ਪੱਤਰਕਾਰ ਖਾਸ਼ੋਜੀ ਕਤਲ: ਤੁਰਕੀ ਨੇ ਟੇਪ ਅਮਰੀਕਾ ਤੇ ਸਾਊਦੀ ਅਰਬ ਨੂੰ ਸੌਂਪੇ

ਤੁਰਕੀ ਨੇ ਜਾਣਕਾਰੀ ਦਿੱਤੀ ਹੈ ਕਿ ਉਸਨੇ ਪੱਤਰਕਾਰ ਜਮਾਲ ਖਾਸ਼ੋਜੀ ਦੇ ਕਤਲ ਨਾਲ ਜੁੜੀ ਰਿਕਾਰਡਿੰਗ ਅਮਰੀਕਾ, ਬਰਤਾਨੀਆ ਅਤੇ ਸਾਊਦੀ ਅਰਬ ਨਾਲ ਸਾਂਝੀ ਕੀਤੀ ਹੈ।

ਤੁਰਕੀ ਦੇ ਰਾਸ਼ਟਰਪਤੀ ਰਜ਼ਪ ਤਾਇਪ ਅਰਦੋਆਨ ਨੇ ਇੱਕ ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਸਾਰੀ ਜਾਣਕਾਰੀ ਸਾਊਦੀ ਅਰਬ ਨੂੰ ਦਿੱਤੀ ਹੈ।

ਪੱਤਰਕਾਰ ਖਾਸ਼ੋਜੀ ਨੂੰ ਸਾਊਦੀ ਅਰਬ ਦੀ ਸਰਕਾਰ ਖ਼ਾਸ ਕਰਕੇ ਕ੍ਰਾਊਨ ਪ੍ਰਿੰਸ ਮੋਹੰਮਦ ਬਿਨ ਸਲਮਾਨ ਦੇ ਆਲੋਚਕ ਮੰਨਿਆ ਜਾਂਦਾ ਸੀ। 2 ਅਕਤੂਬਰ ਨੂੰ ਉਨ੍ਹਾਂ ਦਾ ਤੁਰਕੀ ਦੀ ਰਾਜਧਾਨੀ ਇਸਤੰਬੁਲ ਵਿਚਲੇ ਸਾਊਦੀ ਅਰਬ ਦੇ ਸਫ਼ਾਰਤਖ਼ਾਨੇ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਸਾਊਦੀ ਨੇ ਹਾਲਾਂਕਿ ਕਤਲ ਦੀ ਪੁਸ਼ਟੀ ਕੀਤੀ ਸੀ ਪਰ ਇਸ ਵਿੱਚ ਸ਼ਾਹੀ ਪਰਿਵਾਰ ਦੇ ਹੱਥ ਦੇ ਦਾਆਵੇ ਤੋਂ ਇਨਕਾਰ ਕੀਤਾ ਸੀ।

ਮੁੱਢ ਵਿੱਚ ਸਾਊਦੀ ਅਰਬ ਦਾ ਕਹਿਣਾ ਸੀ ਕਿ ਖ਼ਾਸ਼ੋਜੀ ਸਫ਼ਾਰਤਖ਼ਾਨੇ ਤੋਂ ਸਹੀ ਸਲਾਮਤ ਬਾਹਰ ਚਲੇ ਗਏ ਸਨ।

ਤੁਰਕੀ ਨੇ ਕਦੇ ਵੀ ਸਾਊਦੀ ਅਰਬ ਨੂੰ ਕਸੂਰਵਾਰ ਨਹੀਂ ਠਹਿਰਾਇਆ।

ਤੁਰਕੀ ਦੇ ਰਾਸ਼ਟਰਪਤੀ ਨੇ ਸ਼ਨਿੱਚਰਵਾਰ ਨੂੰ ਇੱਕ ਟੀਵੀ ਪ੍ਰਸਾਰਣ ਵਿੱਚ ਕਿਹਾ, "ਅਸੀਂ ਸਾਊਦੀ ਅਰਬ, ਵਾਸ਼ਿੰਗਟਨ, ਜਰਮਨੀ, ਫਰਾਂਸ ਅਤੇ ਇੰਗਲੈਂਡ ਨੂੰ ਰਿਕਾਰਡਿੰਗ ਦੇ ਦਿੱਤੀ ਹੈ।"

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ 'ਉਸ ਦਿਨ ਉੱਥੇ ਹੋਇਆ ਗੱਲਬਾਤ ਸੁਣਿਆ ਹੈ'" ਹਾਲਾਂਕਿ ਕਿਸੇ ਹੋਰ ਦੇਸ ਜਾਂ ਆਗੂ ਨੇ ਇਹ ਗੱਲਬਾਤ ਸੁਣਨ ਦੀ ਪੁਸ਼ਟੀ ਨਹੀਂ ਕੀਤੀ।

