ਨੋਬਲ : ਭੌਤਿਕ ਵਿਗਿਆਨ ਵਿੱਚ ਕਿਸੇ ਔਰਤ ਨੂੰ 55 ਸਾਲ ਬਾਅਦ ਮਿਲਿਆ ਸਨਮਾਨ

    • ਲੇਖਕ, ਪੌਲ ਰਿੰਕਨ
    • ਰੋਲ, ਪੱਤਰਕਾਰ, ਬੀਬੀਸੀ

ਭੌਤਿਕ ਵਿਗਿਆਨ ਵਿੱਚ 55 ਸਾਲਾਂ ਬਾਅਦ ਕਿਸੇ ਮਹਿਲਾ ਵਿਗਿਆਨੀ ਨੂੰ ਨੋਬਲ ਪੁਰਸਕਾਰ ਮਿਲਿਆ ਹੈ।

ਕੈਨੇਡਾ ਦੀ ਡੌਨਾ ਸਟ੍ਰਿਕਲੈਂਡ ਇਹ ਐਵਾਰਡ ਜਿੱਤਣ ਵਾਲੀ ਤੀਜੀ ਮਹਿਲਾ ਹੈ। ਉਨ੍ਹਾਂ ਤੋਂ ਪਹਿਲਾਂ ਮੈਰੀ ਕਿਊਰੀ ਨੂੰ 1903 ਅਤੇ ਮਾਰੀਆ ਗੋਪਰਟ-ਮੇਅਰ ਨੇ 1963 ਵਿੱਚ ਭੌਤਿਕੀ ਦਾ ਨੋਬਲ ਐਵਾਰਡ ਜਿੱਤਿਆ ਸੀ।

ਇਸ ਸਾਲ ਡਾਕਟਰ ਸਟ੍ਰਿਕਲੈਂਡ ਇਸ ਪੁਰਸਕਾਰ ਨੂੰ ਅਮਰੀਕਾ ਦੇ ਅਰਥਰ ਅਸ਼ਕਿਨ ਅਤੇ ਫਰਾਂਸ ਦੇ ਜੇਰਾਡ ਮੌਰੂ ਦੇ ਨਾਲ ਸਾਂਝਾ ਕਰੇਗੀ।

ਇਹ ਐਵਾਰਡ ਉਨ੍ਹਾਂ ਨੂੰ ਲੇਜ਼ਰ ਫਿਜ਼ਿਕਸ ਦੇ ਖੇਤਰ ਵਿੱਚ ਖੋਜ ਲਈ ਮਿਲਿਆ ਹੈ।

ਇਹ ਵੀ ਪੜ੍ਹੋ:

ਜੇਤੂਆਂ ਨੂੰ 90 ਲੱਖ ਸਵੀਡਿਸ਼ ਕਰੋਨੋਰ ਯਾਨਿ ਕਿ ਲਗਭਗ 7 ਕਰੋੜ 32 ਲੱਖ ਰੁਪਏ ਮਿਲਦੇ ਹਨ। ਡਾਕਟਰ ਅਸ਼ਕਿਨ ਨੇ 'ਆਪਟੀਕਲ ਟਵੀਜ਼ਰਸ' ਨਾਮ ਦੀ ਅਜਿਹੀ ਲੇਜ਼ਰ ਤਕਨੀਕ ਵਿਕਸਿਤ ਕੀਤੀ ਹੈ, ਜੋ ਜੀਵ ਵਿਗਿਆਨ ਨਾਲ ਜੁੜੀਆਂ ਪ੍ਰਕਿਰਿਆਵਾਂ ਦੇ ਅਧਿਐਨ ਵਿੱਚ ਇਸਤੇਮਾਲ ਕੀਤੀ ਜਾ ਰਹੀ ਹੈ।

