ਇਕੱਲਾਪਨ ਬੇਹੱਦ ਖ਼ਤਰਨਾਕ ਜਾਂ ਬੇਹੱਦ ਲਾਹੇਵੰਦ?

    • ਲੇਖਕ, ਕ੍ਰਿਸਟੀਨ ਰੋ
    • ਰੋਲ, ਬੀਬੀਸੀ ਪੱਤਰਕਾਰ

ਮਨੁੱਖ ਇੱਕ ਸਮਾਜਕ ਪ੍ਰਾਣੀ ਹੈ, ਸੋਸ਼ਲ ਐਨੀਮਲ ਹੈ। ਯਾਨਿ ਕਿ ਉਹ ਇਕੱਲੇ ਜ਼ਿੰਦਗੀ ਨਹੀਂ ਗੁਜਾਰ ਸਕਦਾ। ਲੋਕਾਂ ਨਾਲ ਘੁਲਣਾ-ਮਿਲਣਾ, ਉਨ੍ਹਾਂ ਨਾਲ ਸਮਾਂ ਬਤੀਤ ਕਰਨਾ, ਪਾਰਟੀ ਕਰਨਾ ਅਤੇ ਮਿਲ ਜੁਲ ਦੇ ਜਸ਼ਨ ਮਨਾਉਣਾ ਸਾਡੀ ਫਿਤਰਤ ਵੀ ਹੈ ਅਤੇ ਜਰੂਰਤ ਵੀ।

ਇਸ ਤੋਂ ਉਲਟ ਜੇਕਰ ਕੋਈ ਇਕੱਲਾ ਰਹਿੰਦਾ ਹੈ, ਲੋਕਾਂ ਨਾਲ ਨਹੀਂ ਮਿਲਦਾ, ਉਸ ਨਾਲ ਸਮਾਂ ਬਿਤਾਉਣ ਵਾਲੇ ਲੋਕ ਨਹੀਂ ਹਨ ਤਾਂ ਇਸ ਨੂੰ ਵੱਡੀ ਪਰੇਸ਼ਾਨੀ ਸਮਝਿਆ ਜਾਂਦਾ ਹੈ।

ਇਹੀ ਕਾਰਨ ਹੈ ਕਿ ਇਕੱਲੇਪਨ ਨੂੰ ਸਜ਼ਾ ਵਜੋਂ ਦੇਖਿਆ ਜਾਂਦਾ ਹੈ। ਲੋਕਾਂ ਨੂੰ ਜੇਲ੍ਹਾਂ ਵਿੱਚ ਇਕੱਲੇ ਕੈਦ ਰੱਖਿਆ ਜਾਂਦਾ ਹੈ। ਦਿਮਾਗ਼ੀ ਤੌਰ 'ਤੇ ਬਿਮਾਰ ਲੋਕਾਂ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਇਕੱਲੇ ਰੱਖਿਆ ਜਾਂਦਾ ਹੈ।

ਇਕੱਲਾਪਨ ਇੰਨਾਂ ਖ਼ਤਰਨਾਕ ਹੈ ਕਿ ਅੱਜ ਤਮਾਮ ਦੇਸਾਂ ਵਿੱਚ ਇਕੱਲੇਪਨ ਨੂੰ ਬਿਮਾਰੀ ਦਾ ਦਰਜਾ ਦਿੱਤਾ ਜਾ ਰਿਹਾ ਹੈ। ਇਕੱਲੇਪਨ ਨਾਲ ਨਿਪਟਣ ਲਈ ਲੋਕਾਂ ਨੂੰ ਮਨੋਵਿਗਿਆਨਕ ਮਦਦ ਮੁਹੱਈਆ ਕਰਾਈ ਜਾ ਰਹੀ ਹੈ।

ਕੀ ਸੱਚਮੁੱਚ ਇਕੱਲਾਪਨ ਬਹੁਤ ਖ਼ਤਰਨਾਕ ਹੈ ਅਤੇ ਇਸ ਤੋਂ ਹਰ ਹੀਲੇ ਬਚਣਾ ਚਾਹੀਦਾ ਹੈ?

