ਡੌਨਾ ਸਟ੍ਰਿਕਲੈਂਡ ਨੂੰ ਨੋਬਲ ਮਿਲਣ ਤੋਂ ਬਾਅਦ ਕੁਝ ਔਰਤ ਵਿਗਿਆਨੀਆਂ ਨੇ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ

    • ਲੇਖਕ, ਮੈਰੀ ਜੈਕਸਨ ਤੇ ਜੈਨੀਫ਼ਰ ਸਕਾਟ
    • ਰੋਲ, ਬੀਬੀਸੀ ਨਿਊਜ਼

ਭੌਤਿਕ ਵਿਗਿਆਨ 'ਚ ਨੋਬਲ ਪੁਰਸਕਾਰ ਜਿੱਤਣ ਵਾਲੀ ਤੀਜੀ ਮਹਿਲਾ, ਡੌਨਾ ਸਟ੍ਰਿਕਲੈਂਡ ਨੇ ਇੱਕ ਉੱਘੇ ਵਿਗਿਆਨੀ ਦੇ ਉਸ ਬਿਆਨ ਨੂੰ "ਬੇਹੂਦਾ" ਦੱਸਿਆ ਹੈ । ਜਿਸ ਵਿਚ ਉਸ ਨੇ ਕਿਹਾ ਕਿ ਭੌਤਿਕ ਵਿਗਿਆਨ "ਮਰਦਾਂ ਦੀ ਕਾਢ" ਹੈ।

ਇਹ ਬਿਆਨ ਦੇਣ ਵਾਲੇ ਵਿਗਿਆਨੀ ਪ੍ਰੋ. ਆਲੇਹਾਂਦਰੋ ਸਤਰੂਮੀਆ ਦੀ ਨਿਖੇਧੀ ਹੋ ਰਹੀ ਹੈ।

ਪਰ ਅਸੀਂ ਇੱਕ ਮਹਿਲਾ ਵੱਲੋਂ 55 ਸਾਲਾਂ ਬਾਅਦ ਨੋਬਲ ਪੁਰਸਕਾਰ ਜਿੱਤਣ ਮੌਕੇ ਇਸ ਗੱਲ ਨੂੰ ਹੋਰ ਅੱਗੇ ਤੋਰਿਆ।

ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਵਿਗਿਆਨ ਦੇ ਖੇਤਰ ਵਿੱਚ ਕਾਮਯਾਬ ਹੋਰ ਔਰਤਾਂ ਇਸ ਬਾਰੇ ਕੀ ਸੋਚਦੀਆਂ ਹਨ।

ਇਹ ਵੀ ਪੜ੍ਹੋ:-

ਜੈਨੀਫ਼ਰ ਰੌਨ, 50, ਜੀਵ ਵਿਗਿਆਨੀ, ਯੂਨੀਵਰਸਿਟੀ ਕਾਲਜ ਲੰਡਨ

ਸ਼ੁਰੂਆਤ ਕਿਵੇਂ ਹੋਈ: ਮੈਂ ਮੁੱਢ ਤੋਂ ਹੀ ਵਿਗਿਆਨੀ ਬਣਨਾ ਚਾਹੁੰਦੀ ਸੀ। ਸਕੂਲ 'ਚ ਵੀ ਮੈਨੂੰ ਇੱਕ ਵਾਰ "ਵਿਗਿਆਨੀ ਬਣਨ ਦੀ ਸਭ ਤੋਂ ਵੱਡੀ ਉਮੀਦਵਾਰ" ਦਾ ਖ਼ਿਤਾਬ ਮਿਲਿਆ ਸੀ।

ਮੈਂ ਬੇਬਾਕੀ ਨਾਲ ਪੜ੍ਹਾਕੂ ਹੁੰਦੀ ਸੀ, ਬਹੁਤ ਕਿਤਾਬਾਂ ਪੜ੍ਹਦੀ ਸੀ। ਫਿਰ ਵੀ ਮੈਨੂੰ ਸਾਇੰਸ ਦੀ ਦੁਨੀਆਂ 'ਚ ਕਿਸੇ ਅਜਿਹੀ ਮਹਿਲਾ ਬਾਰੇ ਨਹੀਂ ਪਤਾ ਸੀ ਜਿਸ ਨੂੰ ਮੈਂ ਪ੍ਰੇਰਨਾ ਦੇ ਸਰੋਤ ਵਜੋਂ ਵੇਖ ਸਕਦੀ।

