3 ਪੰਜਾਬੀਆਂ ਦੀ ਕਹਾਣੀ ਜਿਨ੍ਹਾਂ ਯੂਕਰੇਨ ’ਚ 10 ਮਹੀਨੇ ਨਰਕ ਭੋਗਿਆ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਜਲੰਧਰ ਸ਼ਹਿਰ ਦੇ ਨਾਲ ਲਗਦੇ ਬਾਜੜਾ ਪਿੰਡ ਦਾ ਹਰਦੀਪ ਆਪਣੇ ਮਾਪਿਆਂ ਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਜਰਮਨੀ ਜਾਣ ਦਾ ਸੁਪਨਾ ਲੈ ਕੇ ਘਰੋਂ ਨਿਕਲਿਆ ਸੀ।

ਉਸ ਦੇ ਨਾਲ ਦੋ ਹੋਰ ਸਾਥੀ ਰਵੀ ਕੁਮਾਰ ਅਤੇ ਗੁਰਪ੍ਰੀਤ ਰਾਮ 19 ਫਰਵਰੀ 2018 ਨੂੰ ਦਿੱਲੀ ਦੇ ਏਅਰਪੋਰਟ ਤੋਂ ਉੱਡੇ ਸਨ।

ਯੂਕਰੇਨ ਵਿਚ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁੜੇ ਹਰਦੀਪ ਨੇ ਦੱਸਿਆ ਕਿ ਜਦੋਂ ਉਹ 19 ਫਰਵਰੀ ਨੂੰ ਦਿੱਲੀ ਏਅਰਪੋਰਟ ਪਹੁੰਚੇ ਸਨ ਤੇ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਪਾਸਪੋਰਟ ਫੜਾਏ ਜਿਨ੍ਹਾਂ 'ਤੇ ਯੂਕਰੇਨ ਦਾ ਵੀਜ਼ਾ ਸੀ।

ਉਸ ਨੇ ਕਿਹਾ, ''ਉਥੇ ਸਾਨੂੰ 15 ਦਿਨ ਦਾ ਸਟੇਅ ਦੱਸਿਆ ਸੀ ਤੇ ਟੈਕਸੀ ਰਾਹੀਂ ਜਰਮਨੀ ਪਹੁੰਚਣ ਲਈ ਕਿਹਾ ਗਿਆ ਸੀ।''

''15 ਦਿਨ ਇਸ ਕਰਕੇ ਰੁਕਣਾ ਸੀ ਕਿ ਉਨ੍ਹਾਂ ਦੇ ਇਕ ਨੰਬਰ ਵਿਚ ਕਾਗਜ਼ ਤਿਆਰ ਕੀਤੇ ਜਾਣੇ ਸਨ।''

ਇਹ ਵੀ ਪੜ੍ਹੋ:

ਹਰਦੀਪ ਦੱਸਦਾ ਹੈ ਕਿ ਉਹ ਖੁਸ਼ ਇਸ ਕਰਕੇ ਵੀ ਸੀ ਕਿ ਉਨ੍ਹਾਂ ਨੂੰ ਜਹਾਜ਼ ਚੜ੍ਹਾਉਣ ਤੋਂ ਪਹਿਲਾਂ ਟਰੈਵਲ ਏਜੰਟ ਨੇ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਸੀ। ਉਹ ਆਪਣੇ ਕੋਲ 1500 ਯੂਰੋ ਲੈ ਕੇ ਗਏ ਸਨ।

ਜਦੋਂ ਯੂਕਰੇਨ ਉੱਤਰੇ ਤਾਂ ਟਰੈਵਲ ਏਜੰਟ ਦੇ ਦੋ ਬੰਦੇ ਉਨ੍ਹਾਂ ਨੂੰ ਲੈਣ ਆਏ ਸਨ। ਜਿਨ੍ਹਾਂ ਨੇ ਉਨ੍ਹਾਂ ਕੋਲੋਂ ਪਾਸਪੋਰਟ ਤੇ ਸਾਰੇ ਯੂਰੋ ਲੈ ਲਏ ਤੇ ਇਕ ਕਮਰੇ ਵਿਚ ਰਹਿਣ ਲਈ ਕਹਿ ਦਿੱਤਾ।

ਉਥੇ ਖਾਣਾ ਵੀ ਠੀਕ ਸੀ ਤੇ ਯੂਕਰੇਨ ਵਿਚ ਉਹ ਘੁੰਮਦੇ ਵੀ ਰਹੇ। ਪਰ ਓਨਾ ਚਿਰ ਹੀ ਘੁੰਮੇ ਜਿੰਨਾ ਚਿਰ 15 ਦਿਨ ਦਾ ਵੀਜ਼ਾ ਸੀ।

