ਉਹ ਦੇਸ ਜਿੱਥੇ ਲੋਕ ਘੱਟ ਬੋਲਣਾ ਪਸੰਦ ਕਰਦੇ ਹਨ

ਲਾਤਵੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਘੱਟ ਬੋਲਣਾ ਇੱਥੋਂ ਦੇ ਸੱਭਿਆਚਾਰ ਦਾ ਹਿੱਸਾ ਹੈ।

ਘੱਟ ਬੋਲਣਾ ਕੁਝ ਲੋਕਾਂ ਦੀ ਆਦਤ ਹੋ ਸਕਦੀ ਹੈ ਪਰ ਪੂਰਾ ਦੇਸ ਹੀ ਘੱਟ ਤੋਂ ਘੱਟ ਗੱਲ ਕਰੇ, ਇਹ ਸੁਣਨ ਵਿੱਚ ਥੋੜ੍ਹਾ ਜਿਹਾ ਅਜੀਬ ਲਗਦਾ ਹੈ।

ਲਾਤਵੀਆ ਯੂਰਪ ਦਾ ਦੇਸ ਹੈ ਜਿਸ ਨੂੰ ਘੱਟ ਬੋਲਣ ਵਾਲਾ ਦੇਸ ਕਿਹਾ ਜਾਂਦਾ ਹੈ। ਘੱਟ ਬੋਲਣਾ ਇੱਥੋਂ ਦੇ ਸੱਭਿਆਚਾਰ ਦਾ ਹਿੱਸਾ ਹੈ।

ਹਾਲਾਂਕਿ ਲਾਤਵੀਅਨ ਖ਼ੁਦ ਇਸ ਦੀ ਨਿੰਦਾ ਕਰਦੇ ਹਨ। ਲਾਤਵੀਅਨ ਮਿਜ਼ਾਜ ਪੱਖੋਂ ਕਾਫੀ ਕ੍ਰਿਏਟਿਵ ਹੁੰਦੇ ਹਨ। ਕੁਝ ਲੋਕ ਘੱਟ ਬੋਲਣ ਅਤੇ ਰਚਨਾਤਮਕ ਸੋਚ ਵਿੱਚ ਰਿਸ਼ਤਾ ਭਾਲਦੇ ਹਨ। ਇਸ ਨੂੰ ਲਾਤਵੀਆ ਦੀ ਖ਼ਾਸੀਅਤ ਮੰਨਿਆ ਜਾਂਦਾ ਹੈ।

ਹਾਲ ਹੀ ਵਿੱਚ ਲੰਡਨ ਬੁੱਕ ਫੇਅਰ ਵਿੱਚ ਲਾਤਵੀਅਨ ਕੌਮਿਕ ਬੁੱਕ ਚਰਚਾ ਵਿੱਚ ਰਹੀ ਹੈ। ਇਸ ਨੂੰ ਲਾਤਵੀਅਨ ਸਾਹਿਤ ਸੰਸਥਾ ਨੇ ਤਿਆਰ ਕੀਤਾ ਸੀ।

ਲਾਤਵੀਆ

ਤਸਵੀਰ ਸਰੋਤ, REINIS HOFMANIS

ਤਸਵੀਰ ਕੈਪਸ਼ਨ, ਘੱਟ ਬੋਲਣ ਦੀ ਆਦਤ ਵਧੇਰੇ ਉਨ੍ਹਾਂ ਲੋਕਾਂ ਨੂੰ ਹੈ ਜੋ ਰਚਨਾਤਮਕ ਕੰਮਾਂ ਨਾਲ ਜੁੜੇ ਹਨ।

ਦਰਅਸਲ ਇਹ ਕਿਤਾਬ ਇਸ ਸੰਸਥਾ ਦੀ 'ਆਈ ਐਮ ਇੰਟ੍ਰੋਵਰਟ ਮੁਹਿੰਮ' ਦੀ ਹਿੱਸਾ ਹੈ। ਇਸ ਮੁਹਿਮ ਨੂੰ ਸ਼ੁਰੂ ਕੀਤਾ ਹੈ ਲਾਤਵੀਆ ਦੀ ਲੇਖਕਾ ਅਨੇਤੇ ਕੋਨਸਤੇ ਨੇ। ਇਨ੍ਹਾਂ ਦੇ ਮੁਤਾਬਕ ਘੱਟ ਬੋਲਣਾ, ਲੋਕਾਂ ਨਾਲ ਮੇਲ-ਜੋਲ ਘੱਟ ਰੱਖਣਾ ਚੰਗੀ ਆਦਤ ਹੈ।

