ਇੰਝ ਜਾਣੋ ਭਵਿੱਖ 'ਚ ਹੋਣ ਵਾਲੀ ਡਾਇਬਿਟੀਜ਼ ਬਾਰੇ

    • ਲੇਖਕ, ਐਲੈਕਸ ਥਿਰੇਨ
    • ਰੋਲ, ਸਿਹਤ ਰਿਪੋਰਟਰ, ਬੀਬੀਸੀ

ਵਿਗਿਆਨੀਆਂ ਦਾ ਕਹਿਣਾ ਹੈ ਕਿ ਲੱਛਣਾਂ ਤੋਂ ਟਾਈਪ-2 ਡਾਇਬਿਟੀਜ਼ ਹੋਣ ਦਾ 20 ਸਾਲ ਪਹਿਲਾਂ ਪਤਾ ਕੀਤਾ ਜਾ ਸਕਦਾ ਹੈ।

ਖੋਜ ਵਿੱਚ ਸਾਹਮਣੇ ਆਇਆ ਹੈ ਕਿ ਪ੍ਰੀ-ਡਾਇਬਿਟੀਜ਼ ਹੋਣ ਤੋਂ ਪਹਿਲਾਂ ਹੀ ਕੁਝ ਲੱਛਣ ਦੇਖੇ ਜਾ ਸਕਦੇ ਹਨ ਜੋ ਕਿ ਬਿਮਾਰੀ ਦੇ ਸੰਕੇਤ ਹਨ — ਜਿਵੇਂ ਕਿ ਬਲੱਡ ਸ਼ੂਗਰ ਦਾ ਵਧਦਾ ਪੱਧਰ ਅਤੇ ਇੰਸੂਲਿਨ ਲਈ ਪ੍ਰਤੀਰੋਧ।

ਇਸ ਲਈ ਬਿਮਾਰੀ ਨੂੰ ਰੋਕਣ ਲਈ ਜ਼ਰੂਰੀ ਕੋਸ਼ਿਸ਼ਾਂ ਕਾਫ਼ੀ ਪਹਿਲਾਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ।

ਇੱਕ ਹੋਰ ਖੋਜ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ 30 ਸਾਲ ਦੀ ਉਮਰ ਤੋਂ ਬਾਅਦ ਟਾਇਪ-1 ਡਾਇਬਟੀਜ਼ ਹੋਣ ਬਾਬਤ ਪਤਾ ਲਗਾਉਣ ਵਿੱਚ ਗਲਤੀ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ:

ਛੇਤੀ ਕਦਮ ਜ਼ਰੂਰੀ

ਸਾਲ 2005 ਤੇ 2016 ਦੌਰਾਨ ਜਪਾਨ ਵਿੱਚ 30 ਤੋਂ 50 ਸਾਲਾਂ ਦੀ ਉਮਰ ਦੇ 27 ਹਜ਼ਾਰ ਸ਼ੂਗਰ-ਮੁਕਤ ਲੋਕਾਂ, ਜਿਸ ਵਿੱਚ ਜ਼ਿਆਦਾਤਰ ਆਦਮੀ ਸਨ, ’ਤੇ ਇੱਕ ਅਧਿਐਨ ਕੀਤਾ ਗਿਆ।

ਇਹ ਅਧਿਐਨ ਉਸ ਸਮੇਂ ਤੱਕ ਜਾਰੀ ਰਿਹਾ ਜਦੋਂ ਤੱਕ ਉਨ੍ਹਾਂ ’ਚ ਟਾਇਪ-2 ਡਾਇਬਟੀਜ਼ ਜਾਂ ਫੇਰ ਪ੍ਰੀ-ਡਾਇਬਟੀਜ਼ (ਬਲੱਡ ਸ਼ੂਗਰ ’ਚ ਅਸਾਧਾਰਣ ਵਾਧਾ ਹੋਣਾ) ਨਹੀਂ ਹੋ ਗਈ। ਬਾਕੀ ਲੋਕਾਂ 'ਤੇ ਸਾਲ 2016 ਦੇ ਅੰਤ ਤੱਕ ਅਧਿਐਨ ਜਾਰੀ ਰਿਹਾ। ਇਸ ਦੌਰਾਨ ਟਾਈਪ-2 ਡਾਇਬਟੀਜ਼ ਦੇ 1,067 ਨਵੇਂ ਕੇਸ ਸਾਹਮਣੇ ਆਏ।