ਬਹੁਤ ਸਾਰੇ ਲੋਕ ਇਸ ਦਾ ਜਵਾਬ ਨਾ ਵਿੱਚ ਦੇਣਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਪਾਰਟੀਆਂ ਵਿੱਚ, ਕਿਸੇ ਮਹਿਫ਼ਲ ਵਿੱਚ ਜਾਂ ਜਸ਼ਨ ਵਿੱਚ ਸ਼ਾਮਿਲ ਹੋਣਾ ਹੋਵੇ ਤਾਂ ਉਹ ਘਬਰਾਉਂਦੇ ਹਨ। ਮਹਿਫ਼ਲਾਂ ਵਿੱਚ ਜਾਣਾ ਨਹੀਂ ਚਾਹੁੰਦੇ, ਲੋਕਾਂ ਨਾਲ ਮਿਲਣ ਤੋਂ ਬਚਦੇ ਹਨ।

ਇਕੱਲੇ ਰਹਿਣ ਨਾਲ ਕੀ ਹਾਸਿਲ ਹੁੰਦਾ ਹੈ?

ਅਜਿਹੇ ਬਹੁਤ ਸਾਰੇ ਲੋਕ ਹਨ ਜੋ ਅੱਜ ਇਕੱਲੇ ਰਹਿਣ ਦੀ ਵਕਾਲਤ ਕਰਦੇ ਹਨ।

ਅਮਰੀਕੀ ਲੇਖਕਾਂ ਅਨੈਲੀ ਰੂਫ਼ਸ ਨੇ ਤਾਂ ਬਕਾਇਦਾ 'ਪਾਰਟੀ ਆਫ ਦਾ ਵਨ: ਦਿ ਲੋਨਰਸ ਮੈਨੀਫੈਸਟੋ' ਨਾਮ ਦੀ ਕਿਤਾਬ ਲਿੱਖ ਦਿੱਤੀ ਹੈ।

ਉਹ ਕਹਿੰਦੇ ਹਨ ਕਿ ਇਕੱਲੇ ਰਹਿਣ ਦੇ ਬਹੁਤ ਮਜ਼ੇ ਹਨ। ਤੁਸੀਂ ਆਪਣੇ ਆਪ 'ਤੇ ਧਿਆਨ ਕੇਂਦਰਿਤ ਕਰ ਸਕਦੇ ਹੋ। ਆਪਣੀ ਕ੍ਰਿਏਟੀਵਿਟੀ ਨੂੰ ਵਧਾ ਸਕਦੇ ਹੋ, ਲੋਕਾਂ ਨਾਲ ਮਿਲ ਕੇ ਫਜ਼ੂਲ ਗੱਲਾਂ ਕਰਨ ਤੋਂ ਝੂਠੇ ਹਾਸੇ-ਮਜ਼ਾਕ ਵਿੱਚ ਸ਼ਾਮਲ ਹੋਣ ਤੋਂ ਵਧੀਆ ਇਕੱਲੇ ਸਮਾਂ ਬਤੀਤ ਕਰਨਾ ਹੈ।

ਉੱਥੇ ਬ੍ਰਿਟਿਸ਼ ਰਾਇਲ ਕਾਲਜ ਆਫ ਜਨਰਲ ਪ੍ਰੈਕਟਿਸ਼ਨਰਸ ਕਹਿੰਦੇ ਹਨ ਕਿ ਇਕੱਲਾਪਨ ਡਾਇਬਟੀਜ਼ (ਸ਼ੂਗਰ) ਵਰਗੀ ਭਿਆਨਕ ਬਿਮਾਰੀ ਹੈ।

ਇਸ ਨਾਲ ਵੀ ਓਨੇ ਹੀ ਲੋਕਾਂ ਦੀ ਮੌਤ ਹੁੰਦੀ ਹੈ, ਜਿੰਨੇ ਡਾਇਬਟੀਜ਼ ਕਾਰਨ ਮਰਦੇ ਹਨ। ਇਕੱਲਾਪਨ ਸਾਡੇ ਸੋਚਣ-ਸਮਝਣ ਦੀ ਤਾਕਤ ਨੂੰ ਕਮਜ਼ੋਰ ਕਰਦੀ ਹੈ।

