ਇੰਡੋਨੇਸ਼ੀਆ: ਸੁਨਾਮੀ ਬਣੀ ਵਿਗਿਆਨੀਆਂ ਲਈ ਬੁਝਾਰਤ

ਇੰਡੋਨੇਸ਼ੀਆ ਦੀ ਆਪਦਾਵਾਂ ਨਾਲ ਨੱਜਿਠਣ ਵਾਲੀ ਏਜੰਸੀ ਮੁਤਾਬਕ ਸ਼ੁੱਕਰਵਾਰ ਨੂੰ ਆਏ ਭੂਚਾਲ ਅਤੇ ਸੂਨਾਮੀ ਮਗਰੋਂ 1350 ਤੋਂ ਵਧੇਰੇ ਜਾਨਾਂ ਜਾ ਚੁੱਕੀਆਂ ਹਨ।

ਲੰਘੇ ਸ਼ੁੱਕਰਵਾਰ ਨੂੰ ਇੰਡੋਨੇਸ਼ੀਆ ਦੇ ਕੇਂਦਰੀ ਦੀਪ ਸੁਲਵੇਸੀ ਵਿੱਚ 7.5 ਤੀਬਰਤਾ ਵਾਲਾ ਭੂਚਾਲ ਆਉਣ ਮਗਰੋਂ ਪਾਲੂ ਸ਼ਹਿਰ ਨੂੰ ਸੁਨਾਮੀ ਨੇ ਤਕਰੀਬਨ ਬਰਬਾਦ ਕਰ ਦਿੱਤਾ।

ਉਸ ਸਮੇਂ ਤੋਂ ਹੀ ਲੋਕ ਭੋਜਨ, ਬਾਲਣ ਅਤੇ ਪਾਣੀ ਲਈ ਕਿੱਲਤ ਨਾਲ ਦੋ ਚਾਰ ਹੋ ਰਹੇ ਹਨ। ਲੁੱਟ-ਖੋਹ ਦੇ ਡਰੋਂ ਪਹੁੰਚ ਰਹੀ ਮਨੁੱਖੀ ਸਹਾਇਤਾ ਨੂੰ ਫੌਜ ਅਤੇ ਪੁਲੀਸ ਦੇ ਪਹਿਰੇ ਵਿੱਚ ਭੇਜਿਆ ਜਾ ਰਿਹਾ ਹੈ।

ਹਾਲੇ ਵੀ ਕਈ ਜ਼ਿੰਦਗੀਆਂ ਮਲਬੇ ਹੇਠ ਦੱਬੀਆਂ ਹੋਈਆਂ ਹਨ।

ਪਾਲੂ ਤੋਂ ਬੀਬੀਸੀ ਦੇ ਜੋਹਨਥਨ ਦੀ ਰਿਪੋਰਟ-

ਪਾਲੂ ਵਿੱਚ ਹਰ ਕੋਈ ਆਪਣੇ ਪਰਿਵਾਰਾਂ ਲਈ ਜਰੂਰੀ ਵਸਤਾਂ ਜੁਟਾਉਣ ਲਈ ਜੂਝ ਰਿਹਾ ਹੈ। ਬੁਨਿਆਦੀ ਸੇਵਾਵਾਂ ਜਿਵੇਂ ਪਾਣੀ, ਬਿਜਲੀ ਅਤੇ ਖੁਰਾਕ ਦੀ ਸਪਲਾਈ ਠੱਪ ਹੈ ਅਤੇ ਹਰ ਕੋਈ ਹਤਾਸ਼ ਹੈ।

