You’re viewing a text-only version of this website that uses less data. View the main version of the website including all images and videos.
ਉਹ 'ਚੁੜੇਲ' ਜਿਸ ਨੇ ਰਵਾਂਡਾ 'ਚ ਨਸਲਕੁਸ਼ੀ ਦੌਰਾਨ 100 ਤੋਂ ਵੱਧ ਜਾਨਾਂ ਬਚਾਈਆਂ
ਤੇਜ਼ਧਾਰ ਕੁਹਾੜੀਆਂ ਵਾਲੀ ਭੀੜ ਨੇ ਜਦੋਂ ਜ਼ੂਰਾ ਕਾਰੂਹਿੰਬੀ ਨੂੰ ਘੇਰ ਕੇ ਅੰਦਰ ਸ਼ਰਨ ਲਏ ਲੋਕਾਂ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਤਾਂ ਉਸ ਵੇਲੇ ਉਹ ਬਿਲਕੁਲ ਨਿਹੱਥੀ ਸੀ।
ਉਸ ਔਰਤ ਕੋਲ ਜੇਕਰ ਕੁਝ ਸੀ ਤਾਂ ਉਹ 'ਜਾਦੂਮਈ ਸ਼ਕਤੀਆਂ' ਵਾਲਾ ਉਸ ਦਾ ਅਕਸ ਸੀ।
ਉਸਦੇ ਇਸੇ ਅਕਸ ਕਾਰਨ ਹੀ ਹਥਿਆਰਬੰਦ ਲੋਕਾਂ ਦੇ ਮਨਾਂ 'ਚ ਡਰ ਪੈਦਾ ਹੋਇਆ, ਜਿਸ ਨੇ ਭੀੜ ਤੋਂ 100 ਤੋਂ ਵੱਧ ਲੋਕਾਂ ਦੀ ਜਾਨ ਬਚਾਈ। ਇਹ ਰਵਾਂਡਾ 'ਚ ਹੋਏ ਨਸਲਕੁਸ਼ੀ ਦੇ ਦਿਨਾਂ ਦੀ ਘਟਨਾ ਹੈ।
6 ਅਪਰੈਲ 1994 'ਚ ਸ਼ੁਰੂ ਹੋਈ ਇਸ ਨਸਲਕੁਸ਼ੀ 'ਚ ਰਵਾਂਡਾ ਦੇ ਤੁਤਸੀ ਭਾਈਚਾਰੇ ਦੇ ਕਰੀਬ 8 ਲੱਖ ਲੋਕ ਮਾਰੇ ਗਏ ਸਨ। ਮਾਰੇ ਗਏ ਲੋਕਾਂ 'ਚ ਹਮਲਾਵਰ ਹੁਤੂ ਭਾਈਚਾਰੇ ਦੇ ਲੋਕ ਵੀ ਸ਼ਾਮਿਲ ਸਨ। ਇਨ੍ਹਾਂ ਵਿੱਚ ਕਾਰੂਹਿੰਬੀ ਦੀ ਪਹਿਲੀ ਬੇਟੀ ਵੀ ਸੀ। ਇਹ ਨਸਲਕੁਸ਼ੀ 100 ਦਿਨਾਂ ਤੱਕ ਚੱਲੀ ਸੀ।
ਇਹ ਵੀ ਪੜ੍ਹੋ-
ਇਸ ਨਸਲਕੁਸ਼ੀ ਦੇ ਦੋ ਦਹਾਕੇ ਬਾਅਦ ਆਪਣੇ ਦੋ ਕਮਰਿਆਂ ਦੇ ਘਰਾਂ 'ਚ ਦਿ ਈਸਟ ਅਫ਼ਰੀਕਨ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਸੀ, "ਉਸ ਨਸਲਕੁਸ਼ੀ ਦੌਰਾਨ ਮੈਂ ਇਨਸਾਨ ਦੇ ਦਿਲ ਦਾ ਕਾਲਾਪਣ ਦੇਖਿਆ ਸੀ।"
