You’re viewing a text-only version of this website that uses less data. View the main version of the website including all images and videos.
ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ: ਮਿਆਂਮਾਰ 'ਚ ਦੋ ਖੋਜੀ ਪੱਤਰਕਾਰ ਗ੍ਰਿਫ਼ਤਾਰ
ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ ਮਾਮਲੇ ਦੀ ਜਾਂਚ ਕਰ ਰਹੇ ਰਾਇਟਰਜ਼ ਦੇ ਦੋ ਪੱਤਰਕਾਰਾਂ ਨੂੰ ਮਿਆਂਮਾਰ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੋਵੇਂ ਪੱਤਰਕਾਰ ਵਾ ਲੋਨ ਅਤੇ ਕਿਆ ਸਿਓ ਓ ਅਦਾਲਤੀ ਕਾਰਵਾਈ ਦੀ ਉਡੀਕ ਕਰ ਰਹੇ ਹਨ। ਉਨ੍ਹਾਂ 'ਤੇ ਦੇਸ ਦੇ ਸਰਕਾਰੀ ਭੇਤ ਗੁਪਤ ਰੱਖਣ ਬਾਰੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਗਏ ਹਨ।
ਨਿਊਜ਼ ਏਜੰਸੀ, ਰਾਇਟਰਜ਼, ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਰਖ਼ਾਇਨ ਸੂਬੇ ਵਿੱਚ 10 ਰੋਹਿੰਗਿਆ ਮੁਸਲਮਾਨਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਕਤਲ ਕਰਨ ਦੇ ਸਬੂਤ ਮੌਜੂਦ ਹਨ।
ਇਹ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਪੱਤਰਕਾਰ ਲੋਕ ਹਿਤਾਂ ਲਈ ਲਈ ਕੰਮ ਕਰ ਰਹੇ ਸਨ।
ਰਾਇਟਰਜ਼ ਦਾ ਕੀ ਕਹਿਣਾ ਹੈ?
ਰਾਇਟਰਜ਼ ਦੇ ਮੁੱਖ ਸੰਪਾਦਕ, ਸਟੀਫ਼ਨ ਜੇ ਐਡਲਰ ਦਾ ਕਹਿਣਾ ਹੈ: "ਜਦੋਂ ਦੋਵੇਂ ਪੱਤਰਕਾਰ ਗ੍ਰਿਫ਼ਤਾਰ ਹੋਏ ਤਾਂ ਸਾਡੀ ਤਰਜੀਹ ਉਨ੍ਹਾਂ ਦੀ ਸਲਾਮਤੀ ਸੀ।"
ਉਨ੍ਹਾਂ ਕਿਹਾ, "ਜਦੋਂ ਸਾਨੂੰ ਉਨ੍ਹਾਂ ਦੀ ਕਾਨੂੰਨੀ ਸਥਿਤੀ ਸਬੰਧੀ ਪਤਾ ਲੱਗਾ ਤਾਂ ਅਸੀਂ ਦੋਵਾਂ ਪੱਤਰਕਾਰਾਂ ਦੇ ਪਰਿਵਾਰਾਂ ਨਾਲ ਰਾਬਤਾ ਕਾਇਮ ਕੀਤਾ।"
ਰਾਇਟਰਜ਼ ਦੇ ਮੁੱਖ ਸੰਪਾਦਕ ਨੇ ਕਿਹਾ, "ਇਹ ਸਾਡੀ ਜ਼ਿੰਮੇਵਾਰੀ ਸੀ ਕਿ ਇੰਨ ਡਿਨ ਪਿੰਡ ਵਿੱਚ ਜੋ ਵਾਪਰਿਆ ਉਸ ਨੂੰ ਛਾਪਿਆ ਜਾਵੇ। ਅਸੀਂ ਇਸ ਜਾਂਚ ਰਿਪੋਰਟ ਨੂੰ ਛਾਪਿਆ ਕਿਉਂਕਿ ਇਹ ਲੋਕ ਹਿਤ ਵਿੱਚ ਹੈ।"
ਹਾਲਾਂਕਿ ਬੀਬੀਸੀ ਨੂੰ ਨਿੱਜੀ ਤੌਰ 'ਤੇ ਇਨ੍ਹਾਂ ਕਥਿਤ ਕਤਲਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਪੱਤਰਕਾਰਾਂ ਦਾ ਕੀ ਹੋਇਆ?
