ਔਰਤਾਂ ਲਈ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਦੇਸ

ਔਰਤਾਂ
ਤਸਵੀਰ ਕੈਪਸ਼ਨ, ਅਨੁਮਾਨ ਮੁਤਾਬਕ ਇੱਥੇ 70 ਫੀਸਦ ਔਰਤਾਂ ਦਾ ਉਨ੍ਹਾਂ ਦੇ ਜੀਵਨ ਕਾਲ ਵਿਚ ਬਲਾਤਕਾਰ ਕੀਤਾ ਜਾਵੇਗਾ
    • ਲੇਖਕ, ਬੈਂਜਾਮਿਨ ਜ਼ੈਂਡ
    • ਰੋਲ, ਬੀਬੀਸੀ ਪੱਤਰਕਾਰ

ਆਸਟਰੇਲੀਆ ਦੇ ਉੱਤਰ ਵਿੱਚ ਸਥਿਤ ਪਾਪੂਆ ਨਿਊ ਗਿਨੀ ਨੂੰ ਔਰਤਾਂ ਲਈ ਸੰਸਾਰ ਦੇ ਸਭ ਤੋਂ ਖਤਰਨਾਕ ਦੇਸਾਂ ਵਿੱਚੋਂ ਇੱਕ ਦੱਸਿਆ ਗਿਆ ਹੈ।

ਕੁਝ ਅਨੁਮਾਨਾਂ ਮੁਤਾਬਕ ਪਾਪੂਆ ਨਿਊ ਗਿਨੀ ਵਿੱਚ 70 ਫੀਸਦ ਔਰਤਾਂ ਆਪਣੇ ਜੀਵਨ ਕਾਲ ਵਿੱਚ ਬਲਾਤਕਾਰ ਜਾਂ ਕਿਸੇ ਕਿਸਮ ਦੇ ਜਿਨਸੀ-ਹਿੰਸਾ ਦਾ ਸ਼ਿਕਾਰ ਹੋਣਗੀਆਂ।

ਬੀਬੀਸੀ ਨੇ ਪਾਪੂਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੌਰੇਸਬੀ ਦਾ ਦੌਰਾ ਕੀਤਾ ਅਤੇ ਕੁਝ ਅਜਿਹੇ ਲੋਕਾਂ ਨਾਲ ਮੁਲਾਕਾਤ ਕੀਤੀ ਜੋ ਔਰਤਾਂ ਵਿਰੁੱਧ ਹਿੰਸਾ ਨੂੰ ਜਾਇਜ਼ ਠਹਿਰਾਉਂਦੇ ਹਨ।

ਇਸ ਯਾਤਰਾ ਦੌਰਾਨ, ਕੁਝ ਔਰਤਾਂ ਨੂੰ ਵੀ ਮਿਲੇ ਜਿਨ੍ਹਾਂ ਦਾ ਕਹਿਣਾ ਸੀ ਕਿ 'ਬੱਸ, ਹੁਣ ਬਹੁਤ ਹੋ ਗਿਆ।'

ਇਹ ਵੀ ਪੜ੍ਹੋ:

ਪਾਪੂਆ ਨਿਊ ਗਿਨੀ ਦੁਨੀਆਂ ਦੇ ਸਭ ਤੋਂ ਬਦਤਰ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਘਰੇਲੂ ਹਿੰਸਾ ਅਤੇ ਬਲਾਤਕਾਰ ਦੀਆਂ ਦਰਾਂ ਸਭ ਤੋਂ ਵੱਧ ਹਨ।

ਪਰ ਇੱਥੇ ਵੱਧ ਚਿੰਤਾ ਇਸ ਗੱਲ ਦੀ ਹੈ ਕਿ ਸਿਰਫ਼ ਕੁਝ ਗਿਣੇ-ਚੁਣੇ ਲੋਕਾਂ ਨੂੰ ਹੀ ਬਲਾਤਕਾਰ ਦੀ ਸਜ਼ਾ ਮਿਲ ਪਾਂਦੀ ਹੈ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਨਵਰੀ ਤੋਂ ਮਈ 2018 ਦੌਰਾਨ ਘਰੇਲੂ ਹਿੰਸਾ ਅਤੇ ਬਲਾਤਕਾਰ ਦੇ ਘੱਟੋ-ਘੱਟ 6000 ਮਾਮਲੇ ਦਰਜ ਕੀਤੇ ਗਏ ਹਨ।

