ਉਹ ਔਰਤਾਂ ਜੋ ਪਾਕਿਸਤਾਨ ਦੀਆਂ ਆਮ ਚੋਣਾਂ ਵਿੱਚ ਬਣੀਆਂ ਜਿੱਤ ਦਾ ਚਿਹਰਾ

ਤਸਵੀਰ ਸਰੋਤ, TWITTER/FACEBOOK
ਪਾਕਿਸਤਾਨੀ ਸੰਸਦ ਵਿੱਚ ਨਵੇਂ ਚਿਹਰੇ ਸ਼ਾਮਲ ਹੋਣ ਲਈ ਤਿਆਰ ਹਨ। ਬੁੱਧਵਾਰ ਯਾਨਿ 25 ਜੁਲਾਈ ਨੂੰ ਆਮ ਚੋਣਾਂ ਹੋਈਆਂ ਜਿਨ੍ਹਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਇਨ੍ਹਾਂ ਨਤੀਜਿਆਂ ਤੋਂ ਬਾਅਦ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਭ ਤੋ ਵੱਡੀ ਪਾਰਟੀ ਬਣ ਕੇ ਉਭਰੀ ਹੈ।
ਕ੍ਰਿਕਟ ਤੋਂ ਸਿਆਸਤ ਵਿੱਚ ਆਏ ਇਮਰਾਨ ਖ਼ਾਨ ਸੱਤਾ 'ਤੇ ਕਾਬਿਜ਼ ਹੋਣ ਦੀ ਪੂਰੀ ਤਿਆਰੀ ਵਿੱਚ ਹਨ। ਸਿਆਸੀ ਗਲਿਆਰਿਆਂ ਵਿੱਚ ਹੋ ਰਹੀ ਇਸ ਫੇਰਬਦਲ ਦੇ ਵਿਚਾਲੇ ਪਾਕਿਸਤਾਨ ਦੀਆਂ ਚੋਣਾਂ ਇੱਕ ਹੋਰ ਕਾਰਨ ਕਰਕੇ ਚਰਚਾ ਵਿੱਚ ਹਨ, ਉਹ ਹੈ ਔਰਤਾਂ ਦੀ ਹਿੱਸੇਦਾਰੀ।
ਪਾਕਿਸਤਾਨ ਵਿੱਚ ਚੋਣ ਐਕਟ 2017 ਦੀ ਧਾਰਾ 206 ਅਨੁਸਾਰ ਸਾਰੀਆਂ ਪਾਰਟੀਆਂ ਨੂੰ 5 ਫੀਸਦ ਟਿਕਟਾਂ ਔਰਤਾਂ ਨੂੰ ਦੇਣਾ ਜ਼ਰੂਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਇਹੀ ਕਾਰਨ ਹੈ ਕਿ ਨੈਸ਼ਨਲ ਅਸੈਂਬਲੀ ਦੀਆਂ ਕੁੱਲ 272 ਸੀਟਾਂ 'ਤੇ ਵੱਖ-ਵੱਖ ਪਾਰਟੀਆਂ ਨੇ ਕੁੱਲ 171 ਔਰਤਾਂ ਨੂੰ ਟਿਕਟਾਂ ਦਿੱਤੀਆਂ।
ਇਨ੍ਹਾਂ ਵਿੱਚੋਂ ਪਾਕਿਸਤਾਨ ਪੀਪਲਜ਼ ਪਾਰਟੀ ਨੇ ਸਾਰਿਆਂ ਤੋਂ ਵੱਧ 19 ਔਰਤਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ।

ਤਸਵੀਰ ਸਰੋਤ, Reuters
