ਇਸ ਮੁਲਕ ਵਿੱਚ ਫੇਸਬੁੱਕ 'ਤੇ ਇੱਕ ਮਹੀਨੇ ਲਈ ਪਾਬੰਦੀ

ਤਸਵੀਰ ਸਰੋਤ, Getty Images
ਪਾਪੂਆ ਨਿਊ ਗਿਨੀ ਇੱਕ ਮਹੀਨੇ ਵਾਸਤੇ ਫੇਸਬੁੱਕ ਨੂੰ ਬੈਨ ਕਰਨ ਜਾ ਰਿਹਾ ਹੈ। ਦੇਸ ਵੱਲੋਂ ਇਹ ਫੈਸਲਾ ਫੇਸਬੁੱਕ ਦੇ ਫੇਕ ਪ੍ਰੋਫਾਈਲਜ਼ ਅਤੇ ਫੇਸਬੁੱਕ ਦੇ ਪੈ ਰਹੇ ਅਸਰ ਕਾਰਨ ਲਿਆ ਗਿਆ ਹੈ।
ਸੰਚਾਰ ਮੰਤਰੀ ਸੈਮ ਬੈਸਿਲ ਨੇ ਕਿਹਾ ਹੈ ਕਿ ਯੂਜ਼ਰਸ ਵੱਲੋਂ ਪਾਈ ਜਾ ਰਹੀ ਪੋਰਨੋਗ੍ਰਾਫੀ ਤੇ ਜਾਣਕਾਰੀ ਬਾਰੇ ਪਤਾ ਲਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦੇਸ ਵੱਲੋਂ ਇੱਕ ਨਵਾਂ ਸੋਸ਼ਲ ਨੈੱਟਵਰਕ ਬਣਾਇਆ ਜਾ ਸਕਦਾ ਹੈ। ਫੇਸਬੁੱਕ ਦੀ ਕੈਮਬਰਿਜ਼ ਐਨਾਲੈਟਿਕਾ ਡੇਟਾ ਲੀਕ ਮਾਮਲੇ ਕਾਰਨ ਕਾਫ਼ੀ ਨਿਖੇਧੀ ਹੋਈ ਹੈ।
ਭਾਵੇਂ ਪੂਰੇ ਦੇਸ ਵਿੱਚ ਸਿਰਫ਼ 10 ਫੀਸਦ ਲੋਕਾਂ ਕੋਲ ਇੰਟਰਨੈੱਟ ਹੈ ਪਰ ਫਿਰ ਵੀ ਪਾਪੂਆ ਨਿਊ ਗਿਨੀ ਦੀ ਸਰਕਾਰ ਇੰਟਰਨੈੱਟ ਦੀਆਂ ਸੇਵਾਵਾਂ ਨੂੰ ਨਿਯਮਿਤ ਕਰਨਾ ਚਾਹੁੰਦੀ ਹੈ।
ਫੇਸਬੁੱਕ ਤੋਂ ਅਲਾਵਾ ਕੀ ਹੈ ਬਦਲ
ਸੰਚਾਰ ਮੰਤਰੀ ਸੈਮ ਬੈਸਿਲ ਨੇ 'ਪੋਸਟ ਕੁਰੀਅਰ' ਨੂੰ ਦੱਸਿਆ, "ਕੁਝ ਸਮੇਂ ਬਾਅਦ ਇਹ ਪਤਾ ਲੱਗ ਸਕੇਗਾ ਕਿ ਕਿਹੜੇ ਯੂਜ਼ਰਜ਼ ਦੀ ਫੇਕ ਪ੍ਰੋਫਾਈਲ ਹੈ, ਕਿਹੜੇ ਲੋਕ ਪੋਰਨੋਗ੍ਰਾਫ਼ੀ ਪੋਸਟ ਕਰਦੇ ਹਨ ਅਤੇ ਕਿਹੜੇ ਯੂਜ਼ਰ ਗਲਤ ਜਾਣਕਾਰੀ ਸ਼ੇਅਰ ਕਰਦੇ ਹਨ।"

ਤਸਵੀਰ ਸਰੋਤ, Getty Images
ਫੇਕ ਨਿਊਜ਼ ਵਿੱਚ ਵਾਧਾ ਤਕਨੀਕੀ ਕੰਪਨੀਆਂ ਦੇ ਲਈ ਵੱਡੀ ਮੁਸ਼ਕਿਲ ਬਣ ਗਿਆ ਹੈ। ਇਨ੍ਹਾਂ ਕੰਪਨੀਆਂ ਦੀ ਕਾਫ਼ੀ ਅਲੋਚਨਾ ਹੁੰਦੀ ਹੈ ਜਦੋਂ ਅਜਿਹੀ ਕੋਈ ਜਾਣਕਾਰੀ ਸਾਂਝੀ ਹੋ ਜਾਂਦੀ ਹੈ ਅਤੇ ਇਹ ਕੰਪਨੀਆਂ ਉਸ ਨੂੰ ਰੋਕ ਨਹੀਂ ਪਾਉਂਦੀਆਂ।
ਅੱਗੇ ਬੇਸਿਲ ਨੇ ਕਿਹਾ, "ਅਸੀਂ ਪੀਐੱਨਜੀ ਨਾਗਰਿਕਾਂ ਦੇ ਲਈ ਇੱਕ ਨਵੀਂ ਸੋਸ਼ਲ ਨੈੱਟਵੈਰਕਿੰਗ ਸਾਈਟ ਬਣਾ ਸਕਦੇ ਹਾਂ ਤਾਂ ਕਿ ਅਸਲ ਪ੍ਰੋਫਾਈਲਜ਼ ਹੀ ਬਣ ਸਕਨ।"
"ਜੇ ਲੋੜ ਪਏ ਤਾਂ ਅਸੀਂ ਕਿਸੇ ਸਥਾਨਕ ਸਾਫਟਵੇਅਰ ਡੇਵਲਪਰ ਤੋਂ ਇੱਕ ਵੈੱਬਸਾਈਟ ਬਣਵਾ ਸਕਦੇ ਹਾਂ ਜੋ ਦੇਸ ਅਤੇ ਵਿਦੇਸ਼ ਵਿੱਚ ਸੰਪਰਕ ਕਰਨ ਵਿੱਚ ਮਦਦਗਾਰ ਹੋਵੇ।"












