You’re viewing a text-only version of this website that uses less data. View the main version of the website including all images and videos.
ਮੋਨਸੈਂਟੋ ਦੀ ਮਾਲਕ ਬੇਅਰ ਨੇ ਕਿਹਾ, 'ਗਲਾਈਫੋਸੇਟ ਕਰਕੇ ਕੈਂਸਰ ਨਹੀਂ' ਪਰ ਕਿਸਾਨ ਨੂੰ ਮਿਲਣਗੇ 1900 ਕਰੋੜ੍
ਖੇਤੀਬਾੜੀ ਰਸਾਇਣਾਂ ਦੀ ਨਿਰਮਾਤਾ ਕੰਪਨੀ ਬੇਅਰ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ ਕਿ ਉਨ੍ਹਾਂ ਦਾ ਨਦੀਨ ਨਾਸ਼ਕ ਕੈਂਸਰ ਦਾ ਕਾਰਨ ਨਹੀਂ ਬਣਦਾ ਹੈ।
ਜਰਮਨ ਕੰਪਨੀ ਬੇਅਰ ਮੋਨਸੈਂਟੋ ਦੀ ਮਾਲਕ ਹੈ ਅਤੇ ਉਸਦਾ ਕਹਿਣਾ ਹੈ ਕਿ ਗਲਾਈਫੋਸੇਟ ਸੁਰੱਖਿਅਤ ਹੈ।
ਮਾਨਸੈਂਟੋ ਨੂੰ ਇੱਕ ਅਮਰੀਕੀ ਅਦਾਲਤ ਨੇ ਇੱਕ ਵਿਅਕਤੀ ਨੂੰ 1900 ਕਰੋੜ ਰੁਪਏ (28.9 ਕਰੋੜ ਅਮਰੀਕੀ ਡਾਲਰ) ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਸਨ।
ਅਪੀਲ ਕਰਤਾ ਦਾ ਦਾਅਵਾ ਸੀ ਕਿ ਉਸ ਨੂੰ ਕੰਪਨੀ ਦੀ ਨਦੀਨਨਾਸ਼ਕ ਦਵਾਈ ਦੀ ਵਰਤੋਂ ਕਰਕੇ ਕੈਂਸਰ ਹੋਇਆ ਸੀ।
ਕੈਲੇਫੋਰਨੀਆ ਸੂਬੇ ਦੀ ਇੱਕ ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਮਾਨਸੈਂਟੋ ਆਪਣੀਆਂ ਨਦੀਨ ਨਾਸ਼ਕ ਦਵਾਈਆਂ ਰਾਊਂਡ ਅੱਪ ਅਤੇ ਰੇਂਜਰਪ੍ਰੋ ਦੇ ਖ਼ਤਰਿਆਂ ਬਾਰੇ ਗਾਹਕਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਸੀ।
ਇਹ ਵੀ ਪੜ੍ਹੋ꞉
ਬੇਅਰ ਨੇ ਮੋਨਸੈਂਟੋ ਨੂੰ ਜੂਨ 2018 ਵਿੱਚ ਟੇਕ ਓਵਰ ਕੀਤਾ ਸੀ।
