20 ਘੰਟੇ ਵਿੱਚ ਯਾਦ ਕਰ ਸਕਦੇ ਹੋ ਨਵੀਂ ਜਾਣਕਾਰੀ

ਕੋਈ ਨਵੀਂ ਭਾਸ਼ਾ ਹੋਵੇ ਜਾਂ ਵਿਸ਼ਾ, ਸਾਡਾ ਦਿਮਾਗ਼ ਕੁਝ ਵੀ ਯਾਦ ਕਰ ਸਕਦਾ ਹੈ। ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੰਨਾ ਮੁਸ਼ਕਲ ਹੈ। ਖ਼ਾਸ ਕਰਕੇ ਉਦੋਂ ਜਦੋਂ ਅਸੀਂ ਨਵੇਂ ਵਿਸ਼ੇ ਨੂੰ ਪਹਿਲੀ ਵਾਰ ਦੇਖਦੇ ਹਾਂ।

ਖੋਜ ਮੁਤਾਬਕ ਜੇਕਰ ਅਸੀਂ ਕਿਸੇ ਵਿਸ਼ੇ ਨੂੰ ਪਹਿਲੀ ਵਾਰ ਪੜ੍ਹ ਰਹੇ ਹਾਂ ਤਾਂ ਅਸੀਂ ਉਸ ਨੂੰ ਪਹਿਲੀ ਵਾਰ ਪੜ੍ਹਣ ਤੋਂ ਬਾਅਦ ਅਗਲੇ 20 ਘੰਟਿਆਂ ਵਿੱਚ ਵਧੀਆ ਢੰਗ ਨਾਲ ਯਾਦ ਕਰ ਸਕਦੇ ਹਾਂ।

ਇਸ ਦੌਰਾਨ ਕਿਸੇ ਨਵੀਂ ਜਾਣਕਾਰੀ ਪ੍ਰਤੀ ਦਿਮਾਗ਼ ਦੀ ਸਪੀਡ ਬਹੁਤ ਤੇਜ਼ ਹੁੰਦੀ ਹੈ ਕਿਉਂਕਿ ਨਵੀਂ ਜਾਣਕਾਰੀ ਨੂੰ ਲੈ ਕੇ ਦਿਲਚਸਪੀ ਦਾ ਪੱਧਰ ਅਤੇ ਉਸ ਲਈ ਦਿਮਾਗ਼ ਦੀ ਪ੍ਰਤੀਕਿਰਿਆ ਦੀ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ।

19 ਸਦੀਂ ਦੇ ਜਰਮਨ ਦਾਰਸ਼ਨਿਕ ਅਤੇ ਮਨੋਵਿਗਿਆਨੀ ਹਰਮਨ ਐਬਿਨਗਸ ਪਹਿਲੇ ਵਿਅਕਤੀ ਸਨ ਜਿਨਾਂ ਨੇ ਇਹ ਅਧਿਐਨ ਕੀਤਾ ਸੀ ਕਿ ਦਿਮਾਗ਼ ਕਿਸੇ ਨਵੀਂ ਜਾਣਕਾਰੀ ਨੂੰ ਕਿਸ ਤਰ੍ਹਾਂ ਇਕੱਠਾ ਕਰਦਾ ਹੈ।

ਕੀ ਹੈ ਲਰਨਿੰਗ ਕਰਵ?

ਉਹ ਲਰਨਿੰਗ ਕਰਵ ਦਾ ਆਈਡੀਆ ਲੈ ਕੇ ਆਏ ਸੀ। ਲਰਨਿੰਗ ਕਰਵ ਦਾ ਮਤਲਬ ਨਵੇਂ ਹੁਨਰ ਅਤੇ ਉਸ ਨੂੰ ਸਿੱਖਣ ਵਿੱਚ ਲੱਗਣ ਵਾਲੇ ਸਮੇਂ ਦੇ ਵਿਚਾਲੇ ਸੰਬੰਧ ਨਾਲ ਹੈ।

ਇਸ ਨੂੰ ਗ੍ਰਾਫ਼ ਵਿੱਚ ਦਿਖਾਉਣ ਲਈ ਤੁਹਾਨੂੰ 'ਜਾਣਕਾਰੀ' ਨੂੰ ਵਾਈ-ਐਕਸਿਸ ਅਤੇ 'ਸਮੇਂ' ਨੂੰ ਐਕਸ-ਐਕਸਿਸ 'ਤੇ ਰੱਖਣਾ ਪਵੇਗਾ।

