ਲੰਡਨ 'ਚ ਭਾਰਤੀ ਆਜ਼ਾਦੀ ਦਿਹਾੜੇ ਦੇ ਵਾਇਰਲ ਵੀਡੀਓ ਦਾ ਸੱਚ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਵਿਦੇਸ਼ ਦਾ ਇੱਕ ਵੀਡੀਓ ਇਸ ਦਾਅਵੇ ਦਾ ਨਾਲ ਵਾਇਰਲ ਹੋ ਰਿਹਾ ਹੈ ਕਿ ਯੂਕੇ ਦੇ ਲੰਡਨ ਸ਼ਹਿਰ ਵਿੱਚ ਸਥਿਤ 'ਟ੍ਰਫਾਲਗਰ ਸਕੁਏਰ' ਤੇ ਭਾਰਤ ਦੇ 72ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਇਆ ਜਾ ਰਿਹਾ ਹੈ।

ਇਸ ਵਾਇਰਲ ਵੀਡੀਓ ਵਿੱਚ ਕਿਸੇ ਵਿਦੇਸ਼ੀ ਇਮਾਰਤ ਉੱਤੇ ਫਾਈਟਰ ਉਡਾਣਾਂ ਨੂੰ ਭਾਰਤੀ ਝੰਡੇ ਦੇ ਰੰਗ ਪਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਕੁਝ ਵੱਡੇ ਕਥਿਤ ਰਾਸ਼ਟਰਵਾਦੀ ਗਰੁਪਸ ਵਿੱਚ ਇਹ ਵੀਡੀਓ ਇਹ ਕਹਿੰਦਿਆਂ ਸ਼ੇਅਰ ਕੀਤਾ ਗਿਆ ਹੈ ਕਿ 'ਭਾਰਤ ਮਜ਼ਬੂਤ ਹੋ ਰਿਹਾ ਹੈ, ਇਸ ਲਈ ਉਹ ਲੋਕ ਵੀ ਸਾਡੇ ਲਈ ਜਸ਼ਨ ਮਨਾ ਰਹੇ ਹਨ ਜਿਨ੍ਹਾਂ ਨੇ ਕਦੇ ਸਾਡੇ ਦੇਸ 'ਤੇ ਰਾਜ ਕੀਤਾ ਸੀ। ਜੈ ਹਿੰਦ!

ਇਸ ਵੀਡੀਓ ਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਅੰਗਰੇਜ਼ੀ ਵਿੱਚ ਮੈਸੇਜ ਨਾਲ ਪੋਸਟ ਕੀਤਾ ਗਿਆ ਹੈ ਜਿਸ ਨੂੰ ਹੁਣ ਤੱਕ ਸੈਂਕੜੇ ਵਾਰੀ ਦੇਖਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ:

ਜਾਣਬੁੱਝ ਕੇ ਮੀਡੀਆ ਵਿਚ ਨਹੀਂ ਦਿਖਾਇਆ ਗਿਆ!

ਕੁਝ ਲੋਕਾਂ ਦਾ ਇਹ ਦਾਅਵਾ ਹੈ ਕਿ ਇਹ ਵੀਡੀਓ ਜਾਣਬੁਝ ਭਾਰਤੀ ਮੀਡੀਆ ਨੇ ਸਥਾਨਕ ਲੋਕਾਂ ਨੂੰ ਨਹੀਂ ਦਿਖਾਇਆ।

ਇਸ ਦਾਅਵੇ ਨੂੰ ਸਹੀ ਮੰਨਦੇ ਹੋਏ ਜਦੋਂ ਅਸੀਂ ਲੰਡਨ ਵਿਚ ਭਾਰਤੀ ਆਜ਼ਾਦੀ ਦਿਵਸ ਮਨਾਉਣ ਦੀਆਂ ਆਨਲਾਈਨ ਰਿਪੋਰਟਾਂ ਲੱਭੀਆਂ ਤਾਂ ਸਾਨੂੰ ਕੋਈ ਵੱਡੇ ਨਤੀਜੇ ਨਹੀਂ ਮਿਲੇ।

ਹਾਲਾਂਕਿ ਪ੍ਰੈਸ ਟਰੱਸਟ ਆਫ ਇੰਡੀਆ ਦੇ ਹਵਾਲੇ ਨਾਲ ਗਲਫ਼ ਨਿਊਜ਼ ਵਿੱਚ ਛਪੀ ਇੱਕ ਖਬਰ ਮੁਤਾਬਕ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਅਤੇ ਟੀਮ ਦੇ ਹੋਰ ਮੈਂਬਰਾਂ ਨੇ ਲੰਡਨ ਵਿੱਚ 72ਵੇਂ ਆਜ਼ਾਦੀ ਦਿਹਾੜੇ ਮੌਕੇ ਤਿਰੰਗਾ ਲਹਿਰਾਇਆ ਸੀ।

ਇਸ ਮੌਕੇ ਦੀਆਂ ਤਸਵੀਰਾਂ ਨੂੰ ਕ੍ਰਿਕਟਰ ਰਵਿੰਦਰ ਜਡੇਜਾ, ਕੁਲਦੀਪ ਯਾਦਵ ਅਤੇ ਜਸਪ੍ਰੀਤ ਭੁਮਰਾ ਨੇ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ।

ਪਰ ਲੰਡਨ ਵਿਚ ਅਜਿਹੇ ਕਿਸੇ ਵੱਡੇ ਪ੍ਰੋਗਰਾਮ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਜਿਸ ਵਿਚ ਉਡਾਣਾਂ ਨੇ ਭਾਰਤੀ ਝੰਡੇ ਦੇ ਰੰਗ ਅਸਮਾਨ ਵਿੱਚ ਸੁੱਟੇ ਗਏ ਹੋਣ।