ਹੋਰ ਪੈਸਿਆਂ ਦੀ ਮੰਗ

ਵੀਜ਼ਾ ਖਤਮ ਹੋਣ 'ਤੇ ਹਰਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਗਿਆ। ਖਾਣਾ ਵੀ ਉਨ੍ਹਾਂ ਦਾ ਅੱਧਾ ਕਰ ਦਿੱਤਾ ਗਿਆ।

ਫਿਰ ਉਨ੍ਹਾਂ ਨੂੰ ਲੱਗਿਆ ਕਿ ਉਹ ਫਸ ਗਏ ਹਨ। ਹਰਦੀਪ ਨੇ ਕਿਹਾ, ''ਉਹ ਸਾਡੇ ਕੋਲੋਂ ਹੋਰ ਪੈਸਿਆਂ ਦੀ ਮੰਗ ਕਰਨ ਲੱਗੇ।ਘਰਦਿਆਂ ਤੋਂ ਮੰਗ ਕੇ ਸਾਢੇ ਪੰਜ ਲੱਖ ਰੁਪਏ ਦਿੱਤੇ। ਇਸੇ ਤਰ੍ਹਾਂ ਦੂਜੇ ਸਾਥੀਆਂ ਨੇ ਵੀ ਪੈਸੇ ਦਿੱਤੇ ਤੇ ਇਹ ਰਕਮ 16 ਲੱਖ 50 ਹਜ਼ਾਰ ਬਣ ਗਈ।''

''ਏਨੀ ਰਕਮ ਤਾਰਨ ਦੇ ਬਾਵਜੂਦ ਵੀ ਉਹ ਲਾਰੇ ਲਾਉਂਦੇ ਰਹੇ। ਲਾਰੇ ਲਾਉਂਦਿਆਂ ਲਾਉਂਦਿਆਂ ਦਸ ਮਹੀਨੇ ਦਾ ਸਮਾਂ ਬੀਤ ਗਿਆ।''

ਹਰਦੀਪ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਤਿੰਨਾਂ ਜਣਿਆਂ ਕੋਲੋਂ ਸਾਢੇ ਦਸ ਲੱਖ ਰੁਪਏ ਹੋਰ ਮੰਗੇ ਤੇ ਕਿਹਾ ਕਿ ਉਨ੍ਹਾਂ ਨੂੰ ਸਰਬੀਆ ਰਾਹੀਂ ਜਰਮਨੀ ਭੇਜ ਦਿੱਤਾ ਜਾਵੇਗਾ।

ਇਹ ਬਹੁਤ ਖਤਰਨਾਕ ਰਸਤਾ ਸੀ ਕਿਉਂਕਿ ਤੇਲ ਦੇ ਟੈਂਕਰਾਂ ਵਿਚ ਲੁਕ ਕੇ ਗੈਰ-ਕਾਨੂੰਨੀ ਤਰੀਕੇ ਨਾਲ ਜਾਣਾ ਸੀ। ਜਦਕਿ ਉਨ੍ਹਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਜਰਮਨੀ ਇਕ ਨੰਬਰ ਵਿਚ ਪਹੁੰਚਾ ਦਿੱਤਾ ਜਾਵੇਗਾ।

ਹਰਦੀਪ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮਾਪੇ ਹੋਰ ਪੈਸੇ ਦੇਣ ਦੇ ਸਮਰੱਥ ਨਹੀਂ ਸਨ।

ਇਹ ਵੀ ਪੜੋ:

ਆਖਰਕਾਰ ਟਰੈਵਲ ਏਜੰਟਾਂ ਨੇ ਉਨ੍ਹਾਂ ਨੂੰ 25 ਨਵੰਬਰ ਨੂੰ ਕਮਰੇ 'ਚੋਂ ਬਾਹਰ ਕੱਢ ਦਿੱਤਾ।

ਹਰਦੀਪ ਦਾ ਕਹਿਣਾ ਸੀ ਕਿ ਉਹ ਹੈਰਾਨ ਹੋ ਗਏ ਸਨ ਕਿ ਹੁਣ ਕਿੱਥੇ ਜਾਣ। ਉਨ੍ਹਾਂ ਕੋਲ ਤਿੰਨ ਸੌ ਯੂਰੋ ਹੀ ਬਚੇ ਸਨ ਜਿਹੜੇ ਉਨ੍ਹਾਂ ਨੇ ਆਪਣੇ ਦੋਸਤ ਕੋਲੋਂ ਮੰਗਵਾਏ ਸਨ।