ਹਾਲਾਂਕਿ ਕਿਸੇ ਹੋਰ ਦੇਸ ਨੇ ਹਾਲੇ ਤੱਕ ਇਹ ਨਹੀਂ ਕਿਹਾ ਕਿ ਉਸਨੇ ਇਹ ਰਿਕਾਰਡਿੰਗ ਸੁਣੀ ਹੈ।

ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਨੇ ਬੀਬੀਸੀ ਦੇ ਪੁੱਛਣ ਤੇ ਨਾ ਤਾਂ ਟੇਪ ਮਿਲਣ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਇਨਕਾਰ ਕੀਤਾ।

ਖ਼ਾਸ਼ੋਜੀ ਦੀ ਮੰਗੇਤਰ ਨੇ ਦੁਨੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਉਹ ਮਰਹੂਮ ਦੇ ਕਾਤਲਾਂ ਨੂੰ ਇਨਸਾਫ਼ ਦੇ ਘੇਰੇ ਵਿੱਚ ਲਿਆਂਦਾ ਜਾਵੇ।

ਖ਼ਾਸ਼ੋਜੀ ਕਤਲ: ਹੁਣ ਤੱਕ ਜੋ ਪਤਾ ਹੈ

ਖ਼ਾਸ਼ੋਜੀ ਦੀ ਮੌਤ ਕਿਵੇਂ ਹੋਈ ਇਸ ਬਾਰੇ ਹਾਲੇ ਕੋਈ ਸਹਿਮਤੀ ਨਹੀਂ ਬਣ ਸਕੀ। ਉਹ ਸਫ਼ਾਰਤਖ਼ਾਨੇ ਵਿੱਚ ਆਪਣੇ ਵਿਆਹ ਦੇ ਕਾਗਜ਼ਾਤ ਲੈਣ ਗਏ ਸਨ, ਪਰ ਬਾਹਰ ਨਹੀਂ ਆਏ।

ਸ਼ੁਰੂਆਤ ਵਿੱਚ ਤੁਰਕੀ ਨੇ ਦਾਅਵਾ ਕੀਤਾ ਕਿ ਉਸ ਕੋਲ ਮੌਜੂਦ ਆਵਾਜੀ-ਰਿਕਾਰਡਿੰਗ ਮੁਤਾਬਕ ਉਨ੍ਹਾਂ ਨੂੰ ਤਸੀਹੇ ਦੇ ਕੇ ਕਤਲ ਕੀਤਾ ਗਿਆ।

ਪਿਛਲੇ ਹਫ਼ਤ ਤੁਰਕੀ ਨੇ ਦਾਅਵਾ ਕੀਤਾ ਕਿ ਖਾਸ਼ੋਜੀ ਦੇ ਸਫ਼ਾਰਤਖ਼ਾਨੇ ਵਿੱਚ ਵੜਦਿਆਂ ਹੀ ਗਲਾ ਦੱਬ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਫੇਰ ਪਹਿਲੋਂ ਬਣਾਈ ਯੋਜਨਾ ਮੁਤਾਬਕ ਲਾਸ਼ ਨੂੰ ਖ਼ੁਰਦ-ਬੁਰਦ ਕਰ ਦਿੱਤਾ ਗਿਆ।

ਹਾਲੇ ਲਾਸ਼ ਨਹੀਂ ਮਿਲੀ ਤੇ ਤੁਰਕੀ ਦਾ ਕਹਿਣਾ ਹੈ ਕਿ ਉਸਨੂੰ ਤੇਜ਼ਾਬ ਵਿੱਚ ਪਾਕੇ ਗਾਲ਼ ਦਿੱਤਾ ਗਿਆ।

ਇਸ ਪੂਰੇ ਮਾਮਲੇ ਵਿੱਚ ਸਾਊਦੀ ਵਾਰ-ਵਾਰ ਆਪਣੇ ਬਿਆਨ ਬਦਲਦਾ ਰਿਹਾ ਹੈ।

ਪੱਤਰਕਾਰ ਖਾਸ਼ੋਜੀ ਬਾਰੇ ਹੋਰ ਪੜ੍ਹੋ:

ਪਹਿਲਾਂ ਉਹ ਕਹਿ ਰਿਹਾ ਸੀ ਕਿ ਉਹ ਸਹੀ ਸਲਾਮਤ ਬਾਹਰ ਆ ਗਏ ਸਨ ਫੇਰ ਉਸ ਨੇ ਕਤਲ ਕੀਤਾ ਜਾਣਾ ਮੰਨਿਆ।

ਸਾਊਦੀ ਨੇ 18 ਸ਼ੱਕੀਆਂ ਦੇ ਫੜ੍ਹੇ ਜਾਣ ਦੀ ਗੱਲ ਵੀ ਕੀਤੀ ਤਾਂ ਜੋ ਉਨ੍ਹਾਂ ਉੱਪਰ ਮੁੱਕਦਮਾਂ ਚਲਾਇਆ ਜਾ ਸਕੇ। ਤੁਰਕੀ ਇਨ੍ਹਾਂ ਲੋਕਾਂ ਦੀ ਹਵਾਲਗੀ ਦੀ ਮੰਗ ਕਰਦਾ ਰਿਹਾ ਹੈ।

ਕੌਣ ਸਨ ਪੱਤਰਕਾਰ ਖ਼ਾਸ਼ੋਜੀ?

