ਈਦ ਮੌਕੇ ਬਣਨ ਵਾਲੇ ਦੁਨੀਆਂ ਦੇ 7 ਖ਼ਾਸ ਪਕਵਾਨ

ਪੂਰੀ ਦੁਨੀਆਂ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਰਮਜਾਨ ਦੇ ਮਹੀਨੇ ਤੋਂ ਬਾਅਦ ਈਦ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਵਕਤ ਖੁਸ਼ੀਆਂ ਮਨਾਉਣ ਦਾ ਹੈ ਇਸ ਲਈ ਇਸ ਮੌਕੇ ਪਕਵਾਨਾਂ ਦੀ ਖਾਸ ਅਹਿਮੀਅਤ ਹੁੰਦੀ ਹੈ।

ਈਦ ਮੌਕੇ ਕਈ ਲਜ਼ੀਜ਼ ਪਕਵਾਨ ਤੁਹਾਡੇ ਸਾਹਮਣੇ ਖਾਣੇ ਲਈ ਪੇਸ਼ ਕੀਤੇ ਜਾਂਦੇ ਹਨ।

ਸ਼ੀਰ ਖੁਰਮਾ

ਸ਼ੀਰ ਖੁਰਮਾ ਜਾਂ ਸੇਵੀਆਂ ਅਜਿਹਾ ਮਿੱਠਾ ਪਕਵਾਨ ਹੈ ਜੋ ਈਦ ਮੌਕੇ ਭਾਰਤ, ਪਾਕਿਸਤਾਨ ਤੇ ਬੰਗਲਦੇਸ਼ ਦੇ ਹਰ ਘਰ ਵਿੱਚ ਪਰੋਸਿਆ ਜਾਂਦਾ ਹੈ।

ਆਟੇ ਜਾਂ ਚੌਲਾਂ ਦੀਆਂ ਸੇਵੀਆਂ ਨੂੰ ਦੁੱਧ ਵਿੱਚ ਬਾਦਾਮ ਪਾ ਕੇ ਬਣਾਇਆ ਜਾਂਦਾ ਹੈ।

ਪਹਿਲਾਂ ਸੇਵੀਆਂ ਨੂੰ ਦੁੱਧ ਵਿੱਚ ਪਕਾਇਆ ਜਾਂਦਾ ਹੈ ਅਤੇ ਬਣਨ ਤੋਂ ਬਾਅਦ ਫ੍ਰਿਜ ਵਿੱਚ ਠੰਢਾ ਕੀਤਾ ਜਾਂਦਾ ਹੈ। ਫਿਰ ਸੇਵੀਆਂ ਨੂੰ ਸੁੱਕੇ ਮੇਵੇ ਪਾ ਕੇ ਪਰੋਸਿਆ ਜਾਂਦਾ ਹੈ।

ਰੂਸ: ਮੰਤੀ

ਮੰਤੀ ਪਕਵਾਨ ਈਦ ਮੌਕੇ ਰੂਸ ਵਿੱਚ ਬਣਾਇਆ ਜਾਂਦਾ ਹੈ। ਭੇਡ ਦੇ ਮੀਟ ਨੂੰ ਗੁੰਨੇ ਹੋਏ ਆਟੇ ਵਿੱਚ ਲਪੇਟ ਕੇ ਮੱਖਣ ਅਤੇ ਖੱਟੀ ਚਟਣੀ ਨਾਲ ਪਰੋਸਿਆ ਜਾਂਦਾ ਹੈ।

ਰੂਸ ਵਿੱਚ ਮੁਸਲਮਾਨਾਂ ਦੀ 15 ਫੀਸਦ ਆਬਾਦੀ ਹੈ। ਮੰਤੀ ਪਕਵਾਨ ਵੱਖ-ਵੱਖ ਖਿੱਤਿਆਂ ਵਿੱਚ ਵੱਖ-ਵੱਖ ਤਰੀਕੇ ਨਾਲ ਈਦ ਮੌਕੇ ਬਣਾਇਆ ਜਾਂਦਾ ਹੈ।

ਚੀਨ: ਸਾਨਜ਼ੀ

ਚੀਨ ਦਾ ਰਵਾਇਤੀ ਪਕਵਾਨ ਸਾਨਜ਼ੀ ਈਦ ਮੌਕੇ ਬੜੇ ਸ਼ੌਂਕ ਨਾਲ ਖਾਧਾ ਜਾਂਦਾ ਹੈ।

ਗੁੰਨੇ ਹੋਏ ਆਟੇ ਨੂੰ ਨੂਡਲਜ਼ ਦੀ ਆਕਾਰ ਵਿੱਚ ਗੁੰਨ ਕੇ ਤਲਿਆ ਜਾਂਦਾ ਹੈ ਅਤੇ ਇੱਕ ਖਾਸ ਆਕਾਰ ਦੇ ਕੇ ਸਾਨਜ਼ੀ ਨੂੰ ਪਰੋਸਿਆ ਜਾਂਦਾ ਹੈ।