ਉਸ ਨੇ ਦੱਸਿਆ, "ਇਹ ਉਹ ਕੇਸ ਹਨ ਜੋ ਦਰਜ ਕੀਤੇ ਗਏ ਹਨ, ਤੁਸੀਂ ਸੋਚ ਸਕਦੇ ਹੋ ਕਿ ਅਜਿਹੇ ਕਿੰਨ੍ਹੇ ਕੇਸ ਹੋਣਗੇ ਜਿਨ੍ਹਾਂ ਨੂੰ ਕਿਤੇ ਵੀ ਦਰਜ ਨਹੀਂ ਕੀਤਾ ਗਿਆ।

"ਇਹ ਇਸ ਲਈ ਹੈ ਕਿਉਂਕਿ ਜੇ ਤੁਸੀਂ ਪਾਪੂਆ ਨਿਊ ਗਿਨੀ ਵਿੱਚ ਕਿਸੇ ਆਮ ਵਿਅਕਤੀ ਨੂੰ ਪੁੱਛਦੇ ਹੋ, ਤਾਂ ਉਹ ਕਹੇਗਾ ਕਿ ਇਹ ਇੱਕ ਆਮ ਗੱਲ ਹੈ। ਕੋਈ ਵੀ ਔਰਤ ਜੋ ਗਰਲਫ੍ਰੈਂਡ, ਪਤਨੀ ਜਾਂ ਦੋਸਤ ਹੈ, ਉਸ ਨਾਲ ਹਿੰਸਾ ਹੋਣਾ ਇੱਥੇ ਆਮ ਹੈ।"

'ਸਭ ਤੋਂ ਆਸਾਨ ਸ਼ਿਕਾਰ ਹਨ ਔਰਤਾਂ'

ਪਾਪੂਆ ਨਿਊ ਗਿਨੀ ਵਿੱਚ ਸਥਾਨਕ ਗੈਂਗਸਟਰਾਂ ਨੂੰ 'ਰਾਸਕਲਜ਼' ਕਿਹਾ ਜਾਂਦਾ ਹੈ। ਇਨ੍ਹਾਂ ਲੋਕਾਂ 'ਤੇ ਬਲਾਤਕਾਰ ਦੇ ਸਭ ਤੋਂ ਵੱਧ ਦੋਸ਼ ਲੱਗੇ ਹਨ।

ਇਨ੍ਹਾਂ ਲੋਕਾਂ ਦੇ ਅਨੁਸਾਰ, ਕਿਸੇ ਔਰਤ ਦਾ ਸਮੂਹਿਕ ਬਲਾਤਕਾਰ ਕਰਨਾ ਪਾਪੂਆ ਨਿਊ ਗਿਨੀ ਦੇ ਗੈਂਗਸਟਰਾਂ ਦੀ ਰੋਜ਼ਾਨਾ ਜਿੰਦਗੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ।

ਇਹ ਲੋਕ ਇਸ ਬਾਰੇ ਖੁੱਲ੍ਹੇਆਮ ਗੱਲ ਕਰਦੇ ਹਨ। ਉਹਨਾਂ ਨੂੰ ਕੈਮਰੇ ਅਤੇ ਪੁਲਿਸ ਦਾ ਕੋਈ ਡਰ ਨਹੀਂ ਹੈ।