ਉੱਥੇ ਹੀ ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਨੇ 11 ਔਰਤਾਂ ਨੂੰ ਟਿਕਟਾਂ ਦਿੱਤੀਆਂ ਸਨ। ਇਸਦੇ ਨਾਲ ਜਮਾਤ-ਉਦ-ਦਾਵਾ ਦੀ ਅੱਲਾਹ-ਓ-ਅਕਬਰ ਪਾਰਟੀ ਨੇ ਵੀ ਤਿੰਨ ਔਰਤਾਂ ਨੂੰ ਟਿਕਟ ਦਿੱਤੀ ਸੀ।
ਪਹਿਲੀ ਵਾਰ ਐਨੀਆਂ ਔਰਤ ਉਮੀਦਵਾਰ
ਕੁੱਲ ਮਿਲਾ ਕੇ ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਔਰਤਾਂ ਚੋਣ ਮੈਦਾਨ ਵਿੱਚ ਉਤਰੀਆਂ ਹਨ। ਸਾਲ 2013 ਦੀਆਂ ਚੋਣਾਂ ਵਿੱਚ 135 ਔਰਤਾਂ ਚੋਣ ਮੈਦਾਨ ਵਿੱਚ ਸਨ।
ਇਨ੍ਹਾਂ ਉਮੀਦਵਾਰਾਂ ਵਿੱਚ ਇੱਕ ਨਾਮ ਅਲੀ ਬੇਗਮ ਦਾ ਵੀ ਹੈ ਜੋ ਮਰਦ ਪ੍ਰਧਾਨ ਕਬਾਇਲੀ ਇਲਾਕੇ ਤੋਂ ਚੋਣ ਲੜਨ ਵਾਲੀ ਪਹਿਲੀ ਉਮੀਦਵਾਰ ਹੈ।

ਉਂਝ ਪਾਕਿਸਤਾਨ ਵਿੱਚ ਚੋਣ ਕਮਿਸ਼ਨ ਦਾ ਇੱਕ ਨਿਯਮ ਇਹ ਵੀ ਕਹਿੰਦਾ ਹੈ ਕਿ ਕਿਸੇ ਚੋਣ ਖੇਤਰ ਵਿੱਚ 10 ਫ਼ੀਸਦ ਤੋਂ ਘੱਟ ਔਰਤਾਂ ਦੀ ਹਿੱਸੇਦਾਰੀ ਹੋਈ ਤਾਂ ਚੋਣ ਪ੍ਰਕਿਰਿਆ ਰੱਦ ਮੰਨੀ ਜਾਵੇਗੀ।
ਚੋਣ ਕਮਿਸ਼ਨ ਦੀਆਂ ਇਨ੍ਹਾਂ ਸ਼ਰਤਾਂ ਤੋਂ ਬਾਅਦ ਤਮਾਮ ਪਾਰਟੀਆਂ ਨੇ ਔਰਤਾਂ ਨੂੰ ਟਿਕਟਾਂ ਤਾਂ ਦਿੱਤੀਆਂ ਪਰ ਕਈ ਮਹਿਲਾ ਸੰਗਠਨਾਂ ਨੇ ਇਹ ਇਲਜ਼ਾਮ ਲਾਏ ਕਿ ਮਹਿਲਾ ਉਮੀਦਵਾਰਾਂ ਨੂੰ ਕਮਜ਼ੋਰ ਸੀਟਾਂ 'ਤੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਇਨ੍ਹਾਂ ਹਾਲਾਤਾਂ ਦੇ ਬਾਵਜੂਦ ਗੱਲ ਕਰਦੇ ਹਾਂ ਕੁਝ ਅਜਿਹੇ ਚਿਹਰਿਆਂ ਦੀ ਜਿਨ੍ਹਾਂ ਨੇ ਪਾਕਿਸਤਾਨ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ।
ਜੁਗਨੂ ਮੋਹਸਿਨ
