ਕੀ '84 ਦੇ ਮੁੱਦੇ ਦੇ ਸਹਾਰੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਮੁੜ ਉਭਾਰ ਸਕਣਗੇ - ਨਜ਼ਰੀਆ

    • ਲੇਖਕ, ਜਗਤਾਰ ਸਿੰਘ
    • ਰੋਲ, ਸੀਨੀਅਰ ਪੱਤਰਕਾਰ

ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਲਈ ਉਮਰ ਕੈਦ ਅਜਿਹੇ ਸਮੇਂ ਹੋਈ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਆਪਣੇ ਆਪ ਨੂੰ ਮੁੜ ਸਥਾਪਤ ਕਰਨ ਦੀ ਜੱਦੋਜਹਿਦ ਕਰ ਰਹੇ ਹਨ।

ਇਸ ਸਮੇਂ ਸਿਆਸੀ ਸਵਾਲ ਇਹ ਹੈ ਕਿ, ਕੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਸਵਾਲਾਂ 'ਚ ਘਿਰੇ ਬਾਦਲ ਅਤੇ ਉਨ੍ਹਾਂ ਦਾ ਅਕਾਲੀ ਦਲ 1984 ਦੇ ਮੁੱਦੇ ਨੂੰ ਆਧਾਰ ਬਣਾ ਕੇ ਆਪਣੇ ਆਪ ਨੂੰ ਮੁੜ ਉਭਾਰ ਸਕਣਗੇ?

ਸਾਲ 2015 ਵਿਚ ਫਰੀਦਕੋਟ ਦੇ ਪਿੰਡ ਬਰਗਾੜੀ ਵਿਚ ਬੇਅਦਬੀ ਕਾਂਡ ਹੋਇਆ ਸੀ। ਇਸ ਦਾ ਸੇਕ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹੀ ਲੱਗ ਗਿਆ ਸੀ।

ਪਿਛਲੇ ਸਮੇਂ ਦੌਰਾਨ ਇਸ ਮੁੱਦੇ ਉੱਪਰ ਬਰਗਾੜੀ ਇਨਸਾਫ ਮੋਰਚੇ ਦੇ ਝੰਡੇ ਹੇਠਾਂ ਇਕੱਠੇ ਹੋਏ ਸਿੱਖਾਂ ਨੇ ਬਾਦਲਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਹੁਣ ਤਾਂ ਆਪਣੀਆਂ "ਜਾਣੇ-ਅਣਜਾਣੇ 'ਚ ਹੋਈਆਂ ਭੁੱਲਾਂ ਲਈ" ਦਰਬਾਰ ਸਾਹਿਬ ਜਾ ਕੇ ਸੇਵਾ ਅਤੇ ਅਕਾਲ ਤਖ਼ਤ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਵੀ ਪਾਰਟੀ ਅਤੇ ਪਰਿਵਾਰ ਲਈ ਹਾਲਾਤ ਬਦਲਦੇ ਨਜ਼ਰ ਨਹੀਂ ਆ ਰਹੇ।

ਇਹ ਵੀ ਜ਼ਰੂਰ ਪੜ੍ਹੋ

ਅਕਾਲੀ ਦਲ ਰਣਨੀਤਕ ਤੌਰ 'ਤੇ ਹੁਣ ਵੀ ਗਲਤੀਆਂ ਕਰ ਰਿਹਾ ਹੈ ਜਦੋਂ ਪਾਰਟੀ ਨੂੰ ਤੀਜੇ ਸਥਾਨ 'ਤੇ ਧੱਕ ਕੇ ਮੁੱਖ ਵਿਰੋਧੀ ਦਲ ਬਣੀ ਆਮ ਆਦਮੀ ਪਾਰਟੀ 'ਚ ਅੰਦਰੂਨੀ ਕਲੇਸ਼ ਚੱਲ ਰਿਹਾ ਹੈ।