ਅਸੀਂ ਇੱਕ ਪੁਲੀਸ ਪਾਰਟੀ ਨੂੰ ਇੱਕ ਕਰਿਆਨੇ ਦੀ ਦੁਕਾਨ ਦੀ ਰਾਖੀ ਕਰਦਿਆਂ ਦੇਖਿਆ।

ਅਚਾਨਕ ਪੁਲੀਸ ਨੇ ਭੀੜ ਨੂੰ ਪਿੱਛੇ ਹਟਣ ਦੀ ਚੇਤਾਵਨੀ ਦਿੱਤੀ ਅਤੇ ਫੇਰ ਹਵਾ ਵਿੱਚ ਹੰਝੀ ਗੈਸ ਦੇ ਗੋਲੇ ਦਾਗ ਦਿੱਤੇ। ਭੀੜ ਵਿੱਚੋਂ ਕੁਝ ਲੋਕਾਂ ਨੇ ਪੁਲਿਸ ਵੱਲ ਪੱਥਰ ਮਾਰੇ। ਇੱਕ ਪਲ ਲਈ ਤਾਂ ਲੱਗਿਆ ਕਿ ਹਾਲਾਤ ਵਿਗੜ ਸਕਦੇ ਹਨ।

ਕੁਝ ਦੇਰ ਬਾਅਦ ਪੁਲਿਸ ਪਿੱਛੇ ਹਟ ਗਈ ਅਤੇ ਲੋਕਾਂ ਨੂੰ ਦੁਕਾਨ ਦੇ ਅੰਦਰ ਜਾਣ ਦੇ ਦਿੱਤਾ। ਰੋਹ ਵਾਲਾ ਮਾਹੌਲ ਇੱਕਦਮ ਜਸ਼ਨ ਵਾਲਾ ਹੋ ਗਿਆ। ਲੋਕ ਸਮਾਨ ਦੇ ਭਰੇ ਲਿਫ਼ਾਫਿਆਂ ਨਾਲ ਬਾਹਰ ਆ ਰਹੇ ਸਨ।

ਪੁਲਿਸ ਲੋਕਾਂ ਨੂੰ ਗੈਰ-ਖੁਰਾਕੀ ਵਸਤਾਂ ਲਿਜਾਣ ਤੋਂ ਰੋਕ ਰਹੀ ਸੀ। ਕੁਝ ਲੋਕਾਂ ਤੋਂ ਖਿਡੌਣੇ ਆਦਿ ਵਾਪਸ ਕਰਵਾਏ ਗਏ।

ਕੀ ਮਲਬੇ ਹੇਠ ਹਾਲੇ ਵੀ ਲੋਕ ਜਿੰਦਾ ਹੋ ਸਕਦੇ ਹਨ?

ਇੰਡੋਨੇਸ਼ੀਆ ਦੇ ਰੈਡ ਕਰਾਸ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਗਿਰਜੇ ਹੇਠੋਂ ਗਾਰੇ ਦੇ ਹੜ੍ਹ ਹੇਠ ਆ ਕੇ ਮਰੇ 38 ਕਾਲਜ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।

ਇਹ ਵੀ ਪੜ੍ਹੋ:

ਇੱਕ ਬਾਈਬਲ ਕੈਂਪ ਲਾ ਰਹੇ ਕੁੱਲ 86 ਵਿਦਿਆਰਥੀ ਲਾਪਤਾ ਸਨ ਜਿਨ੍ਹਾਂ ਵਿੱਚੋਂ 52 ਦੀ ਹਾਲੇ ਕੋਈ ਖ਼ਬਰ ਨਹੀਂ ਹੈ।

ਬਚਾਅ ਕਰਮੀ ਹਾਲੇ ਵੀ ਮਲਬੇ ਵਿੱਚੋਂ ਲੋਕਾਂ ਦੀ ਭਾਲ ਕਰ ਰਹੇ ਹਨ। ਇੱਕ ਚਾਰ ਮੰਜ਼ਿਲਾ ਹੋਟਲ ਰੋਆ ਰੋਆ ਜਦੋਂ ਡਿੱਗਿਆ ਤਾਂ ਉਸ ਵਿੱਚ 50 ਵਿਅਕਤੀ ਸਨ ਜਿਨ੍ਹਾਂ ਵਿੱਚੋਂ 12 ਨੂੰ ਕੱਢ ਲਿਆ ਗਿਆ ਹੈ ਜਦ ਕਿ ਸਿਰਫ 3 ਹੀ ਜਿਉਂਦੇ ਕੱਢੇ ਜਾ ਸਕੇ।

ਲੋਕ ਮਦਦ ਲਈ ਕਿਉਂ ਜੂਝ ਰਹੇ ਹਨ

ਸਾਰੇ ਹੀ ਪਾਲੂ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਦੇ ਢਹਿ ਢੇਰੀ ਹੋ ਜਾਣ ਕਰਕੇ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚਣਾ ਇੱਕ ਚੁਣੌਤੀ ਬਣਿਆ ਹੋਇਆ ਹੈ।

ਹਸਪਤਾਲਾਂ ਦੀ ਅਣਹੋਂਦ ਵਿੱਚ ਫੱਟੜਾਂ ਦਾ ਖੁੱਲ੍ਹੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਕਈ ਥਾਈਂ ਆਰਜੀ ਫੌਜੀ ਹਸਪਤਾਲ ਵੀ ਕਾਇਮ ਕੀਤੇ ਗਏ ਹਨ।

ਹਵਾਈ ਅੱਡੇ ਦਾ ਸੰਚਾਲਨ ਵੀ ਫੌਜ ਕਰ ਰਹੀ ਹੈ ਤਾਂ ਕਿ ਸਹਾਇਤਾ ਅਤੇ ਜ਼ਖਮੀਆਂ ਦੀ ਢੋਆ ਢੁਆਈ ਕੀਤੀ ਜਾ ਸਕੇ।

ਪਾਲੂ ਹਵਾਈ ਅੱਡੇ ਤੇ ਇੱਕ 44 ਸਾਲਾ ਖੁਰਾਕ ਵਿਕਰੇਤਾ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਦੱਸਿਆ, "ਮੈਂ ਕਿਤੋਂ ਦੀ ਵੀ ਉਡਾਣ ਲੈ ਲਵਾਂਗਾ। ਮੈਂ ਦੋ ਦਿਨਾਂ ਤੋਂ ਉੱਡੀਕ ਕਰ ਰਿਹਾ ਹਾਂ ਕੁਝ ਖਾਧਾ ਨਹੀਂ ਹੈ ਮੁਸ਼ਕਿਲ ਨਾਲ ਹੀ ਕੁਝ ਪੀਤਾ ਹੋਵੇਗਾ।"

ਸੋਮਵਾਰ ਨੂੰ ਪਾਲੂ ਹਵਾਈ ਅੱਡੇ ਤੇ ਹੀ ਫਸੇ 3 ਤੋਂ 5 ਹਜ਼ਾਰ ਲੋਕਾਂ ਨੇ ਇਸ ਉਮੀਦ ਨਾਲ ਫੌਜੀ ਜਹਾਜ਼ ਨੂੰ ਘੇਰ ਲਿਆ, ਕਿ ਉਨ੍ਹਾਂ ਨੂੰ ਇਸ ਰਾਹੀਂ ਉਨ੍ਹਾਂ ਨੂੰ ਕੱਢ ਲਿਆ ਜਾਵੇਗਾ। ਬਾਅਦ ਵਿੱਚ ਫੇਰੀ ਕਿਸ਼ਤੀਆਂ ਰਾਹੀਂ ਉੱਥੋਂ ਭੇਜਿਆ।

ਇੱਕ ਚੈਰੀਟੇਬਲ ਸੰਸਥਾ ਸੇਵ ਦਿ ਚਿਲਡਰਨ ਮੁਤਾਬਕ ਬਹੁਤ ਸਾਰੇ ਬੱਚਿਆਂ ਨੇ ਅਣਕਿਆਸੇ ਸਦਮੇ ਝੱਲੇ ਹੋਣਗੇ। ਉਨ੍ਹਾਂ ਦੇ ਮਾਂ-ਬਾਪ ਅਤੇ ਹਰ ਚੀਜ਼ ਵਹਿ ਗਈ।

