ਬਲਾਗ: ਮੋਦੀ ਹੋਣ ਭਾਵੇਂ ਇਮਰਾਨ, ਨਾਮ ਵਿੱਚ ਕੀ ਰੱਖਿਆ ਹੈ?

ਨਰਿੰਦਰ ਮੋਦੀ ਅਤੇ ਇਮਰਾਨ ਖ਼ਾਨ

ਤਸਵੀਰ ਸਰੋਤ, MEA, INDIA

ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਨਵੀਂ ਸਰਕਾਰ ਆਉਣ ਤੋਂ ਬਾਅਦ ਭਾਰਤ-ਪਾਕਿਸਤਾਨ ਰਿਸ਼ਤਿਆਂ ਵਿੱਚ ਬਦਲਾਅ ਆਉਣ ਦੀ ਕਿੰਨੀ ਸੰਭਾਵਨਾ
    • ਲੇਖਕ, ਵੁਸਤੁੱਲਾਹ ਖ਼ਾਨ
    • ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ ਬੀਬੀਸੀ ਦੇ ਲਈ

ਜਦੋਂ ਖ਼ਬਰ ਆਈ ਕਿ ਨਰਿੰਦਰ ਮੋਦੀ ਆਮ ਚੋਣਾਂ ਜਿੱਤ ਗਏ ਹਨ ਤਾਂ ਪਾਕਿਸਤਾਨ ਵਿੱਚ ਹਰ ਕੋਈ ਇੱਕ-ਦੂਜੇ ਨੂੰ ਇਹੀ ਪੁੱਛ ਰਿਹਾ ਸੀ, ''ਹੁਣ ਕੀ ਹੋਵੇਗਾ?''

ਜਿਵੇਂ ਅੱਜ ਭਾਰਤ ਵਿੱਚ ਬਹੁਤ ਸਾਰੇ ਲੋਕ ਪੁੱਛ ਰਹੇ ਹਨ, ''ਇਮਰਾਨ ਖ਼ਾਨ ਜਿੱਤ ਗਏ ਹਨ। ਹੁਣ ਕੀ ਹੋਵੇਗਾ?''

ਇਸ ਵੇਲੇ ਮੈਨੂੰ ਉਹ ਮੌਲਵੀ ਸਾਹਿਬ ਯਾਦ ਆ ਰਹੇ ਹਨ ਜਿਨ੍ਹਾਂ ਨੂੰ ਗੁਆਂਢੀ ਦੇ ਬੱਚੇ ਨੇ ਦੱਸਿਆ ਕਿ ਨੱਥੂ ਦੇ ਮੁੰਡੇ ਦਾ ਵਿਆਹ ਹੋ ਰਿਹਾ ਹੈ। ਮੌਲਵੀ ਸਾਹਿਬ ਨੇ ਕਿਹਾ, ''ਮੈਨੂੰ ਕੀ?''

ਇਹ ਵੀ ਪੜ੍ਹੋ:

ਬੱਚੇ ਨੇ ਕਿਹਾ ਪਰ ਮੌਲਵੀ ਸਾਹਬ ਨੱਥੂ ਕਹਿ ਰਿਹਾ ਸੀ ਕਿ ਮੌਲਵੀ ਸਾਹਿਬ ਨੂੰ ਸੱਦਾ ਦੇਵਾਂਗਾ।

ਮੌਲਵੀ ਸਾਹਿਬ ਨੇ ਕਿਹਾ, ''ਫਿਰ ਤੈਨੂੰ ਕੀ?''

ਚੋਣਾਂ ਕਿਸੇ ਦੀਆਂ ਅਤੇ ਫ਼ਿਕਰ ਮੈਨੂੰ ਹੋਵੇ, ਕਿਉਂ ਭਾਈ?

ਫਸਿਆ ਹੋਇਆ ਹੈ ਮੈਚ

ਮੋਦੀ ਆਏ ਤਾਂ ਮੈਨੂੰ ਕੀ? ਇਮਰਾਨ ਆਏ ਤਾਂ ਮੈਨੂੰ ਕੀ?

ਇਮਰਾਨ ਖ਼ਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪਾਕਿਸਤਾਨ ਦੀਆਂ ਆਮ ਚੋਣਾਂ ਵਿੱਚ ਇਮਰਾਨ ਖ਼ਾਨ ਨੂੰ ਵੱਡੀ ਜਿੱਤ ਹਾਸਲ ਹੋਈ ਹੈ

ਇਹ ਦੱਸੋ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਸਬੰਧ ਕਿੰਨੇ ਚੰਗੇ ਸਨ ਜਿਹੜੇ ਭਾਜਪਾ ਦੇ ਆਉਣ ਨਾਲ ਵਿਗੜ ਗਏ। ਜਾਂ ਨਵਾਜ਼ ਸ਼ਰੀਫ਼ ਸੀ ਤਾਂ ਕਸ਼ਮੀਰ ਦੀ ਸਰਹੱਦ 'ਤੇ ਕਿਹੜਾ ਗੋਲੀਬਾਰੀ ਬੰਦ ਸੀ ਜਿਹੜੀ ਇਮਰਾਨ ਖ਼ਾਨ ਦੇ ਆਉਣ ਨਾਲ ਮੁੜ ਸ਼ੁਰੂ ਹੋ ਗਈ।

