ਰੋਹਿੰਗਿਆ ਸੰਕਟ: ਹੁਣ ਸ਼ਰਨਾਰਥੀਆਂ ਨੂੰ ਬਾਰੂਦੀ ਸੁਰੰਗਾਂ ਦੀ ਵੀ ਚੁਣੌਤੀ

ਦੋਹਾਂ ਦੇਸ਼ਾਂ ਵਿਚਾਲੇ ਸਰਹੱਦ 'ਤੇ ਬਾਰੂਦੀ ਸੁਰੰਗਾਂ ਵਿਛਾਉਣ ਦੇ ਵਿਰੋਧ ਵਿੱਚ ਬੰਗਲਾਦੇਸ਼ ਨੇ ਢਾਕਾ ਵਿੱਚ ਮਿਆਂਮਾਰ ਦੇ ਰਾਜਦੂਤ ਨੂੰ ਤਲਬ ਕੀਤਾ ਹੈ।

ਮਿਆਂਮਾਰ ਫ਼ੌਜੀ ਸੂਤਰਾਂ ਨੇ ਇਹਨਾਂ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਹਾਲ ਵਿਚ ਕੋਈ ਬਾਰੂਦੀ ਸੁਰੰਗਾਂ ਨਹੀਂ ਵਿਛਾਈਆਂ ਗਈਆਂ।

ਬੀਬੀਸੀ ਦੇ ਪੱਤਰਕਾਰ ਸੰਜੋਏ ਮਜੂਮਦਾਰ ਇਸ ਵੇਲੇ ਸਰਹੱਦ ਦੇ ਬੰਗਲਾਦੇਸ਼ ਵਾਲੇ ਪਾਸੇ ਮੌਜੂਦ ਹਨ। ਉਨ੍ਹਾਂ ਮੁਤਾਬਿਕ ਇਸ ਹਫਤੇ ਬਾਰੂਦੀ ਸੁਰੰਗ ਦੇ ਧਮਾਕੇ ਕਰਕੇ ਘੱਟੋ-ਘੱਟ ਤਿੰਨ ਲੋਕ ਜ਼ਖਮੀ ਹੋਏ ਹਨ।

ਜਦੋਂ ਵਿਦੇਸ਼ ਸਕੱਤਰ ਸ਼ਾਹਿਦੁਲ ਹੱਕ ਤੋਂ ਬਾਰੂਦੀ ਸੁਰੰਗਾਂ ਦੀ ਸ਼ਿਕਾਇਤ ਮਿਆਂਮਾਰ ਨੂੰ ਕਰਨ ਬਾਰੇ ਤਸਦੀਕ ਕੀਤੀ ਗਈ, ਤਾਂ ਉਨ੍ਹਾਂ ਨੇ ਸਿਰਫ 'ਹਾਂ' ਕਹਿ ਕੇ ਆਪਣੀ ਗੱਲ ਖ਼ਤਮ ਕਰ ਦਿੱਤੀ।

25 ਅਗਸਤ ਤੋਂ ਵਧੀ ਗਿਣਤੀ

ਯੂ.ਐੱਨ ਨੇ ਕਿਹਾ ਹੈ ਕਿ ਮਿਆਂਮਾਰ ਤੋਂ ਬੰਗਲਾਦੇਸ਼ ਆ ਰਹੇ ਰੋਹਿੰਗਿਆ ਸ਼ਰਨਾਰਥੀਆਂ ਦੀ ਗਿਣਤੀ 25 ਅਗਸਤ ਤੋਂ ਵਧੀ ਹੈ।

ਯੂ.ਐੱਨ ਮੁਤਾਬਕ ਦੇਸ ਦੇ ਉੱਤਰ-ਪੱਛਮ ਦੇ ਮਿਆਂਮਾਰ ਦੇ ਰਖਾਈਨ ਸੂਬੇ ਤੋਂ 146,000 ਤੋਂ ਵੱਧ ਰੋਹਿੰਗਿਆ ਮੁਸਲਮਾਨ ਹਿੰਸਾ ਕਾਰਨ ਭੱਜ ਗਏ ਹਨ।