ਕਈ ਲੋਕਾਂ ਨੂੰ ਸੜਕਾਂ ਉੱਪਰ ਬਣਾਏ ਰੈਣ ਬਸੇਰਿਆਂ ਵਿੱਚ ਵਾਰੀ ਵੱਟੇ ਸੌਣਾ ਪੈ ਰਿਹਾ ਹੈ।

ਇਹ ਕਹਿਰ ਇੰਨਾ ਭਿਆਨਕ ਕਿਉਂ ਹੈ

ਸ਼ੁੱਕਰਵਾਰ ਨੂੰ ਵਿਸ਼ਵੀ ਔਸਤ ਸਮੇਂ ਮੁਤਾਬਕ ਸ਼ਾਮੀਂ ਕੇਂਦਰੀ ਦੀਪ ਸੁਲਾਵੇਸੀ ਦੇ ਨਜ਼ਦੀਰ 10 ਕਿਲੋਮੀਟਰ ਹੇਠਾਂ 7.5 ਦੀ ਤੀਬਰਤਾ ਵਾਲ ਭੂਚਾਲ ਆਇਆ।

ਜ਼ਮੀਨ ਹੇਠਲੀ ਇਸ ਉਥਲ ਪੁਥਲ ਮਗਰੋਂ ਸੁਨਾਮੀ ਆ ਗਈ।

ਉੱਪ-ਰਾਸ਼ਟਰਪਤੀ ਜੂਸਫ ਕਾਲਾ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਹੋ ਸਕਦੀ ਹੈ। ਜਦਕਿ, ਰੈਡ ਕਰਾਸ ਦੇ ਅੰਦਾਜ਼ੇ ਮੁਤਾਬਕ 16 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

ਸੁਲਾਵੇਸੀ 'ਚ ਆਈ ਸੁਨਾਮੀ ਵਿਗਿਆਨੀਆਂ ਨੂੰ ਕਿਉਂ ਉਲਝਾ ਰਹੀ ਹੈ?

ਬੀਬੀਸੀ ਸਾਇੰਸ ਦੇ ਜੌਨਾਥਨ ਅਮੌਸ ਇਹ ਪਹੇਲੀ ਸੁਲਝਾਉਣ ਦੀ ਕੋਸ਼ਿਸ਼ ਕੀਤੀ।

ਇਹ ਭੂਚਾਲ ਇਸ ਸਾਲ ਦੁਨੀਆ ਭਰ ਵਿੱਚ ਰਿਕਾਰਡ ਕੀਤੇ ਗਏ ਸਭ ਤੋਂ ਵੱਡੇ ਭੂਚਾਲਾਂ ਵਿੱਚੋਂ ਇੱਕ ਸੀ।

ਪਰ ਅਜਿਹਾ ਨਹੀਂ ਕਿ ਸੁਨਾਮੀ ਦਾ ਕਾਰਨ ਬਣਦਾ ਕਿਉਂਕਿ ਸਮੁੰਦਰੀ ਲਹਿਰਾਂ ਦੀ ਇੱਕ ਲੜੀ ਬਨਾਉਣ ਲਈ ਸਮੁੰਦਰ ਦੀ ਹੇਠਲੀ ਜ਼ਮੀਨ 'ਤੇ ਵਿਸਥਾਪਨ (ਡਿਸਪਲੇਸਮੈਂਟ) ਦੀ ਜ਼ਰੂਰਤ ਹੁੰਦੀ ਹੈ।

ਹੋ ਸਕਦਾ ਹੈ ਕਿ ਕੁਝ ਇਸੇ ਤਰ੍ਹਾਂ ਦੀ ਸਥਿਤੀ ਸ਼ੁੱਕਰਵਾਰ ਨੂੰ ਰਹੀ ਹੋਵੇ, ਅਤੇ ਪਾਲੂ ਬੇਅ ਦੇ ਆਕਾਰ ਨੇ ਇਨ੍ਹਾਂ ਤਬਾਹੀ ਮਚਾਉਣ ਵਾਲੀਆਂ ਲਹਿਰਾਂ ਨੂੰ ਹੋਰ ਵੱਡਾ ਰੂਪ ਦਿੱਤਾ ਹੋਵੇ।

