ਹਿਟਲਰ ਵੇਲੇ ਹੋਈ ਯਹੂਦੀ ਨਸਲਕੁਸ਼ੀ ਬਾਰੇ ਜਰਮਨੀ ਦੇ ਲੋਕਾਂ ਦੀ ਸੋਚ ਬਦਲਣ ਵਾਲੀ ਅਮਰੀਕੀ ਟੀਵੀ ਸੀਰੀਜ਼

    • ਲੇਖਕ, ਦਮਿਐਨ ਮੈਕਗੁਇਨੈੱਸ
    • ਰੋਲ, ਬੀਬੀਸੀ ਨਿਊਜ਼, ਬਰਲਿਨ

ਅਮਰੀਕੀ ਟੀਵੀ ਲੜੀਵਾਰ "ਹੋਲੋਕਾਸਟ" ਨੇ ਨਾਜ਼ੀਆਂ ਵੱਲੋਂ ਕੀਤੀ ਯਹੂਦੀ ਨਸਲਕੁਸ਼ੀ ਬਾਰੇ ਜਰਮਨ ਲੋਕਾਂ ਨੂੰ ਆਪਣੇ ਇਤਿਹਾਸ ਬਾਰੇ ਸੋਚਣ ਮਜਬੂਰ ਕਰ ਦਿੱਤਾ ਸੀ।

ਇਹ ਲੜੀਵਾਰ, ਨਾਜ਼ੀ ਜੁਲਮਾਂ ਦੀ ਕਹਾਣੀ ਨੂੰ ਜਰਮਨੀ ਦੇ ਘਰਾਂ ਵਿੱਚ ਲੈ ਆਇਆ ਸੀ ਅਤੇ ਨਸਲਕੁਸ਼ੀ ਸ਼ਬਦ ਨੂੰ ਆਮ ਬੋਲਚਾਲ ਦਾ ਸ਼ਬਦ ਬਣਾ ਦਿੱਤਾ ਸੀ।

1979 ਵਿੱਚ ਪ੍ਰਸਾਰਿਤ ਹੋਏ ਇਸ ਸੀਰੀਅਲ ਨੂੰ ਸਿਰਫ਼ ਪੱਛਮੀ ਜਰਮਨੀ ਵਿੱਚ ਹੀ ਲਗਪਗ ਇੱਕ ਤਿਹਾਈ ਵਸੋਂ (20 ਮਿਲੀਅਨ) ਨੇ ਦੇਖਿਆ।

ਇਸ ਵਾਰ ਜਨਵਰੀ ਵਿੱਚ ਨਸਲਕੁਸ਼ੀ ਦੇ ਪੀੜਤਾਂ ਦੇ ਕੌਮਾਂਤਰੀ ਦਿਹਾੜੇ ਦੇ ਸੰਬੰਧ ਵਿੱਚ ਇਹ ਸੀਰੀਅਲ ਜਰਮਨੀ ਵਿੱਚ ਇੱਕ ਵਾਰ ਫੇਰ ਦਿਖਾਇਆ ਜਾ ਰਿਹਾ ਹੈ ਅਤੇ ਹਾਲੇ ਵੀ ਪ੍ਰਸੰਗਿਕ ਹੈ।

ਇਹ ਵੀ ਪੜ੍ਹੋ:

"ਹੋਲੋਕਾਸਟ" ਇੱਕ ਕਲਪਨਿਕ ਯਹੂਦੀ ਪਰਿਵਾਰ ਦੇ ਸਾਹਮਣੇ ਆਈਆਂ ਮੁਸ਼ਕਿਲਾਂ ਰਾਹੀਂ ਉਸ ਤਰਾਸਦੀ ਦੀ ਕਹਾਣੀ ਸੁਣਾਉਂਦਾ ਹੈ। ਪੀੜ੍ਹਤ ਪਰਿਵਾਰ ਦਾ ਮੁਖੀ ਬਰਲਿਨ ਦਾ ਸਫ਼ਲ ਡਾਕਟਰ, ਜੋਸੇਫ ਵਾਈਸ (ਅਦਾਕਾਰ-ਫਰਿਟਜ਼ ਵੀਵਰ) ਹੈ, ਉਸਦੀ ਪਤਨੀ ਬਰੈਟਾ ਪਾਲੀਟਜ਼ ਵਾਈਸ (ਅਦਾਕਾਰਾ- ਰੋਜ਼ਮੈਰੀ ਹੈਰਿਸ) ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਲੜੀਵਾਰ ਵਿੱਚ ਪਰਿਵਾਰ ਦੇ ਬਰਲਿਨ ਦੇ ਮੱਧ ਵਰਗੀ ਪਰਿਵਾਰ ਤੋਂ ਗੈੱਸ ਚੈਂਬਰਾਂ ਤੱਕ ਪਹੁੰਚਣ ਦੀ ਕਹਾਣੀ ਹੈ।