ਜਮਾਲ ਖਾਸ਼ੋਗੀ ਨੇ ਸਾਊਦੀ ਮੀਡੀਆ ਅਦਾਰਿਆਂ ਲਈ ਵੱਡੀਆਂ ਖ਼ਬਰਾਂ ਰਿਪੋਰਟ ਕੀਤੀਆਂ ਹਨ। ਉਹ ਪਹਿਲਾਂ ਤਾਂ ਸਊਦੀ ਸਰਕਾਰ ਦੇ ਵੀ ਸਲਾਹਕਾਰ ਸਨ ਪਰ ਫਿਰ ਉਹ ਰਿਸ਼ਤਾ ਖੱਟਾ ਹੋ ਗਿਆ।

  • ਉਹ ਇਸ ਤੋਂ ਬਾਅਦ ਗੁਪਤਵਾਸ 'ਚ ਅਮਰੀਕਾ ਜਾ ਕੇ ਰਹਿਣ ਲੱਗੇ ਅਤੇ ਵਾਸ਼ਿੰਗਟਨ ਪੋਸਟ ਅਖ਼ਬਾਰ ਲਈ ਇੱਕ ਮਹੀਨੇਵਾਰ ਲੇਖ ਲਿਖਣ ਲੱਗੇ।
  • ਮਦੀਨਾ 'ਚ 1958 ਵਿੱਚ ਪੈਦਾ ਹੋਏ ਜਮਾਲ ਖਾਸ਼ੋਗੀ ਨੇ ਅਮਰੀਕਾ ਦੀ ਇੰਡੀਆਨਾ ਸਟੇਟ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਿਨੀਸਟ੍ਰੇਸ਼ਨ ਦੀ ਪੜ੍ਹਾਈ ਕੀਤੀ।
  • ਉਸ ਤੋਂ ਬਾਅਦ ਉਹ ਮੁੜ ਸਾਊਦੀ ਅਰਬ ਆ ਗਏ ਅਤੇ 1980ਵਿਆਂ ਵਿੱਚ ਖੇਤਰੀ ਅਖ਼ਬਾਰਾਂ ਲਈ ਅਫ਼ਗਾਨਿਸਤਾਨ ਉੱਪਰ ਸੋਵੀਅਤ ਹਮਲਿਆਂ ਦੀ ਰਿਪੋਰਟਿੰਗ ਕਰਕੇ ਆਪਣੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ ਕੀਤੀ।
  • ਉੱਥੇ ਉਨ੍ਹਾਂ ਓਸਾਮਾ ਬਿਨ ਲਾਦੇਨ ਦੇ ਉਭਾਰ ਨੂੰ ਨੇੜਿਓਂ ਦੇਖਿਆ ਅਤੇ 1980-1990 ਦੇ ਦਹਾਕਿਆਂ ਦੌਰਾਨ ਅਲਕਾਇਦਾ ਦੇ ਆਗੂ ਓਸਾਮਾ ਬਿਨ ਲਾਦੇਨ ਦਾ ਇੰਟਰਵਿਊ ਲਿਆ।
  • ਓਸਾਮਾ ਬਿਨ ਲਾਦੇਨ ਦੀ ਇੰਟਰਵਿਊ ਤੋਂ ਬਾਅਦ ਉਨ੍ਹਾਂ ਆਪਣੇ ਖੇਤਰ ਦੀਆਂ ਕਈ ਮੁੱਖ ਘਟਨਾਵਾਂ ਦੀ ਰਿਪੋਰਟਿੰਗ ਕੀਤੀ ਜਿਨ੍ਹਾਂ ਵਿੱਚ ਕੁਵੈਤ ਦੀ ਖਾੜੀ ਜੰਗ ਵੀ ਸ਼ਾਮਿਲ ਸੀ।
  • 1990ਵਿਆਂ ਵਿੱਚ ਖ਼ਾਗੋਸ਼ੀ ਸਾਊਦੀ ਅਰਬ ਪਰਤ ਆਏ ਅਤੇ 1999 ਵਿੱਚ ਇੱਕ ਅੰਗਰੇਜ਼ੀ ਅਖ਼ਬਾਰ ਅਰਬ ਨਿਊਜ਼ ਦੇ ਡਿਪਟੀ ਐਡੀਟਰ ਬਣੇ।
  • 2003 ਵਿੱਚ ਜਮਾਲ ਅਲ ਵਤਨ ਅਖ਼ਬਾਰ ਦੇ ਸੰਪਾਦਕ ਬਣੇ ਪਰ ਆਪਣੇ ਕਾਰਜਕਾਲ ਦੇ ਦੋ ਮਹੀਨਿਆਂ ਵਿੱਚ ਹੀ ਸਾਊਦੀ ਸਰਕਾਰ ਖ਼ਿਲਾਫ਼ ਆਲੋਚਨਾਤਮਕ ਖ਼ਬਰਾਂ ਛਾਪਣ ਕਾਰਨ ਬਰਖ਼ਾਸਤ ਕਰ ਦਿੱਤੇ ਗਏ।

ਇਹ ਵੀ ਪੜ੍ਹੋ: