You’re viewing a text-only version of this website that uses less data. View the main version of the website including all images and videos.
ਰਿਵੈਂਜ ਪੋਰਨ : 'ਜੇ ਉਸ ਨੇ ਇਹ ਤਸਵੀਰਾਂ ਨੈੱਟ 'ਤੇ ਪਾ ਦਿੱਤੀਆਂ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ'
- ਲੇਖਕ, ਲੌਰਾ ਹਿਗਿੰਸ
- ਰੋਲ, ਬੀਬੀਸੀ ਪੱਤਰਕਾਰ
ਇਹ ਸ਼ਬਦ ਮੈਨੂੰ ਇੱਕ ਫੋਨ ਕਾਲ ਦੌਰਾਨ ਮੇਰੀ ਇੱਕ ਸਹਿਕਰਮੀ ਨੇ ਕਹੇ। ਉਸ ਨੂੰ ਹਾਲ ਹੀ ਵਿੱਚ ਪਤਾ ਲੱਗਿਆ ਸੀ ਕਿ ਉਸ ਦਾ ਦੋਸਤ ਉਸ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਇੰਟਰਨੈੱਟ 'ਤੇ ਪਾਉਣ ਜਾ ਰਿਹਾ ਸੀ।
ਉਸ ਨੂੰ ਡਰ ਸੀ ਕਿ ਜੇ ਉਸ ਦੇ ਪਰਿਵਾਰ ਨੇ ਇਹ ਤਸਵੀਰਾਂ ਦੇਖ ਲਈਆਂ ਤਾਂ ਕੀ ਹੋਵੇਗਾ, ਜੇ ਉਸਦੇ ਦਫ਼ਤਰ ਦੇ ਸਹਿਕਰਮੀਆਂ ਨੇ ਇਹ ਤਸਵੀਰਾਂ ਦੇਖ ਲਈਆਂ ਤਾਂ ਉਸ ਦੇ ਪੇਸ਼ੇਵਰਾਨਾ ਜ਼ਿੰਦਗੀ ਦਾ ਕੀ ਬਣੇਗਾ।
ਇਨ੍ਹਾਂ ਵਿਚਾਰਾਂ ਨੇ ਉਸ ਦੀ ਜ਼ਿੰਦਗੀ ਨਰਕ ਬਣਾ ਰੱਖੀ ਸੀ ਅਤੇ ਉਹ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਹੀ ਸੀ।
ਮੈਂ ਰਿਵੈਂਜ ਪੋਰਨ ਹੈਲਪਲਾਈਨ ਸਾਲ 2015 ਵਿੱਚ ਸ਼ੁਰੂ ਕੀਤੀ ਸੀ, ਜਿਸ ਨੂੰ ਸਰਕਾਰੀ ਸਹਾਇਤਾ ਮਿਲਦੀ ਹੈ।
ਇਹ ਵੀ ਪੜ੍ਹੋ:
ਇਸ ਦੇ ਸ਼ਿਕਾਰਾਂ ਨੂੰ ਤਸਵੀਰ-ਅਧਾਰਿਤ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਕਿਹਾ ਜਾਂਦਾ ਹੈ। ਇਹ ਉਦੋਂ ਵਾਪਰਦਾ ਹੈ, ਜਦੋਂ ਕੋਈ ਕਿਸੇ ਦੇ ਨਿੱਜੀ ਪਲਾਂ ਦੀਆਂ ਤਸਵੀਰਾਂ ਬਿਨਾਂ ਸਹਿਮਤੀ ਦੇ ਇੰਟਰਨੈੱਟ 'ਤੇ ਪਾ ਦਿੰਦਾ ਹੈ।