ਇੱਕ 'ਰਾਸਕਲ' ਨੇ ਬੀਬੀਸੀ ਨੂੰ ਦੱਸਿਆ, ''ਔਰਤਾਂ ਇੱਥੇ ਸਭ ਤੋਂ ਸੌਖਾ ਸ਼ਿਕਾਰ ਹਨ, ਉਨ੍ਹਾਂ ਨੂੰ ਲੁੱਟਣਾ ਆਸਾਨ ਹੈ, ਉਨ੍ਹਾਂ ਨੂੰ ਕੁੱਟਣਾ ਸੌਖਾ ਹੈ। ਜੇ ਤੁਸੀਂ ਸੜਕ 'ਤੇ ਇੱਕ ਔਰਤ ਨੂੰ ਕੁੱਟਦੇ ਹੋ, ਤਾਂ ਕੋਈ ਵੀ ਇਸਦਾ ਵਿਰੋਧ ਨਹੀਂ ਕਰੇਗਾ, ਇਹ ਕਾਫ਼ੀ ਆਮ ਗੱਲ ਹੈ।''

BBC
ਤਸਵੀਰ ਕੈਪਸ਼ਨ, ਔਰਤਾਂ ਲਈ ਸਭ ਤੋਂ ਖ਼ਤਰਨਾਕ ਦੇਸਾਂ 'ਚੋਂ ਇੱਕ

ਹਰ ਸਮੇਂ ਡਰ ਦਾ ਸਾਇਆ

ਜੇ ਤੁਸੀਂ ਪੋਰਟ ਮੋਰੇਸਬੀ ਸ਼ਹਿਰ ਵਿੱਚ ਕਿਸੇ ਔਰਤ ਵੱਲ ਧਿਆਨ ਨਾਲ ਦੇਖਦੇ ਹੋ, ਉਸ ਦੀਆਂ 'ਹਰ ਵੇਲੇ ਸਹਿਮੀਆਂ ਅੱਖਾਂ' ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਲਗਾਤਾਰ ਖ਼ਤਰੇ ਵਿਚ ਰਹਿ ਰਹੀਆਂ ਹਨ।

ਸ਼ਹਿਰ ਵਿੱਚ ਔਰਤਾਂ ਵਿਰੁੱਧ ਹਿੰਸਾ ਦੀਆਂ ਇੰਨੀਆਂ ਜ਼ਿਆਦਾ ਘਟਨਾਵਾਂ ਹਨ ਕਿ ਸਰਕਾਰ ਨੂੰ ਇੱਥੇ 'ਸੁਰੱਖਿਅਤ ਘਰ' ਨਾਂ ਦੇ ਘਰ ਸਥਾਪਤ ਕਰਨੇ ਪਏ ਹਨ।

ਇੱਕ ਸੁਰੱਖਿਅਤ ਘਰ ਵਿਚ ਅਸੀਂ ਸੁਜ਼ੈਨ ਨਾਲ ਮੁਲਾਕਾਤ ਕੀਤੀ, ਜੋ ਪਿਛਲੇ ਦੋ ਮਹੀਨਿਆਂ ਤੋਂ ਆਪਣੇ ਬੱਚਿਆਂ ਨਾਲ ਇੱਥੇ ਰਹਿ ਰਹੀ ਹੈ।

ਇਹ ਵੀ ਪੜ੍ਹੋ:

ਉਸਦਾ ਵਿਆਹ ਸਾਲ 2000 ਵਿਚ ਹੋਇਆ ਸੀ ਅਤੇ 18 ਸਾਲ ਚੱਲੀ ਘਰੇਲੂ ਹਿੰਸਾ ਤੋਂ ਬਾਅਦ ਸੁਜ਼ੈਨ ਦੀ ਹਿੰਮਤ ਨੇ ਜਵਾਬ ਦਿੱਤਾ।