ਜਿੱਥੇ ਸਾਰੀ ਦੁਨੀਆਂ ਇੱਕ ਮੰਚ 'ਤੇ ਆ ਗਈ ਹੈ, ਹਰ ਵਿਸ਼ੇ 'ਤੇ ਲੋਕ ਖੁੱਲ੍ਹ ਕੇ ਆਪਣੀ ਰਾਇ ਰੱਖ ਰਹੇ ਹਨ, ਉੱਥੇ ਖਾਮੋਸ਼ ਰਹਿਣਾ ਨੁਕਸਾਨ ਦੇ ਸਕਦਾ ਹੈ। ਲੋਕਾਂ ਨੂੰ ਆਪਣੀ ਆਦਤ ਬਦਲਣ ਦੀ ਲੋੜ ਹੈ।

ਇਕਾਂਤ ਪਸੰਦ ਕਰਦੇ ਹਨ ਲੋਕ

ਲਾਤਵੀਆ ਦੇ ਲੋਕ ਇੰਨੇ ਖ਼ੁਦ ਪਸੰਦ ਅਤੇ ਆਪਣੀ ਹੀ ਦੁਨੀਆਂ ਵਿੱਚ ਲੀਨ ਰਹਿਣ ਵਾਲੇ ਕਿਉਂ ਹਨ, ਇਸ 'ਤੇ ਇੱਕ ਰਿਸਰਚ ਕੀਤੀ ਗਈ। ਦੇਖਿਆ ਗਿਆ ਹੈ ਕਿ ਘੱਟ ਬੋਲਣ ਦੀ ਆਦਤ ਵਧੇਰੇ ਉਨ੍ਹਾਂ ਲੋਕਾਂ ਨੂੰ ਹੈ ਜੋ ਰਚਨਾਤਮਕ ਕੰਮਾਂ ਜਿਵੇਂ ਕਲਾ, ਸੰਗੀਤ ਜਾਂ ਲਿਖਣ ਦੇ ਕੰਮਾਂ ਨਾਲ ਜੁੜੇ ਹਨ।

ਲਾਤਵੀਆ ਦੇ ਇੱਕ ਮਨੋਵਿਗਿਆਨੀ ਮੁਤਾਬਕ ਕ੍ਰਿਏਟੀਵਿਟੀ ਲਾਤਵੀਆ ਦੇ ਲੋਕਾਂ ਦੀ ਪਛਾਣ ਲਈ ਜ਼ਰੂਰੀ ਹੈ। ਇਸ ਲਈ ਇੱਥੋਂ ਦੇ ਲੋਕ ਘੱਟ ਬੋਲਣਾ ਪਸੰਦ ਕਰਦੇ ਹਨ। ਉਨ੍ਹਾਂ ਦਾ ਜ਼ਿਹਨ ਹਰ ਵੇਲੇ ਨਵੇਂ ਖ਼ਿਆਲਾਂ 'ਚ ਡੁੱਬਿਆ ਰਹਿੰਦਾ ਹੈ।

ਲਾਤਵੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਤਵੀਆ ਦੇ ਲੋਕ ਨਾ ਸਿਰਫ਼ ਘੱਟ ਬੋਲਦੇ ਹਨ ਬਲਕਿ ਇਕਾਂਤ ਵੀ ਪਸੰਦ ਕਰਦੇ ਹਨ।

ਦਰਅਸਲ ਲਾਤਵੀਆ ਦੀ ਸਰਕਾਰ ਨੇ ਸਿਖਿਆ ਅਤੇ ਆਰਥਿਕ ਵਿਕਾਸ ਲਈ ਜਿੰਨੀਆਂ ਯੋਜਨਾਵਾਂ ਬਣਾਈਆਂ ਹਨ ਉਸ ਲਈ ਰਚਨਾਤਮਕ ਸੋਚ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ।