ਇਸ ਦੇ ਨਾਲ ਹੀ ਇੱਕ ਹੋਰ ਕਹਾਣੀ ਚੱਲਦੀ ਹੈ, ਇਹ ਕਹਾਣੀ ਇੱਕ ਬੇਰੁਜ਼ਗਾਰ ਵਕੀਲ ਇਰਿਕ ਡੌਰਫ ਦੀ ਹੈ। ਜਿਸ ਨੂੰ ਪਹਿਲਾਂ ਤਾਂ ਸਿਆਸਤ ਵਿੱਚ ਰੁਚੀ ਨਹੀਂ ਹੁੰਦੀ ਪਰ ਬਾਅਦ ਵਿੱਚ ਉਸ ਨੂੰ ਹਿਟਲਰ ਦੀ ਫ਼ੌਜ ਵਿੱਚ ਨੌਕਰੀ ਮਿਲ ਜਾਂਦੀ ਹੈ।

ਇਹ ਪਹਿਲਾ ਮੌਕਾ ਸੀ, ਜਦੋਂ ਯਹੂਦੀ ਨਸਲਕੁਸ਼ੀ ਦੁਆਲੇ ਇੱਕ ਸੀਰੀਅਲ ਦੀ ਕਹਾਣੀ ਬੁਣੀ ਗਈ। ਇਸ ਤੋਂ ਪਹਿਲਾਂ ਇਹ ਵਿਸ਼ਾ ਸਿਰਫ਼ ਦਸਤਾਵੇਜ਼ੀ ਫ਼ਿਲਮਾਂ ਦਾ ਹੀ ਵਿਸ਼ਾ ਸੀ।

ਇਸ ਸੀਰੀਅਲ ਦੇ ਪਾਤਰ ਮੱਧ ਵਰਗੀ ਸਨ, ਜਿਨ੍ਹਾਂ ਨਾਲ ਦਰਸ਼ਕ ਆਪਣੇ-ਆਪ ਨੂੰ ਜੋੜ ਸਕਣ।

ਦਿਲਚਸਪ ਗੱਲ ਇਹ ਸੀ ਕਿ ਕਾਤਲਾਂ ਨੂੰ ਦਰਿੰਦਿਆਂ ਜਾਂ ਬੁਰੇ ਲੋਕਾਂ ਵਜੋਂ ਨਹੀਂ ਪੇਸ਼ ਕੀਤਾ ਗਿਆ ਸਗੋਂ ਉਹ ਵੀ ਸਾਧਾਰਣ ਜਰਮਨ ਲੋਕ ਹੀ ਸਨ ਅਤੇ ਨਾ ਹੀ ਅਜਿਹੇ ਲੋਕਾਂ ਵਜੋਂ ਦਿਖਾਇਆ ਗਿਆ ਜਿਨ੍ਹਾਂ ਨੂੰ ਦੂਸਰਿਆਂ ਨੂੰ ਤਸੀਹੇ ਦੇਣ ਵਿੱਚ ਸੁਆਦ ਆਉਂਦਾ ਹੋਵੇ।

ਇਹ ਸੀਰੀਅਲ ਵਿਵਾਦਿਤ ਵੀ ਰਿਹਾ ਤੇ ਜਰਮਨੀ ਵਿੱਚ ਪ੍ਰਸਾਰਿਤ ਨਹੀਂ ਕੀਤਾ ਗਿਆ। ਅਮਰੀਕਾ ਵਿੱਚ ਐਨਬੀਸੀ ਟੀਵੀ ਨੇ ਇਹ 1978 ਵਿੱਚ ਪ੍ਰਸਾਰਿਤ ਕੀਤਾ ਅਤੇ ਲਗਪਗ 120 ਮਿਲੀਅਨ ਲੋਕਾਂ ਨੇ ਦੇਖਿਆ।

ਖੱਬੇ ਪੱਖੀਆਂ ਦਾ ਮੰਨਣਾ ਸੀ ਕਿ ਅਮਰੀਕੀ ਮੀਡੀਆ ਇਸ ਲੜੀਵਾਰ ਰਾਹੀਂ ਨਾਜ਼ੀ ਜੁਲਮਾਂ ਦੀ ਕਹਾਣੀ ਦੱਸ ਕੇ ਉੱਚੀ ਰੇਟਿੰਗ ਹਾਸਲ ਕਰਨੀ ਚਾਹੁੰਦਾ ਹੈ। ਸੱਜੇ ਪੱਖੀਆਂ ਦਾ ਕਹਿਣਾ ਸੀ ਕਿ ਇਸ ਸੀਰੀਅਲ ਵਿੱਚ ਜੰਗ ਦੇ ਜਰਮਨ ਪੀੜਤਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ।