ਇਸੇ ਘਰ 'ਚ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਲੁਕਾਇਆ ਸੀ ਅਤੇ ਉਨ੍ਹਾਂ ਦੀ ਜਾਨ ਬਚਾਈ ਸੀ।
ਦਸੰਬਰ 2018 ਵਿੱਚ ਰਵਾਂਡਾ ਦੀ ਰਾਜਧਾਨੀ ਕਿਗਾਲੀ ਤੋਂ ਕਰੀਬ ਇੱਕ ਘੰਟੇ ਦੀ ਦੂਰੀ 'ਤੇ ਪੂਰਬ 'ਚ ਸਥਿਤ ਮਾਸੂਮੋ ਪਿੰਡ 'ਚ ਕਾਰੂਹਿੰਬੀ ਦੀ ਮੌਤ ਹੋ ਗਈ। ਕਿਸੇ ਨੂੰ ਪਤਾ ਨਹੀਂ ਹੈ ਉਹ ਕਿੰਨੇ ਸਾਲ ਦੀ ਸੀ।
ਅਧਿਕਾਰਤ ਦਸਤਾਵੇਜ਼ਾਂ 'ਚ ਉਨ੍ਹਾਂ ਦੀ ਉਮਰ 93 ਸਾਲ ਹੈ ਜਦਕਿ ਉਹ ਆਪਣੇ ਆਪ ਨੂੰ 100 ਸਾਲ ਤੋਂ ਵੱਧ ਦੱਸਦੀ ਸੀ।
ਜੋ ਵੀ ਹੋਵੇ, ਪਰ ਜਦੋਂ ਹੁਤੂ ਲੜਾਕਿਆਂ ਨੇ ਉਨ੍ਹਾਂ ਦੇ ਪਿੰਡ 'ਤੇ ਹਮਲਾ ਕੀਤਾ ਸੀ ਉਦੋਂ ਉਹ ਜ਼ਿਆਦਾ ਜਵਾਨ ਨਹੀਂ ਸੀ।
ਰਵਾਇਤੀ ਝਾੜ-ਫੂਕ ਕਰਨ ਵਾਲਿਆਂ ਦੇ ਘਰ ਪੈਦਾ ਹੋਈ
ਕਾਰੂਹਿੰਬੀ ਬਾਰੇ ਜੋ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਗਈਆਂ ਹਨ, ਉਨ੍ਹਾਂ ਮੁਤਾਬਕ ਉਹ ਇੱਕ ਰਵਾਇਤੀ ਝਾੜ-ਫੂਕ ਕਰਨ ਵਾਲਿਆਂ ਦੇ ਘਰ 1925 'ਚ ਪੈਦਾ ਹੋਈ ਸੀ। ਜਨਮ ਦਾ ਇਹ ਸਾਲ ਉਨ੍ਹਾਂ ਦੇ ਅਧਿਕਾਰਤ ਪਛਾਣ ਪੱਤਰ ਤੋਂ ਲਿਆ ਗਿਆ ਹੈ।
ਇਹ ਕਿਹਾ ਜਾ ਸਕਦਾ ਹੈ ਕਿ 1994 ਦੀਆਂ ਘਟਨਾਵਾਂ ਦੇ ਤਾਰ ਉਨ੍ਹਾਂ ਦੇ ਬਚਪਨ ਤੋਂ ਹੀ ਜੁੜਨੇ ਸ਼ੁਰੂ ਹੋ ਗਏ ਸਨ।
ਇਹ ਉਹ ਦੌਰ ਸੀ ਜਦੋਂ ਰਵਾਂਡਾ 'ਤੇ ਬੈਲਜੀਅਮ ਦਾ ਸ਼ਾਸਨ ਸੀ ਅਤੇ ਇਸ ਕੋਲੋਨੀਅਲ ਸ਼ਕਤੀ ਨੇ ਰਵਾਂਡਾ ਦੇ ਲੋਕਾਂ ਨੂੰ ਸਪੱਸ਼ਟ ਤੌਰ 'ਤੇ ਸਮੂਹਾਂ 'ਚ ਵੰਡ ਦਿੱਤਾ।
ਪਛਾਣ ਪੱਤਰ ਜਾਰੀ ਕਰਕੇ ਲੋਕਾਂ ਨੂੰ ਦੱਸ ਦਿੱਤਾ ਗਿਆ ਕਿ ਹੁਤੂ ਹੈ ਜਾਂ ਤੁਤਸੀ।
ਰਵਾਂਡਾ 'ਚ ਨਸਲਕੁਸ਼ੀ ਦਾ ਕਾਰਨ ਕੀ ਸੀ?