ਇੰਗਲੈਂਡ ਵਿੱਚ ਇਸ ਨੂੰ ਸਾਲ 2015 ਵਿੱਚ ਜੁਰਮ ਕਰਾਰ ਦੇ ਦਿੱਤਾ ਗਿਆ।
ਪੁਰਾਣੇ-ਸਾਥੀ ਸ਼ਾਮਲ ਹੁੰਦੇ ਹਨ
ਰਿਵੈਂਜ ਪੋਰਨ ਕੋਈ ਨਵੀਂ ਚੀਜ਼ ਨਹੀਂ ਹੈ, ਪਹਿਲੀਆਂ ਫੋਨ ਕਾਲਜ਼ ਤਾਂ ਪੁਰਾਣੇ ਮਾਮਲਿਆਂ ਦੀਆਂ ਸਨ। ਕਿਸੇ ਔਰਤ ਦਾ ਇੱਕ ਕੋਈ ਪੁਰਾਣਾ ਸਾਥੀ ਸੀ, ਜੋ ਉਸ ਦੀਆਂ ਨੰਗੀਆਂ ਤਸਵੀਰਾਂ ਜਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ, ਬਲਾਗ ਅਤੇ ਵੈੱਬਸਾਈਟਾਂ ਉੱਪਰ ਪਾਉਂਦਾ ਰਹਿੰਦਾ ਸੀ।
ਪਿਛਲੇ ਸੱਤਾਂ ਸਾਲਾਂ ਤੋਂ ਉਹ ਕੋਸ਼ਿਸ਼ ਕਰ ਰਹੀ ਸੀ ਕਿ ਉਹ ਵੀਡੀਓਜ਼ ਨੂੰ ਵੈੱਬਸਾਈਟਾਂ ਤੋਂ ਹਟਾਉਣ ਦੀ ਮੰਗ ਬਿਨਾਂ ਕਿਸੇ ਲਾਭ ਦੇ ਕਰਦੀ ਆ ਰਹੀ ਸੀ।
ਉਸ ਨੇ ਪੁਲਿਸ ਕੋਲ ਵੀ ਪਹੁੰਚ ਕੀਤੀ ਪਰ ਕੋਈ ਲਾਭ ਨਹੀਂ ਮਿਲਿਆ।
ਸਾਡੇ ਕੋਲ ਆਉਂਦੇ ਮਾਮਲਿਆਂ ਵਿੱਚ ਪੁਰਾਣੇ-ਸਾਥੀ ਸ਼ਾਮਲ ਹੁੰਦੇ ਹਨ। ਇਹ ਦੋ ਕਿਸਮ ਦੇ ਸਨ- ਕੋਈ ਸ਼ੋਸ਼ਣ ਵਾਲਾ ਰਿਸ਼ਤਾ, ਕਿਸੇ ਰਿਸ਼ਤੇ ਦਾ ਬਹੁਤ ਹੀ ਦਿਲ ਕੰਬਾਊ ਅੰਤ ਜਾਂ ਜਦੋਂ ਕੋਈ ਪੁਰਾਣਾ ਬੁਆਏ-ਫਰੈਂਡ ਆਪਣੀ ਸਹੇਲੀ ਨੂੰ ਵਾਪਸ ਹਾਸਲ ਕਰਨੀ ਚਾਹੁੰਦਾ ਹੋਵੇ।
ਇਨ੍ਹਾਂ ਮਾਮਲਿਆਂ ਵਿੱਚ ਜ਼ਿਆਦਾਤਰ ਔਰਤਾਂ ਨੂੰ ਧਮਕਾਇਆ ਜਾਂਦਾ ਹੈ ਕਿ ਇਹ ਤਸਵੀਰਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਜਾਂ ਦਫ਼ਤਰ ਵਿੱਚ ਭੇਜ ਦਿੱਤੀਆਂ ਜਾਣਗੀਆਂ।