ਇਹ ਵਿਵਾਦ ਪੁਲਿਸ ਚੌਂਕੀਆਂ 'ਤੇ ਰੋਹਿੰਗਿਆ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ।

ਬਰਮਾ ਦੇ ਨਾਂ ਨਾਲ ਵੀ ਜਾਣੇ ਜਾਂਦੇ ਮਿਆਂਮਾਰ ਵਿੱਚ ਇਸ ਹਮਲੇ ਤੋਂ ਬਾਅਦ ਹਿੰਸਾ ਫੈਲ ਗਈ ਅਤੇ ਵੱਡੀ ਗਿਣਤੀ ਵਿੱਚ ਸ਼ਰਨਾਰਥੀ ਦੇਸ ਤੋਂ ਹਿਜ਼ਰਤ ਕਰਨ ਲੱਗੇ।

ਦੋ ਬੰਗਲਾਦੇਸ਼ੀ ਸਰਕਾਰ ਦੇ ਸੂਤਰਾਂ ਨੇ ਰਾਇਟਰਜ਼ ਖ਼ਬਰ ਏਜੰਸੀ ਨੂੰ ਦੱਸਿਆ, ਕਿ ਵੱਡੀ ਤਾਦਾਦ ਵਿੱਚ ਸ਼ਰਨਾਰਥੀ ਅਜੇ ਸਰਹੱਦ ਪਾਰ ਕਰ ਰਹੇ ਹਨ। ਬਾਵਜੂਦ ਇਸਦੇ ਮਿਆਂਮਾਰ ਵੱਲੋਂ ਤਾਜ਼ਾਂ ਬਾਰੂਦੀ ਸੁਰੰਗਾਂ ਵਿਛਾਈਆਂ ਜਾ ਰਹੀਆਂ ਹਨ।

1990 ਦੇ ਦਹਾਕੇ ਵਿੱਚ ਫੌਜੀ ਸ਼ਾਸਨ ਦੌਰਾਨ ਨਜਾਇਜ਼ ਕਬਜ਼ੇ ਨੂੰ ਰੋਕਣ ਲਈ ਇਸ ਖੇਤਰ ਵਿੱਚ ਬਾਰੂਦ ਵਿਛਾਇਆ ਗਿਆ ਸੀ।

ਸੂ ਚੀ ਦਾ ਦਾਅਵਾ

ਮਿਆਂਮਾਰ ਦੀ ਆਗੂ ਅਉਂਗ ਸਾਨ ਸੂ ਚੀ ਦੇ ਬੁਲਾਰੇ ਨੇ ਸਵਾਲ ਕੀਤਾ, "ਅਸਲ ਵਿਚ ਵਿਸਫੋਟਕਾਂ ਨੂੰ ਕਿੰਨੇ ਰੱਖਿਆ ਸੀ?"

ਤਾਂ ਜ਼ਾਅ ਹਤੈ ਨੇ ਰਿਊਟਰਜ਼ ਕੋਲੋ ਪੁੱਛਿਆ ਕਿ, "ਕੌਣ ਹੈ ਜੋ ਇਹ ਦਾਅਵੇ ਨਾਲ ਕਹਿ ਸਕਦਾ ਹੈ ਕਿ ਉਨ੍ਹਾਂ ਬਾਰੂਦੀ ਸੁਰੰਗਾਂ ਨੂੰ ਅੱਤਵਾਦੀਆਂ ਨੇ ਨਹੀਂ ਵਿਛਾਇਆ ਹੈ ?"