ਕਾਰੂਹਿੰਬੀ ਦਾ ਪਰਿਵਾਰ ਹੁਤੂ ਸੀ ਅਤੇ ਇਹ ਭਾਈਚਾਰਾ ਰਵਾਂਡਾ 'ਚ ਬਹੁਗਿਣਤੀ ਵਾਲਾ ਸੀ ਪਰ ਘੱਟ-ਗਿਣਤੀ ਤੁਤਸੀ ਭਾਈਚਾਰੇ ਦੇ ਲੋਕਾਂ ਨੂੰ ਉੱਚ-ਵਰਗੀ ਸਮਝਿਆ ਜਾਂਦਾ ਸੀ ਅਤੇ ਇਹੀ ਕਾਰਨ ਸੀ ਕਿ ਬੈਲਜੀਅਮ ਦੇ ਸ਼ਾਸਨਕਾਲ 'ਚ ਨੌਕਰੀਆਂ ਤੇ ਵਪਾਰ 'ਚ ਇਸੇ ਭਾਈਚਾਰੇ ਦਾ ਬੋਲਬਾਲਾ ਸੀ।
ਇਸ ਵੰਡ ਨੇ ਦੋਵਾਂ ਸਮੂਹਾਂ ਵਿਚਾਲੇ ਤਣਾਅ ਪੈਦਾ ਕੀਤਾ। 1959 'ਚ ਕਾਰੂਹਿੰਬੀ ਜਵਾਨ ਹੀ ਸੀ। ਜਦੋਂ ਤੁਤਸੀ ਰਾਜਾ ਕਿਗੋਰੀ ਪੰਜਵੇਂ ਅਤੇ ਉਨ੍ਹਾਂ ਦੇ ਕਈ ਹਜ਼ਾਰ ਤੁਤਸੀ ਸਮਰਥਕਾਂ ਨੂੰ ਗੁਆਂਢੀ ਯੁਗਾਂਡਾ 'ਚ ਪਨਾਹ ਲੈਣੀ ਪਈ। ਉਹ ਰਵਾਂਡਾ 'ਚ ਹੋਈ ਹੂਤੀ ਕ੍ਰਾਂਤੀ ਤੋਂ ਬਾਅਦ ਦੀ ਗੱਲ ਹੈ।
ਇਸ ਤਰ੍ਹਾਂ ਇਹ ਵੰਡਿਆਂ ਹੋਇਆ ਸਮੂਹ ਰਵਾਂਡਾ ਪੈਟਰੀਆਟਿਕ ਫਰੰਟ (RPF) ਵਜੋਂ ਉਭਰਿਆ, ਜਿਸ ਨੇ 1990 'ਚ ਰਵਾਂਡਾ 'ਤੇ ਹਮਲਾ ਕੀਤਾ ਅਤੇ 1993 ਤੱਕ ਸ਼ਾਂਤੀ ਸਮਝੌਤੇ ਤੱਕ ਇਹ ਜੰਗ ਜਾਰੀ ਰਹੀ।
ਇਸ ਦੋਂ ਬਾਅਦ 6 ਅਪ੍ਰੈਲ 1994 'ਚ ਹੁਤੂ ਰਾਸ਼ਟਰਪਤੀ ਜੁਵੇਨਲ ਹੈਬਿਆਰਿਮਾਨਾ ਦਾ ਜਹਾਜ਼ ਸੁੱਟਿਆ ਗਿਆ, ਸਾਰੇ ਯਾਤਰੀ ਮਾਰੇ ਗਏ।
ਹੁਤੂ ਕੱਟੜਪੰਥੀਆਂ ਨੇ ਇਸ ਦਾ ਇਲਜ਼ਾਮ ਤੁਤਸੀ ਲੜਾਕੇ ਗੁਰੱਪ ਰਵਾਂਡਾ ਪੈਟਰੀਆਟਿਕ ਫਰੰਟ (RPF) 'ਤੇ ਲਾਇਆ। ਇਸ ਤੋਂ ਤੁਰੰਤ ਬਾਅਦ ਤੁਤਸੀ ਭਾਈਚਾਰੇ ਖਿਲਾਫ ਸੰਗਠਿਤ ਰੂਪ ਵਿੱਚ ਹਿੰਸਾ ਸ਼ੁਰੂ ਹੋ ਗਈ।
ਆਰਪੀਐਫ ਦਾ ਕਹਿਣਾ ਸੀ ਕਿ ਜਹਾਜ਼ ਹੁਤੂਆਂ ਨੇ ਮਾਰ ਸੁੱਟਿਆ ਸੀ, ਇਸ ਪਿੱਛੇ ਮੰਤਵ ਸੀ ਤੁਤਸੀ ਭਾਈਚਾਰੇ ਦੀ ਨਸਲਕੁਸ਼ੀ ਨੂੰ ਅੰਜ਼ਾਮ ਦੇਣਾ।
ਜਿਸ ਤੋਂ ਬਾਅਦ ਅਪਰੈਲ ਅਤੇ ਜੂਨ 1994 ਵਿਚਾਲੇ ਕਰੀਬ 8 ਲੱਖ ਤੁਤਸੀਆਂ ਅਤੇ ਉਦਾਰਵਾਦੀ ਹੁਤੂਆਂ ਨੂੰ ਮਾਰ ਦਿੱਤਾ ਗਿਆ ਸੀ। ਮਰਨ ਵਾਲਿਆਂ ਵਿੱਚ ਤੁਤਸੀ ਲੋਕਾਂ ਦੀ ਗਿਣਤੀ ਜ਼ਿਆਦਾ ਸੀ।
ਇਹ ਵੀ ਪੜ੍ਹੋ-
ਖੇਤ 'ਚ ਟੋਆ ਪੁੱਟ ਕੇ ਵੀ ਲੋਕਾਂ ਨੂੰ ਲੁਕਾਇਆ
ਕਾਰੂਹਿੰਬੀ ਨੇ ਪਹਿਲੀ ਵਾਰ ਇਸ ਤਰ੍ਹਾਂ ਦੀ ਹਿੰਸਾ ਦੇਖੀ ਸੀ ਪਰ ਉਨ੍ਹਾਂ ਨੂੰ ਇਹ ਅੰਦਾਜ਼ਾ ਬਿਲਕੁਲ ਨਹੀਂ ਸੀ ਕਿ ਹਾਲਾਤ ਇੰਨੇ ਜ਼ਿਆਦਾ ਖ਼ਰਾਬ ਹੋ ਜਾਣਗੇ।
ਆਪਣੀ ਜਾਨ ਬਚਾਉਣ ਲਈ ਹੁਤੂ ਲੋਕਾਂ ਨੇ ਆਪਣੀਆਂ ਤੁਤਸੀ ਮੂਲ ਦੀਆਂ ਪਤਨੀਆਂ ਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ ਸੀ।
ਨਸਲਕੁਸ਼ੀ ਯਾਦ ਕਰਦਿਆਂ ਉਨ੍ਹਾਂ ਨੇ ਕਿਹਾ ਸੀ, "ਮੈਂ ਸੋਚਦੀ ਹਾਂ ਕਿ ਜੇਕਰ ਉਹ ਮਰਨਗੇ ਤਾਂ ਮੈਂ ਵੀ ਮਰ ਜਾਵਾਂਗੀ।"
ਹਿੰਸਾ ਸ਼ੁਰੂ ਹੋਣ ਤੋਂ ਬਾਅਦ ਮੁਸਾਮੋ ਪਿੰਡ 'ਚ ਕਾਰੂਹਿੰਬੀ ਦਾ ਘਰ ਤੁਤਸੀਆਂ ਲਈ ਸ਼ਰਨਗਾਹ ਬਣ ਗਿਆ।
ਨਸਲਕੁਸ਼ੀ ਦੌਰਾਨ ਇੱਥੇ ਸਿਰਫ਼ ਤੁਤਸੀਆਂ ਨੇ ਹੀ ਨਹੀਂ ਬਲਕਿ ਬੁਰੁੰਡੀ ਦੇ ਲੋਕਾਂ ਅਤੇ ਤਿੰਨ ਯੂਰਪੀ ਨਾਗਰਿਕਾਂ ਨੇ ਵੀ ਸ਼ਰਨ ਲਈ।
ਰਿਪੋਰਟਾਂ ਮੁਤਾਬਕ ਦਰਜਨਾਂ ਲੋਕਾਂ ਨੇ ਕਾਰੂਹਿੰਬੀ ਦੇ ਸੌਣ ਵਾਲੇ ਕਮਰੇ ਅਤੇ ਛੱਤ 'ਤੇ ਬਣੀ ਗੁਪਤ ਥਾਂ 'ਚ ਵੀ ਸ਼ਰਨ ਲਈ ਸੀ।
ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਕਾਰੂਹਿੰਬੀ ਨੇ ਆਪਣੇ ਖੇਤ 'ਚ ਟੋਆ ਪੁੱਟ ਕੇ ਵੀ ਲੋਕਾਂ ਨੂੰ ਲੁਕਾਇਆ ਸੀ।
ਕਾਰੂਹਿੰਬੀ ਮੁਤਾਬਕ ਕੁਝ ਅਜਿਹੇ ਬੱਚਿਆਂ ਨੂੰ ਵੀ ਉਨ੍ਹਾਂ ਨੇ ਲੁਕਾਇਆ ਸੀ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਮਰੀਆਂ ਮਾਵਾਂ ਦੇ ਮੋਢਿਓਂ ਲਾਹਿਆ ਗਿਆ ਸੀ।
ਜਿਵੇਂ ਕਿ ਉਨ੍ਹਾਂ ਦੀ ਉਮਰ ਬਾਰੇ ਕਿਸੇ ਨੂੰ ਸਪੱਸ਼ਟ ਜਾਣਕਾਰੀ ਨਹੀਂ ਹੈ ਇਹ ਵੀ ਕਿਸੇ ਨੂੰ ਸਾਫ਼ ਤੌਰ 'ਤੇ ਨਹੀਂ ਪਤਾ ਕਿ ਉਨ੍ਹਾਂ ਨੇ ਕੁੱਲ ਕਿੰਨੇ ਲੋਕਾਂ ਨੂੰ ਬਚਾਇਆ।
ਨਸਲਕੁਸ਼ੀ ਦੀ ਵੀਹਵੀਂ ਬਰਸੀ ਮੌਕੇ ਉਨ੍ਹਾਂ ਨੇ ਰਵਾਂਡਾ ਦੇ ਪੱਤਰਕਾਰ ਜੀਨ ਪਿਏਰੇ ਬੁਕਏਨਸੇਂਗੇ ਨੂੰ ਦੱਸਿਆ ਸੀ ਕਿ ਉਸ ਦੌਰਾਨ ਉਹ ਲੋਕਾਂ ਨੂੰ ਗਿਣ ਨਹੀਂ ਰਹੀ ਸੀ।
ਪਰ ਸ਼ਰਨ ਲੈਣ ਵਾਲੇ ਲੋਕਾਂ ਦੀ ਗਿਣਤੀ ਇੰਨੀ ਜ਼ਰੂਰ ਸੀ ਕਿ ਇਸ ਬਾਰੇ ਹੁਤੂ ਲੜਾਕਿਆਂ ਨੂੰ ਪਤਾ ਲੱਗ ਗਿਆ ਸੀ।
ਇਹ ਵੀ ਪੜ੍ਹੋ-
ਬੁਕਏਨਸੇਂਗੇ ਕਹਿੰਦੇ ਹਨ, "ਜ਼ੂਰਾ ਕਾਰੂਹਿੰਬੀ ਦੇ ਕੋਲ ਸਿਰਫ਼ ਇੱਕ ਹੀ ਹਥਿਆਰ ਸੀ। ਆਪਣੀਆਂ ਕਥਿਤ ਜਾਦੂਈ ਸ਼ਕਤੀਆਂ, ਜਿਨ੍ਹਾਂ ਨਾਲ ਉਹ ਹਮਲਾਵਰਾਂ ਨੂੰ ਡਰਾ ਸਕਦੀ ਸੀ। ਉਨ੍ਹਾਂ ਨੇ ਹਮਲਾਵਰਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਕੁਝ ਹੋਇਆ ਤਾਂ ਉਹ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਬੁਰੀਆਂ ਆਤਮਾਵਾਂ ਛੱਡ ਦੇਵੇਗੀ।"
ਉਹ ਦੱਸਦੇ ਹਨ, "ਉਹ ਸਰੀਰ 'ਚ ਜਲਨ ਪੈਦਾ ਕਰਨ ਵਾਲੀ ਇੱਕ ਸਥਾਨਕ ਬੂਟੀ ਆਪਣੇ ਆਪ 'ਤੇ ਮਲ ਲੈਂਦੀ ਅਤੇ ਫਿਰ ਹਮਲਾਵਰਾਂ ਨੂੰ ਛੇੜਦੀ ਤਾਂ ਜੋ ਉਹ ਉਨ੍ਹਾਂ ਤੋਂ ਦੂਰ ਰਹਿਣ।"
ਹਸਨ ਹਾਬੀਆਕਾਰੇ ਉਨ੍ਹਾਂ ਲੋਕਾਂ 'ਚ ਸ਼ਾਮਿਲ ਹੈ, ਜਿਨ੍ਹਾਂ ਨੂੰ ਕਾਰੂਹਿੰਬੀ ਨੇ ਬਚਾਇਆ ਸੀ।
ਉਹ ਯਾਦ ਕਰਦੇ ਹਨ, "ਜ਼ੂਰਾ ਹਮਲਾਵਰਾਂ ਨੂੰ ਕਹਿੰਦੀ ਹੈ ਕਿ ਜੇਕਰ ਉਨ੍ਹਾਂ ਨੇ ਅੰਦਰ ਪਵਿੱਤਰ ਸਥਾਨ 'ਤੇ ਪੈਰ ਰੱਖਿਆ ਤਾਂ ਨਿਆਂਬਿੰਗੀ (ਸਥਾਨਕ ਭਾਸ਼ਾ 'ਤੇ ਈਸ਼ਵਰ ਲਈ ਸ਼ਬਦ) ਨੂੰ ਕ੍ਰੋਧ ਆ ਜਾਵੇਗਾ। ਉਹ ਲੋਕ ਡਰ ਜਾਂਦੇ ਅਤੇ ਇੱਕ ਹੋਰ ਦਿਨ ਲਈ ਸਾਡੀ ਜਾਨ ਬਚ ਜਾਂਦੀ।"
ਕਾਰੂਹਿੰਬੀ ਨੇ ਦੱਸਿਆ ਸੀ ਕਿ ਉਹ ਆਪਣੇ ਗਹਿਣੇ ਜਾਂ ਕਿਸੇ ਹੋਰ ਚੀਜ਼ ਨੂੰ ਹਿਲਾ ਕੇ ਹਮਲਾਵਰਾਂ ਨੂੰ ਡਰਾਉਂਦੀ ਸੀ।
2014 'ਚ ਉਨ੍ਹਾਂ ਨੇ ਦਿ ਈਸਟ ਅਫਰੀਕਨ ਨੂੰ ਦੱਸਿਆ ਸੀ, "ਮੈਨੂੰ ਯਾਦ ਹੈ, ''ਇੱਕ ਦਿਨ ਉਹ ਸ਼ਨਿੱਚਰਵਾਰ ਨੂੰ ਵਾਪਸ ਆਏ। ਮੈਂ ਹਮੇਸ਼ਾ ਵਾਂਗ ਉਨ੍ਹਾਂ ਨੂੰ ਰੋਕਿਆ, ਚਿਤਾਵਨੀ ਦਿੱਤੀ ਕਿ ਜੇਕਰ ਉਹ ਮੇਰੇ ਘਰ ਉਨ੍ਹਾਂ ਲੋਕਾਂ ਨੂੰ ਮਾਰਨਗੇ ਤਾਂ ਆਪਣੇ ਹੱਥੀਂ ਆਪਣੀਆਂ ਕਬਰਾਂ ਪੁੱਟਣਗੇ।"
ਕਾਰੂਹਿੰਬੀ ਦੀ ਇਹ ਚਿਤਾਵਨੀ ਕੰਮ ਕਰ ਗਈ। ਜੁਲਾਈ 1994 'ਚ ਤੁਤਸੀਆਂ ਦੀ ਅਗਵਾਈ ਵਾਲੇ ਵਿਦਰੋਹੀਆਂ ਨੇ ਰਾਜਧਾਨੀ ਕਿਗਾਲੀ 'ਤੇ ਕਬਜ਼ਾ ਕੀਤਾ ਤਾਂ ਕਾਰੂਹਿੰਬੀ ਦੇ ਘਰ 'ਚ ਸ਼ਰਨ ਲੈਣ ਵਾਲਾ ਹਰੇਕ ਵਿਅਕਤੀ ਜ਼ਿੰਦਾ ਸੀ।
ਇੱਥੇ ਜੀਵਨ ਜਿੰਨਾ ਚੰਗਾ ਹੋ ਸਕਦਾ ਸੀ ਚੱਲ ਰਿਹਾ ਸੀ ਪਰ ਕਾਰੂਹਿੰਬੀ ਦੇ ਬੇਟੇ ਦੀ ਹਿੰਸਾ 'ਚ ਮੌਤ ਹੋ ਗਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਇੱਕ ਧੀ ਨੂੰ ਵੀ ਜ਼ਹਿਰ ਦੇ ਦਿੱਤਾ ਗਿਆ ਸੀ।
ਮੁਸਾਮੋ ਪਿੰਡ ਦੀ ਚੁੜੇਲ ਦੀ ਕਥਾ 'ਤੇ ਲੋਕ ਯਕੀਨ ਕਰਦੇ ਰਹੇ। ਬਾਵਜੂਦ ਇਸ ਦੇ ਕਿ ਉਨ੍ਹਾਂ ਨੇ ਕਈ ਵਾਰ ਕਿਹਾ ਕਿ ਉਹ ਅਜਿਹੀ ਔਰਤ ਨਹੀਂ ਹੈ ਅਤੇ ਨਾ ਹੀ ਕਦੇ ਸੀ।