ਵਿਗਿਆਨੀਆਂ ਨੇ ਦੇਖਿਆ ਕਿ ਬਿਮਾਰੀ ਬਾਰੇ ਪਤਾ ਲੱਗਣ ਤੋਂ ਪਹਿਲਾਂ 10 ਸਾਲਾਂ ਵਿਚ ਵਧਿਆ ਹੋਈ ਫਾਸਟਿੰਗ ਬਲੱਡ ਸ਼ੂਗਰ ਪੱਧਰ, ਇਨਸੁਲਿਨ ਲਈ ਪ੍ਰਤੀਰੋਧ ਅਤੇ ਵਧਿਆ ਹੋਇਆ ਭਾਰ ਹੈ।

ਇਹੀ ਉਨ੍ਹਾਂ ਲੋਕਾਂ ’ਚ ਵੀ ਦੇਖਣ ਨੂੰ ਮਿਲਿਆ, ਜਿੰਨ੍ਹਾਂ ਨੂੰ ਬਾਅਦ ਵਿਚ ਪ੍ਰੀ-ਡਾਇਬਟੀਜ਼ ਨਾਲ ਪੀੜਤ ਪਾਇਆ ਗਿਆ। ਭਾਵੇਂ ਇਹ ਲੱਛਣ ਟਾਇਪ-2 ਡਾਇਬਟੀਜ਼ ਦੇ ਮੁਕਾਬਲੇ ਘੱਟ ਤੀਬਰ ਸਨ, ਪਰ ਇਹ ਵੀ ਇੱਕ ਦਹਾਕੇ ਪਹਿਲਾਂ ਹੀ ਵੇਖੇ ਜਾ ਸਕਦੇ ਸਨ।

ਇਹ ਵੀ ਪੜ੍ਹੋ:

ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਟਾਈਪ-2 ਡਾਇਬਟੀਜ਼ ਹੋਣ ਤੋਂ ਪਹਿਲਾਂ ਪ੍ਰੀ-ਡਾਇਬਟੀਜ਼ ਦੇ ਪੜਾਅ ਤੋਂ ਲੰਘਣਾ ਪੈਂਦਾ ਹੈ, ਖੋਜਕਾਰਾਂ ਦਾ ਮੰਨਣਾ ਹੈ ਕਿ 20 ਸਾਲ ਪਹਿਲਾਂ ਹੀ ਇਸ ਦੇ ਚਿਤਾਵਨੀ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਹਨ।

ਜਾਪਾਨ ਦੇ ਮਾਤਸੂਮੋਟੋ ਸਥਿਤ ਐਜ਼ਾਵਾ ਹਸਪਤਾਲ ਦੇ ਡਾ. ਹਿਰੋਯੂਕੀ ਸਾਗੇਸਾਕਾ ਦੁਆਰਾ ਇਸ ਸਬੰਧੀ ਇੱਕ ਖੋਜ ਦੀ ਅਗੁਵਾਈ ਕੀਤੀ ਗਈ।