ਯੂਰਪੀ ਕਮਿਸ਼ਨ ਦੀ ਰਿਪੋਰਟ ਮੁਤਾਬਕ ਯੂਰਪੀਅਨ ਯੂਨੀਅਨ ਮਾਰਕਿਟ ਵਿੱਚ ਰਚਨਾਤਮਕ ਕੰਮ ਕਰਨ ਵਾਲੇ ਸਭ ਤੋਂ ਵੱਧ ਲਾਤਵੀਆ ਦੇ ਲੋਕ ਹੀ ਹਨ।

ਲਾਤਵੀਆ ਦੇ ਲੋਕ ਨਾ ਸਿਰਫ਼ ਘੱਟ ਬੋਲਦੇ ਹਨ ਬਲਕਿ ਇਕਾਂਤ ਵੀ ਪਸੰਦ ਕਰਦੇ ਹਨ। ਇੱਕ ਦੂਜੇ ਨਾਲ ਮੁਖ਼ਾਤਬ ਹੋਣ 'ਤੇ ਕਿਸੇ ਦੇ ਚਿਹਰੇ 'ਤੇ ਮੁਸਕੁਰਾਹਟ ਤੱਕ ਨਹੀਂ ਆਉਂਦੀ। ਅਜਨਬੀਆਂ ਨੂੰ ਦੇਖ ਕੇ ਤਾਂ ਬਿਲਕੁਲ ਵੀ ਨਹੀਂ।

ਲਾਤਵੀਆ ਦੀ ਰਾਜਧਾਨੀ ਰੀਗਾ ਦੇ ਗਾਈਡ ਫਿਲਿਪ ਬਰਜੂਲਿਸ ਦਾ ਕਹਿਣਾ ਹੈ ਕਿ ਇੱਥੇ ਲੋਕ ਇੱਕ ਦੂਜੇ ਦਾ ਸਾਹਮਣਾ ਕਰਨ ਤੋਂ ਕਤਰਾਉਂਦੇ ਹਨ।

ਇਸ ਲਈ ਖੁੱਲ੍ਹੀਆਂ ਸੜਕਾਂ ਦੀ ਬਜਾਇ ਗਲੀਆਂ 'ਚੋਂ ਨਿਕਲਣਾ ਪਸੰਦ ਕਰਦੇ ਹਨ।

ਇੱਥੋਂ ਤੱਕ ਕਿ ਅਜਿਹੇ ਪ੍ਰੋਗਰਾਮ ਵੀ ਘੱਟ ਹੀ ਕਰਵਾਏ ਜਾਂਦੇ ਹਨ, ਜਿਸ ਵਿੱਚ ਵੱਧ ਤੋਂ ਵੱਧ ਲੋਕ ਜਮ੍ਹਾ ਹੋਣ।

ਲਾਤਵੀਆ

ਤਸਵੀਰ ਸਰੋਤ, Getty Images

ਜਿਵੇਂ ਲਾਤਵੀਆ ਸੌਂਗ ਐਂਡ ਡਾਂਸ ਫੈਸਟੀਵਲ ਇੱਥੋਂ ਦਾ ਵੱਡਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਵਿੱਚ 10 ਹਜ਼ਾਰ ਤੋਂ ਵੱਧ ਗਾਇਕ ਅਤੇ ਨੱਚਣ ਵਾਲੇ ਹਿੱਸਾ ਲੈਂਦੇ ਹਨ।

ਪਰ ਲੋਕਾਂ ਦੇ ਘੱਟ ਆਉਣ ਕਾਰਨ ਇਹ ਪ੍ਰੋਗਰਾਮ ਪੰਜਾਂ ਸਾਲਾਂ ਵਿੱਚ ਇੱਕ ਵਾਰ ਕਰਵਾਇਆ ਜਾਂਦਾ ਹੈ।

ਲੇਖਕਾ ਕੋਨਸਤੇ ਮੁਤਾਬਕ ਇਕੱਲੇ ਅਤੇ ਇੱਕ-ਦੂਜੇ ਤੋਂ ਦੂਰ ਰਹਿਣ ਦੀ ਹੱਦ ਇਸ ਕਦਰ ਹੈ ਕਿ ਰਸਮੀ ਦੁਆ-ਸਲਾਮ ਤੋਂ ਬਚਣ ਲਈ ਲੋਕ ਪਹਿਲਾਂ ਗੁਆਂਢੀਆਂ ਦੇ ਘਰੋਂ ਨਿਕਲਣ ਦਾ ਇੰਤਜ਼ਾਰ ਕਰਦੇ ਹਨ।

