ਰਹੀ ਹੈ। ਇਨ੍ਹਾਂ ਬੋਤਲਾਂ 'ਤੇ ਅਤੇ ਉਨ੍ਹਾਂ ਦੀ ਵੈਬਸਾਈਟ 'ਤੇ ਹਿੰਦੂਆਂ ਦੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਗੀਆਂ ਹਨ। ਇਸ 'ਤੇ ਫੌਰਨ ਰੋਕ ਲਗਣੀ ਚਾਹੀਦੀ ਹੈ।''

ਹਾਲਾਂਕਿ ਬਰੁੱਕਵੇਲ ਯੂਨੀਅਨ ਨੇ ਹੁਣ ਤੱਕ ਆਪਣੀਆਂ ਬੀਅਰ ਦੀਆਂ ਬੋਤਲਾਂ ਦੇ ਲੇਬਲ ਵਿੱਚ ਅਤੇ ਵੈਬਸਾਈਟ 'ਤੇ ਲਗੀਆਂ ਤਸਵੀਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।

ਅਸੀਂ ਮੇਲ ਜ਼ਰੀਏ ਕੰਪਨੀ ਤੋਂ ਸਵਾਲ ਪੁੱਛਿਆ ਸੀ ਕਿ, ਕੀ ਉਹ ਭਵਿੱਖ ਵਿੱਚ ਬੋਤਲਾਂ ਦੀ ਪੈਕਿੰਗ ਬਦਲਣ ਵਾਲੇ ਹਨ? ਕੰਪਨੀ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)