ਸੁਜ਼ੈਨ ਨੇ ਕਿਹਾ, "ਉਹ ਮੈਨੂੰ ਬਹੁਤ ਮਾਰਦਾ ਸੀ, ਉਸ ਨੇ ਇਸ ਸਾਲ ਹੀ ਮੇਰਾ ਹੱਥ ਕੱਟ ਦਿੱਤਾ ਸੀ, ਮੈਨੂੰ ਹਥੇਲੀ 'ਤੇ 35 ਟਾਂਕੇ ਲੱਗਵਾਉਣੇ ਪਏ ਸਨ, ਉਸਨੇ ਮੈਨੂੰ ਕੁੱਟਣਾ ਜਾਰੀ ਰੱਖਿਆ ਅਤੇ ਮੈਨੂੰ ਡਰ ਦੇ ਨਾਲ ਘਰ ਦੀ ਦੂਜੀ ਮੰਜ਼ਲ ਤੋਂ ਕੁੱਦਣਾ ਪਿਆ, ਇਸ ਕਰਕੇ ਮੇਰਾ ਸੱਜਾ ਪੈਰ ਟੁੱਟ ਗਿਆ।"

ਸੁਜ਼ੈਨ ਨੇ ਕਿਹਾ ਕਿ ਉਸਦਾ ਪਤੀ ਉਸ ਨੂੰ ਆਪਣੀ "ਜਾਇਦਾਦ" ਸਮਝਦਾ ਸੀ ਅਤੇ ਉਸ ਦਾ ਪਰਿਵਾਰ ਉਸ ਨੂੰ ਰੋਕ ਨਹੀਂ ਸਕਦਾ ਸੀ।

ਮੈਰੀਸਾ 69 ਸਾਲ ਦੀ ਹਨ
ਤਸਵੀਰ ਕੈਪਸ਼ਨ, ਮੈਰੀਸਾ 69 ਸਾਲ ਦੀ ਹਨ

ਮੈਰੀਸਾ ਨੇ ਵੀ 'ਸੇਫ਼ ਹਾਊਸ' ਵਿਚ ਆਸਰਾ ਮੰਗਿਆ ਸੀ। ਪਰ ਨੇਮਾਂ ਅਨੁਸਾਰ, ਇੱਥੇ ਲਈ ਉਨ੍ਹਾਂ ਦੀ ਉਮਰ ਵੱਧ ਸੀ।

ਸੇਫ਼ ਹਾਊਸ ਦੀ ਮੈਨੇਜਰ ਨੇ ਉਨ੍ਹਾਂ ਨੂੰ ਨੇਮਾਂ ਦੀ ਮਜਬੂਰੀ ਸਮਝਾਈ ਅਤੇ ਮੈਰਿਸਾ ਨੂੰ ਵਾਪਸ ਜਾਣਾ ਪਿਆ।

ਮੈਰੀਸਾ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਮੇਰੇ ਜਵਾਈ ਨੇ ਮੈਨੂੰ ਬੇਲਟ ਨਾਲ ਕੁੱਟਿਆ, ਉਹ ਮੇਰੇ ਨਾਲ ਸੈਕਸ ਕਰਨਾ ਚਾਹੁੰਦਾ ਹੈ, ਮੈਂ ਉਸ ਨੂੰ ਇਹ ਕਰਨ ਦੀ ਇਜਾਜ਼ਤ ਨਹੀਂ ਦੇਣਾ ਚਾਹੁੰਦੀ, ਮੈਨੂੰ ਘਰ ਵਾਪਸ ਜਾਣ ਤੋਂ ਡਰ ਲੱਗਦਾ ਹੈ, ਉਹ ਇਕ ਚਾਕੂ ਰੱਖਦਾ ਹੈ ਅਤੇ ਉਹ ਮੇਰੀ ਧੀ ਨੂੰ ਵੀ ਬਹੁਤ ਕੁੱਟਦਾ ਹੈ।"

ਮੈਰਿਸਾ ਨੇ ਦੱਸਿਆ ਕਿ ਉਸ ਦੇ ਜਵਾਈ ਨੇ ਆਪਣੀਆਂ ਦੋ ਬੇਟੀਆਂ ਨਾਲ ਵੀ ਬਲਾਤਕਾਰ ਕੀਤਾ ਹੈ। ਪਰ ਉਸ ਦੇ ਪਰਿਵਾਰ ਨੂੰ ਪੁਲਿਸ ਤੋਂ ਕੋਈ ਮਦਦ ਪ੍ਰਾਪਤ ਨਹੀਂ ਹੋਈ ਹੈ।