ਜੁਗਨੂ ਮੋਹਸਿਨ ਨੇ ਪੰਜਾਬ ਸੂਬੇ ਤੋਂ ਜਿੱਤ ਹਾਸਲ ਕੀਤੀ ਹੈ। ਉਹ ਇੱਕ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਮੈਦਾਨ ਵਿੱਚ ਉਤਰੇ ਸਨ।
ਜੁਗਨੂ ਮੋਹਸਿਨ ਨਜ਼ਮ ਸੇਠੀ ਦੀ ਪਤਨੀ ਹਨ। ਉਹ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਮੌਜੂਦਾ ਨਜ਼ਮ ਸੇਠੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਹਨ।

ਤਸਵੀਰ ਸਰੋਤ, FACEBOOK
ਸਿਆਸਤ ਦੇ ਇਲਾਵਾ ਜੁਗਨੂ ਪੱਤਰਕਾਰੀ ਵਿੱਚ ਵੀ ਸਰਗਰਮ ਰਹੇ ਹਨ। ਉਹ 'ਦ ਫਰਾਈਡੇ ਟਾਈਮਜ਼ ਦੇ ਸਹਿ ਸੰਸਥਾਪਕ ਹਨ।
ਸਾਲ 1999 ਵਿੱਚ ਉਨ੍ਹਾਂ ਦੇ ਪਤੀ ਨਜ਼ਮ ਸੇਠੀ ਨੂੰ ਨਵਾਜ਼ ਸ਼ਰੀਫ ਸਰਕਾਰ ਨੇ ਪੱਤਰਕਾਰੀ ਨਾਲ ਜੁੜੇ ਕੰਮਾਂ ਕਾਰਨ ਗਿਰਫ਼ਤਾਰ ਕਰ ਲਿਆ ਸੀ।
ਉਸ ਵੇਲੇ ਜੁਗਨੂੰ ਨੇ ਆਪਣੇ ਪਤੀ ਦੀ ਰਿਹਾਈ ਲਈ ਕੌਮਾਂਤਰੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਉਸ ਵੇਲੇ ਉਹ ਚਰਚਾ ਵਿੱਚ ਆਏ ਸਨ।
ਇਹ ਵੀ ਪੜ੍ਹੋ:
ਜ਼ਰਤਾਜ ਗੁਲ
ਜ਼ਰਤਾਜ ਗੁਲ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਉਮੀਦਵਾਰ ਹਨ। ਉਨ੍ਹਾਂ ਨੇ ਦੱਖਣੀ ਪੰਜਾਬ ਵਿੱਚ ਨੈਸ਼ਨਲ ਅਸੈਂਬਲੀ 191 ਡੇਰਾ ਗਾਜ਼ੀ ਖ਼ਾਨ ਤੋਂ ਜਿੱਤ ਹਾਸਲ ਕੀਤੀ ਹੈ।
ਜ਼ਰਤਾਜ ਗੁਲ ਨੂੰ 79 ਹਜ਼ਾਰ 817 ਵੋਟ ਮਿਲੇ ਹਨ ਜਦਕਿ ਉਨ੍ਹਾਂ ਨੂੰ ਸਖ਼ਤ ਮੁਕਾਬਲਾ ਦੇਣ ਵਾਲੇ ਉਮੀਦਵਾਰ ਨੂੰ 54 ਹਜ਼ਾਰ 548 ਵੋਟ ਮਿਲੇ ਹਨ।

ਤਸਵੀਰ ਸਰੋਤ, TWITTER/ZARTAJ GUL