ਇਕੱਲੇ ਰਹਿਣਾ ਸਾਡੀ ਅਕਲਮੰਦੀ 'ਤੇ ਬੁਰਾ ਅਸਰ ਪਾਉਂਦਾ ਹੈ। ਬਿਮਾਰੀਆਂ ਨਾਲ ਲੜਨ ਦੀ ਸਾਡੀ ਸਮਰਥਾ ਘਟ ਹੁੰਦੀ ਜਾਂਦੀ ਹੈ।

ਇਕੱਲੇ ਰਹਿਣ ਨਾਲ ਵਧਦੀ ਹੈ ਕ੍ਰਿਏਟੀਵਿਟੀ

ਤਨਹਾ ਰਹਿਣਾ, ਪਾਰਟੀਆਂ ਤੋਂ ਦੂਰੀ ਬਣਾਉਣਾ ਅਤੇ ਦੋਸਤਾਂ ਨੂੰ ਮਿਲਣ ਤੋਂ ਗੁਰੇਜ਼ ਕਰਨਾ ਜੇਕਰ ਖ਼ੁਦ ਦਾ ਫ਼ੈਸਲਾ ਹੈ ਤਾਂ ਇਹ ਕਾਫੀ ਲਾਹੇਵੰਦ ਹੋ ਸਕਦਾ ਹੈ।

ਅਮਰੀਕਾ ਦੀ ਸੈਨ ਜੋਸ ਯੂਨੀਵਰਸਿਟੀ ਦੇ ਗ੍ਰੋਗਰੀ ਫੀਸਟ ਨੇ ਇਸ ਬਾਰੇ ਖੋਜ ਕੀਤੀ ਹੈ ਫੀਸਟ ਇਸ ਸਿੱਟੇ 'ਤੇ ਪਹੁੰਚੇ ਹਨ ਕਿ ਖ਼ੁਦ ਨਾਲ ਸਮਾਂ ਬਿਤਾਉਣ ਨਾਲ ਤੁਹਾਡੀ ਕ੍ਰਿਏਟੀਵਿਟੀ ਨੂੰ ਕਾਫੀ ਬੂਸਟ ਮਿਲਦਾ ਹੈ।

ਇਸ ਨਾਲ ਤੁਹਾਡੀ ਖ਼ੁਦ-ਇਤਮਾਦੀ ਯਾਨਿ ਆਤਮਵਿਸ਼ਵਾਸ ਵਧਦਾ ਹੈ। ਆਜ਼ਾਦ ਸੋਚ ਪੈਦਾ ਹੁੰਦੀ ਹੈ। ਨਵੇਂ ਖਿਆਲਾਂ ਦਾ ਤੁਸੀਂ ਖੁਲ੍ਹ ਕੇ ਸੁਆਗਤ ਕਰਦੇ ਹੋ।

ਜਦੋਂ ਤੁਸੀਂ ਕੁਝ ਸਮਾਂ ਇਕੱਲੇ ਬਿਤਾਉਂਦੇ ਹੋ ਤਾਂ ਤੁਹਾਡਾ ਜ਼ਹਿਨ ਸਕੂਨ ਦੇ ਪਲਾਂ ਨੂੰ ਬਾਖ਼ੂਬੀ ਵਰਤਦਾ ਹੈ। ਸ਼ੋਰ-ਸ਼ਰਾਬੇ ਤੋਂ ਦੂਰ ਤਨਹਾ ਬੈਠ ਕੇ ਤੁਹਾਡਾ ਜ਼ਹਿਨ ਤੁਹਾਡੀ ਸੋਚਣ ਸਮਝਣ ਦੀ ਤਾਕਤ ਨੂੰ ਮਜ਼ਬੂਤ ਕਰਦਾ ਹੈ। ਤੁਸੀਂ ਪੁਰਾਣੀਆਂ ਗੱਲਾਂ ਬਾਰੇ ਸੋਚ ਕੇ ਯਾਦਦਾਸ਼ਤ ਮਜ਼ਬੂਤ ਕਰ ਸਕਦੇ ਹੋ।

ਇਕੱਲੇ ਕਿਉਂ ਰਹਿਣਾ ਚਾਹੁੰਦੇ ਹਨ ਲੋਕ?