ਯੂਨੀਵਰਸਿਟੀ ਪਹੁੰਚਣ ਤੱਕ ਤਾਂ ਮੈਂ ਕਿਸੇ ਅਸਲ ਵਿਗਿਆਨੀ ਨੂੰ ਮਿਲੀ ਵੀ ਨਹੀਂ ਸੀ।

ਕੀ ਕੰਮ ਕਰ ਰਹੇ ਹੋ: ਮੈਂ ਅਜਿਹਾ ਕਰਨਾ ਚਾਹੁੰਦੀ ਸੀ ਜਿਸ ਦਾ ਕੋਈ ਸਿੱਧਾ ਅਸਰ ਪਵੇ।

ਮੈਂ ਪਿਸ਼ਾਬ ਨਲੀ ਵਿਚ ਹੋਣ ਵਾਲੇ ਸੰਕ੍ਰਮਣ (ਯੂਰੀਨਰੀ ਟ੍ਰੈਕਟ ਇਨਫੈਕਸ਼ਨ) ਦਾ ਇਲਾਜ ਲੱਭਣ ਲਈ ਕੰਮ ਕਰ ਰਹੀ ਹਾਂ।

ਯੂ.ਕੇ. ਵਿੱਚ ਐਂਟੀ-ਬਾਇਓਟਿਕ ਦਵਾਈਆਂ ਦੀ ਸਭ ਤੋਂ ਵੱਧ ਡਾਕਟਰੀ ਸਲਾਹ ਇਸੇ ਬਿਮਾਰੀ ਲਈ ਮਿਲਦੀ ਹੈ।

ਇਹ ਬਜ਼ੁਰਗਾਂ ਨੂੰ ਸਭ ਤੋਂ ਆਮ ਤੌਰ 'ਤੇ ਹੋਣ ਵਾਲਾ ਇਨਫੈਕਸ਼ਨ ਹੈ। ਫਿਰ ਵੀ ਇਸ ਬਾਰੇ ਬਹੁਤ ਘੱਟ ਖੋਜ ਕੀਤੀ ਗਈ ਹੈ।

ਐਂਟੀ-ਬਾਇਓਟਿਕ ਦਵਾਈਆਂ ਫਿਲਹਾਲ ਪਿਸ਼ਾਬ ਦੇ ਬਲੈਡਰ ਦੇ ਅੰਦਰ ਨਹੀਂ ਜਾਂਦੀਆਂ। ਅਸੀਂ ਹੁਣ ਨੈਨੋ-ਟੈਕਨੋਲੋਜੀ ਰਾਹੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦਵਾਈ ਦੇ ਇੰਨੇ ਛੋਟੇ ਕਣ ਬਣਾਈਏ ਕਿ ਉਹ ਅੰਦਰ ਜਾ ਸਕਣ। ਉਮੀਦ ਹੈ ਪ੍ਰਯੋਗ ਅਗਲੇ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਣਗੇ ਤੇ ਫਿਰ ਛੇਤੀ ਹੀ ਦਵਾਈ ਬਾਜ਼ਾਰ ਵਿੱਚ ਵੀ ਆ ਜਾਵੇਗੀ।

"ਮਰਦਾਂ ਦੀ ਕਾਢ" ਬਾਰੇ: ਇਹ ਬਿਆਨ ਨਿਰਾਸ਼ਾਜਨਕ ਹੈ। ਉਹ ਬਹੁਤ ਵੱਡੇ ਵਿਗਿਆਨੀ ਹਨ। ਬਿਆਨ ਨੂੰ ਗ਼ਲਤ ਸਾਬਤ ਕੀਤਾ ਜਾ ਚੁੱਕਾ ਹੈ ਅਤੇ ਵਿਗਿਆਨ ਦੇ ਖੇਤਰ ’ਚ ਉਸ (ਪ੍ਰੋ. ਆਲੇਹਾਂਦਰੋ) ਦੀ ਨਿਖੇਧੀ ਵੀ ਬਹੁਤ ਹੋ ਚੁੱਕੀ ਹੈ।