ਜਿੱਤ ਤੋਂ ਬਾਅਦ ਜ਼ਰਤਾਜ ਗੁਲ ਨੇ ਟਵੀਟ ਕਰਕੇ ਅੱਲਾਹ ਦਾ ਸ਼ੁੱਕਰਾਨਾ ਕੀਤਾ ਅਤੇ ਨਾਲ ਹੀ ਉਨ੍ਹਾਂ ਨੇ ਪੀਟੀਆਈ ਦੇ ਚੇਅਰਮੈਨ ਇਮਰਾਨ ਖ਼ਾਨ ਨੂੰ ਵੀ ਧੰਨਵਾਦ ਕਿਹਾ।
ਜ਼ਰਤਾਜ ਗੁਲ ਦਾ ਜਨਮ ਨਵੰਬਰ 1994 ਵਿੱਚ ਫਾਟਾ ਸੂਬੇ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਵਜ਼ੀਰ ਅਹਿਮਦ ਜ਼ਈ ਸਰਕਾਰੀ ਅਫਸਰ ਰਹਿ ਚੁੱਕੇ ਹਨ।
ਸ਼ਮਸ ਉਨ ਨਿਸਾ
ਸ਼ਮਸ ਉਨ ਨਿਸਾ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਰਗਰਮ ਮੈਂਬਰ ਹਨ। ਉਨ੍ਹਾਂ ਨੇ ਥਾਟਾ ਇਲਾਕੇ ਵਿੱਚ ਜਿੱਤ ਦਰਜ ਕੀਤੀ ਹੈ।
ਸ਼ਮਸ ਉਨ ਨਿਸਾ ਦੀ ਜਿੱਤ ਦਾ ਅੰਦਾਜ਼ਾ ਉਨ੍ਹਾਂ ਨੂੰ ਮਿਲੇ ਵੋਟਾਂ ਤੋਂ ਲਗਾਇਆ ਜਾ ਸਕਦਾ ਹੈ। ਸ਼ਮਸ ਉਨ ਨਿਸਾ ਨੂੰ ਜਿੱਥੇ 1 ਲੱਖ 52 ਹਜ਼ਾਰ 691 ਵੋਟ ਮਿਲੇ ਉੱਥੇ ਦੂਜੇ ਨੰਬਰ 'ਤੇ ਰਹੇ ਪੀਟੀਆਈ ਦੇ ਉਮੀਦਵਾਰ ਅਰਸਲਨ ਬਖਸ਼ ਬਰੋਹੀ ਨੂੰ ਮਹਿਜ਼ 18 ਹਜ਼ਾਰ 900 ਵੋਟ ਹੀ ਮਿਲੇ ਹਨ।
ਸ਼ਮਸ ਉਨ ਨਿਸਾ ਇਸੇ ਸੀਟ ਤੋਂ ਸਾਲ 2013 ਵਿੱਚ ਵੀ ਚੋਣ ਜਿੱਤ ਚੁੱਕੇ ਹਨ। ਉਨ੍ਹਾਂ ਨੇ ਸਾਲ 2013 ਵਿੱਚ ਇਸੇ ਸੀਟ ਤੋਂ ਚੋਣਾਂ ਲੜਨ ਦਾ ਮੌਕਾ ਉਸ ਵੇਲੇ ਮਿਲਿਆ ਸੀ ਜਦੋਂ ਮਈ 2013 ਵਿੱਚ ਸਾਦਿਕ ਅਲੀ ਮੇਮਨ ਨੂੰ ਦੋਹਰੀ ਨਾਗਰਿਕਤਾ ਦੇ ਚੱਲਦੇ ਆਪਣੀ ਸੀਟ ਗੁਆਉਣੀ ਪਈ ਸੀ।
ਡਾਕਟਰ ਫਹਿਮੀਦਾ ਮਿਰਜ਼ਾ
ਨੈਸ਼ਨਲ ਅਸੈਂਬਲੀ ਦੀ ਸਾਬਕਾ ਸਪੀਕਰ ਡਾਕਟਰ ਫਹਿਮੀਦਾ ਮਿਰਜ਼ਾ ਨੇ ਆਪਣੀ ਸੀਟ ਜਿੱਤ ਲਈ ਹੈ। ਉਹ ਗਰੈਂਡ ਡੈਮੋਕਰੇਟਿਕ ਅਲਾਈਂਸ (ਜੀਡੀਏ) ਦੀ ਟਿਕਟ ਤੋਂ ਸਿੰਧ ਸੂਬੇ ਵਿੱਚ ਬਾਦਿਨ ਇਲਾਕੇ ਤੋਂ ਚੋਣ ਮੈਦਾਨ ਵਿੱਚ ਉਤਰੇ ਸਨ।