ਅਉਂਗ ਸਾਨ ਸੂ ਚੀ ਨੇ ਦਾਅਵਾ ਕੀਤਾ ਕਿ ਮੌਜੂਦਾ ਸੰਕਟ ਵੱਡੀ ਗਲਤਫਹਿਮੀ ਕਰਕੇ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੇ ਹਿੱਤਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਜਾਅਲੀ ਖ਼ਬਰਾਂ ਦੇ ਨਾਲ ਤਣਾਅ ਵੱਧ ਰਿਹਾ ਹੈ।

ਉਸ ਦੇ ਦਫ਼ਤਰ ਮੁਤਾਬਕ, ਉਨ੍ਹਾਂ ਨੇ ਇਹ ਟਿੱਪਣੀ ਤੁਰਕੀ ਦੇ ਰਾਸ਼ਟਰਪਤੀ ਰਿਜੇੱਪੂ ਤੱਯਪੂ ਐਰੂਦੁਆਨ ਨਾਲ ਫੋਨ 'ਤੇ ਗੱਲਬਾਤ ਦੌਰਾਨ ਦਿੱਤੀ।

ਤੁਰਕੀ ਵੱਲੋਂ ਮਦਦ ਦਾ ਐਲਾਨ

ਰਾਸ਼ਟਰਪਤੀ ਐਰੂਦੁਆਨ ਨੇ ਰੋਹਿੰਗਿਆ ਮੁਸਲਮਾਨਾਂ ਸ਼ਰਨਾਰਥੀਆਂ ਦੀ ਮਦਦ ਲਈ 10,000 ਟਨ ਸਹਾਇਤਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ, ਤੁਰਕੀ ਦੀ ਮਦਦ ਏਜੰਸੀ ਟੀਕਾ ਪਹਿਲਾਂ ਹੀ ਸ਼ਰਨਾਰਥੀ ਕੈਂਪਸ ਵਿੱਚ ਮਦਦ ਪਹੁੰਚਾ ਰਹੀ ਹੈ। ਇੰਡੋਨੇਸ਼ੀਆ ਵੱਲੋਂ ਵੀ ਹਮਾਇਤ ਉਭਰ ਰਹੀ ਹੈ।

ਪਰ ਮਿਆਂਮਾਰ ਦੇ ਕੁਝ ਗੁਆਂਢੀ ਮੁਲਕਾਂ, ਖ਼ਾਸਕਰ ਬੰਗਲਾਦੇਸ਼ ਦੀ ਸੰਕਟ ਨਾਲ ਨਜਿੱਠਣ ਲਈ ਜ਼ਿਆਦਾ ਕੁਝ ਨਾ ਕਰਨ ਕਰਕੇ ਆਲੋਚਨਾ ਕੀਤੀ ਜਾ ਰਹੀ ਹੈ।

ਆਲੋਚਨਾ ਦਾ ਸ਼ਿਕਾਰ ਹੋਇਆ ਬੰਗਲਾਦੇਸ਼

ਬੰਗਲਾਦੇਸ਼ ਨੇ ਪਹਿਲਾਂ ਰੋਹਿੰਗਿਆ ਮੁਸਲਮਾਨਾਂ ਨੂੰ ਸ਼ਰਨਾਰਥੀਆਂ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਐਮਨੇਸਟੀ ਇੰਟਰਨੈਸ਼ਨਲ ਨੇ ਬੰਗਲਾਦੇਸ਼ ਤੇ ਇਲਜ਼ਾਮ ਲਾਇਆ ਕਿ ਉਹ ਮਿਆਂਮਾਰ ਦੇ ਸ਼ਰਨਾਰਥੀਆਂ ਨੂੰ ਵਾਪਸ ਭੇਜ ਰਿਹਾ ਹੈ।

ਇਸ ਸਾਲ ਦੇ ਸ਼ੁਰੂਆਤ ਵਿੱਚ, ਬੰਗਲਦੇਸ਼ੀ ਸਰਕਾਰ ਨੇ ਰੋਹਿੰਗਿਆ ਸ਼ਰਨਾਰਥੀਆਂ ਨੂੰ ਬੰਗਾਲ ਦੀ ਖਾੜੀ 'ਚ, ਕਿਸੇ ਸੜ੍ਹਕੀ ਢਾਂਚੇ ਤੋਂ ਬਿਨਾਂ, ਹੜ੍ਹਾਂ ਕਰਕੇ ਕਮਜ਼ੋਰ ਹੋ ਚੁੱਕੇ ਟਾਪੂਆਂ ਤੇ ਭੇਜਣ ਦਾ ਸੁਝਾਅ ਦਿੱਤਾ ਸੀ।