ਅਮਰੀਕਾ ਦੀ ਹੀ ਬਫ਼ੈਲੋ ਯੂਨੀਵਰਸਿਟੀ ਦੀ ਮਨੋਵਿਗਿਆਨੀ ਜੂਲੀ ਬੋਕਰ ਦੇ ਰਿਸਰਚ ਨਾਲ ਫ਼ੀਸਟ ਦੇ ਦਾਅਵੇ ਨੂੰ ਮਜ਼ਬੂਤੀ ਮਿਲੀ ਹੈ।

ਜੂਲੀ ਕਹਿੰਦੇ ਹਨ ਕਿ ਇਨਸਾਨ ਤਿੰਨ ਕਾਰਨਾਂ ਕਰਕੇ ਲੋਕਾਂ ਨਾਲ ਘੁਲਣ-ਮਿਲਣ ਤੋਂ ਬਚਦੇ ਹਨ। ਕੁਝ ਲੋਕ ਸ਼ਰਮੀਲੇ ਹੁੰਦੇ ਹਨ। ਇਸ ਲਈ ਦੂਜਿਆਂ ਨਾਲ ਮੇਲ-ਜੋਲ ਕਰਨ ਤੋਂ ਬਚਦੇ ਹਨ।

ਉੱਥੇ ਕੁਝ ਲੋਕਾਂ ਨੂੰ ਮਹਿਫ਼ਲਾਂ ਵਿੱਚ ਜਾਣਾ ਪਸੰਦ ਨਹੀਂ ਹੁੰਦਾ। ਕੁਝ ਲੋਕ ਅਜਿਹੇ ਵੀ ਹਨ ਜੋ ਮਿਲਣਸਾਰ ਹੋਣ ਦੇ ਬਾਵਜੂਦ ਇਕੱਲੇ ਸਮਾਂ ਬਤੀਤ ਕਰਨਾ ਪਸੰਦ ਕਰਦੇ ਹਨ।

ਜੂਲੀ ਅਤੇ ਉਨ੍ਹਾਂ ਦੀ ਟੀਮ ਨੇ ਖੋਜ ਵਿੱਚ ਦੇਖਿਆ ਹੈ ਕਿ ਜੋ ਲੋਕ ਖ਼ੁਦ ਨਾਲ ਇਕੱਲੇ ਰਹਿਣਾ ਪਸੰਦ ਕਰਦੇ ਹਨ, ਉਨ੍ਹਾਂ ਦੀ ਕ੍ਰਿਏਟੀਵਿਟੀ ਬੇਹਤਰ ਹੁੰਦੀ ਜਾਂਦੀ ਹੈ

ਇਕੱਲੇ ਰਹਿਣ 'ਤੇ ਉਹ ਆਪਣੇ ਕੰਮ 'ਤੇ ਵਧ ਧਿਆਨ ਦੇ ਸਕਦੇ ਹਨ। ਆਪਣੀ ਬੇਹਤਰੀ 'ਤੇ ਫੋਕਸ ਕਰ ਸਕਦੇ ਹਨ। ਸਿੱਟੇ ਵਜੋਂ ਕ੍ਰਿਏਟੀਵਿਟੀ ਵਧ ਜਾਂਦੀ ਹੈ।

ਧਰਮਾਂ ਵਿੱਚ ਇਕੱਲੇ ਤਪ, ਚਿੰਤਨ ਦੀ ਸਲਾਹ

ਜੇਕਰ ਦੇਖਿਆ ਜਾਵੇ ਤਾਂ ਇਕੱਲੇਪਨ ਦਾ ਲਾਭ ਦੱਸਣ ਵਾਲੇ ਇਹ ਮਨੋਵਿਗਿਆਨਕ ਕੋਈ ਨਵੀਂ ਗੱਲ ਨਹੀਂ ਰਹੇ ਹਨ। ਹਿੰਦੂ ਧਰਮ ਤੋਂ ਲੈ ਕੇ ਬੁੱਧ ਧਰਮ ਤੱਕ ਬਹੁਤ ਸਾਰੇ ਮਜ਼ਹਬ ਹਨ ਜੋ ਇਕੱਲੇ ਤਪ ਕਰਨ ਅਤੇ ਚਿੰਤਨ ਕਰਨ ਦੀ ਸਲਾਹ ਦਿੰਦੇ ਹਨ।