ਚਾਰ ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੇ ਇਕ ਹੋਸਟਲ ਲੱਭ ਕੇ ਰਹਿਣ ਦਾ ਟਿਕਾਣਾ ਬਣਾਇਆ। ਯੂਕਰੇਨ ਵਿਚ ਠੰਢ ਏਨੀ ਜ਼ਿਆਦਾ ਸੀ ਕਿ ਉਹ ਬਿਮਾਰ ਵੀ ਰਹਿਣ ਲੱਗ ਪਏ ਸਨ।

ਪੈਸੇ ਘੱਟ ਹੋਣ ਕਰਕੇ ਉਹ ਖਾਣਾ ਵੀ ਸੰਜਮ ਨਾਲ ਹੀ ਖਾਂਦੇ ਸੀ।

ਜਰਮਨੀ ਜਾਣ ਦਾ ਉਨ੍ਹਾਂ ਦਾ ਸੁਪਨਾ ਚਕਨਾਚੂਰ ਹੋ ਚੁੱਕਾ ਸੀ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਹੁਣ ਉਹ ਆਪਣੇ ਦੇਸ਼ ਕਦੇ ਨਹੀਂ ਪਰਤ ਸਕਣਗੇ ਤੇ ਇਥੇ ਹੀ ਮਰ ਜਾਣਗੇ।

ਹਰਦੀਪ ਨੇ ਦੱਸਿਆ ਕਿ ਉਸ ਨੇ ਹਿੰਮਤ ਨਹੀਂ ਹਾਰੀ ਤੇ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਪੁਲਿਸ ਇੰਡੀਆ ਫੇਸਬੁੱਕ 'ਤੇ ਸੰਪਰਕ ਕਰਕੇ ਦੱਸਿਆ ਕਿ ਉਹ ਇੱਥੇ ਯੂਕਰੇਨ ਵਿਚ ਫਸੇ ਹੋਏ ਹਨ।

ਪੁਲਿਸ ਤੋਂ ਮਿਲੀ ਮਦਦ

ਉਥੋਂ ਹੀ ਜਲੰਧਰ ਦੇ ਦਿਹਾਤੀ ਪੁਲਿਸ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨਾਲ ਗੱਲ ਕੀਤੀ।

ਉਨ੍ਹਾਂ ਨੂੰ ਦੱਸਿਆ ਕਿ ਟਰੈਵਲ ਏਜੰਟ ਤਰਨਤਾਰਨ ਦਾ ਹੈ, ਇਸ ਲਈ ਉਥੇ ਗੱਲ ਕਰਨ 'ਤੇ ਉਨ੍ਹਾਂ ਨੇ ਤਰਨਤਾਰਨ ਐਸਐਸਪੀ ਦਰਸ਼ਨ ਸਿੰਘ ਮਾਨ ਦਾ ਮੋਬਾਈਲ ਨੰਬਰ ਦੇ ਦਿੱਤਾ ਗਿਆ।

ਹਰਦੀਪ ਨੇ ਦਸਿਆ ਕਿ 8 ਦਸੰਬਰ ਨੂੰ ਜਦੋਂ ਉਨ੍ਹਾਂ ਨੇ ਯੂਕਰੇਨ ਤੋਂ ਫੋਨ ਕੀਤਾ ਤਾਂ ਇੰਡੀਆ ਵਿਚ ਰਾਤ ਦੇ ਤਿੰਨ ਵੱਜੇ ਹੋਏ ਸਨ।

ਇਹ ਵੀ ਪੜ੍ਹੋ:

ਐਸਐਸਪੀ ਦਰਸ਼ਨ ਸਿੰਘ ਮਾਨ ਨੇ ਫੋਨ 'ਤੇ ਸਾਰੀ ਗੱਲ ਸੁਣ ਕੇ ਥਾਣਾ ਸਦਰ ਦੇ ਐਸਐਚਓ ਨਾਲ ਗੱਲ ਕੀਤੀ।

ਹਰਦੀਪ ਨੇ ਦੱਸਿਆ ਕਿ ਉਸ ਦੇ ਪਾਸਪੋਰਟ ਦੀ ਮਿਆਦ ਖਤਮ ਹੋ ਚੁੱਕੀ ਸੀ।

ਉਸ ਦੇ ਦੋ ਸਾਥੀ ਰਵੀ ਕੁਮਾਰ ਤੇ ਗੁਰਪ੍ਰੀਤ ਰਾਮ ਪੁਲਿਸ ਦੀ ਮਦਦ ਨਾਲ 13 ਦਸੰਬਰ ਨੂੰ ਵਾਪਸ ਇੰਡੀਆ ਆ ਗਏ ਸਨ ਜਦਕਿ ਉਹ ਪਾਸਪੋਰਟ ਮਿਲਣ 'ਤੇ 16 ਦਸੰਬਰ ਨੂੰ ਵਾਪਸ ਆਇਆ ਸੀ।