ਸਬੰਧ ਚੰਗੇ-ਮਾੜੇ ਹੋਣਾ ਕਿਸੇ ਦੇ ਆਉਣ-ਜਾਣ 'ਤੇ ਨਿਰਭਰ ਨਹੀਂ ਕਰਦਾ। ਬੁਨਿਆਦੀ ਪਾਲਿਸੀ ਦੇ ਬਦਲਣ ਜਾਂ ਨਾ ਬਦਲਣ ਨਾਲ ਹੁੰਦਾ ਹੈ।

ਮੋਦੀ ਜੀ ਨੇ ਹਨੀਮੂਨ ਪੀਰੀਅਡ ਵਿੱਚ ਚੰਗੀਆਂ-ਚੰਗੀਆਂ ਗੱਲਾਂ ਕੀਤੀਆਂ। ਇਮਰਾਨ ਖ਼ਾਨ ਵੀ ਪਹਿਲੇ 100 ਦਿਨ ਚੰਗੀਆਂ-ਚੰਗੀਆਂ ਗੱਲਾਂ ਕਰਨਗੇ।

ਅਗਲੇ ਸਾਲ ਜੇਕਰ ਭਾਰਤ ਵਿੱਚ ਚੋਣਾਂ ਹਨ ਤਾਂ ਇੱਥੇ ਵੀ ਇਮਰਾਨ ਖ਼ਾਨ ਦੀ ਸਰਕਾਰ ਗਠਜੋੜ ਦੀਆਂ ਇੱਟਾਂ 'ਤੇ ਖੜੀ ਹੋਵੇਗੀ।

ਇਹ ਵੀ ਪੜ੍ਹੋ:

ਪਰਵੇਜ਼ ਮੁਸ਼ਰਫ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਬੰਧ ਚੰਗੇ ਹੋਣੇ ਹੁੰਦੇ ਤਾਂ ਵਾਜਪੇਈ ਅਤੇ ਪਰਵੇਜ਼ ਮੁਸ਼ੱਰਫ ਦੇ ਜ਼ਮਾਨੇ ਵਿੱਚ ਹੋ ਚੁਕੇ ਹੁੰਦੇ

ਯਾਨਿ ਮੈਚ ਉੱਧਰ ਵੀ ਫਸਿਆ ਹੋਇਆ ਹੈ ਅਤੇ ਇੱਧਰ ਵੀ। ਅਜਿਹੇ ਵਿੱਚ ਸ਼ੁਭਕਾਮਨਾਵਾਂ ਦਾ ਆਦਾਨ-ਪ੍ਰਦਾਨ ਹੀ ਸੰਭਵ ਹੈ।

ਕਿਉਂ ਕਰੀਏ ਉਡੀਕ?

ਅਸੀਂ ਕਿਉਂ ਅਗਲੇ ਸਾਲ ਦੀਆਂ ਭਾਰਤੀ ਚੋਣਾਂ ਦੀ ਉਡੀਕ ਕਰੀਏ। ਆਪਸੀ ਸਬੰਧਾਂ ਵਿੱਚ ਜਿਹੜੀ ਬਿਹਤਰੀ ਮੌਜੂਦਾ ਸਰਕਾਰ ਨਾ ਲਿਆ ਸਕੀ ਉਹ ਅਗਲੀ ਮੋਦੀ ਜਾਂ ਗ਼ੈਰ-ਮੋਦੀ ਸਰਕਾਰ ਕਿਵੇਂ ਲਿਆਵੇਗੀ?

ਤਾਂ ਕੀ ਪਾਕਿਸਤਾਨ ਵਿੱਚ ਮਜ਼ਬੂਤ ਸਿਵਲੀਅਨ ਸਰਕਾਰਾਂ ਨਹੀਂ ਆਈਆਂ। ਉਨ੍ਹਾਂ ਦੇ ਹੁੰਦੇ ਹੋਏ ਕਿਉਪਿਡ ਨੇ ਅਜਿਹਾ ਕੀ ਤੀਰ ਚਲਾ ਦਿੱਤਾ ਜਿਹੜਾ ਕਮਜ਼ੋਰ ਸਰਕਾਰ ਨਹੀਂ ਚਲਾ ਸਕਦੀ।

ਇਹ ਵੀ ਪੜ੍ਹੋ:

ਸਬੰਧ ਚੰਗੇ ਹੋਣੇ ਹੁੰਦੇ ਤਾਂ ਨਹਿਰੂ ਅਤੇ ਅਯੂਬ ਖ਼ਾਨ ਜਾਂ ਫਿਰ ਵਾਜਪਾਈ ਅਤੇ ਪਰਵੇਜ਼ ਮੁਸ਼ੱਰਫ ਦੇ ਜ਼ਮਾਨੇ ਵਿੱਚ ਹੋ ਚੁੱਕੇ ਹੁੰਦੇ।