ਦੂਸਰੇ ਕੇਸ ਵਿੱਚ ਉਹ ਵਿਅਕਤੀ ਆਪਣੇ ਰਿਸ਼ਤੇ ਵਿੱਚ ਰਹੀ ਔਰਤ ਨੂੰ ਜਿਸ ਹੱਦ ਤੱਕ ਹੋ ਸਕੇ ਬਦਨਾਮ ਕਰਨਾ ਚਾਹੁੰਦਾ ਹੈ।
ਜਦੋਂ ਸਾਡੇ ਕੋਲ ਕੋਈ ਫੋਨ ਆਉਂਦਾ ਹੈ ਤਾਂ ਸਾਡੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਸਮੱਗਰੀ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ ਜਾਵੇ।
ਹਰੇਕ ਉਮਰ ਦੇ ਲੋਕ ਮਦਦ ਲਈ ਆਉਂਦੇ ਹਨ
ਵੈੱਬਸਾਈਟਾਂ ਤੋਂ ਇਹ ਕੰਮ ਕਰਵਾਉਣਾ ਬੜਾ ਮੁਸ਼ਕਿਲ ਹੁੰਦਾ ਹੈ, ਇਸ ਲਈ ਅਸੀਂ ਕੋਈ ਵਾਅਦਾ ਨਹੀਂ ਕਰਦੇ ਕਿਉਂਕਿ ਕਈ ਵੈੱਬਸਾਈਟਾਂ ਤਾਂ ਸਾਡੀ ਗੱਲ ਸੁਣਦੀਆਂ ਹੀ ਨਹੀਂ।
ਪਹਿਲੇ ਸਾਲ ਸਾਡੇ ਕੋਲ 3000 ਕਾਲਜ਼ ਆਈਆਂ ਹੁਣ ਤਿੰਨ ਸਾਲਾਂ ਬਾਅਦ ਸਾਡੇ ਕੋਲ 12000 ਤੋਂ ਵੱਧ ਫੋਨ ਕਾਲਜ਼ ਅਤੇ ਈਮੇਲਜ਼ ਹਨ।
ਇਸ ਦਾ ਮਤਲਬ ਇਹ ਨਹੀਂ ਕਿ ਅਜਿਹੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਸਗੋਂ ਇਸ ਦਾ ਅਰਥ ਇਹ ਹੈ ਕਿ ਲੋਕ ਵਧੇਰੇ ਸੁਚੇਤ ਹੋ ਗਏ ਹਨ ਅਤੇ ਮਦਦ ਮੰਗਣ ਲਈ ਸਾਹਮਣੇ ਆਉਣ ਲੱਗੇ ਹਨ।
ਲੋਕਾਂ ਦੀ ਧਾਰਨਾ ਹੈ ਕਿ ਇਸ ਕਿਸਮ ਦਾ ਸ਼ੋਸ਼ਣ ਸਿਰਫ਼ ਸੈਲਫੀਆਂ ਲੈਣ ਵਾਲੀ ਪੀੜ੍ਹੀ ਨੂੰ ਪ੍ਰਭਾਵਿਤ ਕਰਦਾ ਹੈ ਪਰ ਸਿਰਫ਼ ਅਜਿਹਾ ਨਹੀਂ ਹੈ ਅਤੇ ਮਾਮਲਾ ਕਿਤੇ ਉਲਝਿਆ ਹੋਇਆ ਹੈ।
ਸਾਡੇ ਕੋਲ ਵੱਡੀ ਉਮਰ ਦੇ ਲੋਕ ਵੀ ਮਦਦ ਲਈ ਆਉਂਦੇ ਹਨ। ਜਿਨ੍ਹਾਂ ਦੀ ਸਰੀਰਕ ਗਤੀਵਿਧੀ ਵਿੱਚ ਲੱਗਿਆਂ ਦੀ ਕਿਸੇ ਨੇ ਚੋਰੀ ਫਿਲਮ ਬਣਾ ਲਈ ਜਾਂ ਫੋਟੋ ਖਿੱਚ ਲਈ ਹੋਵੇ ਤਾਂ ਜਿਸ ਦੇ ਆਧਾਰ 'ਤੇ ਪੈਸੇ ਮੰਗੇ ਜਾਂਦੇ ਹਨ।