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਸੱਜਣ ਕੁਮਾਰ ਨੂੰ ਮਿਲੀ ਸਜ਼ਾ ਪਿੱਛੇ ਅਕਾਲੀ ਦਲ ਵੱਲੋਂ 34 ਸਾਲਾਂ ਦਾ ਸੰਘਰਸ਼ ਹੈ।

ਜਿਸ ਵਿੱਚ ਲੋਕ ਸਭਾ ਵਿੱਚ ਲਗਾਏ ਧਰਨੇ ਵੀ ਹਨ। ਸੁਖਬੀਰ ਬਾਦਲ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਬਣਾਏ ਗਏ ਵਿਸ਼ੇਸ਼ ਜਾਂਚ ਦਸਤੇ ਦਾ ਵੀ ਇਸ ਵਿੱਚ ਹਿੱਸਾ ਦੱਸਿਆ।

ਕਤਲੇਆਮ ਦੇ ਪੀੜਤ ਕੁਝ ਹੋਰ ਕਹਿੰਦੇ ਹਨ। ਉਨ੍ਹਾਂ ਨੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਖੁੱਲ੍ਹ ਕੇ ਕਿਹਾ ਹੈ ਕਿ ਬਾਦਲ ਵਰਗੇ ਆਗੂਆਂ ਦਾ ਵਰਤਾਰਾ ਘਿਨਾਉਣਾ ਰਿਹਾ ਹੈ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕਤਲੇਆਮ ਕਾਰਨ ਪੰਜਾਬ ਆ ਕੇ ਵਸੇ ਪਰਿਵਾਰਾਂ ਨੂੰ ਬਾਦਲ ਸਰਕਾਰ ਵੇਲੇ ਵੀ ਆਪਣੇ ਮੁੜ-ਵਸੇਬੇ ਲਈ ਮੁਜ਼ਾਹਰੇ ਕਰਨੇ ਪਏ ਸਨ। ਹਾਂ, ਚੋਣਾਂ ਸਮੇਂ ਅਕਾਲੀ ਦਲ ਉਨ੍ਹਾਂ ਨੂੰ ਯਾਦ ਕਰਦਾ ਆਇਆ ਹੈ।

ਇਹ ਵੀ ਜ਼ਰੂਰ ਪੜ੍ਹੋ

ਸੱਜਣ ਕੁਮਾਰ ਨੂੰ ਹੋਈ ਸਜ਼ਾ ਅਸਲ ਵਿੱਚ ਉਸ ਅਪੀਲ ਉੱਤੇ ਹੋਈ ਹੈ, ਜਿਹੜੀ ਸੀਬੀਆਈ ਨੇ 2013 'ਚ ਦਾਖਲ ਕੀਤੀ ਸੀ ਜਦੋਂ ਕੇਂਦਰ ਵਿੱਚ ਡਾ. ਮਨਮੋਹਨ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਸੀ।

ਮੋਦੀ ਸਰਕਾਰ ਵੱਲੋਂ 2015 ਵਿੱਚ ਬਣਾਇਆ ਵਿਸ਼ੇਸ਼ ਦਸਤਾ ਤਾਂ ਦੋ ਹੋਰ ਮਾਮਲਿਆਂ ਦੀ ਤਫਤੀਸ਼ ਕਰ ਰਿਹਾ ਹੈ। ਜਿਨ੍ਹਾਂ ਨੂੰ ਪਹਿਲਾਂ ਸੀਬੀਆਈ ਨੇ ਬੰਦ ਕਰ ਦਿੱਤਾ ਸੀ। ਇਸੇ ਕਰਕੇ ਅਕਾਲੀ ਦਲ ਹੁਣ ਸਜ਼ਾ ਦਾ ਸਿਹਰਾ ਆਪਣੇ ਸਿਰ ਨਹੀਂ ਬੰਨ੍ਹ ਸਕਦਾ।