ਪਰ 70 ਸਾਲਾਂ ਵਿੱਚ ਦੋਵੇਂ ਪਾਸਿਓ ਹੁਣ ਤੱਕ ਤਾਂ ਇਹੀ ਸੁਣਨ ਨੂੰ ਮਿਲਦਾ ਆ ਰਿਹਾ ਹੈ ਕਿ ਬੁਨਿਆਦੀ ਝਗੜਾ ਤਾਂ ਸੁਲਝ ਗਿਆ ਸੀ ਪਰ ਦਸਤਾਵੇਜ਼ 'ਤੇ ਦਸਤਖ਼ਤ ਹੋਣ ਤੋਂ ਇੱਕ ਮਿੰਟ ਪਹਿਲਾਂ ਫ਼ਲਾਣੇ ਜੁਮਲੇ ਦੇ ਫ਼ਲਾਣੇ ਸ਼ਬਦ ਦੇ ਫ਼ਲਾਣੇ ਅੱਖਰ ਨੇ ਰੁਕਾਵਟ ਪਾ ਦਿੱਤੀ। ਇਸ ਤਰ੍ਹਾਂ ਸਬੰਧ ਸੁਧਾਰਨ ਦਾ ਕੰਮ ਇੱਕ ਦਹਾਕੇ ਹੋਰ ਅੱਗੇ ਵਧ ਗਿਆ।

ਨੀਅਤ ਠੀਕ ਹੋਵੇਗੀ ਤਾਂ ਮਿਲਣਗੇ ਸਿਤਾਰੇ

ਜਦੋਂ ਕਿਊਬਾ ਅਤੇ ਅਮਰੀਕਾ ਨੇ ਫ਼ੈਸਲਾ ਕੀਤਾ ਕਿ ਸਬੰਧ ਚੰਗੇ ਹੋਣ ਹਨ ਤਾਂ ਹੋ ਗਏ। ਜਦੋਂ 47 ਸਾਲ ਪਹਿਲਾਂ ਚੀਨ ਅਤੇ ਅਮਰੀਕਾ ਨੇ ਝਗੜਾ ਰੋਕ ਕੇ ਹੱਥ ਮਿਲਾਉਣ ਦਾ ਫ਼ੈਸਲਾ ਕੀਤਾ ਤਾਂ ਮਿਲਾ ਲਿਆ।

ਕਿਊਬਾ ਵਿੱਚ ਅਮਰੀਕੀ ਲੀਡਰ ਬਰਾਕ ਓਬਾਮਾ ਦਾ ਪੋਸਟਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕਿਊਬਾ ਵਿੱਚ ਅਮਰੀਕੀ ਲੀਡਰ ਬਰਾਕ ਓਬਾਮਾ ਦਾ ਪੋਸਟਰ

ਜਦੋਂ ਚੀਨ ਅਤੇ ਸੋਵੀਅਤ ਯੂਨੀਅਨ ਨੇ ਕਿਹਾ ਕਿ ਆਪਸੀ ਝਗੜੇ ਵਿੱਚ ਕੁਝ ਨਹੀਂ ਰੱਖਿਆ ਤਾਂ ਦੋਵਾਂ ਦੀ ਕੁੰਡਲੀ ਮਿਲਣੀ ਸ਼ੁਰੂ ਹੋ ਗਈ। ਮਤਲਬ ਕੀ ਹੋਇਆ?

ਮਤਲਬ ਇਹ ਹੋਇਆ ਕਿ ਜਿਸ ਦਿਨ ਭਾਰਤ ਅਤੇ ਪਾਕਿਸਤਾਨ ਦੀ ਇੱਕ-ਦੂਜੇ ਬਾਰੇ ਨੀਅਤ ਠੀਕ ਹੋ ਗਈ, ਉਸ ਦਿਨ ਤੋਂ ਸਿਤਾਰੇ ਵੀ ਮਿਲਣੇ ਸ਼ੁਰੂ ਹੋ ਜਾਣਗੇ।

ਨਹੀਂ ਤਾਂ ਦੋਵੇਂ ਮੰਗਲੀਕ ਕਦੇ ਉਸ ਦਰੱਖ਼ਤ ਨਾਲ ਤਾਂ ਕਦੇ ਉਸ ਦਰੱਖ਼ਤ ਨਾਲ ਵਿਆਹ ਕਰਵਾਉਂਦੇ ਰਹਿਣਗੇ।

ਇਰਾਦਾ ਬਦਲੇਗਾ ਤਾਂ ਪੰਡਿਤ ਵੀ ਸਿੱਧਾ ਹੋ ਜਾਵੇਗਾ। ਮੋਦੀ ਹੋਵੇ ਭਾਵੇਂ ਇਮਰਾਨ ਨਾਮ ਵਿੱਚ ਕੀ ਰੱਖਿਆ ਹੈ? ਕਰਨੀ ਹੈ ਤਾਂ ਕੰਮ ਦੀ ਗੱਲ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)