ਵੀਡੀਓ ਦੀ ਜਾਂਚ

ਆਪਣੀ ਜਾਂਚ ਵਿੱਚ ਅਸੀਂ ਪਾਇਆ ਹੈ ਕਿ ਇਹ ਵਾਇਰਲ ਵੀਡੀਓ ਬਰਤਾਨੀਆ ਦੇ ਲੰਡਨ ਸ਼ਹਿਰ ਦਾ ਨਹੀਂ ਹੈ।

ਇੱਕ-ਇੱਕ ਫਰੇਮ ਦੇਖਣ ਤੋਂ ਪਤਾ ਚਲਦਾ ਹੈ ਕਿ ਵੀਡੀਓ ਵਿੱਚ ਜਿਸ ਵਿਦੇਸ਼ੀ ਇਮਾਰਤ ਦੇ ਉੱਤੋਂ ਉਡਾਣਾਂ ਲੰਘਦੀਆਂ ਹਨ ਉਸ ਦੇ ਅੱਗੇ ਦੱਖਣੀ ਯੂਰਪ ਵਿੱਚ ਸਥਿਤ ਇਟਲੀ ਦੇ ਝੰਡੇ ਲੱਗੇ ਹੋਏ ਹਨ।

ਇਸ ਤੋਂ ਬਾਅਦ ਜਦੋਂ ਅਸੀਂ ਇਟਲੀ ਵਿਚ ਸਰਕਾਰੀ ਇਮਾਰਤਾਂ ਦੀਆਂ ਤਸਵੀਰਾਂ ਨੂੰ ਲੱਭਿਆ ਤਾਂ ਇਹ ਪਤਾ ਲੱਗਾ ਕਿ ਇਹ ਇਮਾਰਤ ਇਟਲੀ ਦੀ ਰਾਜਧਾਨੀ ਰੋਮ ਵਿਚ ਸਥਿਤ 'ਆਲਟਰ ਆਫ਼ ਦਿ ਫਾਦਰਲੈਂਡ' ਹੈ।

ਪੱਛਮੀ ਰੋਮ ਵਿੱਚ ਸਥਿਤ ਇਹ ਇਮਾਰਤ ਇਟਲੀ ਦੀਆਂ ਸਭ ਤੋਂ ਵੱਡੀਆਂ ਯਾਦਗਾਰਾਂ ਵਿੱਚੋਂ ਇੱਕ ਹੈ ਜਿਸ ਨੂੰ ਇਟਲੀ ਦੇ ਏਕੀਕਰਨ ਤੋਂ ਬਾਅਦ ਪਹਿਲੇ ਰਾਜਾ ਬਣੇ ਵਿਕਟਰ ਇਮੈਨੁਅਲ-II ਦੀ ਯਾਦ ਵਿੱਚ ਬਣਾਇਆ ਗਿਆ ਸੀ।

ਸਾਲ 1911 ਵਿਚ ਇਹ ਇਮਾਰਤ ਆਮ ਲੋਕਾਂ ਲਈ ਖੋਲ੍ਹ ਦਿੱਤੀ ਗਈ ਸੀ। ਇਸ ਨੂੰ ਸਥਾਨਕ ਲੋਕ ਇਟਲੀ ਦਾ ਜੰਗੀ ਮਿਊਜ਼ੀਅਮ ਵੀ ਕਹਿੰਦੇ ਹਨ।

ਇਹ ਵੀ ਪੜ੍ਹੋ:-

ਹਰ ਸਾਲ 2 ਜੂਨ ਨੂੰ ਇਟਲੀ ਦੇ ਗਣਤੰਤਰ ਦਿਹਾੜੇ ਮੌਕੇ ਇਸ ਜੰਗੀ ਮਿਊਜ਼ੀਅਮ ਦੇ ਨੇੜੇ ਫੌਜੀ ਪ੍ਰਦਰਸ਼ਨ ਕੀਤਾ ਜਾਂਦਾ ਹੈ ਅਤੇ ਹਵਾਈ ਜਹਾਜ਼ ਅਸਮਾਨ ਵਿੱਚ ਇਟਲੀ ਦੇ ਝੰਡੇ ਦੇ ਰੰਗਾਂ (ਲਾਲ, ਚਿੱਟਾ ਅਤੇ ਹਰਾ) ਨੂੰ ਖਿਲਾਰਦੇ ਹਨ।

ਇਟਲੀ ਦੀਆਂ ਕਈ ਸਥਾਨਕ ਨਿਊਜ਼ ਸਾਈਟਸ 'ਤੇ ਵਾਇਰਲ ਵੀਡੀਓ ਨਾਲ ਮਿਲਦੇ-ਜੁਲਦੇ ਵੀਡੀਓ ਪੋਸਟ ਕੀਤੇ ਗਏ ਹਨ।

ਭਾਰਤ ਹੀ ਨਹੀਂ, ਕਈ ਵਿਦੇਸ਼ੀ ਸੋਸ਼ਲ ਮੀਡੀਆ ਪੰਨਿਆ 'ਤੇ ਵੀ ਕੁਝ ਮਹੀਨੇ ਪਹਿਲਾਂ ਇਸ ਵੀਡੀਓ ਨੂੰ ਭਾਰਤੀ ਹਵਾਈ ਫੌਜ ਦਾ ਪ੍ਰਦਰਸ਼ਨ ਦੱਸ ਕੇ ਸ਼ੇਅਰ ਕੀਤਾ ਗਿਆ ਸੀ ਪਰ ਇਸ ਵੀਡੀਓ ਦਾ ਭਾਰਤੀ ਆਜ਼ਾਦੀ ਦਿਹਾੜੇ, ਲੰਡਨ ਅਤੇ ਭਾਰਤੀ ਹਵਾਈ ਫੌਜ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)