ਇਸ ਅਧਿਐਨ ਵਿੱਚ ਐਬਿਨਗਸ ਨੂੰ ਪਤਾ ਲੱਗਾ ਕਿ ਪਹਿਲੇ ਕੁਝ ਘੰਟਿਆਂ ਦੌਰਾਨ ਤੁਸੀਂ ਕਿਸੇ ਨਵੇਂ ਵਿਸ਼ੇ ਨੂੰ ਪੜ੍ਹਣ 'ਚ ਜਿੰਨਾਂ ਵਧੇਰੇ ਸਮਾਂ ਦਿੰਦੇ ਹੋ ਓਨੀਂ ਹੀ ਜ਼ਿਆਦਾ ਜਾਣਕਾਰੀ ਇਕੱਠੀ ਕਰਦੇ ਹੋ-ਇਸ ਤਰ੍ਹਾਂ ਗ੍ਰਾਫ਼ ਦਾ ਕਰਵ ਉਪਰ ਚੜ ਜਾਂਦਾ ਹੈ।

ਉਨ੍ਹਾਂ ਦਿਨਾਂ 'ਚ ਐਬਿਨਗਸ ਦਾ ਗ੍ਰਾਫ਼ ਇਹ ਮਾਪਣ ਦਾ ਤਰੀਕਾ ਬਣ ਗਿਆ ਕਿ ਇੱਕ ਨਵੇਂ ਹੁਨਰ ਨੂੰ ਸਿੱਖਣ ਵਿੱਚ ਕਿੰਨਾ ਸਮਾਂ ਲਗਦਾ ਹੈ।

ਆਪਣੀ ਉਤਪਾਦਤਾ ਨੂੰ ਮਾਪਣ ਲਈ ਕਾਰੋਬਾਰੀ ਦੁਨੀਆਂ ਵਿੱਚ ਇਸ ਦਾ ਕਾਫੀ ਇਸਤੇਮਾਲ ਵੀ ਹੋਣ ਲੱਗਾ ਸੀ।

ਜਦੋਂ ਅਸੀਂ ਕੋਈ ਨਵੀਂ ਚੀਜ਼ ਯਾਦ ਕਰਨਾ ਸ਼ੁਰੂ ਕਰਦੇ ਹਾਂ ਤਾਂ ਸ਼ੁਰੂਆਤੀ 20 ਘੰਟੇ ਬਹੁਤ ਮਹੱਤਵਪੂਰਨ ਹੁੰਦੇ ਹਨ।

ਇਸ ਦੌਰਾਨ ਸਾਡੇ ਅੰਦਰ ਕਿਸੇ ਜਾਣਕਾਰੀ ਲਈ ਉਤਸ਼ਾਹ ਪੈਦਾ ਹੁੰਦਾ ਹੈ ਤਾਂ ਦਿਮਾਗ਼ ਉਸ ਮੁਤਾਬਕ ਪ੍ਰਤੀਕਿਰਿਆ ਕਰਦਾ ਹੈ ਅਤੇ ਵੱਧ ਤੋਂ ਵੱਧ ਸੂਚਨਾ ਗ੍ਰਹਿਣ ਕਰਦਾ ਹੈ।

ਸਮੇਂ ਨਾਲ ਜਦੋਂ ਵਾਰ-ਵਾਰ ਉਤਸ਼ਾਹ ਪੈਦਾ ਹੁੰਦਾ ਹੈ ਤਾਂ ਦਿਮਾਗ਼ ਦੀ ਪ੍ਰਤੀਕਿਰਿਆ ਕਰਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ ਅਤੇ ਤੇਜ਼ ਯਾਦ ਕਰਨ ਦੀ ਪ੍ਰਕਿਰਿਆ ਰੁੱਕ ਜਾਂਦੀ ਹੈ।

ਇਸ ਫੇਜ਼ ਨੂੰ ਹੈਬਿਚੁਏਸ਼ਨ ਕਹਿੰਦੇ ਹਨ, ਇਹ ਅਜਿਹਾ ਸਮਾਂ ਹੁੰਦਾ ਹੈ ਜਦੋਂ ਅਸੀਂ ਆਪਣੇ ਹੁਨਰ ਨੂੰ ਹੌਲੀ-ਹੌਲੀ ਵਧਾਉਂਦੇ ਜਾਂਦੇ ਹਾਂ।