ਸਭ ਤੋਂ ਵੱਡੀ ਉਪਲਬਧੀ: ਆਪਣੀ ਨੌਕਰੀ ਬਚਾ ਕੇ ਰੱਖਣਾ ਵੱਡੀ ਗੱਲ ਹੈ ਕਿਉਂਕਿ ਮੇਰੀਆਂ ਜਾਣਕਾਰ ਜ਼ਿਆਦਾਤਰ ਔਰਤਾਂ ਨੌਕਰੀ ਛੱਡਣ ਲਈ ਮਜਬੂਰ ਹੋ ਗਈਆਂ ਸਨ। ਨੌਕਰੀਆਂ ਬਹੁਤ ਹੈ ਵੀ ਨਹੀਂ, ਮਿਲਦੀਆਂ ਵੀ ਜ਼ਿਆਦਾ ਮਰਦਾਂ ਨੂੰ ਹੀ ਹਨ।

ਯਾਦਗਾਰੀ ਪਲ: ਲਿਫਟ ਵਿੱਚ ਮਿਲੇ ਇੱਕ ਬਜ਼ੁਰਗ ਮਰਦ ਪ੍ਰੋਫੈਸਰ ਨੇ ਮੈਨੂੰ ਰਿਸਰਚ ਨਰਸ ਸਮਝ ਲਿਆ ਸੀ।

ਸਿੱਖਿਆ ਕੀ ਹੈ: ਮੈਨੂੰ ਵਿਗਿਆਨ ਦੇ ਖੇਤਰ 'ਚ 30 ਸਾਲ ਹੋ ਗਏ ਹਨ। ਮੈਨੂੰ ਔਰਤਾਂ ਕਦੇ ਵੀ ਮਰਦਾਂ ਤੋਂ ਘੱਟ ਨਜ਼ਰ ਨਹੀਂ ਆਈਆਂ।

ਭਵਿੱਖ ਤੋਂ ਉਮੀਦ: ਇੱਕ ਅਜਿਹਾ ਵੀ ਦਿਨ ਚੜ੍ਹੇ ਜਦੋਂ ਮੈਂ ਇਸ ਜਮਾਤ ਵਿਚ ਆਪਣੇ ਅਸੂਲਾਂ ਦੇ ਹਿਸਾਬ ਨਾਲ ਦਾਖ਼ਲ ਹੋ ਸਕਾਂ। ਪਤਾ ਨਹੀਂ ਇਹ ਹੋਵੇਗਾ ਵੀ ਜਾਂ ਨਹੀਂ।

ਇਹ ਵੀ ਪੜ੍ਹੋ

ਡਾ. ਜੈੱਸ ਵੇਡ, 29, ਭੌਤਿਕੀ ਦਿ ਵਿਦਿਆਰਥਣ, ਇੰਪੀਰੀਅਲ ਕਾਲਜ ਲੰਡਨ

ਸ਼ੁਰੂਆਤ ਕਿਵੇਂ ਹੋਈ: ਸਕੂਲ 'ਚ ਮੇਰੇ ਇੱਕ ਬਹੁਤ ਚੰਗੇ ਪ੍ਰੋਫੈਸਰ ਸਨ ਅਤੇ ਮੇਰੇ ਮਾਪਿਆਂ ਨੇ ਵੀ ਮੈਨੂੰ ਬਹੁਤ ਚੰਗਾ ਮਾਹੌਲ ਦਿੱਤਾ।