ਐਸਐਸਪੀ ਦਰਸ਼ਨ ਸਿੰਘ ਨੇ ਦੱਸਿਆ ਕਿ ਜਦੋਂ ਤਿੰਨ ਵਜੇ ਦੇ ਕਰੀਬ ਉਨ੍ਹਾਂ ਨੂੰ ਹਰਦੀਪ ਨਾਂ ਦੇ ਨੌਜਵਾਨ ਦੀ ਵਟਸਐਪ 'ਤੇ ਕਾਲ ਆਈ ਤਾਂ ਉਸ ਨੇ ਦੱਸਿਆ ਕਿ ਉਹ ਯੂਕਰੇਨ ਵਿਚ ਫਸੇ ਹੋਏ ਹਨ ਤੇ ਟਰੈਵਲ ਏਜੰਟ ਉਨ੍ਹਾਂ ਨੂੰ ਵਾਰ ਵਾਰ ਪੈਸੇ ਲਿਆਉਣ ਲਈ ਕਹਿ ਰਿਹਾ ਹੈ ਤੇ ਪ੍ਰੇਸ਼ਾਨ ਕਰ ਰਿਹਾ ਹੈ।

ਉਨ੍ਹਾਂ ਨੇ ਉਦੋਂ ਹੀ ਐਸਐਚਓ ਸਦਰ ਨੂੰ ਹਦਾਇਤਾਂ ਕੀਤੀਆਂ ਕਿ ਉਹ ਟਰੈਵਲ ਏਜੰਟ ਨੂੰ ਚੁੱਕ ਲਿਆਵੇ। ਹਰਦੀਪ ਦੇ ਘਰਦਿਆਂ ਨਾਲ ਵੀ ਸੰਪਰਕ ਸਾਧ ਲਿਆ ਸੀ।

ਟਰੈਵਲ ਏਜੰਟ ਇਨ੍ਹਾਂ ਨੌਜਵਾਨਾਂ ਨੂੰ ਯੂਕਰੇਨ ਭੇਜਣ 'ਤੇ ਪੈਸੇ ਲੈਣ ਦੀ ਗੱਲ ਮੰਨ ਗਿਆ ਸੀ। ਟਰੈਵਲ ਏਜੰਟ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਥਾਣਾ ਸਦਰ ਤਰਨਤਾਰਨ 'ਚ ਕੇਸ ਦਰਜ ਕੀਤਾ ਗਿਆ।

ਹਰਦੀਪ ਦੇ ਪਰਿਵਾਰ ਨੂੰ ਸਕੂਨ

ਬਾਜੜਾ ਦੀਆਂ ਕਲੋਨੀਆਂ ਵਿਚ ਰਹਿੰਦੇ ਹਰਦੀਪ ਦਾ ਛੋਟਾ ਜਿਹਾ ਪਰਿਵਾਰ ਹੈ।

ਉਸ ਦੀ ਪਤਨੀ ਤੇ ਦੋ ਧੀਆਂ ਹਨ। ਉਹ ਪਹਿਲਾਂ ਵੀ ਦੁਬਈ ਗਿਆ ਸੀ ਪਰ ਉੱਥੇ ਸਿਹਤ ਠੀਕ ਨਾ ਹੋਣ ਕਾਰਨ ਤਿੰਨ ਮਹੀਨੇ ਬਾਅਦ ਉਹ ਵਾਪਸ ਪਰਤ ਆਇਆ ਸੀ।

ਹਰਦੀਪ ਦੀ ਮਾਤਾ ਪ੍ਰਦੀਪ ਕੌਰ ਨੇ ਅੱਖਾਂ ਪੂੰਝਦਿਆਂ ਦੱਸਿਆ ਕਿ ਉਸਨੂੰ ਇਸ ਗੱਲ ਦਾ ਵੱਡਾ ਧਰਵਾਸ ਹੈ ਕਿ ਉਸ ਦੇ ਕਾਲਜੇ ਦਾ ਟੁਕੜਾ ਘਰ ਸਹੀ ਸਲਾਮਤ ਆ ਗਿਆ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)