ਇਸ ਲਈ ਜਦੋਂ ਅਸੀਂ ਕੁਝ ਨਵਾਂ ਯਾਦ ਕਰਦੇ ਹਾਂ ਤਾਂ ਉਸ ਦਾ ਵੱਡਾ ਹਿੱਸਾ ਛੇਤੀ ਯਾਦ ਹੋ ਜਾਂਦਾ ਹੈ, ਬੇਸ਼ੱਕ ਉਹ ਕਿੰਨਾ ਵੀ ਔਖਾ ਹੋਵੇ।

ਯਾਦ ਕਰਨ ਦਾ ਤਰੀਕਾ ਲੱਭੋ

ਅਮਰੀਕੀ ਲੇਖਕ ਜੋਸ਼ ਕਫ਼ਮਨ ਨੇ ਸਿਖਾਇਆ ਹੈ ਕਿਵੇਂ ਉਤਪਾਦਕਤਾ ਨੂੰ ਸੁਧਾਰਿਆ ਜਾ ਸਕਦਾ ਹੈ। ਉਨ੍ਹਾਂ ਨੂੰ ਸ਼ੁਰੂਆਤੀ ਦੌਰ 'ਚ ਤੇਜ਼ੀ ਨਾਲ ਯਾਦ ਕਰਨ ਲਈ ਇਸ ਦਿਮਾਗ਼ੀ ਤਾਕਤ 'ਤੇ ਪੂਰਾ ਭਰੋਸਾ ਹੈ।

ਇਹੀ ਵਿਸ਼ਵਾਸ਼ ਉਨ੍ਹਾਂ ਦੀ ਕਿਤਾਬ 'ਦਿ ਫਾਸਟ 20 ਆਵਰਸ: ਮਾਸਟਰਿੰਗ ਦਿ ਟਫੈਸਟ ਪਾਰਟ ਆਫ ਲਰਨਿੰਗ ਐਨੀਥਿੰਗ' ਦਾ ਆਧਾਰ ਬਣਿਆ।

ਜੋਸ਼ ਕਫ਼ਮਨ ਮੁਤਾਬਕ ਇੱਕ ਵਿਸ਼ੇ ਨੂੰ ਯਾਦ ਕੀਤਾ ਜਾ ਸਕਣ ਵਾਲੇ ਹਿੱਸੇ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਦੇਵੋ, ਉਸ ਵਿੱਚੋਂ ਧਿਆਨ ਹਟਾਉਣ ਵਾਲੀਆਂ ਚੀਜ਼ਾਂ ਹਟਾ ਦਿਉ ਅਤੇ ਰੋਜ਼ 45 ਮਿੰਟ ਲਈ ਉਸ 'ਤੇ ਫੋਕਸ ਕਰੋ।

ਤੁਸੀਂ ਉਸ ਵਿਸ਼ੇ ਦੇ ਮਾਹਿਰ ਤਾਂ ਨਹੀਂ ਬਣੋਗੇ ਪਰ ਤੁਸੀਂ ਪਹਿਲੇ 20 ਘੰਟਿਆਂ ਵਿੱਚ ਠੋਸ ਕੰਮ ਕਰ ਸਕੋਗੇ।

ਜਦੋਂ ਤੁਸੀਂ ਕੋਈ ਨਵੀਂ ਚੀਜ਼ ਸਿੱਖ ਜਾਵੋਗੇ ਤਾਂ ਫੇਰ ਉਸ ਵਿੱਚ ਮਹਾਰਥ ਹਾਸਿਲ ਕਰ ਸਕਦੇ ਹੋ।

ਨਵੀਂ ਜਾਣਕਾਰੀ ਯਾਦ ਕਰਨ ਦਾ ਦੂਜਾ ਤਰੀਕਾ 'ਪੰਜ ਘੰਟੇ ਦਾ ਨਿਯਮ' ਹੈ। ਹਰ ਇੱਕ ਦਿਨ ਦਾ ਇੱਕ ਘੰਟਾ ਕੁਝ ਨਵਾਂ ਯਾਦ ਕਰਨ ਲਈ ਰੱਖੋ। ਪੰਜ ਘੰਟੇ ਅਜਿਹਾ ਹੀ ਕਰੋ।