ਇਹ ਵੀ ਨਹੀਂ ਪੱਕਾ ਪਤਾ ਕਿ ਬਾਦਲ ਪਰਿਵਾਰ ਦੇ ਤਿੰਨ ਸਰਗਰਮ ਆਗੂਆਂ 'ਚੋਂ ਕੋਈ ਕਦੇ ਤ੍ਰਿਲੋਕਪੁਰੀ ਵਰਗੇ ਕਤਲੇਆਮ ਦੇ ਇਲਾਕਿਆਂ 'ਚ ਗਏ ਵੀ ਹਨ ਜਾਂ ਨਹੀਂ।

ਇੰਨਾ ਹੀ ਨਹੀਂ, ਪਰਮਜੀਤ ਸਿੰਘ ਸਰਨਾ ਦੇ ਦਿੱਲੀ ਵਾਲੇ ਅਕਾਲੀ ਦਲ ਦੇ ਆਗੂਆਂ ਦੇ ਵਤੀਰੇ ਉੱਪਰ ਵੀ ਸੁਆਲ ਖੜ੍ਹੇ ਹੋਏ ਹਨ। ਇਸੇ ਹਫ਼ਤੇ ਹੀ ਸਰਨਾ ਕਥਿਤ ਤੌਰ 'ਤੇ ਫੋਨ ਉੱਪਰ ਇੱਕ ਪੀੜਤ ਨਾਲ ਖਹਿਬੜ ਪਏ ਸਨ ਕਿਉਂਕਿ ਉਸ ਨੇ ਸਰਨਾ ਨਾਲ ਹੋਈ ਇੱਕ ਮੀਟਿੰਗ ਬਾਰੇ ਟੀਵੀ ਉੱਪਰ ਗੱਲ ਕੀਤੀ ਸੀ।

ਇਸ ਕਰਕੇ ਦੋਵੇਂ ਪੱਖਾਂ ਦੇ ਅਕਾਲੀ ਦਲ ਹੀ 1984 ਕਤਲੇਆਮ ਦੇ ਮਾਮਲੇ 'ਚ ਆਏ ਫੈਸਲੇ ਨੂੰ ਆਪਣੀ ਜਿੱਤ ਨਹੀਂ ਆਖ ਸਕਦੇ।

ਇੱਕੋ ਇੱਕ ਹਰਵਿੰਦਰ ਸਿੰਘ ਫੂਲਕਾ ਹੀ ਉਹ ਬੰਦਾ ਹੈ, ਜਿਸ ਨੇ ਆਪਣੀ ਸਾਰੀ ਤਾਕਤ ਲਗਾ ਕੇ ਕਈ ਸਾਲਾਂ ਤੋਂ ਨਿਆਂ ਲਈ ਕੰਮ ਕੀਤਾ ਹੈ। ਫੂਲਕਾ 2017 ਦੀਆਂ ਪੰਜਾਬ ਚੋਣਾਂ ਜਿੱਤ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।

ਬਾਦਲਾਂ ਦੀ ਮਾੜੀ ਹਾਲਤ ਪਿੱਛੇ ਹੰਕਾਰ ਵੀ ਇੱਕ ਵੱਡਾ ਕਾਰਨ ਹੈ, ਜੋ ਕਿ ਅੱਜ-ਕੱਲ੍ਹ ਸੱਤਾ 'ਤੇ ਕਾਬਜ਼ ਸਿਆਸਤਦਾਨਾਂ ਵਿੱਚ ਆਮ ਹੈ। ਬਾਦਲਾਂ ਨੇ ਅਕਾਲ ਤਖ਼ਤ ਤੋਂ ਖਿਮਾ ਮੰਗੀ ਅਤੇ ਦਰਬਾਰ ਸਾਹਿਬ 'ਚ ਸੇਵਾ ਕੀਤੀ, ਜਿਸ ਨਾਲ ਆਮ ਬੰਦੇ 'ਚ ਨਿਮਰਤਾ ਆਉਂਦੀ ਹੈ।

ਪਰ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਇਹ ਦੱਸਣ ਤੋਂ ਵੀ ਮਨ੍ਹਾਂ ਕਰ ਦਿੱਤਾ ਕਿ ਉਨ੍ਹਾਂ ਅਤੇ ਪਾਰਟੀ ਨੇ ਖਿਮਾ ਮੰਗੀ ਕਿਸ ਗਲਤੀ ਦੀ ਹੈ।