ਮੇਰੇ ਮਾਤਾ-ਪਿਤਾ ਡਾਕਟਰ ਸਨ, ਸ਼ਾਇਦ ਇਸੇ ਕਾਰਣ ਮੈਂ ਸਿਹਤ ਸੇਵਾਵਾਂ 'ਚ ਨੌਕਰੀ ਨਹੀਂ ਕੀਤੀ! ਪਰ ਉਨ੍ਹਾਂ ਨੇ ਮੈਨੂੰ ਹਮੇਸ਼ਾ ਕਿਹਾ ਕਿ ਉਹੀ ਕਰੋ ਜੋ ਤੁਹਾਡਾ ਦਿਲ ਕਹਿੰਦਾ ਹੈ। ਉਹ ਇਹ ਵੀ ਕਹਿੰਦੇ ਸਨ ਕਿ ਸਵਾਲ ਹਮੇਸ਼ਾ ਪੁੱਛਦੇ ਰਹੋ।

ਕੰਮ ਕੀ ਕਰ ਰਹੇ ਹੋ: ਮੈਂ ਕਾਰਬਨ ਪਦਾਰਥਾਂ ਤੋਂ ਬੱਲਬ ਬਣਾਉਣ 'ਤੇ ਕੰਮ ਕਰ ਰਹੀ ਹਾਂ। ਜਿਵੇਂ ਕਿ ਤੁਹਾਡੇ ਮੋਬਾਈਲ ਦੀ ਸਕਰੀਨ ਨੂੰ ਹੋਰ ਸਸਤਾ, ਹਲਕਾ ਤੇ ਲਚੀਲਾ ਬਣਾਉਣ ਲਈ ਕੀ ਕਰਨਾ ਚਾਹੀਦਾ ਹੈ।

ਮਰਦਾਂ ਦੀ ਕਾਢ ਬਾਰੇ: ਇਸ ਨਾਲ ਪੂਰੀ ਵਿਗਿਆਨਕ ਬਰਾਦਰੀ ਨੂੰ ਨੁਕਸਾਨ ਹੋ ਰਿਹਾ ਹੈ। ਜ਼ਿਆਦਾਤਰ ਸਾਨੂੰ ਪਤਾ ਹੈ ਕਿ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੇ ਇਸ ਖ਼ੇਤਰ 'ਚ ਆਉਣਾ ਬਹੁਤ ਜ਼ਰੂਰੀ ਹੈ। ਇੱਕੋ ਜਿਹੇ ਲੋਕਾਂ ਦਾ ਇਕੱਠ ਬਣਾਉਣ ਨਾਲ ਤਰੱਕੀ ਰੁਕ ਜਾਵੇਗੀ।

ਸਭ ਤੋਂ ਵੱਡੀ ਉਪਲਬਧੀ: ਮੈਨੂੰ ਅਮਰੀਕਾ 'ਚ ਇੰਟਰਨੈਸ਼ਨਲ ਵਿਜ਼ਿਟਰ ਲੀਡਰਸ਼ਿਪ ਪ੍ਰੋਗਰਾਮ ਲਈ ਚੁਣਿਆ ਗਿਆ ਸੀ ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ 48 ਲੋਕ ਸ਼ਾਮਲ ਸਨ।

ਯਾਦਗਾਰੀ ਪਲ: ਔਰਤਾਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਸਿੱਧੇ ਤੌਰ 'ਤੇ ਨਜ਼ਰ ਨਹੀਂ ਆਉਂਦੀਆਂ।

ਨੌਕਰੀ ਮਿਲਣ ਵੇਲੇ ਵੀ ਵਿਤਕਰਾ ਹੁੰਦਾ ਹੈ, ਬਾਅਦ ਵਿੱਚ ਵੀ ਚਲਦਾ ਰਹਿੰਦਾ ਹੈ... ਇਸ ਦਾ ਅਸਰ ਪੱਛਮੀ ਮੁਲਕਾਂ ਤੋਂ ਬਾਹਰ ਕੰਮ ਕਰਨ ਵਾਲੇ ਵੀ ਵਿਗਿਆਨੀਆਂ ਨੂੰ ਵੀ ਕਰਨਾ ਪੈਂਦਾ ਹੈ। ਕਈ ਵਾਰ ਤਾਂ ਸਾਡੇ ਨਾਲ ਲਿੰਗ ਭੇਦ ਹੋ ਰਿਹਾ ਹੁੰਦਾ ਹੈ ਤੇ ਸਾਨੂੰ ਪਤਾ ਵੀ ਨਹੀਂ ਲਗਦਾ।