ਅਮਰੀਕਾ ਦੇ ਜਨਕ ਬੈਂਜਾਮਿਨ ਫ੍ਰੈਂਕਲਿਨ ਯੋਜਨਾ ਬਣਾ ਕੇ ਯਾਦ ਕਰਨ ਦੇ ਇਸ ਤਰੀਕੇ ਦੇ ਬਹੁਤ ਵੱਡੇ ਹਮਾਇਤੀ ਸਨ।

ਇਸ ਤਰੀਕੇ ਮੁਤਾਬਕ ਨਵੀਆਂ ਜਾਣਕਾਰੀਆਂ ਬਾਰੇ ਸੋਚਣ ਅਤੇ ਉਸ ਨੂੰ ਯਾਦ ਕਰਨ ਲਈ ਰੋਜ਼ਾਨਾ ਸਮਾਂ ਦੇਣਾ ਸ਼ਾਮਿਲ ਹੈ।

ਜਦੋਂ ਤੁਹਾਨੂੰ ਲਗਦਾ ਹੈ ਕਿ ਤੁਸੀਂ ਇੱਕ ਵਿਸ਼ੇ ਬਾਰੇ ਕਾਫੀ ਜਾਣਕਾਰੀ ਹੋ ਗਈ ਹੈ ਤਾਂ ਨਵੇਂ ਵਿਸ਼ੇ ਵੱਲ ਵਧ ਜਾਉ ਅਤੇ ਇਸੇ ਤਰ੍ਹਾਂ ਜ਼ਿੰਦਗੀ ਭਰ ਤੁਰਦੇ ਰਹੋ।

ਮਾਹਿਰਾਂ ਮੁਤਾਬਕ ਜੇਕਰ ਤੁਸੀਂ 5 ਘੰਟੇ ਦੇ ਨਿਯਮ ਬਾਰੇ 'ਤੇ ਰਹਿੰਦੇ ਹੋ ਤਾਂ ਤੁਸੀਂ ਹਰੇਕ ਚਾਰ ਹਫਤਿਆਂ ਵਿੱਚ ਇੱਕ ਨਵਾਂ ਹੁਨਰ ਸਿੱਖ ਸਕਦੇ ਹੋ। ਉਹ ਨਿਰੰਤਰਤਾ ਅਤੇ ਪ੍ਰੇਰਣਾ 'ਤੇ ਨਿਰਭਰ ਕਰਦਾ ਹੈ।

ਯਾਦ ਕਰਨ ਦੇ ਇਨ੍ਹਾਂ ਤਰੀਕਿਆਂ ਨੂੰ ਮੰਨਣ ਵਾਲੇ ਦੁਨੀਆਂ ਭਰ ਵਿੱਚ ਕਈ ਲੋਕ ਹਨ। ਇਥੋਂ ਤੱਕ ਕਿ ਓਪਰਾ ਵਿਨਫ੍ਰੇ, ਇਲਾਨ ਮਸਕ, ਵੌਰਨ ਬਫ਼ੇਟ ਜਾਂ ਮਾਰਕ ਜ਼ਕਰਬਰਗ ਨੇ ਯਾਦ ਕਰਨ ਦੇ ਇਸ ਤਰੀਕੇ ਲਈ ਆਪਣੀ ਪਸੰਦ ਜ਼ਾਹਿਰ ਕੀਤੀ ਹੈ।

ਜੇਕਰ ਤੁਸੀਂ ਲਗਾਤਾਰ ਜਾਣਕਾਰੀ ਹਾਸਿਲ ਕਰਨ ਦੇ ਇਸ ਰਸਤੇ 'ਤੇ ਤੁਰਨਾ ਚਾਹੁੰਦੇ ਹੋ ਤਾਂ ਇਸ ਵਿੱਚ ਦੋ ਗੱਲਾਂ ਮਾਇਨੇ ਰੱਖਦੀਆਂ ਹਨ- ਇੱਕ ਹਮੇਸ਼ਾ ਯਾਦ ਕਰਦੇ ਰਹਿਣ ਦੀ ਇੱਛਾ ਅਤੇ ਅਜਿਹਾ ਕਰਨ ਲਈ ਅਨੁਸ਼ਾਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)