ਲਾਤਵੀਆ ਦਾ ਸੱਭਿਆਚਾਰ ਅਤੇ ਪੀੜ੍ਹੀਆਂ

ਲਾਤਵੀਆ ਦੇ ਲੋਕ ਘੱਟ ਬੋਲਣ ਵਾਲੇ ਅਤੇ ਇਕਾਂਤ ਪਸੰਦ ਜ਼ਰੂਰ ਹਨ ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਉਹ ਲੋੜ ਪੈਣ 'ਤੇ ਵੀ ਕਿਸੇ ਦੀ ਮਦਦ ਨਹੀਂ ਕਰਦੇ।

ਜੇਕਰ ਤੁਸੀਂ ਕਦੇ ਕਿਸੇ ਮੁਸ਼ਕਲ ਵਿੱਚ ਹੋਵੋਗੇ ਤਾਂ ਉਹ ਖ਼ੁਦ ਅੱਗੇ ਹੋ ਕੇ ਤੁਹਾਡੀ ਮਦਦ ਕਰਨਗੇ।

ਲਾਤਵੀਆ ਦੇ ਲੋਕ ਮੰਨਦੇ ਹਨ ਕਿ ਘੱਟ ਬੋਲਣਾ ਸਿਰਫ਼ ਇਨ੍ਹਾਂ ਦੇ ਸੱਭਿਆਚਾਰ ਦੇ ਹੀ ਹਿੱਸਾ ਨਹੀਂ, ਬਲਕਿ ਸਵੀਡਨ ਅਤੇ ਫਿਨਲੈਂਡ ਦੇ ਲੋਕ ਤਾਂ ਉਨ੍ਹਾਂ ਨਾਲੋਂ ਵੀ ਵਧੇਰੇ ਇਕਾਂਤ ਪਸੰਦ ਕਰਦੇ ਹਨ।

ਇੱਥੇ ਬਹੁਤ ਸਾਰੇ ਦੂਜੇ ਦੇਸਾਂ ਦੇ ਲੋਕ ਵੀ ਰਹਿੰਦੇ ਹਨ, ਜਿਨ੍ਹਾਂ ਦੀ ਭਾਸ਼ਾ ਅਤੇ ਸੱਭਿਆਚਾਰ ਲਾਤਵੀਆ ਦੇ ਸੱਭਿਆਚਾਰ ਦਾ ਹਿੱਸਾ ਬਣ ਗਈ ਹੈ।

ਲਾਤਵੀਆ 'ਚ ਵੱਡੀ ਗਿਣਤੀ ਵਿੱਚ ਰੂਸੀ ਮੂਲ ਦੇ ਲੋਕ ਵੀ ਰਹਿੰਦੇ ਹਨ ਕਿਉਂਕਿ ਲੰਬੇ ਸਮੇਂ ਤੱਕ ਇਹ ਸੋਵੀਅਤ ਸੰਘ ਦਾ ਹਿੱਸਾ ਰਿਹਾ ਸੀ।

ਲਾਤਵੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਤਵੀਆ ਦੀ ਭੂਗੌਲਿਕ ਸਥਿਤੀ ਵੀ ਇਸ ਤਰ੍ਹਾਂ ਦੇ ਮਿਜ਼ਾਜ ਲਈ ਜ਼ਿੰਮੇਵਾਰ ਹੈ।

ਇਨ੍ਹਾਂ ਵਿਚੋਂ ਇੱਕ ਪੀੜ੍ਹੀ ਅਜਿਹੀ ਹੈ ਜੋ ਸੋਵੀਅਤ ਯੂਨੀਅਨ ਦੇ ਉਸ ਦੌਰ ਦੀ ਹੈ ਜਦੋਂ ਲੋਕਾਂ 'ਤੇ ਹਰ ਤਰ੍ਹਾਂ ਦੀ ਨਜ਼ਰ ਰੱਖੀ ਜਾਂਦੀ ਸੀ। ਇਸ ਦੇ ਨਾਲ ਹੀ ਉਨ੍ਹਾਂ 'ਤੇ ਇੱਕੋ ਜਿਹੀ ਜੀਵਨ ਸ਼ੈਲੀ ਥੋਪੀ ਜਾਂਦੀ ਸੀ।