ਸਿੱਖਿਆ ਕੀ ਹੈ: ਅਸੀਂ ਇਕੱਠੇ ਮਿਲ ਕੇ ਚੁਣੌਤੀਆਂ ਦਾ ਸਾਹਮਣਾ ਚੰਗੀ ਤਰ੍ਹਾਂ ਕਰ ਸਕਦੇ ਹਾਂ।

ਭਵਿੱਖ ਤੋਂ ਉਮੀਦ: ਸਾਨੂੰ ਇੱਕ ਮਹਿਲਾ ਨੂੰ ਨੋਬਲ ਪੁਰਸਕਾਰ ਮਿਲਣ ਦੀ ਇੰਨੀ ਖੁਸ਼ੀ ਨਾ ਹੋਵੇ; ਇਹ ਹਰ ਸਾਲ ਹੀ ਕਿਸੇ ਔਰਤ ਨੂੰ ਮਿਲੇ!

ਇਹ ਵੀ ਪੜ੍ਹੋ

ਡਾ. ਸਿਲਵੀਆ ਮੈਕ-ਲੇਨ, 50, ਜੀਵ-ਭੌਤਿਕ ਵਿਗਿਆਨੀ, ਯੂਨੀਵਰਸਿਟੀ ਆਫ ਆਕਸਫੋਰਡ

ਸ਼ੁਰੂਆਤ ਕਿਵੇਂ ਹੋਈ: ਇਨ੍ਹਾਂ ਨੂੰ ਜੰਤੂ ਵਿਗਿਆਨ (ਜ਼ੂਲੋਜੀ) ਦੀ ਡਿਗਰੀ ਪੂਰੀ ਕਰਨ 'ਚ ਅੱਠ ਸਾਲ ਲੱਗ ਗਏ ਕਿਉਂਕਿ ਇਸ ਦੌਰਾਨ ਫੀਸ ਲਈ ਪੈਸੇ ਇਕੱਠੇ ਕਰਨ ਵਾਸਤੇ ਇਨ੍ਹਾਂ ਨੇ ਘਰਾਂ ਦੀ ਸਫਾਈ ਵੀ ਕੀਤੀ, ਪੀਜ਼ਾ ਡਿਲੀਵਰੀ ਵੀ ਕੀਤੀ, ਪੈਟਰੋਲ ਪੰਪ 'ਤੇ ਵੀ ਕੰਮ ਕੀਤਾ।

ਲੈਬ ਟੈਕਨੀਸ਼ੀਅਨ ਦੀ ਨੌਕਰੀ ਮਿਲੀ ਤਾਂ ਤਨਖ਼ਾਹ ਇੰਨੀ ਘੱਟ ਸੀ ਕਿ ਪੜ੍ਹਾਈ ਵੱਲ ਮੁੜ ਰੁਖ਼ ਕੀਤਾ। 36 ਸਾਲ ਦੀ ਉਮਰ ਵਿੱਚ ਪੀਐਚ.ਡੀ. ਕੀਤੀ।

"ਮੈਨੂੰ ਵਿਗਿਆਨ ਦਾ ਕੋਈ ਜਨੂੰਨ ਤਾਂ ਨਹੀਂ ਸੀ ਪਰ ਮੈਂ ਇਸ ਵਿੱਚ ਚੰਗੀ ਸੀ ਅਤੇ ਪੈਸੇ ਕਮਾਉਣ ਲਈ ਇਹ ਮੈਨੂੰ ਠੀਕ ਖੇਤਰ ਲੱਗਾ।"

