ਮਿਲੋ ਫੋਰਬਸ ਰਸਾਲੇ ਨੇ ਕਿਹੜੇ ਨੌਜਵਾਨ ਭਾਰਤੀਆਂ ਨੂੰ ਅਮੀਰਾਂ ਦੀ ਸੂਚੀ 'ਚ ਗਿਣਿਆ ਹੈ

ਫੋਰਬਸ ਰਸਾਲੇ ਨੇ ਇਸ ਸਾਲ ਦੇ ਅਮੀਰ ਭਾਰਤੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ।

ਲਗਾਤਾਰ ਗਿਆਰਵੇਂ ਸਾਲ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਪਹਿਲੇ ਨੰਬਰ ਉੱਪਰ ਬਰਕਰਾਰ ਹਨ।

ਫੋਰਬਸ ਮੁਤਾਬਕ ਉਨ੍ਹਾਂ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ 43.3 ਬਿਲੀਅਨ ਡਾਲਰ ਭਾਵ ਲਗਪਗ 3.48 ਲੱਖ ਕਰੋੜ ਰੁਪਏ ਦੀ ਹੈ।

ਇਸ ਸੂਚੀ ਵਿੱਚ ਦੂਜੇ ਦਰਜੇ ਉੱਪਰ ਹਨ ਵਿਪਰੋ ਵਾਲੇ ਅਜ਼ੀਮ ਪ੍ਰੇਮਜੀ, ਤੀਜੇ ਨੰਬਰ ਉੱਪਰ ਲਕਸ਼ਮੀ ਮਿੱਤਲ, ਚੌਥੇ ਨੰਬਰ 'ਤੇ ਹਿੰਦੂਜਾ ਭਰਾ ਅਤੇ ਪੰਜਵੇਂ ਦਰਜੇ ਉੱਪਰ ਮੁਕਾਮ ਕੀਤਾ ਹੈ ਪਾਲੋਨਜੀ ਮਿਸਤਰੀ ਨੇ।

ਭਾਰਤ ਦੇ ਇਨ੍ਹਾਂ ਸਾਰੇ ਅਮੀਰਾਂ ਦੀ ਉਮਰ 61 ਤੋਂ 89 ਸਾਲ ਦੇ ਵਿਚਕਾਰ ਹੈ। ਇਹ ਸੂਚੀ ਸੌ ਅਮੀਰਾਂ ਦੀ ਹੈ ਜਿਨ੍ਹਾਂ ਵਿੱਚ ਕਈ ਨੌਜਵਾਨ ਵੀ ਸ਼ਾਮਲ ਹਨ।

ਭਾਰਤ ਦੇ ਸਭ ਤੋਂ ਛੋਟੀ ਉਮਰ ਦੇ ਅਮੀਰ

ਭਾਵਿਨ ਅਤੇ ਦਿਵਿਆਂਗ ਤੁਰਖਿਆ

ਭਾਵਿਨ ਅਤੇ ਦਿਵਿਆਂਗ ਤੁਰਖਿਆ ( 36 ਅਤੇ 38 ਸਾਲ) ਡਾਇਰੈਕਟ ਆਈ ਫੋਰਬਸ ਦੇ ਸਿਖਰਲੇ 100 ਧਨ ਕੁਬੇਰਾਂ ਦੀ ਸੂਚੀ ਵਿੱਚ ਇਹੀ ਦੋ ਭਰਾ ਸਭ ਤੋਂ ਘੱਟ ਉਮਰ ਦੇ ਹਨ। ਇਨ੍ਹਾਂ ਨੂੰ ਤੁਰਖਿਆ ਭਰਾ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੋਹਾਂ ਨੇ ਮਿਲ ਕੇ ਡਾਇਰੈਕਟ ਆਈ ਕੰਪਨੀ ਬਣਾਈ ਹੈ।

ਇਹ ਕੰਪਨੀ ਵੱਖ - ਵੱਖ ਤਕਨੀਕੀ ਕੰਪਨੀਆਂ ਦਾ ਸਮੂਹ ਹੈ। ਸਾਲ 1998 ਵਿੱਚ ਇਸ ਦੀ ਸਥਾਪਨਾ ਸਮੇਂ 25 ਹਜ਼ਾਰ ਰੁਪਏ ਲਗਾਏ ਗਏ ਸਨ ਪਰ ਹੁਣ ਇਹ ਕੰਪਨੀ 1.55 ਬਿਲੀਅਨ ਡਾਲਰ ਜਾਂ 11,433 ਕਰੋੜ ਰੁਪਏ ਦੀ ਮਾਲਕ ਹੈ।