ਇਸ ਖੇਤਰ ਦੀ ਜਿਓਮੈਟਰੀ ਲੰਬਾਈ ਵਿਚ ਹੈ, ਹੋ ਸਕਦਾ ਹੈ ਇਸਨੇ ਸੁਨਾਮੀ ਦੀਆਂ ਲਹਿਰਾਂ ਨੂੰ ਸ਼ਹਿਰ ਦੇ ਟੈਲੀਸੇ ਬੀਚ 'ਤੇ ਪਹੁੰਚਦਿਆਂ ਹੋਰ ਤੀਬਰ ਅਤੇ ਕੇਂਦਰਿਤ ਕਰ ਦਿੱਤਾ ਹੋਵੇ।

ਯੂਕੇ ਦੀ ਬਰੂਨੇਲ ਯੂਨੀਵਰਸਿਟੀ ਵਿਚ ਕੋਸਟਲ ਇੰਜੀਨੀਅਰਿੰਗ ਦੇ ਮਾਹਰ ਅਤੇ ਅਸਿਸਟੈਂਟ ਪ੍ਰੋਫੈਸਰ ਡਾ. ਮੋਹੰਮਦ ਹੈਦਰਜ਼ਾਦੇ ਦਾ ਕਹਿਣਾ ਹੈ ਕਿ, "ਸਮੁੰਦਰ ਦੇ ਨੀਚੇ ਜ਼ਮੀਨ ਵਿਚ ਭੂਚਾਲ ਨਾਲ ਆਏ ਵਿਕਾਰ ਦੀ ਪਹਿਲੀ ਗਣਨਾ ਉਨ੍ਹਾਂ ਨੇ 49 ਸੈਂਟੀਮੀਟਰ ਕੀਤੀ ਹੈ।"

"ਇਸ ਤੋਂ ਤੁਸੀਂ ਇੱਕ ਮੀਟਰ ਤੋਂ ਘੱਟ ਦੀਆਂ ਸੁਨਾਮੀ ਲਹਿਰਾਂ ਦੀ ਉਮੀਦ ਕਰ ਸਕਦੇ ਹੋ, ਪਰ ਛੇ ਮੀਟਰ ਉੱਚੀਆਂ ਲਹਿਰਾਂ ਦੀ ਨਹੀਂ। ਇੱਥੇ ਕੁਝ ਹੋਰ ਵੀ ਹੋ ਰਿਹਾ ਹੈ।"

ਇੱਕ ਬਾਥੇਮੈਟਰੀ ਸਰਵੇਖਣ ਰਾਹੀਂ ਸਿੱਧੇ ਤੌਰ ਉੱਤੇ ਸਮੁੰਦਰ ਦੀ ਜ਼ਮੀਨ 'ਤੇ ਹੋਣ ਵਾਲੇ ਬਦਲਾਵਾਂ ਬਾਰੇ ਪਤਾ ਕੀਤਾ ਜਾ ਸਕਦਾ ਹੈ। ਇਸ ਨਾਲ ਬਹੁਤ ਹੀ ਜਲਦੀ ਪਤਾ ਕੀਤਾ ਜਾ ਸਕਦਾ ਹੈ ਕਿ ਕੀ ਤਲਛਟ ਦੀ ਕੋਈ ਅਹਿਮ ਹਲਚਲ ਸਮੁੰਦਰ ਹੇਠ ਜ਼ਮੀਨ 'ਤੇ ਹੋਈ ਹੈ।

ਸਮੁੰਦਰੀ ਤੱਟਾਂ 'ਤੇ ਜ਼ਮੀਨ ਖਿਸਕਣ ਬਾਬਤ ਸੈਟੇਲਾਇਟ ਰਾਹੀਂ ਪਤਾ ਕੀਤਾ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)