ਪੱਛਮੀ ਏਸ਼ੀਆ: ਬਟਰ ਕੁਕੀਜ਼

ਈਦ ਮੌਕੇ ਪੱਛਮੀ ਏਸ਼ੀਆ ਦੇ ਦੇਸਾਂ ਵਿੱਚ ਖਾਸ ਤਰੀਕੇ ਦੇ ਬਿਸਕੁਟ ਤਿਆਰ ਕੀਤੇ ਜਾਂਦੇ ਹਨ।

ਇਨ੍ਹਾਂ ਬਿਸਕੁਟਾਂ ਵਿੱਚ ਪੀਸੇ ਹੋਏ ਅਖਰੋਟ ਅਤੇ ਚੀਨੀ ਦੇ ਨਾਲ ਪਿਸਤਾ ਭਰਿਆ ਹੁੰਦਾ ਹੈ। ਇਸ ਦੇ ਨਾਲ ਹੀ ਮੱਖਣ ਦਾ ਵੀ ਇਸਤੇਮਾਲ ਹੁੰਦਾ ਹੈ।

ਅਰਬ ਦੇਸਾਂ ਵਿੱਚ ਇਸ ਨੂੰ ਵੱਖ-ਵੱਖ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਸੀਰੀਆ ਵਿੱਚ ਮਾਮਿਓਲ, ਇਰਾਕ ਵਿੱਚ ਕਲਾਇਚਾ ਅਤੇ ਮਿਸਰ ਵਿੱਚ ਕਾਹਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇੰਡੋਨੇਸ਼ੀਆ: ਕੇਤੂਪਟ

ਹੋਰ ਪਕਵਾਨਾਂ ਦੇ ਨਾਲ ਇੰਡੋਨੇਸ਼ੀਆ ਵਿੱਚ ਈਦ ਨੂੰ ਕੇਤੂਪਟ ਨਾਲ ਮਨਾਉਣ ਦੀ ਸਾਲਾਨਾ ਰਵਾਇਤ ਹੈ।

ਇਹ ਇੱਕ ਤਰੀਕੇ ਦਾ ਚੌਲਾਂ ਦਾ ਕੇਕ ਹੈ ਜਿਸਨੂੰ ਪੱਤੀਆਂ ਵਿੱਚ ਪਾ ਕੇ ਪਰੋਸਿਆ ਜਾਂਦਾ ਹੈ।

ਜ਼ਿਆਦਤਰ ਮੌਕਿਆਂ 'ਤੇ ਇਸ ਨੂੰ ਹੋਰ ਪਕਵਾਨਾਂ ਨਾਲ ਪਰੋਸਿਆ ਜਾਂਦਾ ਹੈ, ਜਿਵੇਂ ਓਪੋਰ ਅਯਾਮ (ਕੋਕੋਨੈਟ ਦੀ ਗਰੇਵੀ ਨਾਲ ਚਿਕਨ ਨੂੰ ਪਕਾਇਆ ਜਾਂਦਾ ਹੈ) ਅਤੇ ਸਮਬਲ ਗੋਰੇਂਗ ਕੇਨਟੈਂਗ (ਆਲੂ ਅਤੇ ਚਿਕਨ ਨੂੰ ਮਿਰਚਾਂ ਪਾ ਕੇ ਪਕਾਇਆ ਜਾਂਦਾ ਹੈ)

ਬਰਤਾਨੀਆ: ਬਿਰਿਆਨੀ

ਬਰਤਾਨੀਆ ਵਿੱਚ ਈਦ ਮੌਕੇ ਬਿਰਿਆਨੀ ਖਾਧੀ ਜਾਂਦੀ ਹੈ। ਇਹ ਇੱਕ ਮਸਾਲੇਦਾਰ ਪਕਵਾਨ ਹੈ ਜਿਸਨੂੰ ਚੌਲ ਅਤੇ ਮੀਟ ਜਾਂ ਸਬਜ਼ੀਆਂ ਪਾ ਕੇ ਬਣਾਇਆ ਜਾਂਦਾ ਹੈ ਅਤੇ ਜ਼ਿਆਦਾਤਰ ਮੌਕਿਆਂ 'ਤੇ ਇਸਨੂੰ ਕਕੜੀ, ਪੁਦੀਨਾ ਅਤੇ ਦਹੀ ਨਾਲ ਪਰੋਸਿਆ ਜਾਂਦਾ ਹੈ।

ਬਰਤਾਨੀਆ ਵਿੱਚ 5 ਫੀਸਦ ਤੋਂ ਜ਼ਿਆਦਾ ਲੋਕ ਦੱਖਣੀ ਏਸ਼ੀਆ ਨਾਲ ਸੰਬੰਧ ਰੱਖਦੇ ਹਨ।

ਸੋਮਾਲੀਆ ਵਿੱਚ ਪੈਨਕੇਕ ਵਰਗੀ ਬਰੈਡ ਕਾਫੀ ਮਸ਼ਹੂਰ ਹੈ। ਇਸ ਨੂੰ ਕੈਮਬਾਬੁਰ ਕਿਹਾ ਜਾਂਦਾ ਹੈ।

ਇਹ ਗਰਮਾ-ਗਰਮ ਖਾਧੀ ਜਾਂਦੀ ਹੈ ਅਤੇ ਇਸ ਨੂੰ ਦਿਨ ਦੇ ਕਿਸੇ ਵੀ ਵੇਲੇ ਖਾ ਸਕਦੇ ਹਾਂ।

ਇਸ ਪਕਵਾਨ ਨੂੰ ਚੀਨੀ ਅਤੇ ਦਹੀ ਨਾਲ ਪਰੋਸਿਆ ਜਾਂਦਾ ਹੈ ਅਤੇ ਇਥੋਪੀਆ ਵਿੱਚ ਇਸ ਨੂੰ ਇਨਜੇਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)