ਸੌ ਬੰਦਿਆਂ ਦੀ ਸੂਚੀ ਵਿੱਚ ਇਨ੍ਹਾਂ ਭਰਾਵਾਂ ਦਾ ਦਰਜਾ 97 ਹੈ। ਇਨ੍ਹਾਂ ਭਰਾਵਾਂ ਨੇ ਪਹਿਲਾਂ ਗੇਮਿੰਗ ਖੇਤਰ ਵਿੱਚ ਬਿਜ਼ਨਸ ਆਰੰਭ ਕੀਤਾ ਅਤੇ ਬਾਅਦ ਵਿੱਚ ਵੈਬ ਹੋਸਟਿੰਗ, ਆਨ ਲਾਈਨ ਐਡਵਰਟਾਈਜ਼ਿੰਗ ਅਤੇ ਐਪਲੀਕੇਸ਼ਨਾਂ ਵਿੱਚ ਕਾਮਯਾਬੀ ਹਾਸਲ ਕੀਤੀ।

ਭਾਰਤ ਦੇ ਨਾਲ-ਨਾਲ ਇਨ੍ਹਾਂ ਦੀ ਕੰਪਨੀ ਅਮਰੀਕਾ ਅਤੇ ਸੰਯੁਕਤ ਰਾਜ ਅਰਬ ਅਮੀਰਾਤ ਤੋਂ ਕੰਮ ਕਰਦੀ ਹੈ।

ਵਿਜੇ ਸ਼ੇਖ਼ਰ ਸ਼ਰਮਾ (40 ਸਾਲ) ਪੇਟੀਐਮ

ਭਾਰਤ ਵਿੱਚ ਨੋਟਬੰਦੀ ਤੋਂ ਬਾਅਦ ਪੇਟੀਐਮ ਨੇ ਵਰਨਣਯੋਗ ਸਫ਼ਲਤਾ ਹਾਸਲ ਕੀਤੀ। ਡਿਜੀਟਲ ਬਿਲ ਭੁਗਤਾਨ ਨਾਲ ਸ਼ੁਰੂ ਹੋਇਆ ਸਫ਼ਰ ਅੱਜ ਈ-ਕਾਮਰਸ ਦੀ ਦੁਨੀਆਂ ਵਿੱਚ ਦਾਖ਼ਲ ਹੋ ਚੁੱਕਾ ਹੈ।

ਸਾਲ 2010 ਵਿੱਚ ਵਿਜੇ ਸ਼ੇਖ਼ਰ ਸ਼ਰਮਾ ਨੇ ਪੇਟੀਐਮ ਦੀ ਨੀਂਹ ਰੱਖੀ ਸੀ। ਫੋਰਬਸ ਦੀਆਂ ਸਿਖਰਲੇ 100 ਅਮੀਰਾਂ ਵਿੱਚ ਉਨ੍ਹਾਂ ਦਾ 74 ਵਾਂ ਦਰਜਾ ਹੈ।

ਪੇਟੀਐਮ ਅੱਜ 15,855 ਕਰੋੜ ਰੁਪਏ ਦੀ ਕੰਪਨੀ ਹੈ। ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਨਾਲ ਸਬੰਧਿਤ ਵਿਜੇ ਨੂੰ ਸ਼ੁਰੂ ਵਿੱਚ ਅੰਗਰੇਜ਼ੀ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਜਦੋਂ ਅੰਗਰੇਜ਼ੀ ਕੁਝ ਠੀਕ ਹੋਈ ਤਾਂ ਉਨ੍ਹਾਂ ਨੇ ਬੀਟੈਕ ਦੀ ਪੜ੍ਹਾਈ ਕੀਤੀ ਅਤੇ ਇਸੇ ਦੌਰਾਨ ਉਨ੍ਹਾਂ ਨੇ ਆਪਣੇ ਵਪਾਰ ਦੀ ਸ਼ੁਰੂਆਤ ਕੀਤੀ।

ਸ਼ਮਸ਼ੀਰ ਵਾਯਲੀਲ ( 41 ਸਾਲ), ਵੀਪੀਐਲ ਹੈਲਥ ਕੇਅਰ

ਤੀਜੇ ਸਭ ਤੋਂ ਨੌਜਵਾਨ ਭਾਰਤੀ ਅਮੀਰ ਹਨ, ਸ਼ਮਸ਼ੀਰ ਵਾਯੀਲੀਲ। 41 ਸਾਲਾਂ ਦੇ ਸ਼ਮਸ਼ੀਰ ਵੀਪੀਐਸ ਹੈਲਥ ਕੇਅਰ ਦੇ ਮਾਲਕ ਹਨ। ਫੋਰਬਸ ਸੂਚੀ ਵਿੱਚ ਉਹ 98ਵੇਂ ਦਰਜੇ ਉੱਪਰ ਹਨ।