ਉਥੇ ਹੀ ਦੂਜੀ ਪੀੜ੍ਹੀ ਹੈ ਜੋ ਪੂੰਜੀਵਾਦ ਦੇ ਦੌਰ ਵਿੱਚ ਪਲੀ ਹੋਈ ਹੈ। ਇਸ ਪੀੜ੍ਹੀ ਦਾ ਦੁਨੀਆ ਦੇਖਣ ਅਤੇ ਸਮਝਣ ਦਾ ਨਜ਼ਰੀਆ ਪਹਿਲੀ ਪੀੜ੍ਹੀ ਨਾਲੋਂ ਬਿਲਕੁਲ ਵੱਖਰਾ ਹੈ।

ਲਿਹਾਜ਼ਾ ਲਾਤਵੀਆ ਦੇ ਲੋਕਾਂ ਦੀ ਇਸ ਆਦਤ ਲਈ ਕਿਸੇ ਇੱਕ ਕਾਰਨ ਨੂੰ ਜ਼ਿੰਮੇਵਾਰ ਠਹਿਰਾਉਣਾ ਗ਼ਲਤ ਹੋਵੇਗਾ।

ਅਜੇ ਵੀ ਦੂਰ-ਦੂਰ ਰਹਿੰਦੇ ਨੇ ਲੋਕ

ਲਾਤਵੀਆ ਦੀ ਭੂਗੌਲਿਕ ਸਥਿਤੀ ਵੀ ਇਸ ਤਰ੍ਹਾਂ ਦੇ ਮਿਜ਼ਾਜ ਲਈ ਜ਼ਿੰਮੇਵਾਰ ਹੈ। ਉੱਥੇ ਸੰਘਣੇ ਜੰਗਲ ਹਨ ਅਤੇ ਆਬਾਦੀ ਘੱਟ ਹੈ।

ਲਿਹਾਜ਼ਾ ਇੱਕ-ਦੂਜੇ ਤੋਂ ਦੂਰੀ ਕਾਇਮ ਰੱਖਣ ਲਈ ਲੋਕਾਂ ਕੋਲ ਬਥੇਰੀ ਥਾਂ ਹੈ।

ਲਾਤਵੀਆ ਦੇ ਲੋਕ ਵਾਤਾਵਰਣ ਪ੍ਰੇਮੀ ਹਨ। ਉਹ ਅਕਸਰ ਸ਼ਹਿਰਾਂ ਤੋਂ ਦੂਰ ਜੰਗਲਾਂ ਵਿੱਚ ਜਾ ਕੇ ਕੁਝ ਸਮਾਂ ਬਿਤਾਉਂਦੇ ਹਨ।

ਉਹ ਲੱਕੜ ਦੇ ਮਕਾਨਾਂ ਵਿੱਚ ਲੋੜੀਂਦੇ ਸਾਮਾਨ ਨਾਲ ਹੀ ਗੁਜਾਰਾ ਕਰਦੇ ਹਨ।

ਹਾਲਾਂਕਿ ਜੰਗਲਾਂ ਵਿੱਚ ਸਮਾਂ ਬਿਤਾਉਣ ਦੀ ਇਹ ਪਰੰਪਰਾ 20ਵੀਂ ਸਦੀ ਵਿੱਚ ਸੋਵੀਅਤ ਸਰਕਾਰ ਵੇਲੇ ਹੀ ਖ਼ਤਮ ਹੋ ਗਈ ਸੀ ਪਰ ਅੱਜ ਵੀ ਕੁਝ ਹੱਦ ਤੱਕ ਇਹ ਪਰੰਪਰਾ ਜਾਰੀ ਹੈ।

ਆਰਕੀਟੈਕਚਰ ਓਜ਼ੋਲਾ ਮੁਤਾਬਕ 1948 ਤੋਂ 1950 ਵਿਚਾਲੇ ਲਾਤਵੀਆ ਵਿੱਚ ਦੂਰ-ਦਰਾਜ ਇਲਾਕਿਆਂ ਵਿੱਚ ਰਹਿਣ ਦਾ ਰੁਝਾਨ 89.9 ਫੀਸਦ ਤੋਂ ਘਟ ਕੇ 3.5 ਫੀਸਦ ਰਹਿ ਗਿਆ ਸੀ।

ਲਾਤਵੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੋਕ ਲੱਕੜ ਦੇ ਮਕਾਨਾਂ ਵਿੱਚ ਲੋੜੀਂਦੇ ਸਾਮਾਨ ਨਾਲ ਹੀ ਗੁਜਾਰਾ ਕਰਦੇ ਹਨ।

ਇਕਾਂਤ ਪਸੰਦ ਹੋਣ ਦੇ ਬਾਵਜੂਦ ਦਿਲਚਸਪ ਗੱਲ ਇਹ ਹੈ ਕਿ ਲਾਤਵੀਆ ਦੀ ਵੱਡੀ ਆਬਾਦੀ ਮਾਡਰਨ ਅਪਾਰਟਮੈਂਟ ਵਿੱਚ ਰਹਿੰਦੀ ਹੈ।

ਅੰਕੜਿਆਂ ਨੂੰ ਜਮ੍ਹਾਂ ਕਰਨ ਵਾਲੀ ਵੈਬਸਾਈਟ ਯੂਰੋਸਟੇਟ ਮੁਤਾਬਕ ਯੂਰਪ ਦੀ ਜਿੰਨੀ ਆਬਾਦੀ ਅਪਾਰਮੈਂਟ ਵਿੱਚ ਰਹਿੰਦੀ ਹੈ, ਉਸ ਦਾ ਵੱਡਾ ਹਿੱਸਾ ਸਿਰਫ਼ ਲਾਤਵੀਅਨ ਲੋਕਾਂ ਦਾ ਹੈ।

ਉੱਥੇ ਰਿਅਲ ਸਟੇਟ ਕੰਪਨੀ ਇਕਟੋਰਨੈਟ ਦੇ ਸਰਵੇਅ ਮੁਤਾਬਕ ਦੋ ਤਿਹਾਈ ਤੋਂ ਵੱਧ ਆਬਾਦੀ ਵੱਖ-ਵੱਖ ਨਿੱਜੀ ਘਰਾਂ ਵਿੱਚ ਰਹਿਣਾ ਪਸੰਦ ਕਰਦੀ ਹੈ।

ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਲਾਤਵੀਅਨ ਲੋਕਾਂ ਨੂੰ ਇਕਾਂਤ ਵਿੱਚ ਰਹਿਣ ਦੀ ਆਦਤ ਲਈ ਵੱਡੀ ਕੀਮਤ ਵੀ ਅਦਾ ਕਰਨੀ ਪੈ ਸਕਦੀ ਹੈ।

ਲਾਤਵੀਆ ਵਿੱਚ ਬਾਹਰੀ ਲੋਕਾਂ ਦੀ ਗਿਣਤੀ ਕਾਫੀ ਵੱਧ ਗਈ ਹੈ ਅਤੇ ਲਾਤਵੀਆ ਦੇ ਮੂਲ ਲੋਕਾਂ ਦੀ ਆਬਾਦੀ ਘਟ ਗਈ ਹੈ।

ਸਿੱਟੇ ਵਜੋਂ ਲਾਤਵੀਆ ਦੇ ਮੂਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜੇਕਰ ਕਦੇ ਤੁਹਾਨੂੰ ਲਾਤਵੀਆ ਜਾਣ ਦਾ ਮੌਕਾ ਮਿਲੇ ਤਾਂ ਉੱਥੋਂ ਦੀ ਖਾਮੋਸ਼ੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ।

ਸ਼ੁਰੂਆਤ ਵਿੱਚ ਥੋੜ੍ਹਾ ਅਜੀਬ ਜ਼ਰੂਰ ਲੱਗੇਗਾ ਪਰ ਜਦੋਂ ਉਥੋਂ ਦੇ ਲੋਕਾਂ ਨਾਲ ਦੋਸਤੀ ਹੋ ਜਾਵੇਗੀ ਤਾਂ ਤੁਸੀਂ ਇਕੱਲੇ ਮਹਿਸੂਸ ਨਹੀਂ ਕਰੋਗੇ।

ਲਾਤਵੀਆ ਦੇ ਲੋਕ ਜਦੋਂ ਕਿਸੇ ਨਾਲ ਰਿਸ਼ਤਾ ਜੋੜਦੇ ਹਨ ਤਾਂ ਉਸ ਨੂੰ ਦਿਲੋਂ ਨਿਭਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)