ਕੈਂਸਰ ਦੇ ਇਲਾਜ ਲਈ ਮਦਦਗਾਰ ਤਕਨੀਕ ਦੀ ਖੋਜ

ਡਾਕਟਰ ਮੌਰੂ ਅਤੇ ਸਟ੍ਰਿਕਲੈਂਡ ਨੇ ਬੇਹੱਦ ਛੋਟੀ ਪਰ ਤੇਜ਼ ਪਲਸ ਬਣਾਉਣ ਵਿੱਚ ਯੋਗਦਾਨ ਦਿੱਤਾ ਹੈ।

ਉਨ੍ਹਾਂ ਨੇ ਚਰਪਡ ਪਲਸ ਐਂਪਲੀਫਿਕੇਸ਼ਨ (ਸੀਪੀਏ) ਨਾਮ ਦੀ ਤਕਨੀਕ ਵਿਕਸਿਤ ਕੀਤੀ ਹੈ। ਹੁਣ ਇਸ ਤਕਨੀਕ ਦੀ ਵਰਤੋਂ ਕੈਂਸਰ ਦੇ ਇਲਾਜ ਅਤੇ ਅੱਖਾਂ ਦੀ ਸਰਜਰੀ ਵਿੱਚ ਹੁੰਦੀ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਡਾ. ਸਟ੍ਰਿਕਲੈਂਡ ਨੇ ਕਿਹਾ ਕਿ ਇਹ 'ਹੈਰਾਨ' ਕਰਨ ਵਾਲੀ ਗੱਲ ਹੈ ਕਿ ਕਿਸੇ ਔਰਤ ਨੇ ਇੰਨੇ ਲੰਮੇਂ ਸਮੇਂ ਬਾਅਦ ਐਵਾਰਡ ਜਿੱਤਿਆ ਹੈ।

ਉਨ੍ਹਾਂ ਨੇ ਕਿਹਾ, " ਹਾਲਾਂਕਿ ਮੇਰੇ ਨਾਲ ਹਮੇਸ਼ਾਂ ਬਰਾਬਰੀ ਵਾਲਾ ਵਤੀਰਾ ਹੀ ਹੁੰਦਾ ਰਿਹਾ ਹੈ ਅਤੇ ਮੇਰੇ ਨਾਲ ਦੋ ਹੋਰ ਮਰਦਾਂ ਨੇ ਵੀ ਇਹ ਐਵਾਰਡ ਜਿੱਤਿਆ ਹੈ। ਜਿੰਨੀ ਇਸ ਐਵਾਰਡ ਦੀ ਮੈਂ ਹੱਕਦਾਰ ਹਾਂ ਉਨੇ ਹੀ ਉਹ ਵੀ ਹਨ।"

ਇਹ ਵੀ ਪੜ੍ਹੋ:

ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਦੀ ਪ੍ਰੋਫੈਸਰ ਡਾਕਟਰ ਸਟ੍ਰਿਕਲੈਂਡ ਨੇ ਐਵਾਰਡ ਦਾ ਐਲਾਨ ਹੋਣ ਤੋਂ ਬਾਅਦ ਕਿਹਾ, "ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ। ਜਿੱਥੋਂ ਤੱਕ ਜੇਰਾਡ ਨਾਲ ਇਸ ਨੂੰ ਸਾਂਝਾ ਕਰਨ ਦੀ ਗੱਲ ਹੈ ਉਹ ਮੇਰੇ ਸੁਪਰਵਾਈਜ਼ਰ ਸਨ ਅਤੇ ਉਨ੍ਹਾਂ ਨੇ ਸੀਪੀਏ ਨੂੰ ਨਵੀਆਂ ਉਚਾਈਆਂ ਦਿੱਤੀਆਂ ਹਨ। ਉਹ ਇਸ ਐਵਾਰਡ ਦੇ ਹੱਕਦਾਰ ਹਨ। ਮੈਂ ਖੁਸ਼ ਹਾਂ ਕਿ ਅਸ਼ਕਿਨ ਨੂੰ ਵੀ ਇਹ ਐਵਾਰਡ ਮਿਲਿਆ ਹੈ।"

ਭੌਤਿਕ ਵਿਗਿਆਨ ਦੀ ਖੋਜ ਸਬੰਧੀ ਮਤਭੇਦ

ਕੁਝ ਦਿਨ ਪਹਿਲਾਂ ਹੀ ਇੱਕ ਭੌਤਿਕ ਵਿਗਿਆਨੀ ਨੇ ਜੈਨੇਵਾ ਵਿੱਚ 'ਸਰਨ ਪਾਰਟੀਕਲ ਫਿਜ਼ਿਕਸ ਲੈਬੋਰੇਟਰੀ' ਵਿੱਚ 'ਇਤਰਾਜ਼ਯੋਗ ਭਾਸ਼ਨ' ਦਿੰਦੇ ਹੋਏ ਕਿਹਾ ਸੀ ਕਿ 'ਭੌਤਿਕ ਨੂੰ ਮਰਦਾਂ ਨੇ ਹੀ ਬਣਾਇਆ ਹੈ ਅਤੇ ਮਰਦ ਵਿਗਿਆਨੀਆਂ ਦੇ ਨਾਲ ਵਿਤਕਰਾ ਹੋ ਰਿਹਾ ਹੈ।'