ਬੇਅਰ ਕੰਪਨੀ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਦੋਵੇਂ ਕੰਪਨੀਆਂ ਸੁਤੰਤਰ ਰੂਪ ਵਿੱਚ ਕੰਮ ਕਰਦੀਆਂ ਹਨ। ਇੱਕ ਬਿਆਨ ਵਿੱਚ ਕੰਪਨੀ ਨੇ ਕਿਹਾ- "ਵਿਗਿਆਨ ਦੀ ਸ਼ਕਤੀ, ਦੁਨੀਆਂ ਭਰ ਦੇ ਰੈਗੂਲੇਟਰਾਂ ਅਤੇ ਦਹਾਕਿਆਂ ਦੇ ਤਜ਼ਰਬੇ ਦੇ ਅਧਾਰ 'ਤੇ ਬੇਅਰ ਨੂੰ ਯਕੀਨ ਹੈ ਕਿ ਗਲਾਈਸੋਫੇਟ ਸੁਰੱਖਿਅਤ ਹੈ ਅਤੇ ਜੇ ਇਸ ਨੂੰ ਹਦਾਇਤਾਂ ਮੁਤਾਬਕ ਵਰਤਿਆ ਜਾਵੇ ਤਾਂ ਇਸ ਨਾਲ ਕੈਂਸਰ ਨਹੀਂ ਹੁੰਦਾ।"
ਗਲਾਈਫੋਸੇਟ ਨੂੰ ਕੈਂਸਰ ਨਾਲ ਜੋੜਨ ਵਾਲਾ ਇਹ ਅਜਿਹਾ ਪਹਿਲਾ ਕੇਸ ਹੈ ਜੋ ਸੁਣਵਾਈ ਤੱਕ ਪਹੁੰਚਿਆ ਹੈ।
ਸਾਲ 2014 ਵਿੱਚ ਪਤਾ ਲੱਗਿਆ ਸੀ ਕਿ ਜੌਹਨਸਨ ਨੂੰ ਨੌਨ-ਹੌਜਕਿਨਜ਼ ਲਿਮਫੋਮਾ ਬਿਮਾਰੀ ਹੈ। ਉਨ੍ਹਾਂ ਦੇ ਵਕੀਲ ਦਾ ਕਹਿਣਾ ਸੀ ਕਿ ਜੌਹਨਸਨ ਨੇ ਕੈਲੀਫੋਰਨੀਆ ਦੇ ਇੱਕ ਸਕੂਲ ਵਿੱਚ ਮਾਲੀ ਵਜੋਂ ਕੰਮ ਕਰਦਿਆਂ ਰੇਂਜਰਪ੍ਰੋ ਦੀ ਇੱਕ ਦਵਾਈ ਦੀ ਵਰਤੋਂ ਕੀਤੀ ਸੀ।
ਡੀਵੇਨ ਜੌਹਨਸਨ ਇਸ ਕੇਸ ਵਿੱਚ ਪੂਰੇ ਅਮਰੀਕਾ ਦੇ 5,000 ਸ਼ਿਕਾਇਤ ਕਰਤਿਆਂ ਵਿੱਚੋਂ ਇੱਕ ਹਨ। ਗਲਾਈਫੋਸੇਟ ਦੁਨੀਆਂ ਭਰ ਵਿੱਚ ਵਰਤਿਆ ਜਾਣ ਵਾਲਾ ਆਮ ਨਦੀਨ ਨਾਸ਼ਕ ਹੈ। ਕੈਲੀਫੋਰਨੀਆ ਦੀ ਅਦਾਲਤ ਵੱਲੋਂ ਦਿੱਤੇ ਇਸ ਫੈਸਲੇ ਮਗਰੋਂ ਕੰਪਨੀ ਅਜਿਹੇ ਹੋਰ ਵੀ ਸੈਂਕੜੇ ਕੇਸਾਂ ਵਿੱਚ ਉਲਝ ਸਕਦੀ ਹੈ।
ਮਾਨਸੈਂਟੋ ਨੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਫੈਸਲੇ ਖਿਲਾਫ਼ ਉੱਪਰਲੀ ਅਦਾਲਤ ਵਿੱਚ ਅਪੀਲ ਕੀਤੀ ਜਾਵੇਗੀ।
ਕੀ ਹੈ ਗਲਾਈਫੋਸੇਟ ਅਤੇ ਇਸ ਨਾਲ ਜੁੜਿਆ ਵਿਵਾਦ