ਇਸ ਲੜੀਵਾਰ ਦੀ ਹਾਲੇ ਵੀ ਆਲੋਚਨਾ ਹੁੰਦੀ ਹੈ, ਨਸਲਕੁਸ਼ੀ ਵਿੱਚੋਂ ਬਚ ਜਾਣ ਵਾਲਿਆਂ ਦਾ ਕਹਿਣਾ ਹੈ ਕਿ ਕਹਾਣੀ ਨੂੰ ਸਾਫ਼-ਸੁਥਰਾ ਤੇ ਸਾਧਾਰਨ ਬਣਾਇਆ ਗਿਆ।

ਕੁਝ ਵੀ ਹੋਵੇ ਇਸ ਲੜੀਵਾਰ ਨੇ ਜਰਮਨੀ ਦੇ ਲੋਕਾਂ ਦਾ ਯਹੂਦੀ ਨਸਲਕੁਸ਼ੀ ਬਾਰੇ ਨਜ਼ਰੀਆ ਬਦਲ ਕੇ ਰੱਖ ਦਿੱਤਾ ਅਤੇ ਇਹ ਜਰਮਨੀ ਦੇ ਨਾਜ਼ੀ ਅਤੀਤ ਨਾਲ ਜੁੜਿਆ ਹੋਇਆ ਹੈ।

ਹਾਲਾਂਕਿ ਪਹਿਲਾਂ ਡਰ ਜ਼ਾਹਰ ਕੀਤਾ ਗਿਆ ਸੀ ਕਿ ਇਸ ਸੀਰੀਅਲ ਤੋਂ ਬਾਅਦ ਦੁਨੀਆਂ ਵਿੱਚ ਜਰਮਨੀ ਦਾ ਅਕਸ ਖ਼ਰਾਬ ਹੋਵੇਗਾ।

ਇਸ ਸੀਰੀਅਲ ਨੇ ਜਰਮਨੀ ਵਿੱਚ ਨਵੀਂ ਇਤਿਹਾਸਕ ਚੇਤਨਾ ਪੈਦਾ ਕੀਤੀ, ਲੋਕਾਂ ਵਿੱਚ ਇਤਿਹਾਸ ਦੇ ਉਸ ਦੌਰ ਬਾਰੇ ਜਗਿਆਸਾ ਤੇ ਜਾਨਣ ਦੀ ਭੁੱਖ ਵਿੱਚ ਵਾਧਾ ਹੋਇਆ ਅਤੇ ਇੱਕ ਕੌਮੀ ਬਹਿਸ ਛਿੜੀ।

1980 ਵਿਆਂ ਦੌਰਾਨ ਸਕੂਲਾਂ ਵਿੱਚ ਨਸਲਕੁਸ਼ੀ ਨਾਲ ਜੁੜੀ ਅਧਿਆਪਨ ਸਮੱਗਰੀ ਦੀ ਮੰਗ ਵਿੱਚ ਵਾਧਾ ਹੋਇਆ। ਕਨਸਟਰੇਸ਼ਨ ਕੈਂਪਾਂ ਨੇ ਪਹਿਲੇ ਮੈਮੋਰੀਅਲ ਤੇ ਅਜਾਇਬ ਘਰ ਖੋਲ੍ਹੇ।

ਨਸਲਕੁਸ਼ੀ ਤੇ "ਮੁੜ ਕੇ ਫੇਰ ਕਦੇ ਨਹੀਂ" ਆਧੁਨਿਕ ਜਰਮਨੀ ਦੀ ਸਿਆਸੀ ਪਛਾਣ ਦਾ ਹਿੱਸਾ ਬਣ ਗਿਆ।

ਹਾਲਾਂਕਿ ਸੱਜੇ ਪੱਖੀਆਂ ਦਾ ਕਹਿਣਾ ਹੈ ਕਿ ਜਰਮਨੀ ਨੂੰ ਆਪਣਾ ਅਤੀਤ ਭੁਲਾ ਕੇ ਅੱਗੇ ਵਧਣਾ ਚਾਹੀਦਾ ਹੈ।

ਕੈਪਸ਼ਨ-27 ਜਨਵਰੀ, 1945 ਨੂੰ ਔਸ਼ਵਿਟਜ਼ ਵਿੱਚ ਛੱਡੇ ਜਾਣ ਤੋਂ ਪਹਿਲਾਂ ਔਰਤਾਂ ਤੇ ਬੱਚਿਆਂ ਨੂੰ ਅਮਰੀਕੀ ਦਸਤਿਆਂ ਨੇ ਬੰਦ ਕਰ ਦਿੱਤਾ ਸੀ।

ਕੂਰਬਰ ਫਾਊਂਡੇਸ਼ਨ ਦੇ ਇੱਕ ਸਰਵੇਖਣ ਮੁਤਾਬਕ 14 ਤੋਂ 16 ਸਾਲ ਦੇ ਲਗਭਗ ਅੱਧੇ ਅਲੱੜ੍ਹ ਜਰਮਨਾਂ ਨੂੰ ਔਸ਼ਵਿਟਜ਼ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)