ਕੰਮ ਕੀ ਕਰ ਰਹੇ ਹੋ: ਆਕਸਫ਼ੋਰਡ ਯੂਨੀਵਰਸਿਟੀ ਦੇ ਜੀਵ-ਭੌਤਿਕੀ ਵਿਭਾਗ 'ਚ ਰਿਸਰਚ ਲੈਕਚਰਾਰ

"ਮਰਦਾਂ ਦੀ ਕਾਢ" ਬਾਰੇ: ਮੈਨੂੰ ਲਗਦਾ ਹੈ ਉਹ (ਪ੍ਰੋ. ਆਲੇਹਾਂਦਰੋ ਸਤਰੂਮੀਆ) ਡਰੇ ਹੋਏ ਹਨ। ਕੁਦਰਤ ਵਿੱਚ ਕੁਝ ਅਜਿਹੇ ਰੁੱਖ ਹੁੰਦੇ ਹਨ ਜੋਕਿ ਆਪਣੇ ਆਪ ਨੂੰ ਵੱਡਾ ਤੇ ਤਾਕਤਵਰ ਕਰਨ ਲਈ ਛੋਟੇ ਰੁੱਖਾਂ ਨੂੰ ਮਾਰ ਦਿੰਦੇ ਹਨ।

ਸਭ ਤੋਂ ਵੱਡੀ ਉਪਲਬਧੀ: ਮੇਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਵਿੱਚ ਮਦਦ ਕਰਨਾ; ਉਨ੍ਹਾਂ ਨੂੰ ਇਸ ਲਈ ਲੋੜੀਂਦੀ ਹਿੰਮਤ ਦੇਣਾ।

ਯਾਦਗਾਰੀ ਪਲ: ਮੈਂ ਆਮ ਜਿਹੀ ਵਿਗਿਆਨੀ ਹਾਂ ਪਰ ਮੇਰੀ ਖੋਜ ਦਾ ਸਾਰਾ ਖਰਚਾ ਮੈਂ ਖ਼ੁਦ ਚੁੱਕਿਆ ਹੈ। ਜਦੋਂ ਵੀ ਮੈਨੂੰ ਕੋਈ ਐਵਾਰਡ ਮਿਲਦਾ ਹੈ ਤਾਂ ਕੋਈ ਨਾ ਕੋਈ ਕਹਿ ਦਿੰਦਾ ਹੈ, 'ਇਹ ਤਾਂ ਇਸ ਲਈ ਮਿਲ ਗਿਆ ਕਿ ਤੁਸੀਂ ਔਰਤ ਹੋ।' ਮੈਂ ਬਸ 'ਸ਼ੁਕਰੀਆ' ਕਹਿ ਦਿੰਦੀ ਹਾਂ।

ਸਿੱਖਿਆ ਕੀ ਹੈ: ਮੈਂ ਹਮੇਸ਼ਾ ਸੋਚਦੀ ਸੀ ਕਿ ਮੈਨੂੰ ਔਰਤ ਵਜੋਂ ਹੀ ਨਹੀਂ ਸਗੋਂ ਵਿਗਿਆਨੀ ਵਜੋਂ ਵੇਖਿਆ ਜਾਵੇ। ਪਰ ਜਿਵੇਂ ਹੀ ਤੁਸੀਂ ਕਿਸੇ ਦਰਵਾਜ਼ੇ ਤੋਂ ਅੰਦਰ ਆਉਂਦੇ ਹੋ ਤਾਂ ਤੁਹਾਨੂੰ ਉਸੇ ਵੇਲੇ ਤੋਂ ਹੀ ਔਰਤ ਵਜੋਂ ਹੀ ਵੇਖਿਆ ਜਾਂਦਾ ਹੈ। ਇਹ ਜਾਣ ਬੁੱਝ ਕੇ ਨਹੀਂ ਹੁੰਦਾ।

ਭਵਿੱਖ ਤੋਂ ਉਮੀਦ: ਇੱਕ ਦੂਜੇ ਦੀ ਗੱਲ ਸੁਣਨਾ ਬਹੁਤ ਅਹਿਮ ਹੈ। ਮੈਨੂੰ ਉਮੀਦ ਹੈ ਅਸੀਂ ਕਿਸੇ ਦਿਨ ਇਹ ਸਮਝ ਜਾਵਾਂਗੇ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)