ਕਾਨੂੰਨ ਤੋਂ ਮਦਦ

ਸਿਰਫ਼ ਪੰਜ ਸਾਲ ਪਹਿਲਾਂ ਪਾਪੂਆ ਨਿਊ ਗਿਨੀ ਵਿਚ 'ਫੈਮਿਲੀ ਪ੍ਰੋਟੈਕਸ਼ਨ ਐਕਟ' ਬਣਾਇਆ ਗਿਆ ਹੈ ।

ਇਸ ਕਾਨੂੰਨ ਦੇ ਅਨੁਸਾਰ, 'ਘਰੇਲੂ ਹਿੰਸਾ ਇੱਕ ਜੁਰਮ ਹੈ, ਜਿਸ ਲਈ ਦੋ ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ ਜਾਂ ਦੋਸ਼ੀ ਨੂੰ ਦੋ ਹਜ਼ਾਰ ਅਮਰੀਕੀ ਡਾਲਰ ਜੁਰਮਾਨਾ ਦੇਣਾ ਪੈ ਸਕਦਾ ਹੈ।'

ਇਸ ਕਾਨੂੰਨ ਨਾਲ ਜੈਨੇਟ ਵਰਗੀਆਂ ਔਰਤਾਂ ਦੇ ਹੌਂਸਲੇ ਵਧੇ ਹਨ, ਜਿਸ ਨੇ ਕੁਝ ਦਿਨ ਪਹਿਲਾਂ ਹੀ ਘਰੇਲੂ ਹਿੰਸਾ ਕਾਰਨ ਆਪਣਾ ਘਰ ਛੱਡ ਦਿੱਤਾ ਸੀ।

ਉਹ ਕਹਿੰਦੀ ਹੈ, "ਮੈਨੂੰ ਆਪਣੇ ਛੋਟੇ ਬੱਚਿਆਂ ਨੂੰ ਛੱਡ ਕੇ ਭੱਜਣਾ ਪਿਆ, ਪਰ ਮੈਂ ਪੁਲਿਸ ਤੋਂ ਮਦਦ ਲੈਣਾ ਚਾਹੁੰਦੀ ਹਾਂ, ਪਾਪੂਆ ਨਿਊ ਗਿਨੀ ਵਿੱਚ ਘਰੇਲੂ ਹਿੰਸਾ ਦੇ ਵਿਰੁੱਧ ਰਿਪੋਰਟ ਕਰਨ ਦਾ ਬਹੁਤ ਘੱਟ ਰਿਵਾਜ਼ ਹੈ। ਔਰਤਾਂ ਸ਼ਿਕਾਇਤ ਕਰਨ ਤੋਂ ਬਚਦੀਆਂ ਹਨ, ਪਰ ਮੈਂ ਕਾਨੂੰਨ ਦੀ ਮਦਦ ਨਾਲ ਆਪਣੇ ਬੱਚਿਆਂ ਨੂੰ ਉਥੋਂ ਕੱਢਣਾ ਚਾਹੁੰਦੀ ਹਾਂ।"

ਜੈਨੇਟ ਕਾਨੂੰਨ ਦੀ ਮਦਦ ਨਾਲ ਲੜਣਾ ਚਾਹੁੰਦੀ ਹੈ
ਤਸਵੀਰ ਕੈਪਸ਼ਨ, ਜੈਨੇਟ ਕਾਨੂੰਨ ਦੀ ਮਦਦ ਨਾਲ ਲੜਣਾ ਚਾਹੁੰਦੀ ਹੈ

ਪਾਪੂਆ ਨਿਊ ਗਿਨੀ ਦਾ ਸਮਾਜ ਪੁਸ਼ਤੈਨੀ ਖਿਆਲਾਂ ਵਾਲਾ ਸਮਾਜ ਹੈ, ਇਥੇ ਘਰ ਦੇ ਸਾਰੇ ਫੈਸਲੇ ਲੈਣ ਦਾ ਹੱਕ ਮਰਦਾਂ ਦੇ ਹੱਥਾਂ ਵਿਚ ਹੈ ।