ਉਨ੍ਹਾਂ ਦਾ ਕਹਿਣਾ ਹੈ ਕਿ, "ਲੰਮੇ ਸਮੇਂ ਤੱਕ ਧਿਆਨ ਦੇਣ ਦੇ ਬਾਵਜੂਦ, ਪ੍ਰੀ-ਡਾਇਬਟੀਜ਼ ਨਾਲ ਪੀੜਤ ਲੋਕਾਂ ਵਿੱਚ ਟੈਸਟ ਘੱਟ ਹੀ ਕਾਮਯਾਬ ਹੋਏ ਹਨ। ਪ੍ਰੀ-ਡਾਇਬਟੀਜ਼ ਦੇ ਪੜਾਅ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਦਖਲ ਦੇਣ ਦੀ ਲੋੜ ਹੈ।" ਭਾਵੇਂ ਇਹ ਦਵਾਈਆਂ ਦੇ ਸਹਾਰੇ ਕੀਤਾ ਜਾਵੇ, ਜਾਂ ਫੇਰ ਜੀਵਨਸ਼ੈਲੀ ਵਿੱਚ ਬਦਲਾਅ ਲਿਆ ਕੇ।

ਇਹ ਵੀ ਪੜ੍ਹੋ:

ਇੱਕ ਹੋਰ ਵੱਖਰੀ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕਾਂ ਵਿੱਚ ਜ਼ਿੰਦਗੀ ਦੇ ਠਲਦੇ ਸਾਲਾਂ ਵਿੱਚ ਟਾਈਪ -1 ਵਿਕਸਤ ਹੁੰਦੀ ਹੈ, ਖ਼ਤਰਾ ਹੈ ਕਿ ਉਨ੍ਹਾਂ ਨੂੰ ਗਲਤੀ ਨਾਲ ਟਾਈਪ-2 ਦੱਸ ਦਿੱਤੀ ਜਾਵੇ। ਜਾਂਚ ਟਾਇਪ-2 ਡਾਇਬਟੀਜ਼ ਦੀ ਹੋਵੇ ਤੇ ਅਸਲ ’ਚ ਉਹ ਟਾਇਪ-1 ਦੇ ਮਰੀਜ਼ ਹੋਣ।

ਇੱਕ ਹੋਰ ਅਧਿਐਨ ਨੇ ਸੰਕੇਤ ਦਿੱਤੇ ਹਨ ਕਿ 30 ਸਾਲਾਂ ਤੋਂ ਵੱਧ ਉਮਰ ਦੇ 39 ਫ਼ੀਸਦੀ ਉਹ ਲੋਕ ਜੋ ਕਿ ਟਾਈਪ-1 ਡਾਇਬਟੀਜ਼ ਨਾਲ ਪੀੜਤ ਸਨ, ਉਨ੍ਹਾਂ ਨੂੰ ਤੁਰੰਤ ਇੰਸੂਲਿਨ ਨਹੀਂ ਦਿੱਤੀ ਗਈ। ਟਾਇਪ-1 ਦੇ ਮਾਮਲਿਆਂ ਵਿੱਚ ਤੁਰੰਤ ਇੰਸੂਲਿਨ ਦੇਣਾ ਜ਼ਰੂਰੀ ਹੁੰਦਾ ਹੈ, ਜਦੋਂ ਕਿ ਟਾਇਪ-2 ਵਿੱਚ ਸਥਿਤੀ ਨੂੰ ਕਸਰਤ ਅਤੇ ਖੁਰਾਕ ਨਾਲ ਬਹਿਤਰ ਕੀਤਾ ਜਾ ਸਕਦਾ ਹੈ।

ਯੂਨੀਵਰਸਿਟੀ ਆਫ਼ ਐਕਸੈਟਰ ਦੇ ਡਾ. ਨਿੱਕ ਥੌਮਸ ਦੁਆਰਾ ਵੀ ਇੱਕ ਰਿਸਰਚ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ, "ਸਹੀ ਇਲਾਜ ਕਰਨ ਲਈ ਸਹੀ ਬਿਮਾਰੀ ਦਾ ਪਤਾ ਲੱਗਣਾ ਬਹੁਤ ਮਹੱਤਵਪੂਰਣ ਹੈ।"

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)