ਵਾ ਲੋਨ ਅਤੇ ਕਿਆ ਸਿਓ ਓ ਬਰਮਾ ਦੇ ਰਹਿਣ ਵਾਲੇ ਹਨ। ਉਹ ਇਸੇ ਤਰ੍ਹਾਂ ਦੀ ਖੋਜੀ ਪੱਤਰਕਾਰੀ ਲਈ ਜਾਣੇ ਜਾਂਦੇ ਹਨ।
ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਸਰਕਾਰ ਬਾਰੇ ਗੁਪਤ ਦਸਤਾਵੇਜ਼ ਰੱਖਣ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਕਾਫ਼ੀ ਸੰਵੇਦਨਸ਼ੀਲ ਜਾਂਚ ਕਰ ਰਹੇ ਸਨ।
ਰਾਇਟਰਜ਼ ਦਾ ਕੀ ਕਹਿਣਾ ਹੈ?
ਰਾਇਟਰਜ਼ ਦਾ ਕਹਿਣਾ ਹੈ ਕਿ ਦੋਵੇਂ ਪੱਤਰਕਾਰ 10 ਬੰਦਿਆਂ ਦੇ ਕਤਲ ਲਈ ਸਬੂਤ ਇਕੱਠੇ ਕਰ ਰਹੇ ਸਨ। ਇਹ ਸਬੂਤ ਪਿੰਡ 'ਚ ਰਹਿਣ ਵਾਲੇ ਬੋਧੀ ਲੋਕਾਂ, ਸੁਰੱਖਿਆ ਕਰਮੀਆਂ ਅਤੇ ਫੋਟੋਗ੍ਰਾਫਰਾਂ ਦੀ ਇੰਟਰਵਿਊ 'ਤੇ ਅਧਾਰਿਤ ਸਨ।
ਰਾਇਟਰਜ਼ ਮੁਤਾਬਿਕ ਰੋਹਿੰਗਿਆ ਮੁਸਲਮਾਨਾਂ ਦਾ ਇੱਕ ਸਮੂਹ ਸੁਰੱਖਿਆ ਦੀ ਭਾਲ ਵਿੱਚ ਸੀ ਜਦੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਪਿੰਡ 'ਚ ਰਹਿਣ ਵਾਲੇ ਬੋਧੀ ਲੋਕਾਂ ਨੂੰ ਕਬਰ ਪੁੱਟਣ ਲਈ ਕਿਹਾ ਗਿਆ ਅਤੇ ਫਿਰ 10 ਬੰਦਿਆਂ ਨੂੰ ਕਥਿਤ ਤੌਰ 'ਤੇ ਪਿੰਡ ਵਾਲਿਆਂ ਅਤੇ ਫ਼ੌਜੀਆਂ ਵੱਲੋਂ ਕਤਲ ਕਰ ਦਿੱਤਾ ਗਿਆ।
ਮਿਆਂਮਾਰ ਸਰਕਾਰ ਨੇ ਕੀ ਕਿਹਾ?
ਬੀਬੀਸੀ ਨੇ ਇਸ ਮਾਮਲੇ 'ਤੇ ਸਰਕਾਰ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ। ਪਰ ਅਜੇ ਕੋਈ ਉੱਤਰ ਨਹੀਂ ਮਿਲਿਆ।
ਹਾਲਾਂਕਿ ਸਰਕਾਰ ਦੇ ਇੱਕ ਬੁਲਾਰੇ, ਜ਼ਾ ਹਤਾਇ ਨੇ ਇਸ ਨਿਊਜ਼ ਏਜੰਸੀ ਨੂੰ ਕਿਹਾ: " ਅਸੀਂ ਮਨੁੱਖੀ ਅਧਿਕਾਰਾਂ ਦੇ ਇਲਜ਼ਾਮਾਂ ਤੋਂ ਨਹੀਂ ਮੁੱਕਰ ਰਹੇ।"
ਉਨ੍ਹਾਂ ਰਖ਼ਾਇਨ ਸੂਬੇ ਵਿੱਚ ਫ਼ੌਜੀ ਕਾਰਵਾਈ ਦਾ ਬਚਾਓ ਕੀਤਾ।