ਅਸਲ ਵਿੱਚ ਇਕੱਲੇ ਰਹਿਣ ਨਾਲ ਸਾਡਾ ਦਿਮਾਗ਼ ਆਰਾਮ ਦੀ ਸਥਿਤੀ 'ਚ ਚਲਾ ਜਾਂਦਾ ਹੈ। ਉਹ ਆਰਾਮਤਲਬੀ ਦੇ ਇਸ ਦੌਰ ਵਿੱਚ ਯਾਦਦਾਸ਼ਤ ਨੂੰ ਮਜ਼ਬੂਤ ਕਰਨ ਅਤੇ ਜਜ਼ਬਾਤਾਂ ਨੂੰ ਬੇਹਤਰ ਸਮਝਣ ਵਿੱਚ ਲੱਗ ਜਾਂਦਾ ਹੈ।

ਉੱਥੇ ਤੁਸੀਂ ਕਿਸੇ ਦੇ ਨਾਲ ਹੁੰਦੇ ਹੋ ਤਾਂ ਤੁਹਾਡਾ ਧਿਆਨ ਵੰਡਿਆ ਰਹਿੰਦਾ ਹੈ। ਤੁਹਾਡੇ ਜ਼ਹਿਨ ਨੂੰ ਸਕੂਨ ਨਹੀਂ ਮਿਲਦਾ।

ਗ੍ਰੋਗਰੀ ਫ਼ੀਸਟ ਕਹਿੰਦੇ ਹਨ ਕਿ ਜੇਕਰ ਲੋਕ ਖ਼ੁਦ ਇਕੱਲੇ ਰਹਿਣੇ ਚਾਹੁੰਦੇ ਹਨ, ਤਨਹਾਈ ਵਿੱਚ ਸਮਾਂ ਬਤੀਤ ਕਰਨਾ ਪਸੰਦ ਕਰਦੇ ਹਨ ਤਾਂ ਇਹ ਉਨ੍ਹਾਂ ਲਈ ਵਧੇਰੇ ਲਾਹੇਵੰਦ ਹੈ।

ਪਰ ਮਹਿਫ਼ਲਾਂ ਦੇ ਆਦੀ ਲੋਕ ਇਕੱਲੇਪਨ ਦੇ ਸ਼ਿਕਾਰ ਹੋਣ ਤਾਂ ਇਹ ਪਰੇਸ਼ਾਨੀ ਦੀ ਗੱਲ ਹੈ।

ਚੰਗਾ ਹੋਵੇਗਾ ਕਿ ਗਿਣੇ-ਚੁਣੇ ਦੋਸਤ ਹੀ ਬਣਾਓ, ਉਨ੍ਹਾਂ ਨਾਲ ਵਧੀਆ ਸਮਾਂ ਬਿਤਾਓ। ਬਜਾਇ ਇਸ ਦੇ ਕਿ ਰੋਜ਼ ਪਾਰਟੀਆਂ ਕਰੋ, ਮਹਿਫ਼ਲਾਂ ਸਜਾਓ, ਵਿੱਚ-ਵਿੱਚ ਥੋੜਾ ਸਮਾਂ ਤਨਹਾਈ ਵਿੱਚ ਬਤੀਤ ਕਰੋ।

ਆਪਣੇ ਆਪ 'ਤੇ ਧਿਆਨ ਕੇਂਦਰਿਤ ਕਰੋ, ਚਿੰਤਨ ਕਰੋ। ਇਹ ਤਾਲਮੇਲ ਬਣਾਉਣਾ ਸਾਡੇ ਲਈ ਸਭ ਤੋਂ ਵਧ ਚੰਗਾ ਸਾਬਿਤ ਹੋਵੇਗਾ।

ਬੀਬੀਸੀ ਫਿਊਚਰ ਤੇ ਕਹਾਣੀ ਪੜ੍ਹਨ ਲਈ ਇੱਥੇ ਕਲਿਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)