ਗਲਾਈਸੋਫੇਟ ਨੂੰ ਮਾਨਸੈਂਟੋ ਨੇ ਸਾਲ 1974 ਵਿੱਚ ਬਾਜ਼ਾਰ ਵਿੱਚ ਲਿਆਂਦਾ ਸੀ ਪਰ ਇਸ ਦਾ ਪੇਟੈਂਟ ਲਾਈਸੈਂਸ ਦੀ ਸਾਲ 2000 ਵਿੱਚ ਮਿਆਦ ਖ਼ਤਮ ਹੋ ਚੁੱਕੀ ਹੈ। ਹੁਣ ਗਲਾਈਸੋਫੇਟ ਰਸਾਇਣ ਕਈ ਕੰਪਨੀਆਂ ਵੱਲੋਂ ਤਿਆਰ ਕੀਤਾ ਜਾਂਦਾ ਹੈ। ਅਮਰੀਕਾ ਵਿੱਚ ਹੀ ਇਹ 750 ਤੋਂ ਵੱਧ ਉਤਪਾਦਾਂ ਵਿੱਚ ਵਰਤਿਆ ਜਾਂਦਾ ਹੈ।
ਸਾਲ 2015 ਵਿੱਚ ਕੈਂਸਰ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਕੌਮਾਂਤਰੀ ਖੋਜ ਏਜੰਸੀ ਨੇ ਕਿਹਾ ਸੀ ਕਿ ਇਹ ਮਨੁੱਖਾਂ ਕੈਂਸਰ ਦਾ ਕਾਰਨ ਹੋ ਸਕਦੀ ਹੈ। ਹਾਲਾਂਕਿ ਅਮਰੀਕੀ ਇਨਵਾਇਰਨਮੈਂਟ ਪ੍ਰੋਟੈਕਸ਼ਨ ਏਜੰਸੀ (ਈਪੀਏ) ਮੁਤਾਬਕ ਜੇ ਗਲਾਈਫੋਸੇਟ ਦੀ ਧਿਆਨ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਵਾਤਾਵਰਨ ਲਈ ਸੁਰੱਖਿਅਤ ਹੈ।
ਯੂਰਪੀ ਫੂਡ ਸੇਫਟੀ ਕਾਊਂਸਲ ਅਥੌਰਟੀ ਮੁਤਾਬਕ ਵੀ ਗਲਾਈਸੋਫੇਟ ਨਾਲ ਕੈਂਸਰ ਨਹੀਂ ਹੁੰਦਾ।
ਇਸ ਦੇ ਖਿਲਾਫ ਚੱਲ ਰਹੀਆਂ ਲਹਿਰਾਂ ਦੇ ਬਾਵਜੂਦ ਨਵੰਬਰ 2017 ਵਿੱਚ ਯੂਰਪੀ ਯੂਨੀਅਨ ਦੇ ਦੇਸਾਂ ਨੇ ਇਸ ਦਾ ਲਾਈਸੈਂਸ ਨਵਿਆਉਣ ਦੇ ਹੱਕ ਵਿੱਚ ਵੋਟਿੰਗ ਕੀਤੀ।
ਬੀਬੀਸੀ ਦੇ ਉੱਤਰੀ ਅਮਰੀਕਾ ਤੋਂ ਪੱਤਰਕਾਰ ਜੇਮਜ਼ ਕੁੱਕ ਮੁਤਾਬਕ ਕੈਲੇਫੋਰਨੀਆ ਦੇ ਇੱਕ ਜੱਜ ਨੇ ਹਾਲ ਹੀ ਵਿੱਚ ਟਿੱਪਣੀ ਕੀਤੀ ਸੀ ਕਿ ਕੌਫੀ ਉੱਪਰ ਕੈਂਸਰ ਬਾਰੇ ਚਿਤਾਵਨੀ ਹੋਣੀ ਚਾਹੀਦੀ ਹੈ ਅਤੇ ਖੇਤੀਬਾੜੀ ਸਨਅਤ ਨੇ ਗਲਾਈਫੋਸੇਟ ਉੱਪਰ (ਜੋ ਕਿ ਕੈਂਸਰ ਜਨਕ ਦਵਾਈਆਂ ਦੀ ਸਰਕਾਰ ਦੀ ਸੂਚੀ ਵਿੱਚ ਸ਼ਾਮਲ ਹੈ।) ਅਜਿਹੀ ਚਿਤਾਵਨੀ ਨੂੰ ਰੋਕਣ ਲਈ ਪਟੀਸ਼ਨ ਪਾਈ ਹੈ।
ਕਿਸਾਨ ਦੇ ਕੇਸ ਦਾ ਕੀ ਬਣਿਆ?
ਜਿਊਰੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਕੰਪਨੀ ਨੇ ਮੰਦਭਾਵਨਾ ਨਾਲ ਕੰਮ ਕੀਤਾ ਅਤੇ ਇਸਦੀ ਨਦੀਨ ਨਾਸ਼ਕ ਦਵਾਈ ਜੌਹਨਸਨ ਨੂੰ ਨਾਮੁਰਾਦ ਬਿਮਾਰੀ ਦੇਣ ਵਿੱਚ ਪ੍ਰਮੁੱਖ ਤੌਰ 'ਤੇ ਜ਼ਿੰਮੇਵਾਰ ਹੈ।
ਅੱਠ ਹਫਤਿਆਂ ਦੀ ਸੁਣਵਾਈ ਤੋਂ ਬਾਅਦ ਜਿਊਰੀ ਨੇ ਕੰਪਨੀ ਨੂੰ 25 ਕਰੋੜ ਡਾਲਰ ਦਾ ਜੁਰਮਾਨਾ ਕੀਤਾ ਜੋ ਕਿ ਹੋਰ ਖਰਚਿਆਂ ਨਾਲ ਮਿਲਾ ਕੇ 29 ਕਰੋੜ ਡਾਲਰ ਤੱਕ ਪਹੁੰਚ ਗਿਆ।
ਜੌਹਨਸਨ ਦੇ ਵਕੀਲ ਬਰੈਂਟ ਵਿਸਨਰ ਨੇ ਕਿਹਾ ਕਿ ਜਿਊਰੀ ਦਾ ਫੈਸਲਾ ਸਾਬਤ ਕਰਦਾ ਹੈ ਕਿ ਉਤਪਾਦ ਦੇ ਖਿਲਾਫ ਪੇਸ਼ ਕੀਤੇ ਸਬੂਤ 'ਬਹੁਤ ਜ਼ਿਆਦਾ' ਸਨ। ਉਨ੍ਹਾਂ ਕਿਹਾ, "ਜੇ ਤੁਸੀਂ ਸਹੀ ਹੋ ਤਾਂ ਜਿੱਤਣਾ ਸੌਖਾ ਹੋ ਜਾਂਦਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਇਹ ਤਾਂ ਭਵਿੱਖ ਵਿੱਚ ਹੋਣ ਵਾਲੇ ਮੁਕੱਦਮਿਆਂ ਦੀ ਮਾਮੂਲੀ ਜਿਹੀ ਸ਼ੁਰੂਆਤ ਹੈ।
ਮੈਨਸੈਂਟੋ ਦੀ ਪ੍ਰਤਿਕਿਰਿਆ
ਮਾਨਸੈਂਟੋ ਦੇ ਵਾਈਸ-ਪ੍ਰੈਜ਼ੀਡੈਂਟ ਸਕੌਟ ਪਾਰਟੀਰਿੱਜ ਨੇ ਇਸ ਬਾਰੇ ਟਿੱਪਣੀ ਕੀਤੀ ਕਿ "ਜਿਊਰੀ ਨੂੰ ਗਲਤਫਹਿਮੀ ਹੋਈ ਹੈ।"
ਫੈਸਲੇ ਤੋਂ ਬਾਅਦ ਮੌਨਸੈਂਟੋ ਨੇ ਲਿਖਤ ਬਿਆਨ ਵਿੱਚ ਕਿਹਾ ਕਿ ਕੰਪਨੀ ਨੂੰ ਜੌਹਨਸਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਹੈ ਪਰ ਉਹ ਆਪਣੇ ਉਤਪਾਦ ਦਾ ਬਚਾਅ ਕਰਨਾ ਜਾਰੀ ਰੱਖੇਗੀ ਜਿਸ ਦਾ 40 ਸਾਲਾਂ ਦਾ ਸੁਰੱਖਿਅਤ ਵਰਤੋਂ ਦਾ ਇਤਿਹਾਸ ਹੈ।
ਬਿਆਨ ਵਿੱਚ ਅੱਗੇ ਕਿਹਾ ਗਿਆ, "ਅੱਜ ਦੇ ਫੈਸਲੇ ਨਾਲ ਇਹ ਤੱਥ ਨਹੀਂ ਬਦਲ ਜਾਂਦਾ ਜਿਸ ਦੀ 800 ਤੋਂ ਵਧੇਰੇ ਵਿਗਿਆਨਿਕ ਅਧਿਐਨ, ਪੜਚੋਲ ਅਤੇ ਅਮਰੀਕੀ ਵਾਤਾਵਰਨ ਸੁਰੱਖਿਆ ਏਜੰਸੀ ਦੇ ਨਤੀਜੇ, ਅਮਰੀਕਾ ਦੇ ਨੈਸ਼ਨਲ ਇੰਸਟੀਟਿਊਟਸ ਆਫ ਹੈਲਥ ਅਤੇ ਦੁਨੀਆਂ ਭਰ ਦੀਆਂ ਰੇਗੁਲੇਟਰੀ ਅਥਾਰਟੀਆਂ ਹਮਾਇਤ ਕਰਦੀਆਂ ਹਨ ਕਿ ਗਲਾਈਫੋਸੇਟ ਨਾਲ ਕੈਂਸਰ ਨਹੀਂ ਹੁੰਦਾ ਹੈ ਅਤੇ ਜੌਹਨਸਨ ਨੂੰ ਕੈਂਸਰ ਨਹੀਂ ਕੀਤਾ।"
ਇਹ ਵੀ ਪੜ੍ਹੋ꞉