ਤਸਵੀਰ ਸਰੋਤ, FACEBOOK/NA225
ਫਹਿਮੀਦਾ ਪੰਜਵੀ ਵਾਰ ਪਾਕਿਸਤਾਨੀ ਸੰਸਦ ਦਾ ਹਿੱਸਾ ਬਣਨਗੇ। ਲਗਾਤਾਰ ਇੱਕ ਹੀ ਸੀਟ ਤੋਂ ਪੰਜ ਵਾਰ ਜਿੱਤਣ ਵਾਲੀ ਫਹਿਮੀਦਾ ਪਹਿਲੀ ਉਮੀਦਵਾਰ ਬਣ ਗਈ ਹੈ।
ਡਾਕਟਰ ਫਹਿਮੀਦਾ ਨੇ ਪਹਿਲੀ ਵਾਰ ਸਾਲ 1997 ਵਿੱਚ ਪੀਪੀਪੀ ਦੇ ਟਿਕਟ 'ਤੇ ਨੈਸ਼ਨਲ ਅਸੈਂਬਲੀ ਦੀ ਚੋਣ ਜਿੱਤੀ ਸੀ। ਉਸ ਤੋਂ ਬਾਅਦ ਉਹ ਸਾਲ 2002, 2008 ਅਤੇ 2013 ਵਿੱਚ ਪੀਪੀਪੀ ਉਮੀਦਵਾਰ ਦੇ ਤੌਰ 'ਤੇ ਜਿੱਤਦੇ ਰਹੇ ਹਨ।
ਇਸ ਸਾਲ ਜੂਨ ਮਹੀਨੇ ਵਿੱਚ ਉਨ੍ਹਾਂ ਨੇ ਪੀਪੀਪੀ ਦਾ ਸਾਥ ਛੱਡ ਕੇ ਜੀਡੀਏ ਦੇ ਨਾਲ ਜਾਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ:
ਪਾਕਿਸਤਾਨ ਵਿੱਚ ਮਹਿਲਾ ਉਮੀਦਵਾਰਾਂ ਦੀ ਜਿੱਤ ਤੋਂ ਸਾਫ਼ ਹੁੰਦਾ ਹੈ ਕਿ ਹੌਲੀ-ਹੌਲੀ ਉੱਥੋਂ ਦੀ ਸਿਆਸਤ ਵਿੱਚ ਵੀ ਔਰਤਾਂ ਆਪਣੀ ਮਜ਼ਬੂਤ ਥਾਂ ਬਣਾ ਰਹੀਆਂ ਹਨ।
ਭਾਵੇਂ ਪਾਕਿਸਤਾਨ ਦੀ ਸਿਆਸਤ ਵਿੱਚ ਔਰਤਾਂ ਦੀ ਹਿੱਸੇਦਾਰੀ ਲੰਬੇ ਸਮੇਂ ਤੋਂ ਰਹੀ ਹੈ। ਬੇਨਜ਼ੀਰ ਭੁੱਟੋ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਕਾਬਿਜ਼ ਹੋ ਚੁੱਕੇ ਹਨ।
ਇਸ ਤੋਂ ਇਲਾਵਾ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਸ਼ਰੀਫ਼ ਤੋਂ ਲੈ ਕੇ ਸਾਬਕਾ ਵਿਦੇਸ਼ ਮੰਤਰੀ ਹੀਨਾ ਰੱਬਾਨੀ ਖਾਰ ਤੱਕ ਨੇ ਪਾਕਿਸਤਾਨ ਦੀ ਸੱਤਾ ਦੇ ਗਲਿਆਰਿਆਂ ਵਿੱਚ ਆਪਣਾ ਨਾਮ ਕਾਇਮ ਕੀਤਾ ਹੈ।