ਪਰ ਵਿਆਹੇ ਹੋਏ ਮਰਦਾਂ ਦੀ ਇਸ ਬਾਰੇ ਕੀ ਰਾਏ ਹੈ ? ਬੀਬੀਸੀ ਨੇ ਇਹ ਜਾਣਨ ਲਈ ਜੈਨੇਟ ਦੇ ਪਤੀ ਨਾਲ ਵੀ ਗੱਲ ਕੀਤੀ ।

ਉਸ ਨੇ ਕਿਹਾ, "ਮੈਂ ਨੌਕਰੀ ਕਰਦਾ ਹਾਂ, ਮੈਂ ਇੱਕ ਸਕੂਲ ਵਿੱਚ ਪੜ੍ਹਾਉਂਦਾ ਹਾਂ, ਮੈਂ ਹਿੰਸਾ ਕਿਉਂ ਕਰਾਂਗਾ? ਜੈਨੇਟ ਨੇ ਮੈਂਨੂੰ ਥੱਪੜ ਮਾਰਿਆ ਸੀ, ਜਿਸ ਤੋਂ ਬਾਅਦ ਮੈਂ ਉਸ 'ਤੇ ਹੱਥ ਚੁੱਕਿਆ, ਮੈਂ ਉਸ ਦੇ ਚਿਹਰੇ 'ਤੇ ਸਿਰਫ਼ ਇੱਕ ਮੁੱਕਾ ਮਾਰਿਆ ਸੀ।''

ਜੈਨੇਟ ਦੇ ਪਤੀ ਨੇ ਕਿਹਾ ਕਿ ਉਸ ਦੀ ਪਤਨੀ ਦਾ ਰਵੱਈਆ ਸਹੀ ਨਹੀਂ ਹੈ।

ਇਹ ਵੀ ਪੜ੍ਹੋ:

ਪਰ 'ਮਾੜੇ ਰਵੱਈਏ' ਦਾ ਕੀ ਮਤਲਬ ਹੈ?

ਇਸ ਦੇ ਜਵਾਬ ਵਿਚ ਉਸ ਨੇ ਕਿਹਾ, "ਉਹ ਮੇਰੀ ਗੱਲ ਨਹੀਂ ਸੁਣਦੀ, ਉਹ ਉਹੀ ਕਰਦੀ ਹੈ ਜੋ ਉਸ ਦਾ ਦਿਲ ਚਾਹੁੰਦਾ ਹੈ, ਉਹ ਬੱਚਿਆਂ ਨੂੰ ਦੁੱਧ ਤੱਕ ਨਹੀਂ ਪਿਲਾਉਂਦੀ, ਘਰ ਦਾ ਕੋਈ ਕੰਮ ਉਸ ਨੂੰ ਨਹੀਂ ਆਉਂਦਾ, ਉਹ ਮੈਨੂੰ ਭੜਕਾਉਂਦੀ ਹੈ, ਸਿਰਫ ਤਾਂ ਮੈਂ ਹਿੰਸਾ ਕਰਨ ਲਈ ਮਜ਼ਬੂਰ ਹੁੰਦਾ ਹਾਂ।"

ਇਸ ਗੱਲਬਾਤ ਤੋਂ ਥੋੜ੍ਹੀ ਦੇਰ ਬਾਅਦ, ਜੈਨੇਟ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਜੈਨੇਟ ਨੇ ਆਪਣੇ ਬੱਚਿਆਂ ਨਾਲ ਮੁਲਾਕਾਤ ਕੀਤੀ, ਅਤੇ ਕੁਝ ਦਿਨਾਂ ਬਾਅਦ ਹੀ ਆਪਣੇ ਪਰਿਵਾਰ ਦੇ ਕਹਿਣ 'ਤੇ ਉਸ ਨੇ ਆਪਣੇ ਪਤੀ 'ਤੇ ਲਗਾਏ ਸਾਰੇ ਦੋਸ਼ ਵਾਪਸ ਲੈ ਲਏ।