ਉਨ੍ਹਾਂ ਦੀ ਕੰਪਨੀ 11,369 ਕਰੋੜ ਰੁਪਏ ਦੀ ਹੈ।

ਉਨ੍ਹਾਂ ਨੇ ਆਪਣੇ ਵਪਾਰਿਕ ਜੀਵਨ ਦੀ ਸ਼ੁਰੂਆਤ ਇੱਕ ਹਸਪਤਾਲ ਤੋਂ ਕੀਤੀ ਸੀ। ਜਿਸ ਨੇ ਹੌਲੇ-ਹੌਲੇ ਆਪਣੀ ਪਹੁੰਚ ਸੰਯੁਕਤ ਰਾਜ ਅਰਬ ਅਮੀਰਾਤ ਤੇ ਓਮਾਨ ਵਿੱਚ ਕਾਇਮ ਕਰ ਲਈ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਆਪਣਾ ਜੀਵਨ ਆਬੂਧਾਬੀ ਵਿੱਚ ਇੱਕ ਰੇਡੀਔਲੋਜਿਸਟ( ਐਕਸਰੇ ਕਰਨ ਵਾਲੇ) ਵਜੋਂ ਸ਼ੁਰੂ ਕੀਤਾ। ਇੱਕ ਸਾਲ ਨੌਕਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਵੀਪੀਐਲ ਹੈਲਥ ਕੇਅਰ ਤਹਿਤ ਐਲਐਲਐਚ ਹਸਪਤਾਲ ਦੀ ਸ਼ੁਰੂਆਤ ਕੀਤੀ।

ਉਨ੍ਹਾਂ ਦਾ ਜਨਮ ਕੇਰਲ ਵਿੱਚ ਹੋਇਆ ਅਤੇ ਚੇਨਈ ਦੇ ਮੈਡੀਕਲ ਕਾਲਜ ਤੋਂ ਪੜ੍ਹਾਈ ਪੂਰੀ ਕੀਤੀ।

ਕੇਰਲ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਤੋਂ ਬਾਅਦ ਉਨ੍ਹਾਂ ਨੇ 50 ਕਰੋੜ ਦੀ ਰਾਸ਼ੀ ਦਾਨ ਵਜੋਂ ਦਿੱਤੀ ਸੀ।

ਸਮੀਰ ਗਹਲੋਤ (44 ਸਾਲ) ਇੰਡੀਆ ਬੁਲਸ ਸਮੂਹ

ਦਿੱਲੀ ਦੇ ਹੌਜ਼ਖ਼ਾਸ ਇਲਾਕੇ ਵਿੱਚ ਟੀਨ ਦੀ ਛੱਤ ਤੋਂ ਕੰਮ ਸ਼ੁਰੂ ਕਰਨ ਵਾਲੇ ਸਮੀਰ ਗਹਲੋਤ ਭਾਰਤ ਦੇ ਸਭ ਤੋਂ ਅਮੀਰ ਨੌਜਵਾਨ ਹਨ।

ਉਨ੍ਹਾਂ ਦੀ ਕੰਪਨੀ ਦੀ ਮੌਜੂਦਾ ਕੀਮਤ 30,925 ਕਰੋੜ ਰੁਪਏ ਦੀ ਹੈ।

ਸੂਚੀ ਵਿੱਚ ਉਹ 29ਵੇਂ ਦਰਜੇ ਉੱਪਰ ਹਨ।

ਉਨ੍ਹਾਂ ਦਾ ਸੰਬੰਧ ਹਰਿਆਣੇ ਦੇ ਰੋਹਤਕ ਨਾਲ ਹੈ ਅਤੇ ਉਨ੍ਹਾਂ ਨੇ ਆਈਆਈਟੀ ਦਿੱਲੀ ਤੋਂ ਮਕੈਨਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ।

ਇਸ ਮਗਰੋਂ ਉਹ ਨੌਕਰੀ ਕਰਨ ਲਈ ਵਿਦੇਸ਼ ਚਲੇ ਗਏ। ਦੋ ਸਾਲ ਨੌਕਰੀ ਕਰਨ ਤੋਂ ਬਾਅਦ ਉਹ ਭਾਰਤ ਵਾਪਸ ਆ ਗਏ ਅਤੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਬ੍ਰੇਕਰਿੰਗ ਕੰਪਨੀ ਨੂੰ ਸਸਤੀ ਕੀਮਤ ਉੱਪਰ ਖ਼ਰੀਦ ਲਿਆ।