2014 'ਚ ਦਿੱਤੇ ਇੱਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਸਿਰਫ਼ ਭਗਵਾਨ 'ਚ ਵਿਸ਼ਵਾਸ ਰੱਖਦੀ ਸੀ ਅਤੇ ਜਾਦੂਈ ਸ਼ਕਤੀਆਂ ਦਾ ਛਲਾਵਾ ਸਿਰਫ਼ ਉਨ੍ਹਾਂ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਕਰਨ ਲਈ ਸੀ ਜਿਨ੍ਹਾਂ ਦੀ ਜਾਨ ਮੈਂ ਬਚਾ ਰਹੀ ਸੀ।
ਕਾਰੂਹਿੰਬੀ ਨੇ ਕਿਹਾ ਸੀ ਕਿ ਉਹ ਕੋਈ ਝਾੜ-ਫੂਕ ਕਰਨ ਵਾਲੀ ਜਾਂ ਸ਼ਕਤੀਸ਼ਾਲੀ ਔਰਤ ਨਹੀਂ ਸੀ।
ਹਾਲਾਂਕਿ, ਉਨ੍ਹਾਂ ਦੀ ਕਹਾਣੀ ਨੂੰ ਰਵਾਂਡਾ 'ਚ ਕਾਫੀ ਸੁਰਖ਼ੀਆਂ ਮਿਲੀਆਂ ਅਤੇ ਸਾਲ 2006 'ਚ ਉਨ੍ਹਾਂ ਨੂੰ 'ਕੈਂਪੇਨ ਅਗੇਂਸਟ ਜੈਨੋਸਾਈਡ' ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਇਸ ਨੇ ਉਨ੍ਹਾਂ ਨੂੰ ਆਪਣੇ ਜੀਵਨ ਦੀ 50 ਸਾਲ ਪਹਿਲਾਂ ਦੀ ਇੱਕ ਹੋਰ ਕਹਾਣੀ ਸੁਣਾਉਣ ਦਾ ਮੌਕਾ ਵੀ ਦਿੱਤਾ।
ਇਹ ਵੀ ਪੜ੍ਹੋ
ਕਾਰੂਹਿੰਬੀ ਮੁਤਾਬਕ ਇੱਕ ਵਾਰ 1959 'ਚ ਜਦੋਂ ਦੋਵਾਂ ਸਮੂਹਾਂ ਵਿਚਾਲੇ ਨਸਲੀ ਹਿੰਸਾ ਭੜਕ ਰਹੀ ਸੀ ਉਦੋਂ ਉਨ੍ਹਾਂ ਨੇ 2 ਸਾਲ ਦੇ ਇੱਕ ਤੁਤਸੀ ਬੱਚੇ ਦੀ ਮਾਂ ਨੂੰ ਕਿਹਾ ਸੀ ਕਿ ਉਹ ਨੈਕਲੈਸ ਤੋਂ ਦੋ ਮੋਤੀ ਲੈ ਕੇ ਆਪਣੇ ਬੇਟੇ ਦੇ ਵਾਲਾਂ ਨੂੰ ਬੰਨ੍ਹ ਦੇਵੇ।
ਉਨ੍ਹਾਂ ਨੇ ਦੱਸਿਆ, "ਮੈਂ ਉਸ ਨੂੰ ਕਿਹਾ ਸੀ ਕਿ ਆਪਣੇ ਬੇਟੇ ਨੂੰ ਗੋਦੀ ਚੁੱਕ ਕੇ ਤੁਰੇ। ਵਾਲਾਂ 'ਚ ਮੋਤੀ ਦੇਖ ਕੇ ਹਮਲਾਵਰ ਬੱਚੇ ਨੂੰ ਕੁੜੀ ਸਮਝਦੇ ਕਿਉਂਕਿ ਉਸ ਵੇਲੇ ਉਹ ਸਿਰਫ਼ ਤੁਤਸੀਆਂ ਦੇ ਪੁੱਤਰਾਂ ਨੂੰ ਮਾਰਦੇ ਸਨ।"
ਕਾਰੂਹਿੰਬੀ ਮੁਤਾਬਕ ਉਹ ਬੱਚਾ ਬਚ ਗਿਆ ਅਤੇ ਉਸ ਨੇ ਹੀ ਉਨ੍ਹਾਂ ਨੂੰ ਉਹ ਮੈਡਲ ਦਿੱਤਾ ਸੀ। ਉਹ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਗਾਮੇ ਸਨ।