ਇਸ ਤੋਂ ਬਾਅਦ ਰਿਸਰਚ ਸੈਂਟਰ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ। ਅਜਿਹੀਆਂ ਟਿੱਪਣੀਆਂ ਬਾਰੇ ਸਟ੍ਰਿਕਲੈਂਡ ਨੇ ਕਿਹਾ ਕਿ ਉਹ ਇਸ ਨੂੰ ਆਪਣੇ ਉੱਤੇ ਨਹੀਂ ਲੈਂਦੀ।

ਇਸ ਤੋਂ ਪਹਿਲਾਂ ਜਰਮਨੀ ਵਿੱਚ ਜਨਮੀ ਅਮਰੀਕੀ ਭੌਤਿਕ ਵਿਗਿਆਨੀ ਮਾਰਿਆ ਗੋਪਰਟ-ਮੇਅਰ ਨੂੰ ਨੋਬਲ ਐਵਾਰਡ ਮਿਲਿਆ ਸੀ। ਉਨ੍ਹਾਂ ਨੂੰ ਪਰਮਾਣੂ ਦੇ ਕੇਂਦਰ (ਨਿਊਕਲੀ) ਨਾਲ ਜੁੜੀਆਂ ਖੋਜਾਂ ਲਈ ਇਹ ਐਵਾਰਡ ਦਿੱਤਾ ਗਿਆ ਸੀ।

ਉਨ੍ਹਾਂ ਤੋਂ ਪਹਿਲਾਂ ਪੌਲੈਂਡ ਵਿੱਚ ਜਨਮੀ ਭੌਤਿਕ ਵਿਗਿਆਨੀ ਮੈਰੀ ਕਿਊਰੀ ਨੂੰ 1903 ਵਿੱਚ ਉਨ੍ਹਾਂ ਦੇ ਪਤੀ ਪਿਅਰੇ ਕਿਊਰੀ ਅਤੇ ਐਂਟੋਈਨ ਹੈਨਰੀ ਬੈਕੇਰਲ ਨਾਲ ਰੇਡੀਓਐਕਟਿਵਿਟੀ 'ਤੇ ਸਰਵੇਖਣ ਕਰਨ ਲਈ ਇਹ ਐਵਾਰਡ ਮਿਲਿਆ ਸੀ।

ਹੁਣ ਕਿਸ ਕੰਮ ਲਈ ਮਿਲਿਆ ਨੋਬਲ ਐਵਾਰਡ?

ਡਾਕਟਰ ਸਟ੍ਰਿਕਲੈਂਡ ਅਤੇ ਡਾ. ਮੌਰੂ ਦੀ ਖੋਜ ਤੋਂ ਪਹਿਲਾਂ ਲੇਜ਼ਰ ਪਲਸਜ਼ ਦੀ ਉੱਚ ਤੀਬਰਤਾ ਸੀਮਿਤ ਸੀ ਕਿਉਂਕਿ ਜਦੋਂ ਵੱਧ ਤੀਬਰਤਾ 'ਤੇ ਉਹ ਪਹੁੰਚਦੀ ਸੀ ਤਾਂ ਊਰਜਾ ਨੂੰ ਵਧਾਉਣ ਲਈ ਵਰਤੇ ਗਏ ਪਦਾਰਥ ਨੂੰ ਉਹ ਨਸ਼ਟ ਕਰ ਦਿੰਦੀ ਸੀ।

ਖੋਜਕਰਤਾਵਾਂ ਨੇ ਪਹਿਲੀ ਵਾਰ ਲੇਜ਼ਰ ਪਲਸਜ਼ ਦੀ ਸ਼ਕਤੀ ਨੂੰ ਘਟਾਉਣ ਲਈ ਖਿੱਚਿਆ, ਫਿਰ ਉਹਨਾਂ ਨੂੰ ਵਧਾ ਦਿੱਤਾ ਅਤੇ ਅਖੀਰ ਉਹਨਾਂ ਨੂੰ ਦੱਬ ਦਿੱਤਾ।

ਡਾ. ਸਟ੍ਰਿਕਲੈਂਡ ਅਤੇ ਡਾ. ਮੌਰੂ ਦੀ 'ਚਰਪਡ ਪਲਸ ਐਂਪਲੀਫੀਕੇਸ਼ਨ' ਤਕਨੀਕ ਵੱਧ ਤੀਬਰਤਾ ਵਾਲੀ ਲੇਜ਼ਰ ਲਈ ਇੱਕ ਮਿਆਰ ਬਣ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)