ਇਹ ਵੀ ਜ਼ਰੂਰ ਪੜ੍ਹੋ

ਜਦੋਂ ਬਾਦਲ ਤੇ ਉਨ੍ਹਾਂ ਦਾ ਕੁਨਬਾ ਗੱਡੀਆਂ ਲਈ ਵਰਜਿਤ ਜਗ੍ਹਾ 'ਤੇ ਗੱਡੀਆਂ ਵਿੱਚੋਂ ਉਤਰ ਕੇ ਰੈੱਡ ਕਾਰਪੇਟ ਉੱਤੇ ਤੁਰ ਕੇ ਦਰਬਾਰ ਸਾਹਿਬ ਆਏ ਤਾਂ ਉਨ੍ਹਾਂ ਨੇ ਇਸ ਗੱਲ ਦਾ ਵੀ ਧਿਆਨ ਨਹੀਂ ਰੱਖਿਆ ਕਿ ਸਿੱਖ ਪੰਥ ਵਿੱਚ ਬਰਾਬਰੀ ਇੱਕ ਮੂਲ ਸਿਧਾਂਤ ਹੈ।

ਇਹ ਕਾਰਪੇਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਛਾਇਆ ਸੀ। ਬਾਦਲ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਦੋਸ਼ੀ ਆਖ ਸਕਦੇ ਹਨ ਪਰ ਇਹ ਕਮੇਟੀ, ਜੋ ਪਹਿਲਾਂ ਸਿੱਖਾਂ ਦੀ ਚੁਣੀ ਹੋਈ ਅਤੇ ਤਾਕਤਵਰ ਸੰਸਥਾ ਵਜੋਂ ਵੇਖੀ ਜਾਂਦੀ ਸੀ, ਹੁਣ ਪੂਰੀ ਤਰ੍ਹਾਂ ਬਾਦਲਾਂ ਦੇ ਹੱਥਾਂ ਵਿੱਚ ਹੈ।

ਇਸੇ ਦੌਰਾਨ ਬਾਦਲ ਪਰਿਵਾਰ ਨੇ ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਲਈ ਖੁੱਲ੍ਹਣ ਵਾਲੇ ਵੀਜ਼ਾ-ਮੁਕਤ ਲਾਂਘੇ ਬਾਰੇ ਵੀ ਬਿਆਨ ਕਈ ਵਾਰ ਬਦਲੇ ਹਨ।

ਫਿਰ 28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਲਾਂਘੇ ਦੀ ਉਸਾਰੀ ਦੀ ਸ਼ੁਰੂਆਤ ਮੌਕੇ ਮੋਦੀ ਵੱਲੋਂ ਭੇਜੇ ਗਏ ਦੋ ਕੇਂਦਰੀ ਮੰਤਰੀਆਂ 'ਚ ਹਰਸਿਮਰਤ ਕੌਰ ਬਾਦਲ ਵੀ ਸ਼ਾਮਲ ਹੋਏ।

ਹਰਸਿਮਰਤ ਬਾਦਲ ਉੱਥੇ ਆਪਣੇ ਨਾਲ ਦਰਬਾਰ ਸਾਹਿਬ ਦੇ ਸਰੋਵਰ ਦਾ ਪਵਿੱਤਰ ਜਲ ਅਤੇ ਮਿੱਟੀ ਵੀ ਲੈ ਕੇ ਗਏ। ਹੁਣ ਇਹ ਤਾਂ ਹਰਸਿਮਰਤ ਹੀ ਦੱਸ ਸਕਦੇ ਹਨ, ਕਿ ਉਹ ਗੁਰੂ ਨਾਨਕ ਦੇਵ ਦੇ ਸਥਾਨ ਕਰਤਾਰਪੁਰ ਨੂੰ ਸ਼ੁੱਧ ਕਰ ਰਹੇ ਸਨ? ਦਰਬਾਰ ਸਾਹਿਬ ਦੀ ਬੁਨਿਆਦ ਤਾਂ ਗੁਰੂ ਨਾਨਕ ਦੀ ਵਿਚਾਰਧਾਰਾ ਹੈ, ਨਾ ਕਿ ਇਸ ਤੋਂ ਉਲਟ।