ਕਾਰੂਹਿੰਬੀ ਨੂੰ ਵੀ ਪਤਾ ਨਹੀਂ ਲੱਗ ਸਕਿਆ ਕਿ ਜਿਨ੍ਹਾਂ ਹੋਰ ਲੋਕਾਂ ਨੂੰ ਉਨ੍ਹਾਂ ਨੇ ਬਚਾਇਆ ਉਨ੍ਹਾਂ ਦਾ ਕੀ ਹੋਇਆ। ਜੀਵਨ ਦੇ ਅਖੀਰਲੇ ਦਿਨਾਂ 'ਚ ਉਨ੍ਹਾਂ ਦੀ ਇੱਕ ਭਤੀਜੀ ਨੇ ਉਨ੍ਹਾਂ ਦੀ ਦੇਖਭਾਲ ਕੀਤੀ।
ਆਪਣੇ ਆਖ਼ਰੀ ਇੰਟਰਵਿਊ ਦੌਰਾਨ ਉਹ ਉਸੇ ਘਰ 'ਚ ਹੀ ਰਹਿ ਰਹੀ ਸੀ ਪਰ ਗਰੀਬੀ ਕਾਰਨ ਉਹ ਘਰ ਖੰਡਰ ਹੋ ਗਿਆ ਸੀ।
ਇਹ ਵੀ ਪੜ੍ਹੋ
ਪਾਲ ਕਗਾਮੇ ਨੇ ਜੋ ਮੈਡਲ ਉਨ੍ਹਾਂ ਨੂੰ ਦਿੱਤਾ ਸੀ ਉਹ ਉਨ੍ਹਾਂ ਦੀ ਜਾਇਦਾਦ ਬਣ ਗਿਆ ਹੈ। ਉਹ ਹਰ ਵੇਲੇ ਉਸ ਨੂੰ ਪਹਿਨ ਕੇ ਰੱਖਦੀ। ਜਦੋਂ ਸੌਂਦੀ ਤਾਂ ਆਪਣੇ ਸਿਰਹਾਣੇ ਰੱਖ ਲੈਂਦੀ।
ਹੁਣ ਜੋ ਲੋਕ ਉਨ੍ਹਾਂ ਨੂੰ ਕਦੇ ਮਿਲੇ ਸੀ ਆਸ ਕਰਦੇ ਹਨ ਕਿ ਉਨ੍ਹਾਂ ਦੀ ਕਹਾਣੀ ਉਸ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਦੁਨੀਆਂ ਭਰ 'ਚ ਜਾਵੇਗੀ ਅਤੇ ਦੱਸੇਗੀ ਕਿ ਕਿਸ ਤਰ੍ਹਾਂ ਉਨ੍ਹਾਂ ਦਰਦਨਾਕ ਦਿਨਾਂ 'ਚ ਹੁਤੂ ਔਰਤਾਂ ਨੇ ਵੀ ਤੁਤਸੀਆਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਸਨ।
ਪੱਤਰਕਾਰ ਬੁਕਏਨਸੇਂਗੇ ਕਹਿੰਦੇ ਹਨ, "ਉਨ੍ਹਾਂ ਨੇ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਆਪਣੀ ਜਾਨ ਖ਼ਤਰੇ 'ਚ ਪਾ ਦਿੱਤੀ ਸੀ ਅਤੇ ਇਹ ਕਰਨ ਲਈ ਉਨ੍ਹਾਂ ਨੂੰ ਕੰਮ ਚਲਾਊ ਤਰੀਕਾ ਕੱਢਣਾ ਪਿਆ ਸੀ। ਉਨ੍ਹਾਂ ਦੇ ਸਾਹਮਣੇ ਹਥਿਆਰਬੰਦ ਗੈਂਗ ਸਨ ਅਤੇ ਆਪਣੀ ਸਮਝਦਾਰੀ ਤੇ ਚਾਲਾਕੀ ਨਾਲ ਉਨ੍ਹਾਂ ਨੇ ਉਨ੍ਹਾਂ ਨੂੰ ਮਾਤ ਦਿੱਤੀ।"
"ਉਨ੍ਹਾਂ ਦੀ ਕਹਾਣੀ ਇਹ ਦੱਸਦੀ ਹੈ ਕਿ ਸਭ ਤੋਂ ਮੁਸ਼ਕਲ ਵੇਲੇ 'ਚ ਵੀ ਮਨੁੱਖਤਾ ਜ਼ਿੰਦਾ ਰਹਿੰਦੀ ਹੈ।