ਸਾਲ 2000 ਵਿੱਚ ਉਨ੍ਹਾਂ ਨੇ ਆਪਣੀ ਕੰਪਨੀ ਦੇ ਤਹਿਤ ਆਨਲਾਈਨ ਸ਼ੇਅਰਾਂ ਦੀ ਖ਼ਰੀਦੋ ਫਰੋਖ਼ਤ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਅਤੇ ਕਾਮਯਾਬੀ ਹਾਸਲ ਕੀਤੀ।

ਹੌਲੀ-ਹੌਲੀ ਕੰਪਨੀ ਇੱਕ ਵੱਡੇ ਸਮੂਹ ਦੀ ਤਰ੍ਹਾਂ ਕੰਮ ਕਰਨ ਲੱਗੀ ਅਤੇ ਸ਼ੇਅਰਾਂ ਦੀ ਦਲਾਲੀ (ਬ੍ਰੋਕਿੰਗ) ਤੋਂ ਇਲਾਵਾ ਉਹ ਰੀਅਲ ਇਸਟੇਟ, ਊਰਜਾ, ਹਾਊਸਿੰਗ ਫਾਇਨੈਂਸ ਵਾਲੇ ਪਾਸੇ ਵੀ ਅੱਗੇ ਵਧੀ।

ਡਾਕਟਰ ਰੰਜਨ ਪਈ (45 ਸਾਲ), ਮਨੀਪਾਲ ਗਰੁੱਪ

ਡਾਕਟਰ ਰੰਜਨ ਪਈ, ਇਲਾਜ ਦੇ ਖੇਤਰ ਵਿੱਚ ਜਾਣਿਆ ਪਛਾਣਿਆ ਨਾਮ ਹਨ। ਮਨੀਪਾਲ ਐਜੂਕੇਸ਼ਨ ਐਂਡ ਮੈਡੀਕਲ ਸਮੂਹ ਦੇ ਮੁਖੀ ਹਨ।

ਇਸ ਸੂਚੀ ਵਿੱਚ ਉਨ੍ਹਾਂ ਦਾ ਸਥਾਨ 86ਵਾਂ ਹੈ।

ਫੋਰਬਸ ਮੁਤਾਬਕ ਅੱਜ ਉਹ 13,705 ਕਰੋੜ ਰੁਪਏ ਦੇ ਮਾਲਕ ਹਨ।

ਕਸਤੂਰਬਾ ਮੈਡੀਕਲ ਕਾਲਜ ਮਨੀਪਾਲ ਤੋਂ ਮੈਡੀਕਲ ਵਿੱਚ ਡਿਗਰੀ ਲੈਣ ਤੋਂ ਬਾਅਦ ਉਹ ਇੱਕ ਫੈਲੋਸ਼ਿੱਪ ਲਈ ਅਮਰੀਕਾ ਚਲੇ ਗਏ।

ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਜੀਵਨ ਦੀ ਸ਼ੁਰੂਆਤ ਮਲੇਸ਼ੀਆਂ ਦੇ ਮੇਲਕਾ ਮਨੀਪਾਲ ਮੈਡੀਕਲ ਕਾਲਜ ਵਿੱਚ ਬਤੌਰ ਪ੍ਰਬੰਧਕੀ ਨਿਰਦੇਸ਼ਕ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਤਰੱਕੀ ਦੀ ਰਾਹ ਉੱਪਰ ਤੁਰ ਪਏ।

ਇਸ ਸਮੇਂ ਮਨੀਪਾਲ ਸਮੂਹ ਦੇ ਛੇ ਮੈਡੀਕਲ ਕਾਲਜ ਅਤੇ 16 ਹਸਪਤਾਲ ਹਨ। ਇੱਕ ਲੱਖ ਤੋਂ ਵਧੇਰੇ ਵਿਦਿਆਰਥੀ ਇਨ੍ਹਾਂ ਕਾਲਜਾਂ ਵਿੱਚ ਪੜ੍ਹ ਰਹੇ ਹਨ। ਇਸ ਦੇ ਕੈਂਪਸ ਭਾਰਤ ਤੋਂ ਇਲਾਵਾ ਮਲੇਸ਼ੀਆ, ਅੰਟੀਗੁਆ, ਦੁਬਈ ਅਤੇ ਨੇਪਾਲ ਵਿੱਚ ਵੀ ਹਨ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)