ਦੂਸਰੇ ਨੂੰ ਕੁਦਰਤੀ ਹਾਲਤ ਵਿੱਚ ਦੇਖ ਕੇ ਸੰਤੁਸ਼ਟੀ ਹਾਸਲ ਕਰਨ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ।
ਕਈ ਵਾਰ ਲੋਕਾਂ ਦੇ ਸੋਸ਼ਲ ਮੀਡੀਆ ਅਕਾਊਂਟ ਹੈਕ ਕਰ ਲਏ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਚੋਰੀ ਕਰ ਲਈਆਂ ਜਾਂਦੀਆਂ ਹਨ। ਜੈਨੀਫਰ ਲਾਅਰੈਂਸ ਵਰਗੀਆਂ ਅਦਾਕਾਰਾਂ ਨਾਲ ਵੀ ਅਜਿਹਾ ਹੋ ਚੁੱਕਿਆ ਹੈ।
ਇੱਕ ਮਸ਼ਹੂਰ ਹਸਤੀ ਸੀ, ਉਸ ਨੇ ਆਪਣੇ ਨਿੱਜੀ ਪਲ ਸੋਸ਼ਲ ਮੀਡੀਆ ਰਾਹੀਂ ਕਿਸੇ ਨਾਲ ਸਾਂਝੇ ਕੀਤੇ, ਜਿੱਥੋਂ ਉਹ ਚੋਰੀ ਕਰ ਲਏ ਗਏ ਤੇ ਫੈਲਾਅ ਦਿੱਤੇ ਗਏ।
ਅਸੀਂ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਤਦ ਤੱਕ ਤਸਵੀਰਾਂ ਸਾਰਿਆਂ ਕੋਲ ਪਹੁੰਚ ਚੁੱਕੀਆਂ ਸਨ। ਉਸ ਲਈ ਇਹ ਸਹਿ ਸਕਣਾ ਬੜਾ ਮੁਸ਼ਕਿਲ ਹੋ ਗਿਆ ਸੀ।
ਮੋਬਾਈਲ ਵਿੱਚ ਆਪਣੀਆਂ ਅੰਤਰੰਗ ਤਸਵੀਰਾਂ ਲੈਣ ਸਮੇਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਸਾਡੇ ਕੋਲ ਇੱਕ ਲੜਕੀ ਦੇ ਮਾਂ-ਬਾਪ ਨੇ ਸੰਪਰਕ ਕੀਤਾ। ਉਨ੍ਹਾਂ ਦੀ ਕੁੜੀ ਦਾ ਮੋਬਾਈਲ ਚੋਰੀ ਹੋ ਗਿਆ। ਉਸ ਵਿੱਚੋਂ ਚੋਰ ਨੂੰ ਕੁੜੀ ਦੀਆਂ ਸਮੁੰਦਰ ਦੇ ਕੰਢੇ 'ਤੇ ਖਿੱਚੀਆਂ ਅੱਧ-ਨਗਨ ਤਸਵੀਰਾਂ ਹੱਥ ਲੱਗ ਗਈਆਂ।
ਚੋਰਾਂ ਨੇ ਪਰਿਵਾਰ ਨੂੰ ਸੰਪਰਕ ਕਰ ਕੇ ਪੈਸਿਆਂ ਦੀ ਮੰਗ ਕੀਤੀ ਅਤੇ ਨਾ ਦੇਣ ਦੀ ਹਾਲਤ ਵਿੱਚ ਤਸਵੀਰਾਂ ਇੰਟਰਨੈੱਟ ਤੇ ਪਾ ਦੇਣ ਦੀ ਧਮਕੀ ਦਿੱਤੀ।
ਅਸੀਂ ਪਰਿਵਾਰ ਵਾਲਿਆਂ ਨੂੰ ਪੁਲਿਸ ਕੋਲ ਜਾਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਉਹ ਪੈਸਿਆਂ ਦੀ ਮੰਗ ਪੂਰੀ ਨਾ ਕਰਨ।
ਸਮੱਗਰੀ ਵੈੱਬਸਾਈਟ ਤੋਂ ਹਟਵਾਉਣਾ ਮੁਸ਼ਕਲ
ਕਦੇ ਕਦੇ ਅਜਿਹੇ ਕੰਮ ਕਰਨ ਵਾਲੇ ਵੀ ਸਾਨੂੰ ਸੰਪਰਕ ਕਰਦੇ ਹਨ ਕਿ ਇੱਕ ਲੜਕਾ ਮੇਰੇ ਯਾਦ ਹੈ, ਉਸ ਨੇ ਆਪਣੀ ਪੁਰਾਣੀ ਸਹੇਲੀ ਦੀਆਂ ਇਤਰਾਜ਼ਯੋਗ ਤਸਵੀਰਾਂ ਰਿਵੈਂਜ ਪੋਰਨ ਸਾਈਟ ਉੱਪਰ ਪਾ ਦਿੱਤੀਆਂ ਪਰ ਬਾਅਦ ਵਿੱਚ ਉਸ ਨੂੰ ਆਪਣੀ ਕੀਤੀ ਦਾ ਪਛਤਾਵਾ ਹੋਇਆ।
ਅਸੀਂ ਇਸ ਦੀ ਸ਼ਿਕਾਇਤ ਕੀਤੀ ਅਤੇ ਬੜੀ ਮੁਸ਼ਕਿਲ ਨਾਲ ਉਹ ਸਮੱਗਰੀ ਵੈੱਬਸਾਈਟ ਤੋਂ ਹਟਵਾਈ।
ਅਜਿਹੇ ਮਾਮਲੇ ਗੁੰਝਲਦਾਰ ਹੁੰਦੇ ਹਨ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਬਾਰੇ ਫੈਸਲਕੁਨ ਰਵੱਈਆ ਨਾ ਅਪਣਾਇਆ ਜਾਵੇ ਪਰ ਫਿਰ ਵੀ ਸਾਨੂੰ ਹੈਰਾਨੀ ਹੁੰਦੀ ਹੈ ਕਿ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ।
ਇਹ ਵੀ ਪੜ੍ਹੋ:
ਅਸੀਂ ਉਸ ਮੁੰਡੇ ਨੂੰ ਚੇਤਾਵਨੀ ਦਿੱਤੀ ਕਿ ਉਸ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਪਰ ਕਾਰਵਾਈ ਕਰਨਾ ਜਾਂ ਮੁਆਫ਼ ਕਰਨਾ ਉਸ ਦੀ ਸਹੇਲੀ ਉੱਤੇ ਨਿਰਭਰ ਹੈ।
ਇੱਕ ਵਾਰ ਸਾਨੂੰ ਇੱਕ ਔਰਤ ਨੇ ਸੰਪਰਕ ਕੀਤਾ ਜਿਸ ਦੇ ਪੁਰਾਣੇ ਦੋਸਤ ਨੇ ਉਸ ਦੀ ਨਗਨ ਤਸਵੀਰ ਕੰਪਨੀ ਦੀ ਇੰਕੁਆਇਰੀ ਵਾਲੀ ਈਮੇਲ ਉੱਤੇ ਭੇਜ ਦਿੱਤੀ ਸੀ।
ਇਹ ਨਾ ਸਿਰਫ਼ ਉਸ ਦੀ ਈਮੇਲ 'ਤੇ ਵੀ ਗਈ ਸਗੋਂ ਕੰਪਨੀ ਦੇ ਹਰੇਕ ਕਰਮਚਾਰੀ ਕੋਲ ਵੀ ਪਹੁੰਚ ਗਈ।
ਕੰਪਨੀ ਚੰਗੀ ਸੀ ਜਿਸ ਨੇ ਉਸ ਔਰਤ ਦਾ ਸਾਥ ਦਿੱਤਾ ਪਰ ਕੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਹੋ ਉਸ ਉੱਤੇ ਕੀ ਬੀਤੀ ਹੋਵੇਗੀ।
ਉਹ ਔਰਤ ਉਸ ਕੰਪਨੀ ਦੀ ਹਿੱਸੇਦਾਰ ਵੀ ਸੀ। ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਮੁਲਜ਼ਮ ਨੂੰ ਬਚ ਕੇ ਨਹੀਂ ਜਾਣ ਦੇਣਾ ਚਾਹੁੰਦੀ ਸੀ ਜੋ ਜਾਇਜ਼ ਸੀ।
ਉਸ ਨੇ ਸਾਨੂੰ ਸੰਪਰਕ ਕੀਤਾ ਅਤੇ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਉਹ ਇਨ੍ਹਾਂ ਈਮੇਲਜ਼ ਨੂੰ ਡਿਲੀਟ ਕਰ ਦੇਣ।
ਅਸੀਂ ਉਸ ਔਰਤ ਨੂੰ ਇਸ ਬਾਰੇ ਵੀ ਸਲਾਹ ਦਿੱਤੀ ਕਿ ਉਹ ਪੁਲਿਸ ਲਈ ਸਬੂਤ ਸੰਭਾਲ ਕੇ ਰੱਖੇ। ਬਦਕਿਸਮਤੀ ਅਸੀਂ ਕੇਸ ਦੇ ਸਿੱਟੇ ਬਾਰੇ ਨਹੀਂ ਕਹਿ ਸਕਦੇ ਕਿਉਂਕਿ ਸਾਨੂੰ ਬਹੁਤੀ ਵਾਰ ਇਸ ਗੱਲ ਦਾ ਪਤਾ ਨਹੀਂ ਲਗਦਾ ਕਿ ਅਦਾਲਤ ਨੇ ਅਜਿਹੇ ਮਾਮਲਿਆਂ ਵਿੱਚ ਕੀ ਰੁਖ਼ ਹੋਵੇਗਾ।
ਮੇਰੀ ਟੀਮ ਇਸ ਕੰਮ ਬਾਰੇ ਕਾਫੀ ਗੰਭੀਰ ਹੈ। ਅਜਿਹਾ ਨਹੀਂ ਹੈ ਕਿ ਸਾਡਾ ਕੋਈ ਬਹੁਤ ਵੱਡਾ ਕਾਲ ਸੈਂਟਰ ਨਹੀਂ ਹੈ, ਜਿਸ ਵਿੱਚ ਬਹੁਤ ਸਾਰੇ ਲੋਕ ਹੋਣ। ਅਸੀਂ ਕੇਵਲ ਤਿੰਨ ਲੋਕ ਹਾਂ ਜਿਸ ਕਾਰਨ ਕੰਮ ਦਾ ਕਾਫੀ ਬੋਝ ਹੁੰਦਾ ਹੈ।
ਤਣਾਅਪੂਰਨ ਕੰਮ
ਜਦੋਂ ਤੁਹਾਨੂੰ ਅਜਿਹੀਆਂ ਡਰਾਉਣੀਆਂ ਕਹਾਣੀਆਂ ਰੋਜ਼ਾਨਾ ਸੁਣਨ ਨੂੰ ਮਿਲਣ ਤਾਂ ਇਸ ਦਾ ਤੁਹਾਡੀਆਂ ਭਾਵਨਾਵਾਂ ਉੱਪਰ ਵੀ ਅਸਰ ਪੈਂਦਾ ਹੈ।
ਇਸ ਗੱਲ ਦੀ ਵੀ ਹਤਾਸ਼ਾ ਹੁੰਦੀ ਹੈ ਕਿ ਅਸੀਂ ਚਾਹ ਕੇ ਵੀ ਕਿਸੇ ਦੀ ਮਦਦ ਨਹੀਂ ਕਰ ਸਕਦੇ ਹਾਂ।
ਇਸ ਕੰਮ ਦਾ ਦੂਸਰਾ ਪਹਿਲੂ ਇਹ ਹੈ ਕਿ ਸਾਨੂੰ ਆਪਣਾ ਬਹੁਤ ਸਾਰਾ ਸਮਾਂ ਪੋਰਨ ਵੈਬਸਾਈਟਾਂ ਦੇਖਣ ਵਿੱਚ ਬਿਤਾਉਣਾ ਪੈਂਦਾ ਹੈ। ਇਹ ਆਪਣੇ ਆਪ ਵਿੱਚ ਇੱਕ ਤਣਾਅਪੂਰਨ ਕੰਮ ਹੈ।
ਇਸ ਕੰਮ ਨੇ ਮੈਨੂੰ ਬਾਗ਼ੀ ਬਣਾ ਦਿੱਤਾ ਹੈ। ਮੈਂ ਸਿਰਫ ਰੋ ਕੇ ਘੜੀ ਨਹੀਂ ਟਪਾ ਸਕਦੀ ਕਿਉਂਕਿ ਮੈਂ ਦੂਸਰਿਆਂ ਦੀ ਮਦਦ ਕਰਨੀ ਹੈ।
ਇਸ ਲਈ ਆਪਣੇ ਆਪ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਅਤੇ ਤਣਾਅ ਤੋਂ ਆਪਣਾ ਬਚਾਅ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ:
ਮੈਂ ਕੋਸ਼ਿਸ਼ ਕਰਦੀ ਹਾਂ ਕਿ ਫੋਨ ਕਰਨ ਵਾਲਿਆਂ ਤੋਂ ਭਾਵੁਕ ਦੂਰੀ ਬਣਾ ਕੇ ਰੱਖਾ ਪਰ ਇਹ ਬਹੁਤ ਮੁਸ਼ਕਿਲ ਹੈ ਉਨ੍ਹਾਂ ਦੀਆਂ ਕਹਾਣੀਆਂ ਮੇਰੇ ਦਿਲ ਨੂੰ ਛੂਹ ਜਾਂਦੀਆਂ ਹਨ।
ਮੈਂ ਆਪਣਾ ਧਿਆਨ ਆਪਣੇ ਕੰਮ ਉੱਤੇ ਕੇਂਦਰਿਤ ਰੱਖਦੀ ਹਾਂ ਪਰ ਜਦੋਂ ਪਾਣੀ ਸਿਰੋਂ ਲੰਘ ਜਾਂਦਾ ਹੈ ਤਾਂ ਮੈਂ ਆਪਣੇ ਸਾਥੀਆਂ ਨੂੰ ਕਹਿੰਦੀ ਹਾਂ, "ਬਹੁਤ ਹੋ ਗਿਆ, ਆਰਾਮ ਕਰੋ ਇਨ੍ਹਾਂ ਵੈਬਸਾਈਟਾਂ ਵਿੱਚੋਂ ਨਿਕਲੋ ਅਤੇ ਕੁਝ ਹੋਰ ਕਰੋ।"
ਮੈਨੂੰ ਲਗਦਾ ਕਿ ਇਹ ਬਹੁਤ ਘਿਨਾਉਣਾ ਹੈ ਕਿ ਕੁਝ ਲੋਕ ਦੂਸਰਿਆਂ ਦੀਆਂ ਅਜਿਹੀਆਂ ਤਸਵੀਰਾਂ ਨੂੰ ਇੰਟਨੈੱਟ 'ਤੇ ਪਾਉਣਾ ਆਪਣਾ ਹੱਕ ਸਮਝਦੇ ਹਨ। ਮੈਂ ਜਦੋਂ ਤੱਕ ਲੜ ਸਕਦੀ ਹਾਂ ਲੜਾਂਗੀ ਤੇ ਮੈਂ ਇਸ ਨੂੰ ਰੋਕਣ ਲਈ ਸਭ ਕੁਝ ਕਰਾਂਗੀ।
(ਇਸ ਲੇਖ ਵਿੱਚ ਫੋਨ ਕਰਨ ਵਾਲਿਆਂ ਦੀ ਪਛਾਣ ਨੂੰ ਗੁਪਤ ਰੱਖਣ ਲਈ ਕੁਝ ਵੇਰਵੇ ਬਦਲ ਦਿੱਤੇ ਗਏ ਹਨ। ਜਿਵੇਂ ਕਿ ਨੈਸਲੀ ਕੇਟੈਨਾ ਨੂੰ ਦੱਸਿਆ ਗਿਆ ਹੈ।)