ਹੁਣ ਅਕਾਲੀ ਦਲ ਸਹੀ ਰਾਹ 'ਤੇ ਤਾਂ ਹੀ ਆਉਂਦਾ ਨਜ਼ਰ ਆਏਗਾ ਜੇ ਸਹੀ ਕਦਮ ਚੁੱਕੇਗਾ। ਬਾਦਲਾਂ ਨੂੰ ਪੰਥਕ ਸਿਆਸਤ ਵਿੱਚ ਬੇਅਦਬੀ ਨਾਲ ਜੁੜੇ ਘਟਨਾਕ੍ਰਮ ਨੇ ਹੀ ਨੁੱਕਰੇ ਲਾਇਆ ਹੈ।

ਬਾਦਲਾਂ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਹੀਮ ਸਿੰਘ ਲਈ ਅਕਾਲ ਤਖ਼ਤ ਤੋਂ ਮੁਆਫ਼ੀ ਦੁਆਉਣਾ ਹੀ ਮੁੱਖ ਮੁੱਦਾ ਹੈ। ਮੁਆਫ਼ੀ ਦਾ ਇੰਤਜ਼ਾਮ ਕਰਨ ਲਈ ਪ੍ਰਕਾਸ਼ ਸਿੰਘ ਤੇ ਸੁਖਬੀਰ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕਥਿਤ ਤੌਰ 'ਤੇ ਚੰਡੀਗੜ੍ਹ ਆਪਣੇ ਘਰ ਬੁਲਾ ਕੇ ਇਸ ਮੁਆਫੀ ਦਾ ਇੰਤਜ਼ਾਮ ਕੀਤਾ ਸੀ।

ਕਾਂਗਰਸ ਨੂੰ ਤਾਂ 1984 ਕਤਲੇਆਮ ਦੇ ਦਾਗ ਨਾਲ ਜਿਉਣਾ ਪਵੇਗਾ।

ਬਾਦਲਾਂ ਨੂੰ ਬੇਅਦਬੀ ਨਾਲ ਜੁੜੇ ਮਸਲਿਆਂ ਦਾ ਦਾਗ ਸਦਾ ਸਹਿਣਾ ਪਵੇਗਾ।

ਜੇ ਸੁਖਬੀਰ ਦੀ ਰਣਨੀਤੀ ਇਹੀ ਹੈ ਕਿ ਡੇਰਾ ਪ੍ਰੇਮੀ, ਹਿੰਦੂ ਤੇ ਦਲਿਤ ਵੋਟ ਬੈਂਕ ਨੂੰ ਜੋੜ ਲਿਆ ਜਾਵੇ, ਤਾਂ ਪੰਥਕ ਵੋਟ ਦੂਰ ਅਕਾਲੀ ਦਲ ਤੋਂ ਦੂਰ ਜਾਣ ਦਾ ਵੀ ਖਦਸ਼ਾ ਹੈ।

ਅਜਿਹੇ 'ਚ ਖਾਲੀ ਹੋਈ ਥਾਂ ਕੋਈ ਹੋਰ ਪੰਥਕ ਜਥੇਬੰਦੀ ਭਰ ਸਕਦੀ ਹੈ। ਅਕਾਲੀ ਦਲ ਲਈ ਇਹ ਰਣਨੀਤੀ ਨੁਕਸਾਨਦਾਇਕ ਹੋ ਸਕਦੀ ਹੈ। ਪਾਰਟੀ ਮੁੜ ਖੜ੍ਹੀ ਕਰਨ ਲਈ ਜ਼ਰੂਰੀ ਹੈ ਕਿ ਸਾਫ਼ ਤੌਰ 'ਤੇ ਗਲਤੀ ਮੰਨ ਕੇ ਮੁਆਫ਼ੀ ਮੰਗੀ ਜਾਵੇ।

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)