ਬੋਮਾਨਾ ਜੇਲ੍ਹ
ਤਸਵੀਰ ਕੈਪਸ਼ਨ, ਬੋਮਾਨਾ ਜੇਲ੍ਹ

ਬੀਬੀਸੀ ਨੇ ਪੋਰਟ ਮੋਰੇਸਬੀ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਪਾਪੂਆ ਨਿਊ ਗਿਨੀ ਦੀ ਸਭ ਤੋਂ ਵੱਡੀ ਜੇਲ੍ਹ ਬੋਮਾਨਾ ਦਾ ਵੀ ਦੌਰਾ ਕੀਤਾ।

ਇੱਥੇ ਅਸੀਂ ਕੈਦੀਆਂ ਅਤੇ ਨਾਬਾਲਗਾਂ ਦੇ ਸਮੂਹ ਨਾਲ ਮੁਲਾਕਾਤ ਕੀਤੀ।

27 ਲੋਕਾਂ ਦੇ ਇਸ ਸਮੂਹ ਵਿੱਚ 12 ਮੁੰਡਿਆਂ 'ਤੇ ਬਲਾਤਕਾਰ ਦੇ ਦੋਸ਼ ਹਨ। ਪੁਲਿਸ ਅਨੁਸਾਰ ਬਲਾਤਕਾਰ ਦਾ ਸਭ ਤੋਂ ਘੱਟ ਉਮਰ ਦਾ ਦੋਸ਼ੀ 13 ਸਾਲ ਦਾ ਮੁੰਡਾ ਹੈ।

ਅਸੀਂ ਜੇਲ੍ਹ ਵਿੱਚ 39 ਸਾਲਾ ਕੈਦੀ ਰੂਬੇਨ ਨਾਲ ਵੀ ਗੱਲ ਕੀਤੀ, ਜਿਸ 'ਤੇ ਦਸ ਸਾਲ ਦੀ ਕੁੜੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ।

bbc
ਤਸਵੀਰ ਕੈਪਸ਼ਨ, ਰੂਬੇਨ ਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ

ਉਸਨੇ ਬੜੇ ਆਰਾਮ ਨਾਲ ਸਾਰੀ ਕਹਾਣੀ ਦੱਸਦਿਆਂ ਹੋਇਆਂ ਕਿਹਾ ਕਿ ਉਹ ਕੁੜੀ ਉਸ ਦੇ ਘਰ ਆਈ ਸੀ।

ਉਸ ਨੇ ਕਿਹਾ, "ਮੈਂ ਇਸ ਨੂੰ ਬਲਾਤਕਾਰ ਨਹੀਂ ਸਮਝਦਾ ਕਿਉਂਕਿ ਉਹ ਮੇਰੇ ਘਰ ਆਪ ਆਈ ਸੀ। ਮੈਂ ਕਿਸੇ ਵੀ ਹਥਿਆਰ ਦੇ ਦਮ 'ਤੇ ਉਸਦੇ ਘਰ ਜਾ ਕੇ ਇਹ ਸਭ ਨਹੀਂ ਕੀਤਾ।"

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਪੂਆ ਨਿਊ ਗਿਨੀ ਵਿਚ ਬਲਾਤਕਾਰ ਦੀ ਵੱਧ ਤੋਂ ਵੱਧ ਸਜ਼ਾ ਪੰਜ ਸਾਲ ਦੀ ਕੈਦ ਹੈ ਅਤੇ ਨਾਬਾਲਗਾਂ ਦੇ ਮਾਮਲੇ ਵਿਚ ਵੱਧ ਤੋਂ ਵੱਧ ਸਜ਼ਾ ਦੋ ਸਾਲ ਜੇਲ੍ਹ ਹੈ।

ਪੁਲਿਸ ਇਹ ਮੰਨਦੀ ਹੈ ਕਿ ਬਲਾਤਕਾਰ ਵਰਗੇ ਜੁਰਮ ਲਈ ਇਹ ਸਜ਼ਾ ਕਾਫੀ ਨਹੀਂ ਹੈ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)